ਨਿਕਿਤਾ ਤੋਮਰ ਕਤਲ ਕਾਂਡ 'ਤੇ ਹਰਿਆਣਾ ਵਿਚ ਜ਼ੋਰ ਫੜ੍ਹਨ ਲੱਗੀ ਫਿਰਕੂ ਸਿਆਸਤ

ਨਿਕਿਤਾ ਤੋਮਰ ਕਤਲ ਕਾਂਡ 'ਤੇ ਹਰਿਆਣਾ ਵਿਚ ਜ਼ੋਰ ਫੜ੍ਹਨ ਲੱਗੀ ਫਿਰਕੂ ਸਿਆਸਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਰਿਆਣਾ ਦੇ ਬੱਲਭਗੜ੍ਹ ਵਿਚ ਪਿਛਲੇ ਦਿਨੀਂ 21 ਸਾਲਾ ਵਿਦਿਆਰਥਣ ਨਿਕਿਤਾ ਤੋਮਰ ਨੂੰ ਦੋ ਨੌਜਵਾਨਾਂ ਵੱਲੋਂ ਗੋਲੀ ਮਾਰਨ ਦੀ ਘਟਨਾ ਤੋਂ ਬਾਅਦ ਹਰਿਆਣਾ ਵਿਚ ਫਿਰਕੂ ਸਿਆਸਤ ਜ਼ੋਰ ਫੜ੍ਹਦੀ ਨਜ਼ਰ ਆ ਰਹੀ ਹੈ। ਐਤਵਾਰ ਵਾਲੇ ਦਿਨ ਬੱਲਭਗੜ੍ਹ ਦੇ ਦੁਸਹਿਰਾ ਮੈਦਾਨ ਵਿਚ ਇਸ ਘਟਨਾ ਸਬੰਧੀ ਸੱਦੀ ਗਈ 'ਮਹਾਂਪੰਚਾਇਤ' ਦੌਰਾਨ ਕੁੱਝ ਲੋਕ ਹਿੰਸਕ ਹੋ ਗਏ ਤੇ ਉਹਨਾਂ ਕਈ ਵਪਾਰਕ ਅਦਾਰਿਆਂ ਦੀ ਭੰਨ ਤੋੜ ਕੀਤੀ। 

ਦੱਸ ਦਈਏ ਕਿ ਨਿਕਿਤਾ ਤੋਮਰ ਨੂੰ 26 ਅਕਤੂਬਰ ਵਾਲੇ ਦਿਨ ਤੋਸੀਫ ਅਤੇ ਰੁਹਾਨ ਨਾਮੀਂ ਦੋ ਮੁੰਡਿਆਂ ਨੇ ਉਸਦੇ ਕਾਲਜ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਨਿਕਿਤਾ ਅਤੇ ਤੌਸੀਫ ਇਕ ਦੂਜੇ ਨੂੰ ਜਾਣਦੇ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਤੌਸੀਫ ਨਿਕਿਤਾ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਦੋਵੇਂ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਇਸ ਘਟਨਾ ਨੂੰ 'ਲਵ ਜੇਹਾਦ' ਦੇ ਭਾਜਪਾਈ ਸਿਆਸੀ ਅਜੈਂਡੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਐਤਵਾਰ ਨੂੰ ਕਿਹਾ ਕਿ ਰਾਜ ਸਰਕਾਰ ‘ਲਵ ਜੇਹਾਦ’ ਖ਼ਿਲਾਫ਼ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਟਵੀਟ ਵਿੱਚ ਕਿਹਾ, “ਹਰਿਆਣਾ ਲਵ ਜੇਹਾਦ ਖ਼ਿਲਾਫ਼ ਕਾਨੂੰਨ ਬਾਰੇ ਵਿਚਾਰ ਕਰ ਰਿਹਾ ਹੈ।”

ਇਸ ਤੋਂ ਪਹਿਲਾਂ ਕਈ ਹਿੰਦੂ ਜਥੇਬੰਦੀਆਂ ਜਿਨ੍ਹਾਂ ’ਚ ਉਤਰੀ ਭਾਰਤ ਹਿੰਦੂ ਜਾਗਰਣ ਮੰਚ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਗਊ ਨਿਆਸ, ਅੰਬੇਡਕਰ ਯੁਵਾ ਪਰਿਸ਼ਦ ਦੇ ਵਰਕਰ ਸ਼ਾਮਿਲ ਸਨ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਲਵ ਜਹਾਦ ਦਾ ਪੁਤਲਾ ਫੂਕਿਆ।   ਇਸ ਦੌਰਾਨ  ਸੰਗਠਨਾਂ ਦੇ ਪ੍ਰਤਿਨਿਧੀਆਂ ਨੇ  ਡਿਪਟੀ ਕਮਿਸ਼ਨਰ ਨੂੰ  ਮੁੱਖ ਮੰਤਰੀ ਦੇ ਨਾਂ ਤੇ  ਯਾਦ ਪੱਤਰ ਸੌਂਪਿਆ ਅਤੇ ਇਹ ਕੇਸ ਫਾਸਟ ਟਰੈਕ ਵਿੱਚ ਚਲਾ ਕੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦਾ ਸਜਾ ਦੇਣ ਦੀ ਮੰਗ ਕੀਤੀ ਗਈ ।   ਹਿੰਦੂ ਸਗਠਨਾਂ ਦੇ ਪ੍ਰਤਿਨਿਧੀ ਪੰਡਿਤ ਉਦੇਵੀਰ ਸ਼ਾਸਤਰੀ ਨੇ ਕਿਹਾ ਕਿ ਨਿਕਿਤਾ ਤੋਮਰ ਨੂੰ ਲਵ ਜ਼ਿਹਾਦ ਦਾ ਸ਼ਿਕਾਰ ਬਣਾਊਣ ਦੀ ਕੋਸ਼ਿਸ ਕੀਤੀ ਗਈ ਜਦੋਂ ਉਹ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਈ ਤਾਂ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ।  ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਪਾਕਿਸਤਾਨ ਵਿੱਚ ਸੁਨਣ ਅਤ ਵੇਖਣ ਨੂੰ ਮਿਲਦੀਆਂ ਸਨ ਪਰ ਹੁਣ ਭਾਰਤ ਵਿੱਚ ਵੀ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਇਸ ਤਰ੍ਹਾਂ ਦੇ ਮਾਮਲੇ ਵਧ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਰਸੂਖ ਦੇ ਚਲਦਿਆਂ ਆਮ ਤੌਰ ’ਤੇ ਨਿਆਂ ਦੇਰੀ ਨਾਲ ਮਿਲਦਾ ਹੈ ਇਸ ਲਈ ਸਰਕਾਰ ਨੂੰ ਸੰਸਦ ਵਿੱਚ ਇੱਕ ਪ੍ਰਭਾਵੀ ਕਾਨੂੰਨ ਪਾਸ ਕਰਨਾ ਚਾਹੀਦਾ ਹੈ। 

ਬੱਲਭਗੜ੍ਹ ਦੀ ਮਹਾਂਪੰਚਾਇਤ ਵਿਚ ਹੋਈ ਹਿੰਸਾ ਦੌਰਾਨ ਬਿਸਮਿੱਲਾ ਹੋਟਲ ਤੇ ਹੋਰ ਰੇਹੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰੀਬ 500 ਵਿਅਕਤੀਆਂ ਨੇ ਕੌਮੀ ਮਾਰਗ ਉਤੇ ਜਾਮ ਲਾਇਆ ਤੇ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ। ਮਹਾਪੰਚਾਇਤ ਵਿਚ ਕੁਝ ਵਿਅਕਤੀਆਂ ਨੇ ਐਨਆਈਟੀ ਹਲਕੇ ਤੋਂ ਕਾਂਗਰਸੀ ਵਿਧਾਇਕ ਨੀਰਜ ਸ਼ਰਮਾ ਵੱਲ ਜੁੱਤੀ ਸੁੱਟਣ ਦਾ ਯਤਨ ਵੀ ਕੀਤਾ। ਉਨ੍ਹਾਂ ਦੋ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ। ਇਸੇ ਦੌਰਾਨ ਜਿਉਂ ਹੀ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਤਾਂ ਭੀੜ ਵਿਚੋਂ ਨੌਜਵਾਨਾਂ ਨੇ ਪੁਲੀਸ ਉਤੇ ਵੀ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇੱਟਾਂ ਨਾਲ ਭਰੀ ਇਕ ਟਰੈਕਟਰ ਟਰਾਲੀ ਨੂੰ ਮੁਜ਼ਾਹਰਾਕਾਰੀਆਂ ਨੇ ਸੜਕ ’ਤੇ ਰੋਕ ਲਿਆ ਤੇ ਉਸ ਵਿੱਚੋਂ ਇੱਟਾਂ-ਰੋੜੇ ਚੁੱਕ ਕੇ ਪੁਲੀਸ ਉਪਰ ਸੁੱਟਣੇ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ 10 ਪੁਲੀਸ ਕਰਮੀ ਜ਼ਖ਼ਮੀ ਹੋ ਗਏ ਹਨ। ਪੁਲੀਸ ਨੇ ਕੁੱਝ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਮੁਜ਼ਾਹਰਾਕਾਰੀਆਂ ਨੇ ਨਿਕਿਤਾ ਦੇ ਕਾਤਲਾਂ ਨੂੰ ਫ਼ਾਹੇ ਲਾਉਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਕਾਰਨ ਬੱਲਭਗੜ੍ਹ-ਫਰੀਦਾਬਾਦ ਵਿਚਾਲੇ ਆਵਾਜਾਈ ਕੁੱਝ ਦੇਰ ਲਈ ਰੋਕਣੀ ਪਈ।