ਭਾਰਤ ਸਰਕਾਰ ਨੇ ਕਿਸਾਨ ਸੰਘਰਸ਼ 'ਤੇ ਐਨਆਈਏ ਦਾ ਹਥਿਆਰ ਚਲਾਇਆ

ਭਾਰਤ ਸਰਕਾਰ ਨੇ ਕਿਸਾਨ ਸੰਘਰਸ਼ 'ਤੇ ਐਨਆਈਏ ਦਾ ਹਥਿਆਰ ਚਲਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹੁਣ ਕਾਨੂੰਨੀ ਜ਼ਬਰਦਸਤੀ ਦਾ ਪੈਂਤੜਾ ਵਰਤਿਆ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਵਿਚ ਪੰਜਾਬ ਦੇ 50 ਦੇ ਕਰੀਬ ਲੋਕਾਂ ਨੂੰ ਭਾਰਤ ਸਰਕਾਰ ਦੀ ਅਜੇਂਸੀ ਐਨਆਈਏ ਵੱਲੋਂ ਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਹਨ। ਇਹਨਾਂ ਕਾਨੂੰਨੀ ਨੋਟਿਸਾਂ ਵਿਚ ਇਕ ਕੇਸ ਦਾ ਜ਼ਿਕਰ ਹੈ ਜੋ 15 ਦਸੰਬਰ ਨੂੰ ਦਿੱਲੀ ਵਿਚ ਦਰਜ ਕੀਤਾ ਗਿਆ ਹੈ ਅਤੇ ਇਸ ਵਿਚ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 120 ਬੀ, 124ਏ, 153ਏ, 153ਬੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 13, 17, 18, 18ਬੀ ਤੇ 20 ਸ਼ਾਮਲ ਕੀਤੀਆਂ ਗਈਆਂ ਹਨ। 

ਇਹ ਨੋਟਿਸ ਸੰਘਰਸ਼ ਵਿਚ ਵੱਡਾ ਯੋਗਦਾਨ ਪਾ ਰਹੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਵੀ ਆਇਆ ਹੈ। ਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਇਹਨਾਂ ਨੋਟਿਸਾਂ ਦੇ ਰਾਹੀਂ ਸੰਘਰਸ਼ ਕਰ ਰਹੇ ਲੋਕਾਂ 'ਤੇ ਦਬਾਅ ਵਧਾਉਣਾ ਚਾਹੁੰਦੀ ਹੈ। ਐਨਆਈਏ ਵੱਲੋਂ ਲੋਕਾਂ ਨੂੰ ਵੱਖ-ਵੱਖ ਦਿਨ ਦਿੱਲੀ ਦਫਤਰ ਵਿਚ ਤਫਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। 

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਟਰਾਂਸਪੋਰਟਰ ਇੰਦਰਪਾਲ ਸਿੰਘ ਝੱਜ ਅਤੇ ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਨੂੰ ਵੀ ਐੱਨਆਈਏ ਨੇ ਨੋਟਿਸ ਜਾਰੀ ਕੀਤਾ ਹੈ। ਇੰਦਰਪਾਲ ਸਿੰਘ ਝੱਜ ਦੀ ਕਰੀਬ 30 ਸਾਲ ਪੁਰਾਣੀ ‘ਨਨਕਾਣਾ ਸਾਹਿਬ ਬੱਸ ਸਰਵਿਸ’ ਹੈ। ਟਰਾਂਸਪੋਰਟਰ ਇੰਦਰਪਾਲ ਸਿੰਘ ਨੂੰ ਕੌਮੀ ਜਾਂਚ ਏਜੰਸੀ ਨੇ 15 ਜਨਵਰੀ ਨੂੰ ਤਲਬ ਕੀਤਾ ਹੈ ਜਿਸ ਵਿੱਚ ਉਕਤ ਵਾਲੀਆਂ ਧਾਰਾਵਾਂ ਦਾ ਹੀ ਹਵਾਲਾ ਹੈ। ਬੱਸ ਮਾਲਕ ਇੰਦਰਪਾਲ ਸਿੰਘ ਝੱਜ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕਰੀਬ ਇੱਕ ਮਹੀਨੇ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਘੋਲ ਲਈ ਮੁਫ਼ਤ ਬੱਸ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਵੱਲੋਂ ਡੀਜ਼ਲ ਦਾ ਖਰਚ ਚੁੱਕਿਆ ਜਾਂਦਾ ਸੀ। ਉਨ੍ਹਾਂ ਆਖਿਆ ਕਿ ਨੋਟਿਸਾਂ ਦੀ ਇਹੋ ਵਜ੍ਹਾ ਜਾਪਦੀ ਹੈ। ਪੱਤਰਕਾਰ ਬਲਤੇਜ ਪਨੂੰ ਨੂੰ ਵੀ ਇਹ ਨੋਟਿਸ ਜਾਰੀ ਕੀਤਾ ਗਿਆ ਹੈ। 

ਅੰਮ੍ਰਿਤਸਰ ਟਾਈਮਜ਼ ਕੋਲ ਪ੍ਰਾਪਤ ਸੂਚੀ ਮੁਤਾਬਕ ਸਿੱਖ ਸਿਆਸਤ ਵਿਚ ਹਿੱਸਾ ਲੈਣ ਵਾਲੇ ਨੋਬਲਜੀਤ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਸੁਰਿੰਦਰ ਸਿੰਘ ਠੀਕਰੀਵਾਲਾ, ਪਰਦੀਪ ਸਿੰਘ ਲੁਧਿਆਣਾ ਅਤੇ ਕਰਨੈਲ ਸਿੰਘ ਨੂੰ ਨੋਟਿਸ ਜਾਰੀ ਕੀਤੇ ਗਏ ਹਨ।