ਕੈਪੀਟਲ ਬਿਲਡਿੰਗ ਦੇ ਬਾਹਰਵਾਰ ਲੱਗੇ ਨਾਕੇ 'ਤੇ ਇਕ ਕਾਰ ਦੋ ਪੁਲਿਸ ਅਧਿਕਾਰੀਆਂ 'ਤੇ ਚੜ੍ਹਾਈ

ਕੈਪੀਟਲ ਬਿਲਡਿੰਗ ਦੇ ਬਾਹਰਵਾਰ ਲੱਗੇ ਨਾਕੇ 'ਤੇ ਇਕ ਕਾਰ ਦੋ ਪੁਲਿਸ ਅਧਿਕਾਰੀਆਂ 'ਤੇ ਚੜ੍ਹਾਈ
ਮਾਰੇ ਗਏ ਪੁਲਿਸ ਅਧਿਕਾਰੀ ਵਿਲੀਅਮ ਬਿਲੀ ਏਵਾਨਜ ਦੀ ਇਕ ਪੁਰਾਣੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

 *1 ਦੀ ਮੌਤ 1 ਜ਼ਖਮੀ

*ਕਾਰ ਦੇ ਡਰਾਈਵਰ ਦੀ ਪੁਲਿਸ ਗੋਲੀ ਨਾਲ ਮੌਤ

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)- ਯੂ.ਐਸ ਕੈਪੀਟਲ ਬਿਲਡਿੰਗ ਦੇ ਬਾਹਰਵਾਰ ਲੱਗੇ ਇਕ ਸੁਰੱਖਿਆ ਨਾਕੇ 'ਤੇ ਤਾਇਨਾਤ 2 ਪੁਲਿਸ ਅਧਿਕਾਰੀਆਂ ਉਪਰ ਇਕ ਵਿਅਕਤੀ ਨੇ ਆਪਣੀ ਕਾਰ ਚੜਾ ਦਿੱਤੀ ਜਿਸ ਨਾਲ ਇਕ ਅਧਿਕਾਰੀ ਦੀ ਮੌਤ ਹੋ ਗਈ ਜਦ ਕਿ ਦੂਸਰਾ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਾਅਦ ਵਿਚ ਪੁਲਿਸ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਕਾਰ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਇਸ ਘਟਨਾ ਨੂੰ ਹਮਲਾ ਕਰਾਰ ਦਿੱਤਾ ਹੈ।

ਕੈਪੀਟਲ ਬਿਲਡਿੰਗ ਨੇੜੇ ਨਾਕਾ ਤੋੜਕੇ ਖੜੀ ਕਾਰ

ਯੂ ਐਸ ਕੈਪੀਟਲ ਪੁਲਿਸ ਮੁੱਖੀ ਯੋਗਾਨੰਦਾ ਪਿਟਮੈਨ ਨੇ ਕਿਹਾ ਕਿ ਹਮਲਾਵਰ ਦੇ ਹਮਲੇ ਵਿਚ ਜ਼ਖਮੀ ਹੋਇਆ ਉਤਰੀ ਨਾਕੇ ਉਪਰ ਤਾਇਨਾਤ ਅਧਿਕਾਰੀ ਵਿਲੀਅਮ ਬਿਲੀ ਏਵਾਨਜ ਬਾਅਦ ਵਿਚ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਪੁਲਿਸ ਅਧਿਕਾਰੀ ਦੀ ਉਮਰ 18 ਸਾਲ ਸੀ। ਉਸ ਨੇ ਦਸਿਆ ਕਿ ਕਾਰ ਦਾ ਡਰਾਈਵਰ ਨਾਕੇ ਵਿਚ ਟੱਕਰ ਮਾਰਨ ਤੋਂ ਬਾਅਦ ਰੁਕਿਆ ਨਹੀਂ ਤੇ ਉਹ ਹਮਲਾਵਰ ਰੁਖ ਅਪਣਾਉਂਦਿਆਂ ਹੋਇਆਂ ਕਾਰ ਨੂੰ ਅੱਗੇ ਤੱਕ ਲੈ ਗਿਆ। ਬਾਅਦ ਵਿਚ ਉਹ ਚਾਕੂ ਲੈ ਕੇ  ਕਾਰ ਵਿਚੋਂ ਨਿਕਲਿਆ ਤੇ ਉਸ ਨੇ ਪੁਲਿਸ ਅਫਸਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਪੁਲਿਸ ਵੱਲੋਂ ਦਿੱਤੀ ਚਿਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ 'ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਉਸ ਦੀ ਮੌਤ ਹੋ ਗਈ। ਸ਼ਕੀ ਹਮਲਾਵਰ ਦੀ ਪਛਾਣ ਨੋਆਹ ਗਰੀਨ (25) ਵਜੋਂ ਹੋਈ ਹੈ ਜੋ ਇੰਡਿਆਨਾ ਦਾ ਰਹਿਣ ਵਾਲਾ ਸੀ। ਡੀ ਸੀ ਮੈਟਰੋਪੋਲੀਟਨ ਪੁਲਿਸ ਮੁੱਖੀ ਰਾਬਰਟ ਜੇ ਕੋਨਟੀ ਨੇ ਕਿਹਾ ਹੈ ਕਿ ਇਹ ਮਾਮਲਾ ਅੱਤਵਾਦ ਨਾਲ ਸਬੰਧਤ ਨਹੀਂ ਲੱਗਦਾ ਫਿਰ ਵੀ ਪੁਲਿਸ ਗਰੀਨ ਦੇ ਇਰਾਦੇ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ।  ਕੋਨਟੀ ਨੇ ਸਪੱਸ਼ਟ ਕੀਤਾ ਕਿ ਸ਼ੱਕੀ ਹਮਲਾਵਰ ਬਾਰੇ ਪੁਲਿਸ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਜਨਵਰੀ ਵਿਚ ਕੈਪਟੀਲ ਹਿੱਲ ਉਪਰ ਹੋਏ ਹਮਲੇ ਵਿਚ ਉਸ ਦੀ ਕੋਈ ਸ਼ਮੂਲੀਅਤ ਸੀ। ਇਸ ਘਟਨਾ ਉਪਰੰਤ ਕੈਪੀਟਲ ਬਿਲਡਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ।