ਦੈਨਿਕ ਭਾਸਕਰ ਮੋਦੀ ਸਰਕਾਰ ਦੇ ਨਿਸ਼ਾਨੇ ਉਪਰ 

ਦੈਨਿਕ ਭਾਸਕਰ ਮੋਦੀ ਸਰਕਾਰ ਦੇ ਨਿਸ਼ਾਨੇ ਉਪਰ 

*ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਦੇ ਦਫ਼ਤਰਾਂ ’ਤੇ ਛਾਪੇ

*ਦੈਨਿਕ ਭਾਸਕਰ ਅਖ਼ਬਾਰ ਸਮੂਹ ਦੇ ਮਾਲਕ ਸੁਧੀਰ ਦੇ ਭੁਪਾਲ ਸਥਿਤ ਘਰ ’ਚ ਆਮਦਨ ਕਰ ਵਿਭਾਗ ਦੇ ਛਾਪੇ ਤੋਂ ਬਾਅਦ ਪੁਲੀਸ ਤਾਇਨਾਤ  ਮੁਲਾਜ਼ਮ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਵੱਡੇ ਮੀਡੀਆ ਘਰਾਣੇ ਦੈਨਿਕ ਭਾਸਕਰ ਦੇ ਕਈ ਸੂਬਿਆਂ ’ਚ ਪੈਂਦੇ ਦਫ਼ਤਰਾਂ ਅਤੇ ਉੱਤਰ ਪ੍ਰਦੇਸ਼ ਆਧਾਰਿਤ ਟੀਵੀ ਚੈਨਲ ਭਾਰਤ ਸਮਾਚਾਰ ’ਤੇ ਕਥਿਤ ਟੈਕਸ ਚੋਰੀ ਦੇ ਦੋਸ਼ਾਂ ਹੇਠ ਛਾਪੇ ਮਾਰੇ। ਛਾਪਿਆਂ ਦੀ ਕਈ ਆਗੂਆਂ ਨੇ ਤਿੱਖੀ ਆਲੋਚਨਾ ਕੀਤੀ ਹੈ। ਉਧਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਦੇ ਕੰਮ ’ਚ ਸਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਲੋਚਨਾ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਨ ਲੈਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੁਝ ਮੁੱਦੇ ਸਚਾਈ ਤੋਂ ਵੀ ਪਰ੍ਹਾਂ ਹੁੰਦੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਲੋਕੰਤਰ ਦੀ ਆਵਾਜ਼ ਦਬਾਉਣ ਦੇ ਇਰਾਦੇ ਨਾਲ ਇਹ ਛਾਪੇ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਦੈਨਿਕ ਭਾਸਕਰ ਅਤੇ ਭਾਰਤ ਸਮਾਚਾਰ ਨੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਮੁਸ਼ਕਲ ’ਚ ਘਿਰੇ ਲੋਕਾਂ ਅਤੇ ਸਰਕਾਰਾਂ ਦੀ ਨਾਕਾਮੀ ਬਾਰੇ ਕਈ ਆਲੋਚਨਾਤਮਕ ਖ਼ਬਰਾਂ ਛਾਪੀਆਂ ਸਨ। ਮਲਟੀ-ਮੀਡੀਆ ਦੈਨਿਕ ਭਾਸਕਰ ਗਰੁੱਪ ਦੇ ਭੁਪਾਲ, ਜੈਪੁਰ, ਅਹਿਮਦਾਬਾਦ ਅਤੇ ਨੋਇਡਾ ਸਮੇਤ 30 ਥਾਵਾਂ ’ਤੇ ਛਾਪੇ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਮਾਰੇ ਗਏ । ਦੈਨਿਕ ਭਾਸਕਰ ਦੀ 12 ਸੂਬਿਆਂ ’ਚ ਮੌਜੂਦਗੀ ਹੈ ਅਤੇ ਇਸ ਦੇ ਅਖ਼ਬਾਰ ਦੇ ਨਾਲ ਨਾਲ ਰੇਡੀਓ ਸਟੇਸ਼ਨ, ਵੈੱਬ ਪੋਰਟਲ ਅਤੇ ਮੋਬਾਈਲ ਫੋਨ ਐਪ ਵੀ ਹਨ। ਗਰੁੱਪ ਟੈਕਸਟਾਈਲਜ਼ ਅਤੇ ਮਾਈਨਿੰਗ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਅਤੇ ਇਕ ਅਧਿਕਾਰੀ ਨੇ ਕਿਹਾ ਕਿ ਆਮਦਨ ਕਰ ਵਿਭਾਗ ਇਨ੍ਹਾਂ ਕਾਰੋਬਾਰ ’ਚ ਹੋਏ ਲੈਣ-ਦੇਣ ਨੂੰ ਵੀ ਘੋਖ ਰਿਹਾ ਹੈ। ਮੀਡੀਆ ਘਰਾਣਿਆਂ ’ਤੇ ਪਏ ਛਾਪੇ ਦਾ ਮੁੱਦਾ ਰਾਜ ਸਭਾ ’ਚ ਵੀ ਉੱਠਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਆਗੂਆਂ ਨੇ ਛਾਪਿਆਂ ਦੀ ਨਿਖੇਧੀ ਕੀਤੀ ਹੈ। ਮਮਤਾ ਨੇ ਮੀਡੀਆ ਨੂੰ ਮਜ਼ਬੂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਜੁੱਟ ਰਹਿ ਕੇ ਤਾਨਾਸ਼ਾਹੀ ਤਾਕਤਾਂ ਨੂੰ ਅਸਫ਼ਲ ਬਣਾਇਆ ਜਾ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਗਹਿਲੋਤ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਆਲੋਚਨਾ ਸਹਿਣ ਨਹੀਂ ਕਰ ਸਕਦੀ ਹੈ ਅਤੇ ਇਹ ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

‘ਭਾਸਕਰ ਦੀ ਸੱਚੀ ਪੱਤਰਕਾਰੀ ਤੋਂ ਡਰ ਗਈ ਹੈ ਸਰਕਾਰ’

ਭਾਸਕਰ ਗਰੁੱਪ ਨੇ ਦੋਸ਼ ਲਾਇਆ ਕਿ ਭੁਪਾਲ ਅਤੇ ਅਹਿਮਦਾਬਾਦ ’ਚ ਛਾਪੇ ਦੌਰਾਨ ਆਈਟੀ ਟੀਮ ਨਾਲ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ। ਦੈਨਿਕ ਭਾਸਕਰ ਨੇ ਆਪਣੀ ਵੈੱਬਸਾਈਟ ’ਤੇ ਸੁਨੇਹਾ ਪਾਇਆ ਹੈ ਕਿ ਸਰਕਾਰ ਉਨ੍ਹਾਂ ਦੀ ਸੱਚੀ ਪੱਤਰਕਾਰੀ ਤੋਂ ਡਰ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਗੰਗਾ ’ਚ ਲਾਸ਼ਾਂ ਤੈਰਨ ਦਾ ਮਾਮਲਾ ਉਜਾਗਰ ਕਰਨ ਤੋਂ ਇਲਾਵਾ ਕਰੋਨਾ ਨਾਲ ਹੋਈਆਂ ਮੌਤਾਂ ਦੀ ਅਸਲ ਗਿਣਤੀ ਮੁਲਕ ਸਾਹਮਣੇ ਲਿਆਉਣ ਲਈ ਸਰਕਾਰ ਵੱਲੋਂ ਛਾਪੇ ਮਾਰੇ ਗਏ ਹਨ। ‘ਮੈਂ ਆਜ਼ਾਦ ਹਾਂ ਕਿਉਂਕਿ ਮੈਂ ਭਾਸਕਰ ਹਾਂ। ਭਾਸਕਰ ’ਚ ਸਿਰਫ਼ ਪਾਠਕ ਹੀ ਮਹੱਤਵ ਰਖਦੇ ਹਨ।’ ਗਰੁੱਪ ਨੇ ਕਿਹਾ ਕਿ ਛਾਪੇ ਉਨ੍ਹਾਂ ਦੇ ਕਈ ਅਧਿਕਾਰੀਆਂ ਦੇ ਘਰਾਂ ’ਤੇ ਵੀ ਮਾਰੇ ਗਏ ਹਨ। ਛਾਪਿਆਂ ਦੌਰਾਨ ਦਫ਼ਤਰ ’ਚ ਮੌਜੂਦ ਵਿਅਕਤੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ।