ਭਾਰਤੀ ਸਿੱਖਾਂ ਨੂੰ ਪਾਕਿ ਸਿਖ ਨੇਤਾਵਾਂ ਵਲੋਂ ਪਾਕਿ ਆਉਣ ਦਾ ਸੱਦਾ

 ਭਾਰਤੀ ਸਿੱਖਾਂ ਨੂੰ ਪਾਕਿ ਸਿਖ ਨੇਤਾਵਾਂ ਵਲੋਂ ਪਾਕਿ ਆਉਣ ਦਾ ਸੱਦਾ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮਾਮਲਾ 

 ਅੰਮ੍ਰਿਤਸਰ ਟਾਈਮਜ਼ ਬਿਉਰੋ                                     

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਗੁਰਪੁਰਬ ਮਨਾਉਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਭਾਰਤੀ ਸਿੱਖ ਸੰਗਤਾਂ ਖੁੱਲ੍ਹੇ ਦਿਲ ਵੀਜ਼ਾ ਅਪਲਾਈ ਕਰਕੇ ਪਾਕਿਸਤਾਨ ਆਉਣ ਦਾ ਸੱਦਾ ਪਾਕਿਸਤਾਨ ਸਿੱਖ ਆਗੂਆਂ ਲਾਹੌਰ ਵਿਖੇ  ਮੀਟਿੰਗ ਕਰਕੇ  ਦਿੱਤਾ ਹੈ।ਲਾਹੌਰ ਪਾਕਿਸਤਾਨ ਵਿਖੇ ਸਥਿਤ ਓਕਾਫ਼ ਬੋਰਡ ਦੇ ਮੁੱਖ ਦਫ਼ਤਰ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਪਾਕਿਸਤਾਨ ਓਕਾਫ਼ ਬੋਰਡ ਦੇ ਸਕੱਤਰ ਤਾਰੀਕ ਵਜ਼ੀਰ ਖ਼ਾਂ, ਵਧੀਕ ਸਕੱਤਰ ਇਮਰਾਨ ਗੋਦਰ ਸਮੇਤ ਸਮੂੰਹ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਾਜ਼ਰ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਿੱਖਾਂ ਦੀ ਪੁਰਜ਼ੋਰ ਮੰਗ ’ਤੇ  ਹੋਈ ਮੀਟਿੰਗ ਵਿਚ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ 20 ਤੋਂ 22 ਸਤੰਬਰ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਗੁਰਪੁਰਬ ਦੇ ਤਿੰਨ ਦਿਨ ਮੌਕੇ ਭਾਰਤ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਲਾਘਾ ਖੋਲ੍ਹਣ ਲਈ ਅਪੀਲ ਕਰਦਿਆਂ ਕਿਹਾ ਕਿ ਇਸੇ ਸਾਲ ਨਵੰਬਰ 2021 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਪਾਕਿਸਤਾਨ ਖੁੱਲ੍ਹੇ ਦਿਲ ਆਉਣ ਲਈ ਅਪੀਲ ਕੀਤੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਲੋਂ ਵੱਧ ਤੋਂ ਵੱਧ ਇਸ ਵਾਰ ਭਾਰਤੀ ਸਿੱਖ ਸੰਗਤ ਨੂੰ ਵੀਜ਼ੇ ਦਿੱਤੇ ਜਾਣਗੇ, ਪਾਕਿ ਸਿੱਖਾਂ ਇਹ ਵੀ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਪਿਛਲੇ ਸਾਲ ਤੋਂ ਸਿੱਖ ਸੰਗਤਾਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਨਹੀਂ ਆ ਸਕੀਆਂ।

ਪਾਕਿਸਤਾਨ ਸਰਕਾਰ ਵਲੋਂ ਆਪਣੀਆਂ ਸਰਹੱਦਾਂ ਤੋਂ ਸਾਰੀਆਂ ਰੁਕਾਵਟਾਂ ਵਾਪਸ ਲੈ ਲਈਆਂ ਹਨ, ਜਿਸ ਲਈ ਭਾਰਤ ਸਰਕਾਰ ਵੀ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਵੇ। ਉਨ੍ਹਾਂ ਕਿਹਾ ਕਿ 20 ਸਤੰਬਰ 2021 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸੰਗਤਾਂ ਨੂੰ ਡੇਰਾ ਬਾਬਾ ਨਾਨਕ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਅਮੀਰ ਸਿੰਘ ਜਰਨਲ ਸਕੱਤਰ, ਇੰਦਰਜੀਤ ਸਿੰਘ ਕਰਤਾਰਪੁਰ ਸਾਹਿਬ, ਸਾਗਰ ਸਿੰਘ, ਸਰਬੱਤ ਸਿੰਘ, ਡਾ. ਮਾਂਹੀਪਾਲ ਸਿੰਘ, ਵਿਕਾਸ ਸਿੰਘ, ਡਾ. ਸਾਗਰ ਸਿੰਘ ਸਿੰਧ, ਰਵਿੰਦਰ ਸਿੰਘ ਸਾਰੇ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ।