ਦੀਪ ਸਿੱਧੂ ਵੀ ਸਾਡੇ ਪੰਡਾਲ 'ਚ ਹੁੰਦਾ ਤਾਂ ਉਸ ਦੀ ਅਸੀਂ ਗਿ੍ਫ਼ਤਾਰੀ ਨਾ ਹੋਣ ਦਿੰਦੇ-ਸੰਯੁਕਤ ਕਿਸਾਨ ਮੋਰਚਾ

ਦੀਪ ਸਿੱਧੂ ਵੀ ਸਾਡੇ ਪੰਡਾਲ 'ਚ ਹੁੰਦਾ ਤਾਂ ਉਸ ਦੀ ਅਸੀਂ ਗਿ੍ਫ਼ਤਾਰੀ ਨਾ ਹੋਣ ਦਿੰਦੇ-ਸੰਯੁਕਤ ਕਿਸਾਨ ਮੋਰਚਾ
ਅੰਮ੍ਰਿਤਸਰ ਟਾਈਮਜ਼ ਬਿਊਰੋ
*ਕਿਸਾਨਾਂ ਨੇ ਐੱਫਸੀਆਈ ਦਫ਼ਤਰ ਘੇਰੇ।         
* ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ- ਰਾਜੇਵਾਲ

 ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਸੱਦੇ ਤਹਿਤ  ਪੰਜਾਬ ’ਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ 22 ਜ਼ਿਲ੍ਹਿਆਂ ਵਿਚ 62 ਤੋਂ ਵੱਧ ਥਾਵਾਂ ’ਤੇ 11 ਤੋਂ 6 ਵਜੇ ਤੱਕ ਭਾਰਤੀ ਖ਼ੁਰਾਕ ਨਿਗਮ (ਐਫਸੀਆਈ) ਦੇ ਦਫ਼ਤਰਾਂ ਦਾ ਘਿਰਾਓ ਕੀਤਾ। ਧਰਨਿਆਂ ’ਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਏ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜ੍ਹਤੀਆਂ, ਟਰਾਂਸਪੋਰਟਰਾਂ ਨੇ ਸ਼ਮੂਲੀਅਤ ਕੀਤੀ। ਸੰਯੁਕਤ ਮੋਰਚੇ  ਨੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਕੇਂਦਰੀ ਅਨਾਜ ਮੰਤਰੀ ਦੇ ਨਾਂ ਸੌਂਪੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਕਣਕ ਦੀ ਖ਼ਰੀਦ ਲਈ ਜ਼ਮੀਨ ਦੀ ਜਮ੍ਹਾਂਬੰਦੀ ਪੇਸ਼ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ ਤੇ ਅਦਾਇਗੀ ਫ਼ਸਲ ਦੇ ਕਾਸ਼ਤਕਾਰ ਨੂੰ ਹੀ ਕੀਤੀ ਜਾਵੇ। ਸਿੱਧੀ ਬੈਂਕ ਖਾਤੇ ਵਿੱਚ ਅਦਾਇਗੀਦਾ ਪ੍ਰਬੰਧ ਮੌਜੂਦਾ ਘੋਲ ਸਮੇਂ ਹਾਲ ਦੀ ਘੜੀ ਵਾਪਸ ਲਿਆ ਜਾਵੇ। ਤੈਅ ਕੀਤੇ ਗਏ ਐਮਐੱਸਪੀ ’ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਿੱਤੀ ਜਾਵੇ। ਐਫਸੀਆਈ ਲਈ ਫ਼ਸਲੀ ਖ਼ਰੀਦ ਬਜਟ ਦਾ ਪੂਰਾ ਪ੍ਰਬੰਧ ਕੀਤਾ ਜਾਵੇ। 

ਕਿਸਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਤਿੰਨਾਂ ਕਾਲੇ ਖੇਤੀ ਕਾਨੂੰਨਾਂ, ਬਿਜਲੀ ਬਿੱਲ ਤੇ ਪਰਾਲੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ। ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ’ਚ ਲਾਗੂ ਕੀਤੀ ਜਾਵੇ। ਬੁਲਾਰਿਆਂ ਨੇ ਕੇਂਦਰ ਸਰਕਾਰ ’ਤੇ ਅਡਾਨੀ-ਅੰਬਾਨੀ ਤੇ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਹੋਣ ਦਾ ਦੋਸ਼ ਲਾਉਂਦੇ ਹੋਏ ਹੱਕੀ ਕਿਸਾਨ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ। ਰਾਜਸਥਾਨ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਕਥਿਤ ਭਾਜਪਾ ਵਰਕਰਾਂ ਵੱਲੋਂ ਕੀਤੇ ਗਏ ਹਮਲੇ, ਹਰਿਆਣਾ ਦੇ ਕਿਸਾਨਾਂ ’ਤੇ ਪੁਲੀਸ ਲਾਠੀਚਾਰਜ ਅਤੇ ਪੰਜਾਬ, ਯੂਪੀ ਆਦਿ ਰਾਜਾਂ ਵਿੱਚ ਭਾਜਪਾ ਆਗੂਆਂ ਦੀਆਂ ਭੜਕਾਹਟ ਭਰੀਆਂ ਕਾਰਵਾਈਆਂ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। 
ਵਿਸਾਖੀ ਮੌਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਜਾ ਰਹੀ ਲਾਮਬੰਦੀ ਕਾਨਫ਼ਰੰਸ ਅਤੇ ਹੋਰ ਅਗਲੇ ਘੋਲ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸਾਰਿਆਂ ਨੂੰ ਸੱਦਾ ਦਿੱਤਾ ਗਿਆ। 
ਕੌਮੀ ਪੱਧਰ ’ਤੇ ਵੀ ਐਫਸੀਆਈ ਦਫ਼ਤਰਾਂ ਦਾ ਘਿਰਾਓ
 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ’ਚ ਐਫਸੀਆਈ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਖ਼ਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਵਿਜੈਵਾੜਾ ਤੇ ਆਂਧਰਾ ਪ੍ਰਦੇਸ਼ ਦੇ ਆਂਗਲੇ ਵਿਚ ਐਫਸੀਆਈ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਪੱਤਰ ਸੌਂਪਿਆ ਗਿਆ। ਹਰਿਆਣਾ ਦੇ ਮੰਡੀ ਕੈਥਲ, ਗੁੜਗਾਓਂ, ਸੋਨੀਪਤ, ਅੰਬਾਲਾ, ਕਰਨਾਲ, ਬੱਡੋਵਾਲ ਸਮੇਤ ਐਫਸੀਆਈ ਦਫ਼ਤਰਾਂ ’ਤੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਨੌਇਡਾ ਵਿੱਚ ਐਫਸੀਆਈ ਦੇ ਦਫ਼ਤਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ। ਉੱਤਰ ਪ੍ਰਦੇਸ਼ ਦੇ ਅਤਰੌਲੀ, ਅਲੀਗੜ੍ਹ ਸਣੇ ਕਈ ਥਾਵਾਂ ’ਤੇ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਬਿਹਾਰ ਦੇ ਸੀਤਾਮੜ੍ਹੀ ਵਿਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਇਕਜੁੱਟ ਹੋ ਕੇ ਐਫਸੀਆਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਰਾਜਸਥਾਨ ਦੇ ਸ੍ਰੀਗੰਗਾਨਗਰ, ਗੋਲੂਵਾਲਾ ਸਣੇ ਕਈ ਥਾਵਾਂ ’ਤੇ ਕਿਸਾਨਾਂ ਨੇ ਖਪਤਕਾਰ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਕਿਸਾਨ ਐਫਸੀਆਈ ਦੇ ਘਟਦੇ ਬਜਟ ਕਾਰਨ ਮਾੜੀਆਂ ਵਿੱਤੀ ਹਾਲਤਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਮੋਰਚਾ ਤੇ ਮੁਜ਼ਾਹਰਾਕਾਰੀ ਕਿਸਾਨ ਇਸ ਸੰਕਟ ਬਾਰੇ ਡੂੰਘਾਈ ਤੋਂ ਵਾਕਿਫ਼ ਹਨ। ਭਾਰਤ ਇਸ ਸੰਦਰਭ ਵਿੱਚ ਆਪਣੇ ਖ਼ਪਤਕਾਰਾਂ ਤੇ ਉਤਪਾਦਕਾਂ ਨੂੰ ਖੇਤੀਬਾੜੀ ਬਾਰੇ ਕੀਤੇ ਸਮਝੌਤੇ ਰਾਹੀਂ ਵਿਸ਼ਵ ਵਪਾਰ ਸੰਗਠਨ ਦੇ ਸਖ਼ਤ ਢਾਂਚੇ ਵਿੱਚ ਲੈ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗੱਲਬਾਤ ਵਿੱਚ ਰੱਖੇ ਗਏ ਪ੍ਰਸਤਾਵ ਵਿੱਚ ਭੋਜਨ ਦੇ ਅਧਿਕਾਰ, ਪ੍ਰਭੂਸੱਤਾ, ਭੋਜਨ ਅਤੇ ਪੋਸ਼ਣ ਸਬੰਧੀ ਸੁਰੱਖਿਆ ਦੇ ਪ੍ਰਸਤਾਵ ਨਹੀਂ ਹਨ। ਭਾਰਤ ਦਾ ਭੋਜਨ ਭੰਡਾਰ ਪ੍ਰੋਗਰਾਮ ਸਥਾਈ ਹੱਲ ਤੋਂ ਬਿਨਾਂ ਡਬਲਿਊਟੀਓ ਵਿੱਚ ਰੱਖਿਆ ਗਿਆ ਹੈ। ਵਿਸ਼ਵ ਵਪਾਰ ਸੰਗਠਨ ਦੇ ਸਮਝੌਤੇ ਨੇ ਖੇਤੀਬਾੜੀ ਮਾਡਲ ਨੂੰ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਬਣਾਇਆ ਹੈ, ਜੋ ਆਮ ਨਾਗਰਿਕਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਜੋ ਖੇਤੀ-ਕਾਰੋਬਾਰੀ ਕਾਰਪੋਰੇਟਾਂ ਨੂੰ ਮੁਨਾਫ਼ਾ ਲੈਣ ਦੀ ਆਗਿਆ ਦਿੰਦਾ ਹੈ। ਉਨ੍ਹਾਂ ਮੁਤਾਬਕ ਖੇਤੀਬਾੜੀ ਦੇ ਤਿੰਨ ਕਾਨੂੰਨ, ਜਿਨ੍ਹਾਂ ਨੂੰ ‘ਸੁਧਾਰ’ ਕਿਹਾ ਗਿਆ ਹੈ, ਭਾਰਤ ਦੇ ਪੀਡੀਐਸ (ਜਨਤਕ ਵੰਡ ਪ੍ਰਣਾਲੀ) ਸਿਸਟਮ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਲਿਆਂਦੇ ਗਏ ਹਨ। ਇਹੀ ਕਾਰਨ ਹੈ ਕਿ ਮੁਜ਼ਾਹਰਾਕਾਰੀ ਕਿਸਾਨ ਸਾਰੇ ਕਿਸਾਨਾਂ ਦੇ ਕਾਨੂੰਨੀ ਅਧਿਕਾਰ ਵਜੋਂ ਐਮਐੱਸਪੀ ਦੀ ਮੰਗ ਅਤੇ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਬਾਰਡਰਾਂ ਤੋਂ ਅਸੀਂ ਓਨਾ ਚਿਰ ਵਾਪਸ ਨਹੀਂ ਮੁੜਾਂਗੇ, ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ । ਉਨ੍ਹਾਂ ਕਿਹਾ ਕਿ ਜਿੱਥੇ ਸੰਵਿਧਾਨ ਅਨੁਸਾਰ ਸਰਕਾਰ ਲੋਕਾਂ ਦੀ ਹੁੰਦੀ ਤੇ ਲੋਕਾਂ ਲਈ ਕੰਮ ਕਰਦੀ ਹੈ, ਉੱਥੇ ਹੁਣ ਮੋਦੀ ਸਰਕਾਰ ਕਾਰਪੋਰੇਟਾਂ ਦੀ ਸਰਕਾਰ ਹੈ ਤੇ ਕਾਰਪੋਰੇਟ ਦੇ ਪੈਸੇ ਨਾਲ ਬਣੀ ਹੈ ਤੇ ਕਾਰਪੋਰੇਟ ਦੇ ਭਲੇ ਲਈ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਸਮੇਤ ਅਮਰੀਕਾ ਦੀਆਂ 87 ਜਥੇਬੰਦੀਆਂ ਵਲੋਂ ਵੀ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ, ਪਰ ਸਰਕਾਰ ਅੰਦੋਲਨ ਨੂੰ ਹਿੰਸਕ ਕਰਨ ਲਈ ਉਕਸਾਉਣ ਦੀਆਂ ਸਾਜਿਸ਼ਾਂ ਕਰ ਰਹੀ ਹੈ | ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਸੰਘਰਸ਼ ਨਵੀਆਂ ਪੈੜਾ ਪਾ ਰਿਹਾ ਹੈ ਤੇ ਇਸ 'ਚੋਂ ਨਵੀਂ ਲਹਿਰ ਉੱਠੇਗੀ ਜੋ ਇਤਿਹਾਸ ਸਿਰਜੇਗੀ | ਉਨ੍ਹਾਂ ਕਿਹਾ ਕਿ ਇਹ ਲੜਾਈ ਇਕੱਲੇ ਕਾਨੂੰਨ ਰੱਦ ਕਰਵਾਉਣ ਦੀ ਨਹੀਂ, ਸਗੋਂ ਲੋਕਾਂ ਦੀਆਂ ਆਸਾਂ ਨਾਲ ਭਰੀ ਹੋਈ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮੋਰਚੇਬੰਦੀ ਦਾ ਘੋਲ ਹੈ, ਲੜਾਈ ਨੀਤੀਆਂ ਦੀ ਹੈ | ਉਨ੍ਹਾਂ ਕਿਹਾ ਕਿ ਮਲੋਟ ਦੀ ਘਟਨਾ ਅਣਸੁਖਾਵੀ ਘਟਨਾ ਹੈ, ਪਰ ਭਾਜਪਾ ਵਾਲਿਆਂ ਨੂੰ ਲੋਕਾਂ ਦੇ ਗ਼ੁੱਸੇ ਨੂੰ ਸਮਝਣਾ ਚਾਹੀਦਾ ਹੈ | ਇਨ੍ਹਾਂ ਨੂੰ ਬਾਹਰ ਹੀ ਨਹੀਂ ਨਿਕਲਣਾ ਚਾਹੀਦਾ | 
ਉਨ੍ਹਾਂ ਕਿਹਾ ਕਿ ਹਕੂਮਤ ਦਾ ਧੱਕਾ ਬਰਦਾਸ਼ਤ ਨਹੀਂ ਹੋਵੇਗਾ। ਅਤੇ ਜੇ ਦੀਪ ਸਿੱਧੂ ਵੀ ਸਾਡੇ ਪੰਡਾਲ 'ਚ ਹੁੰਦਾ ਤਾਂ ਉਸ ਦੀ ਅਸੀਂ ਗਿ੍ਫ਼ਤਾਰੀ ਨਾ ਹੋਣ ਦਿੰਦੇ । ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਤੇ ਰੁਲਦੂ ਸਿੰਘ  ਨੇ ਕਿਹਾ ਕਿ ਭਾਜਪਾ ਵਾਲੇ ਸਾਡੇ ਦੁਸ਼ਮਣ ਹਨ ਤੇ ਇਨ੍ਹਾਂ ਨੂੰ ਪਿੰਡਾਂ ਤੇ ਸ਼ਹਿਰਾਂ 'ਚ ਵੜਨ ਨਹੀਂ ਦਿਆਂਗੇ ।