ਕੈਪਟਨ ਫੇਰ ਪਏ ਨਰਮ, ਕਿਹਾ-ਬਾਦਲ ਨੂੰ ਹਰਾਉਣ ਲਈ ਸਿੱਧੂ ਸਮੇਤ ਸਾਰਿਆਂ ਦਾ ਸਵਾਗਤ

ਕੈਪਟਨ ਫੇਰ ਪਏ ਨਰਮ, ਕਿਹਾ-ਬਾਦਲ ਨੂੰ ਹਰਾਉਣ ਲਈ ਸਿੱਧੂ ਸਮੇਤ ਸਾਰਿਆਂ ਦਾ ਸਵਾਗਤ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਚਨਚੇਤੀ ਯੂ-ਟਰਨ ਲੈਂਦਿਆਂ ਸਾਬਕਾ ਸੰਸਦ ਮੈਂਬਰ ਅਤੇ ਆਵਾਜ਼-ਏ-ਪੰਜਾਬ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਨਾ ਸਿਰਫ ਸ੍ਰੀ ਸਿੱਧੂ ਬਲਕਿ ਸਮੂਹ ਬਾਦਲ ਵਿਰੋਧੀ ਤਾਕਤਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਉਹ ਇੱਥੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਤੇ ਅਟਾਰੀ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰ ਰਹੇ ਸਨ। ਉਹ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਹਨ।
ਰਾਜਾਸਾਂਸੀ ਦਾਣਾ ਮੰਡੀ ਵਿੱਚ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਵਿੱਚ ਉਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਹੈ, ਜੋ ਧਰਮ ਨਿਰਪੱਖ ਸੋਚ ਰੱਖਦੇ ਹਨ, ਲੋਕਾਂ ਨੂੰ ਵਧੀਆ ਸ਼ਾਸਨ ਦੇਣਾ ਚਾਹੁੰਦੇ ਹਨ ਅਤੇ ਕਾਂਗਰਸ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਸਮੇਤ ਆਵਾਜ਼-ਏ-ਪੰਜਾਬ ਦੇ ਸਾਰੇ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਨੇ ਬਾਦਲ ਵਿਰੋਧੀ ਤਾਕਤਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬ ਦੀ ਬੇਹਤਰੀ ਲਈ ਇਕਜੁਟ ਹੋ ਕੇ ਕੰਮ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਕੈਪਟਨ ਨੇ ਸਿੱਧੂ ਜੋੜੇ ਨੂੰ ਅਨੁਸ਼ਾਸਨਹੀਣ ਆਗੂ ਕਰਾਰ ਦਿੰਦਿਆਂ ਆਖਿਆ ਸੀ ਕਿ ਅਜਿਹੇ ਲੋਕਾਂ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ। ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਲਈ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਕਾਂਗਰਸ ਦੇ ਸੱਤਾ ਵਿੱਚ ਆਉਣ ‘ਤੇ ਉਪ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਵਿੱਚ ਇਕ ਰਾਖਵਾਂ ਥਾਂ ਉਨ੍ਹਾਂ ਲਈ ਹੋਵੇਗਾ। ਜੇਕਰ ਕੈਪਟਨ ਸੰਸਦ ਦੀ ਸੀਟ ਛੱਡਦੇ ਹਨ ਤਾਂ ਇਹ ਸੀਟ ਵੀ ਨਵਜੋਤ ਸਿੰਘ ਸਿੱਧੂ ਵਾਸਤੇ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਦੋਸ਼ ਲਾਇਆ ਕਿ ਇਹ ਅਪਰਾਧੀਆਂ ਦੀ ਪਾਰਟੀ ਹੈ, ਜੋ ਪੰਜਾਬ ਨੂੰ ਆਪਣੇ ਹਿੱਤਾਂ ਲਈ ਵਰਤਣਾ ਚਾਹੁੰਦੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਤੋਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਦੋਵਾਂ ਹਲਕਿਆਂ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਮੰਡੀਆਂ ਵਿੱਚ ਝੋਨੇ ਦੀ ਹੋ ਰਹੀ ਖਰੀਦ ਬਾਰੇ ਜਾਣਕਾਰੀ ਲਈ।
ਮੇਜਰ ਰਾਜਬੀਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਲ :  
ਸਾਬਕਾ ਕਾਂਗਰਸੀ ਆਗੂ ਮੇਜਰ ਰਾਜਬੀਰ ਸਿੰਘ ਅਜਨਾਲਾ, ਜੋ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ, ਦੀ ਘਰ ਵਾਪਸੀ ਦਾ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ। ਉਹ ਅਜਨਾਲਾ ਹਲਕੇ ਤੋਂ ਟਿਕਟ ਦੇ ਚਾਹਵਾਨ ਸਨ ਅਤੇ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ‘ਆਪ’ ਵਿੱਚ ਚਲੇ ਗਏ ਸਨ। ਹੁਣ ‘ਆਪ’ ਨੇ ਵੀ ਅਜਨਾਲਾ ਹਲਕੇ ਤੋਂ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਹੈ।  ਅਜਿਹੀ ਸਥਿਤੀ ਵਿੱਚ ਸ੍ਰੀ ਅਜਨਾਲਾ ਨੇ ਮੁੜ ਕਾਂਗਰਸ ਵਿੱਚ ਵਾਪਸੀ ਕਰ ਲਈ ਹੈ।