ਚਲ ਵਸੇ ਹਾਕੀ ਸਟਾਰ  ਬਲਬੀਰ ਸਿੰਘ ਜੂਨੀਅਰ

ਚਲ ਵਸੇ ਹਾਕੀ ਸਟਾਰ  ਬਲਬੀਰ ਸਿੰਘ ਜੂਨੀਅਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਹਾਕੀ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ। ਸਾਬਕਾ ਹਾਕੀ ਖਿਡਾਰੀ ਤੇ ਏਸ਼ੀਅਨ ਖੇਡਾਂ ਦੀ ਚਾਂਦੀ ਤਮਗਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਜੂਨੀਅਰ ਦਾ ਬੀਤੇ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸੀ। ਬਲਬੀਰ ਸਿੰਘ ਜੂਨੀਅਰ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਲੰਬੇ ਸਮੇਂ ਤੋਂ ਬਿਮਾਰ ਸੀ। ਜਦੋਂ ਸਵੇਰੇ ਪੰਜ ਵਜੇ ਉਨ੍ਹਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ।

2 ਮਈ 1932 ਨੂੰ ਸੰਸਾਰਪੁਰ (ਜਲੰਧਰ) ਵਿਖੇ ਜਨਮੇ ਬਲਬੀਰ ਸਿੰਘ ਜੂਨੀਅਰ ਸੈਕਟਰ -34, ਚੰਡੀਗੜ੍ਹ ਵਿਖੇ ਰਹਿੰਦੇ ਸਨ। ਸੁਖਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੇ ਇਕ ਬੇਟਾ ਤੇ ਬੇਟੀ ਹੈ। ਬੇਟਾ ਹਰਮਨਜੀਤ ਕਨੈਡਾ 'ਚ ਰਹਿੰਦਾ ਹੈ ਜਦਕਿ ਬੇਟੀ ਮਨਦੀਪ ਕੌਰ ਅਮਰੀਕਾ 'ਚ ਰਹਿੰਦੀ ਹੈ। ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਧੀ ਪਹੁੰਚ ਗਈ, ਜਦਕਿ ਬੇਟਾ ਨਹੀਂ ਪਹੁੰਚ ਸਕਿਆ।ਸਿਰਫ ਛੇ ਸਾਲ ਦੀ ਉਮਰ ਤੋਂ ਹੀ ਹਾਕੀ ਸਟਿੱਕ ਫੜ੍ਹਨ ਵਾਲੇ ਬਲਬੀਰ ਸਿੰਘ ਜੂਨੀਅਰ ਰਾਸ਼ਟਰੀ ਹਾਕੀ ਦਾ ਇਕ ਮਸ਼ਹੂਰ ਚਿਹਰਾ ਸੀ। ਉਹ ਇੱਕ ਮੇਜਰ ਦੇ ਤੌਰ 'ਤੇ 1984 ਵਿੱਚ ਫੌਜ ਤੋਂ ਰਿਟਾਇਰ ਹੋਏ ਸੀ। ਉਨ੍ਹਾਂ ਭਾਰਤੀ ਰੇਲਵੇ ਨੂੰ ਹਾਕੀ ਦੀਆਂ ਸਿਖਰਾਂ 'ਤੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੇ ਕਾਰਨ 1957 ਤੋਂ 59 ਤੱਕ ਦੀ ਰੇਲਵੇ ਟੀਮ ਰਾਸ਼ਟਰੀ ਚੈਂਪੀਅਨ ਸੀ।

ਡੀਏਵੀ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਵਾਲੇ ਬਲਬੀਰ ਜੂਨੀਅਰ ਨੇ ਆਪਣੇ ਕੈਰੀਅਰ 'ਚ ਨਵਾਂ ਮੋੜ ਉਦੋਂ ਲਿਆ ਜਦੋਂ ਉਨ੍ਹਾਂ 1962 'ਚ ਫੌਜ ਦੀ ਨੌਕਰੀ ਸ਼ੁਰੂ ਕੀਤੀ। ਉਹ ਨੈਸ਼ਨਲ ਹਾਕੀ ਟੂਰਨਾਮੈਂਟ 'ਚ ਦਿੱਲੀ 'ਚ ਸੈਨਾ ਲਈ ਖੇਡਦੇ ਸੀ। ਉਨ੍ਹਾਂ ਨੇ ਕੀਨੀਆ ਖਿਲਾਫ ਟੈਸਟ ਮੈਚ ਵੀ ਖੇਡੇ। ਉਹ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਦੀ ਟੀਮ ਦੇ ਕਪਤਾਨ ਹੁੰਦੇ ਸੀ। ਬਲਬੀਰ ਸਿੰਘ ਜੂਨੀਅਰ ਨੈਸ਼ਨਲ 'ਚ ਵੀ ਪੰਜਾਬ ਰਾਜ ਦੀ ਟੀਮ ਦਾ ਹਿੱਸਾ ਸੀ।