ਸਿਰਸੇ ਵਾਲੇ ਨੂੰ ਮੁਆਫ਼ੀ ਕੌਮ ਨਾਲ ਵਿਸ਼ਵਾਸ ਘਾਤ ਦਿਵਸ ਵਜੋਂ ਯਾਦ ਕੀਤਾ

ਸਿਰਸੇ ਵਾਲੇ ਨੂੰ ਮੁਆਫ਼ੀ ਕੌਮ ਨਾਲ ਵਿਸ਼ਵਾਸ ਘਾਤ ਦਿਵਸ ਵਜੋਂ ਯਾਦ ਕੀਤਾ
ਰੋਸ ਇਕੱਠ ਵਿੱਚ ਪੰਜਾਂ ਸਿੰਘਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਗੁਰਚਰਨ ਸਿੰਘ, ਪ੍ਰੋ ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਭਲਵਾਨ,  ਜਥੇ: ਨਰੈਣ ਸਿੰਘ ਤੇ ਹੋਰ

ਸ਼੍ਰੋਮਣੀ ਕਮੇਟੀ ਤੇ ਦੋਸ਼ੀ ਜਥੇਦਾਰਾਂ ਦੀ ਪੁਸ਼ਤਪਨਾਹੀ ਦੇ ਲਗਾਏ ਦੋਸ਼

ਅੰਮ੍ਰਿਤਸਰ ਟਾਈਮਜ਼


ਅੰਮ੍ਰਿਤਸਰ ਸਰਬੱਤ ਖਾਲਸਾ ਵੱਲੋਂ  ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਛੇ ਸਾਲ ਪਹਿਲਾਂ ਸਿਰਸਾ ਮੁੱਖੀ ਨੂੰ ਦਿੱਤੀ ਮੁਆਫ਼ੀ ਨੂੰ ਕੌਮੀ ਵਿਸ਼ਵਾਸ-ਘਾਤ ਦਿਵਸ ਵਜੋਂ ਯਾਦ ਕਰਦਿਆਂ ਰੋਸ ਇਕੱਠ ਕੀਤਾ। ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਗੁਰਮੀਤ ਰਾਮ ਰਹੀਮ ਨੂੰ ਪੰਜਾ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸਤੰਬਰ 2015 ‘ਚ ਬਾਦਲਾਂ ਦੇ ਸਿਆਸੀ ਪ੍ਰਭਾਵ ਹੇਠ ਦਿੱਤੀ ਗ਼ੈਰ ਸਿਧਾਂਤਿਕ ਮੁਆਫ਼ੀ ਨੂੰ ਕੌਮ ਨਾਲ ਵਿਸ਼ਵਾਸ ਘਾਤ ਐਲਾਨਿਆ ਜਿਸਨੂੰ ਨਾ ਤਾਂ ਭੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਬਖ਼ਸ਼ਿਆ ਜਾ ਸਕਦਾ ਹੈ। ਜਥੇਦਾਰ ਕੌਮ ਦੇ ਸਿਂਧਾਤਾਂ ਦੇ ਪਹਿਰੇਦਾਰ ਹੁੰਦੇ ਹਨ। ਪੰਥ ਉਨ੍ਹਾਂ ਤੇ ਭਰੋਸਾ ਕਰਦਾ ਹੈ ਕਿ ਉਹ ਸਿਂਧਾਤ ਤੋਂ ਆਪਣੇ ਅਹੁਦਿਆਂ ਨੂੰ ਕੁਰਬਾਨ ਕਰ ਦੇਣਗੇ। ਪਰ ਬਾਦਲਾਂ ਦੀ ਕਠਪੁਤਲੀ ਬਣੇ ਜਥੇਦਾਰਾਂ ਨੇ ਅਹੁਦਿਆਂ ਤੋ ਸਿੰਧਾਤ ਨੂੰ ਕੁਰਬਾਨ ਕਰਕੇ ਤਖਤ ਸਾਹਿਬਾਨ ਦੀ ਮਾਨ ਮਰਿਯਾਦਾ, ਗੌਰਵ ਤੇ ਪ੍ਰਭੁਸੱਤਾ ਨੂੰ ਢਾਅ ਲਗਾਈ ਹੈ। ਜਿਸਨੂੰ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ।
ਅੱਜ ਦੇ ਇਸ ਇਕੱਠ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਤੁਰਨਾ ਦਲ ਬਾਬਾ ਬਕਾਲਾ, ਮਿਸਲ ਸ਼ਹੀਦਾਂ ਬਾਜ ਸਿੰਘ ਤਰਨਾ ਦਲ, ਅਕਾਲ ਯੂਥ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ, ਸੰਤ ਸਿਪਾਹੀ, ਆਦਿ ਸ਼ਾਮਲ ਸਨ। ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਸਰਬ ਸੰਮਤੀ ਨਾਲ 8 ਮਤੇ ਪਾਸ ਕੀਤੇ। ਰੋਸ  ਇਕੱਠ ਵਿੱਚ ਪ੍ਰੋ ਬਲਜਿੰਦਰ ਸਿੰਘ, ਬਾਪੂ  ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ, ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਜਥੇਦਾਰ ਨਰੈਣ ਸਿੰਘ ਨਿਹੰਗ, ਬਲਬੀਰ ਸਿੰਘ ਮੁੱਛਲ, ਰਣਜੀਤ ਸਿੰਘ ਦਮਦਮੀ ਟਕਸਾਲ, ਪ੍ਰਣਾਮ ਸਿੰਘ ਜਹਾਂਗੀਰ, ਮਹਾਬੀਰ ਸਿੰਘ ਸੁਲਤਾਨਵਿੰਡ  ਨਵਾਂ ਪਿੰਡ ਸੁਖਰਾਜ ਸਿੰਘ ਵੇਰਕਾ, ਜਸਪਾਲ ਸਿੰਘ ਪੁਤਲੀਘਰ, ਸਤਵੰਤ ਸਿੰਘ ਸੱਤੀ, ਪ੍ਰਗਟ ਸਿੰਘ ਚੋਗਾਵਾਂ, ਸਵਰਨਜੀਤ ਸਿੰਘ ਕੁਰਾਲੀਆ, ਸੁਖਵਿੰਦਰ ਸਿੰਘ ਪੰਨੂ ਅਵਤਾਰ ਸਿੰਘ ਘੁੱਲਾ, ਬੀਬੀ ਮਨਿੰਦਰ ਕੌਰ, ਮਨਦੀਪ ਸਿੰਘ, ਬਲਜੀਤ ਸਿੰਘ ਭਾਊ, ਪਵਨਦੀਪ ਸਿੰਘ, ਗੁਰਮੀਤ ਸਿੰਘ ਬੱਬਰ, ਮਨਜੀਤ ਸਿੰਘ ਵੇਰਕਾ, ਸੁਖਦੇਵ ਸਿੰਘ ਵੇਰਕਾ, ਜਸਵਿੰਦਰ ਸਿੰਘ ਰਾਜਪੁਰਾ, ਜੁਗਰਾਜ ਸਿੰਘ ਭੱਟੀ, ਅਮਰਦੀਪ ਸਿੰਘ, ਭਰਪੂਰ ਸਿੰਘ, ਗੁਰਬਖ਼ਸ਼ ਸਿੰਘ ਬੱਗਾ ਸ਼ਾਮਲ ਸਨ।ਰੋਸ ਇਕੱਠ ਵਿੱਚ ਐਲਾਨਿਆ ਗਿਆ ਕਿ ਮੁਆਫ਼ੀ ਦੇਣ ਵਾਲੇ ਹੁਕਮਨਾਮੇ ਨੂੰ ਠੀਕ ਦੱਸਣ ਲਈ ਸ਼੍ਰੋਮਣੀ ਕਮੇਟੀ ਨੇ ਗੁਰੂ ਦੀ ਗੋਲਕ ਵਿੱਚੋਂ ਅਖ਼ਬਾਰਾਂ ਨੂੰ 95 ਲੱਖ ਦੇ ਇਸ਼ਤਿਹਾਰ ਦਿੱਤੇ ਸਨ। ਖਾਲਸਾ ਪੰਥ ਦਾ ਰੋਹ ਨਾ ਝੱਲਦੇ ਹੋਏ ਮੁਆਫ਼ੀ ਦਾ ਹੁਕਮਨਾਮਾ ਵਾਪਸ ਲੈ ਲਿਆ ਗਿਆ ਸੀ।ਗੋਲਕ ਦੀ ਦੁਰਵਰਤੋਂ ਦੇ ਦੋਸ਼ੀ ਬਾਦਲਾਂ, ਉਸ ਸਮੇਂ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੇ ਮੈਂਬਰਾਂ ਕੋਲੋਂ ਇਹ ਰਕਮ ਵਸੂਲੀ ਜਾਣੀ ਚਾਹੀਦੀ ਹੈ।ਇਕ ਹੋਰ ਮਤੇ ਰਾਹੀਂ ਪੰਜਾ ਜਥੇਦਾਰਾਂ ਵਿੱਚੋਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗੁਜ਼ਰ ਚੁੱਕੇ ਗਿਆਨੀ ਮੱਲ ਸਿੰਘ ਦੇ ਪਰਿਵਾਰਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਪੁਸਤਪਨਾਹੀ ਕਰਨ ਦਾ ਦੋਸ਼ ਲਗਾਇਆ ਗਿਆ। ਵਿਸ਼ਵਾਸ-ਘਾਤ ਕਰਨ ਵਾਲੇ  ਗੱਦਾਰ ਹੁੰਦੇ ਹਨ ਤੇ ਗੱਦਾਰਾਂ ਨੂੰ ਗੁਰੂ ਦੀ ਗੋਲਕ ਤੇ ਕੋਈ ਅਧਿਕਾਰ ਨਹੀਂ। ਮਿਸਾਲ ਦੇ ਤੌਰ ਤੇ ਗਿਆਨੀ ਗੁਰਬਚਨ ਸਿੰਘ ਦੇ ਦਰਜਨ ਤੋ ਵੱਧ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀਆਂ ਕਰ ਰਹੇ ਹਨ ਤੇ ਗਿਆਨੀ ਗੁਰਬਚਨ ਸਿੰਘ ਨੂੰ ਅਹੁਦਾ ਨਾ ਹੋਣ ਦੇ ਬਾਵਜੂਦ ਲੱਖਾਂ ਰੁਪਏ ਦੀ ਸਹੁਲਤਾਂ ਨਾਲ ਅਜੇ ਵੀ ਨਿਵਾਜਿਆ ਜਾ ਰਿਹਾ ਹੈ।ਗਿਆਨੀ ਮੱਲ ਸਿੰਘ ਦੇ ਦੋ ਪੁੱਤਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਉਚ ਅਹੁਦਿਆਂ ਤੇ ਰੱਖਿਆ ਹੋਇਆ ਹੈ। ਇੱਥੇ ਹੀ ਬੱਸ ਨਹੀ ਗਿਆਨੀ ਗੁਰਮੁੱਖ ਸਿੰਘ ਨੂੰ ਗਲਤ ਹੁਕਮਨਾਮਾ ਜਾਰੀ ਹੋਣ ਦੇ ਬਾਵਜੂਦ ਸ੍ਰੀ ਅਕਾਲ-ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਦਾ ਅਹੁਦਾ ਦਿੱਤਾ ਹੋਇਆ ਹੈ ਜਿਸਦਾ ਅੱਜ ਦਾ ਇਹ ਰੋਸ ਇਕੱਠ ਵਿਰੋਧ ਕਰਦਾ ਹੈ। ਬਾਦਲਾਂ ਦੇ ਅਖੌਤੀ ਜਥੇਦਾਰਾਂ ਨੂੰ ਗੁਰੂ ਦੀ ਗੋਲਕ ਵਿੱਚੋਂ ਮਿਲ ਰਹੀ ਸਹੁਲਤਾਂ ਨੂੰ ਖਤਮ ਕਰਨ ਲਈ ਸਿੱਖ ਸੰਗਤ ਵਿੱਚ ਜਾਗਰੁਕਤਾ ਆੰਰਭ ਕਰਨ ਦਾ ਐਲਾਨ ਕਰਦੇ ਹਾਂ।
ਅਗਲੇ ਮਤੇ ਰਾਹੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਸਬੰਧ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੇ ਮੋਰਚੇ ਦਾ ਪੂਰਨ ਸਮਰਥਨ ਕੀਤਾ ਗਿਆ। ਤਖਤ ਸਾਹਿਬ ਤੇ ਪੁਖ਼ਤਾ ਪ੍ਰੰਬਧ ਦੀ ਘਾਟ ਕਾਰਨ ਬੇਅਦਬੀ ਦੇ ਮੱਦੇਨਜ਼ਰ ਮੰਗ ਕੀਤੀ ਗਈ ਹੈ ਕਿ ਜਥੇਦਾਰ ਰਘਬੀਰ ਸਿੰਘ, ਹੈਡ ਗ੍ਰੰਥੀ, ਮੈਨੇਜਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦੋਨੋ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ।ਸ਼੍ਰੋਮਣੀ ਕਮੇਟੀ ਮੈਂਬਰਾਂ ਦੀ  ਜ਼ੁੰਮੇਵਾਰੀ ਹੈ ਕਿ ਉਹ ਆਪਣੇ ਇਲਾਕੇ ਦੇ ਗੁਰੂ ਘਰਾਂ ਦੀ ਸੁਰਖਿਆ ਅਤੇ ਬੇਅਦਬੀਆਂ‌ ਨੂੰ ਰੋਕਣ ਲਈ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ ਕਰਨ। ਜੇ ਭਵਿੱਖ ਵਿੱਚ ਕੋਈ ਬੇਅਦਬੀ ਹੁੰਦੀ ਹੈ ਤਾਂ‌ ਇਸ ਦੀ ਜ਼ੁੰਮੇਵਾਰੀ ਇਲਾਕਾ ਸ਼੍ਰੋਮਣੀ ਕਮੇਟੀ ਮੈਂਬਰ ਦੀ ਹੋਵੇਗੀ। ਅਗਲੀਆਂ ਚੋਣਾਂ ਵਿਚ ਉਸਦਾ ਬਾਈਕਾਟ ਕੀਤਾ ਜਾਵੇਗਾ।ਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਤਰਲੋਕ ਸਿੰਘ ਵੱਲੋਂ ਆਪਣੀ ਨੌਕਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕੋਲੋ ਸਿਰਸਾ ਸਾਧ ਕੇਸ ਸੰਬੰਧੀ ਸਪੱਸ਼ਟੀਕਰਨ ਲੈਣ ਦੇ ਫੈਂਸਲੇ ਦੀ ਸ਼ਲਾਘਾ ਕੀਤੀ ਗਈ। ਪੰਥ ਨੂੰ  ਉਹਨਾਂ ਦੀ ਕੁਰਬਾਨੀ ਤੇ ਮਾਣ ਹੈ। ਇਸਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇੰਨਸਾਫ ਲੈਣ ਲਈ ਸ਼ਹੀਦੀਆਂ ਪਾਉਣ ਵਾਲੇ ਭਾਈ ਕਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਸਰਾਵਾਂ, ਭਾਈ ਹਰਮਿੰਦਰ ਸਿੰਘ ਡੱਬਵਾਲੀ, ਭਾਈ ਕਵੰਲਜੀਤ ਸਿੰਘ ਆਦਿ ਨੂੰ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ। ਇਨ੍ਹਾਂ ਦੀ ਸ਼ਹੀਦੀਆਂ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ।ਮੈਨੇਜਰ ਸ਼੍ਰੀ ਦਰਬਾਰ ਸਾਹਿਬ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲੋਂ  ਕੰਪਲੈਕਸ ਦੀ ਸੁਰੱਖਿਆ ਲਈ ਪੁਲਿਸ ਦੀ ਮਦਦ ਮੰਗੇ ਜਾਣ ਨੂੰ ਸਿੱਖ ਮਰਿਯਾਦਾ ਦੇ ਉਲਟ ਦਸਦਿਆਂ ਇਸਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਬੰਧਕੀ ਕੁਸ਼ਲਤਾ ਦਾ ਫ਼ੇਲ੍ਹ ਹੋਣਾ ਐਲਾਨਿਆ।
ਗਿਆਨੀ ਮੱਲ ਸਿੰਘ ਜੋ ਡੇਰਾ ਮੁੱਖੀ ਨੂੰ ਮੁਆਫ ਕਰਨ ਦਾ ਦੋਸ਼ੀ ਹੈ ਇਸ ਲਈ ਇਸਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਏ ਜਾਣ ਨੂੰ ਸਿਂਧਤਿਕ ਗਲਤੀ ਦੱਸਿਆ।ਕੌਮੀ ਸ਼ਹੀਦ  ਭਾਈ ਦਿਲਾਵਰ ਸਿੰਘ ਬੱਬਰ ਅਤੇ ਮੌਜੂਦਾ ਸੰਘਰਸ਼ ਵਿੱਚ ਸ਼ਹੀਦ ਹੋਏ ਵੱਖ ਵੱਖ ਜੂਝਾਰੂ ਜਥੇਬੰਦੀਆਂ ਦੇ ਪ੍ਰਮੁਖ ਸ਼ਹੀਦਾਂ ਦੀ ਫੋਟੋ ਅਜਾਇਬ ਘਰ ਵਿੱਚ ਲਗਾਉਣਾ ਸਾਡਾ ਹੱਕ ਹੈ ਜਿਸਦੇ ਲਈ ਜਦੋ ਜਾਇਦ ਜਾਰੀ ਰਹੇਗੀ।
ਜਾਰੀ ਕਰਤਾ
ਪ੍ਰੋਫੈਸਰ ਬਲਜਿੰਦਰ ਸਿੰਘ
9888001888