ਬੀਬੀਆਂ ਦੀ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਵਧ ਰਹੀ ਹੈ ਸ਼ਮੂਲੀਅਤ

ਬੀਬੀਆਂ ਦੀ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਵਧ ਰਹੀ ਹੈ ਸ਼ਮੂਲੀਅਤ

 *ਸੱਤ ਖ਼ਿਲਾਫ਼ ਪਰਚਾ ਦਰਜ

* ਗੈਰ ਕਨੂੰਨੀ ਸ਼ਰਾਬ ਦੋ ਧੰਦੇ ਵਿਚ ਔਰਤਾਂ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਠਿੰਡਾ : ਨਸ਼ਾ ਤਸਕਰੀ ਦੇ ਮਾਮਲਿਆਂ 'ਚ ਔਰਤਾਂ ਦੀ ਸ਼ਮੂਲੀਅਤ ਲਗਾਤਾਰ ਵਧਦੀ ਜਾ ਰਹੀ ਹੈ। ਜ਼ਿਆਦਾਤਰ ਮਾਮਲਿਆਂ 'ਚ ਔਰਤਾਂ ਖੁਦ ਨਸ਼ਾ ਕਰਨ ਦੀਆਂ ਆਦਿ ਹੁੰਦੀਆਂ ਹਨ। ਇਸ ਲੱਤ ਨੂੰ ਪੂਰਾ ਕਰਨ ਲਈ ਉਹ ਤਸਕਰੀ ਦੇ ਧੰਦੇ ਨੂੰ ਅੰਜਾਮ ਦੇਣ ਲੱਗ ਪੈਂਦੀਆਂ ਹਨ। ਕਈ ਮਾਮਲੇ ਇਸ ਤਰ੍ਹਾਂ ਦੇ ਵੀ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚ ਪਤੀ ਪਤਨੀ ਨਸ਼ਿਆਂ ਦੇ ਧੰਦੇ 'ਚ ਫਸ ਕੇ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਤਾਜ਼ਾ ਮਾਮਲਿਆਂ 'ਚ  ਜ਼ਿਲ੍ਹਾ ਪੁਲਿਸ ਨੇ 10 ਗ੍ਰਾਮ ਹੈਰੋਇਨ 290 ਲਿਟਰ ਲਾਹਨ ਤੇ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਤਿੰਨ ਔਰਤਾਂ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਕਾਰਵਾਈ ਦੌਰਾਨ ਸੱਤ ਵਿਅਕਤੀਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ, ਜਦੋਂਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਜਾਣਕਾਰੀ ਅਨੁਸਾਰ ਸੀਆਈਏ ਵਿੰਗ 1 ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਕੈਨਾਲ ਕਲੋਨੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਸਥਾਨਕ ਵਿਸ਼ਵਾਸ਼ ਕਲੋਨੀ 'ਚ ਕੀਤੀ ਜਾ ਰਹੀ ਗਸ਼ਤ ਦੌਰਾਨ ਇਕ ਔਰਤ ਤੇ ਮਰਦ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਦੋਸ਼ੀਆਂ ਦੀ ਪਛਾਣ ਕਾਹਨ ਸਿੰਘ ਅਤੇ ਉਸ ਦੀ ਪਤਨੀ ਵੀਰਪਾਲ ਕੌਰ ਵਾਸੀ ਹੰਸ ਨਗਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਹ ਹੈਰੋਇਨ ਕਿਥੋਂ ਲੈ ਕੇ ਆਏ ਸਨ।

ਪਹਿਲਾਂ ਔਰਤਾਂ ਅਫ਼ੀਮ ਤੇ ਭੁੱਕੀ ਆਦਿ ਦੀ ਤਸਕਰੀ ਕਰਦੀਆਂ ਸਨ ਪਰ ਹੁਣ ਸ਼ਰਾਬ ਦੀ ਤਸਕਰੀ ਵੀ ਹੋਣ ਲੱਗੀ ਹੈ। ਪੁਲਿਸ ਨੇ ਦੋ ਔਰਤਾਂ ਵਿਰੁਧ ਸ਼ਰਾਬ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਦਿਆਲਪੁਰਾ ਦੇ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਵੀਰਪਾਲ ਕੌਰ ਵਾਸੀ ਪਿੰਡ ਜਲਾਲ ਨਾਜਾਇਜ਼ ਤੌਰ ’ਤੇ ਸ਼ਰਾਬ ਬਣਾਉਂਦੀ ਹੈ। ਇਸ ’ਤੇ ਕਾਰਵਾਈ ਕਰਦਿਆਂ ਹੋਇਆਂ ਪਿੰਡ ਗੋਬਿੰਦਪੁਰਾ ਤੋਂ 50 ਲੀਟਰ ਲਾਹਣ ਬਰਾਮਦ ਕਰਕੇ ਕਥਿਤ ਦੋਸ਼ਣ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਫੂਲ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਬੁਰਜਗਿੱਲ ਤੋਂ 50 ਲੀਟਰ ਲਾਹਣ ਬਰਾਮਦ ਕਰ ਕੇ ਸੁਰਿੰਦਰ ਕੌਰ ਵਾਸੀ ਬੁਰਜਗਿੱਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਮਾਮਲਿਆਂ ਕਥਿਤ ਦੋਸ਼ਣਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਇਸੇ ਤਰ੍ਹਾਂ ਥਾਣਾ ਕੈਂਟ ਦੇ ਹੌਲਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਗੁਰਮੇਲ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਨੂੰ ਗ੍ਰਿਫ਼ਤਾਰ ਕਰਕੇ ਡੇਢ ਸੌ ਲਿਟਰ ਲਾਹਣ ਬਰਾਮਦ ਕੀਤੀ ਗਈ ਹੈ ਥਾਣਾ ਨਥਾਣਾ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਵਾਸੀ ਪਿੰਡ ਪੂਹਲਾ ਨੂੰ ਗ੍ਰਿਫ਼ਤਾਰ ਕਰਕੇ 40 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਸਦਰ ਰਾਮਪੁਰਾ ਦੇ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਅਤੇ ਗੋਸਾ ਸਿੰਘ ਵਾਸੀ ਪਿੰਡ ਚਾਉਕੇ ਨੂੰ ਗ੍ਰਿਫ਼ਤਾਰ ਕਰਕੇ ਨੌੰ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਥਾਣਾ ਸੰਗਤ ਦੇ ਏਐਸਆਈ ਗੁਰਦਾਸ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਵਾਸੀ ਪਿੰਡ ਪੱਕਾ ਕਲਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।