ਅਲਾਬਾਮਾ ਵਿਚ ਯੋਗਾ ਉਪਰ ਲੱਗੀ ਰੋਕ ਹਟਾਉਣ ਬਾਰੇ ਬਿੱਲ ਸੈਨਟ ਕਮੇਟੀ ਨੇ ਰੋਕਿਆ

ਅਲਾਬਾਮਾ ਵਿਚ ਯੋਗਾ ਉਪਰ ਲੱਗੀ ਰੋਕ ਹਟਾਉਣ ਬਾਰੇ ਬਿੱਲ ਸੈਨਟ ਕਮੇਟੀ ਨੇ ਰੋਕਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ :  (ਹੁਸਨ ਲੜੋਆ ਬੰਗਾ)- ਅਲਾਬਾਮਾ ਰਾਜ ਵਿਚ ਪਿਛਲੇ 28 ਸਾਲ ਤੋਂ ਪਬਲਿਕ ਸਕੂਲਾਂ ਵਿਚ ਯੋਗਾ ਕਰਵਾਉਣ ਉਪਰ ਲੱਗੀ ਰੋਕ ਹਟਾਉਣ ਸਬੰਧੀ ਬਿੱਲ ਸੈਨਟ ਦੀ ਕਮੇਟੀ ਨੇ ਰੋਕ ਲਿਆ ਹੈ। ਬਿੱਲ ਦੇ ਵਿਰੋਧੀਆਂ ਦਾ ਦਾਅਵਾ ਹੈ ਕਿ ਇਸ ਨਾਲ ਪਬਲਿਕ ਸਕੂਲਾਂ ਵਿਚ ਹਿੰਦੂਵਾਦ ਦਾਖਲ ਹੋ ਜਾਵੇਗਾ। 

ਇਹ ਬਿੱਲ ਇਸ ਸਾਲ ਦੇ ਸ਼ੁਰੂ ਵਿਚ ਰਿਪਬਲੀਕਨ ਮੈਂਬਰ ਜਰੇਮੀ ਗਰੇਅ ਵੱਲੋਂ ਲਿਆਂਦਾ ਗਿਆ ਸੀ ਜਿਸ ਵਿਚ ਪਬਲਿਕ ਸਕੂਲਾਂ ਵਿਚ  ਵਿਦਿਆਰਥੀਆਂ ਨੂੰ ਯੋਗਾ ਕਰਨ ਦੀ ਇਜਾਜ਼ਤ ਦੇਣ ਦੀ ਵਿਵਸਥਾ ਕੀਤੀ ਗਈ ਹੈ ਹਾਲਾਂ ਕਿ  ਯੋਗਾ ਨੂੰ ਇਕ 'ਆਪਸ਼ਨ' ਵਜੋਂ ਸ਼ਾਮਿਲ ਕੀਤਾ ਗਿਆ ਹੈ। ਬਿੱਲ ਉਪਰ ਰੋਕ ਉਪਰੰਤ ਬੀਬੀ ਗਰੇਅ ਨੇ ਕਿਹਾ ਹੈ ਕਿ ਮੇਰੀ ਜਾਣਕਾਰੀ ਅਨੁਸਾਰ ਅਜਿਹੀ ਕੋਈ ਗੱਲ ਨਹੀਂ ਹੈ ਕਿ ਯੋਗਾ ਨਾਲ ਲੋਕ ਹਿੰਦੂਵਾਦ ਅਪਣਾ ਲੈਣਗੇ। ਉਨਾਂ ਕਿਹਾ ਕਿ  ਯੋਗਾ ਅਭਿਆਸ ਨਾਲ ਨਾ ਕੇਵਲ ਸਰੀਰਕ ਲਾਭ ਹੁੰਦਾ ਹੈ ਬਲਕਿ ਸੰਤੁਲਣ, ਲੱਚਕਤਾ ਤੇ ਕੇਂਦਰੀ ਤਾਕਤ ਵਧਦੀ ਹੈ।

ਇਸ ਨਾਲ ਦਿਮਾਗ ਤੰਦਰੁਸਤ ਹੁੰਦਾ ਹੈ ਤੇ ਵਿਦਿਆਰਥੀਆਂ ਲਈ ਦਬਾਅ ਤੇ ਗੁੱਸੇ ਉਪਰ ਕਾਬੂ ਪਾਉਣ ਵਿੱਚ ਮੱਦਦਗਾਰ ਸਾਬਤ ਹੋਵੇਗਾ। ਇਸ ਦੇ ਉਲਟ ਈਗਲ ਫੋਰਮ ਅਲਾਬਾਮਾ ਦੇ ਕਾਰਜਕਾਰੀ ਡਾਇਰੈਕਟਰ ਬੈਕੀ ਗੈਰਿਸਟਨ ਤੇ ਹੋਰਨਾਂ ਨੇ ਸੈਨੇਟ ਜੁਡੀਸ਼ੀਅਰੀ ਕਮੇਟੀ ਅੱਗੇ ਆਪਣਾ ਪੱਖ ਰਖਦਿਆਂ ਕਿਹਾ ਕਿ ਇਹ ਬਿੱਲ ਗੈਰ ਜਰੂਰੀ ਹੈ। ਇਸ ਦੀ ਕੋਈ ਲੋੜ ਨਹੀਂ ਹੈ।