ਪਾਕਿ 'ਚ ਪਗ ਪਹਿਨਣ ਵਾਲੇ ਗ਼ੈਰ-ਸਿੱਖਾਂ ਲਈ ਸਖ਼ਤ ਨਿਯਮ ਬਣਨ , ਉੱਠੀ ਮੰਗ

ਪਾਕਿ 'ਚ ਪਗ ਪਹਿਨਣ ਵਾਲੇ ਗ਼ੈਰ-ਸਿੱਖਾਂ ਲਈ ਸਖ਼ਤ ਨਿਯਮ ਬਣਨ , ਉੱਠੀ ਮੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਪਾਕਿਸਤਾਨ 'ਚ ਪਗੜੀਆਂ ਪਹਿਨਣ ਵਾਲੇ ਗ਼ੈਰ-ਸਿੱਖਾਂ ਲਈ ਸਖ਼ਤ ਨਿਯਮ ਬਣਾਏ ਜਾਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ । ਪਿਸ਼ਾਵਰ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਿਸ਼ਾਵਰੀ ਸਿੱਖ ਸੰਗਤ ਦੇ ਇਕ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਾਕਿ 'ਚ ਪਿਛਲੇ 5-6 ਸਾਲ ਤੱਕ ਲਗਪਗ ਪੂਰਾ ਸਿੱਖ ਭਾਈਚਾਰਾ ਸਾਬਤ ਸੂਰਤ ਅਤੇ ਗੁਰਸਿੱਖ ਸੀ । ਜਿਸ ਦੀ ਹਰ ਮੁਲਕ 'ਚ ਸ਼ਲਾਘਾ ਕੀਤੀ ਜਾਂਦੀ ਰਹੀ ਹੈ । ਜਦਕਿ ਮੌਜੂਦਾ ਸਮੇਂ ਪਾਕਿ ਦੇ ਸੂਬਾ ਬਲੋਚਿਸਤਾਨ, ਖ਼ੈਬਰ ਪਖਤੂਨਖਵਾ, ਲਹਿੰਦਾ ਪੰਜਾਬ, ਸਿੰਧ ਅਤੇ ਸੰਘੀ ਰਾਜਧਾਨੀ ਇਸਲਾਮਾਬਾਦ 'ਚ ਵੱਡੀ ਗਿਣਤੀ 'ਚ ਆਪਣੇ ਨਾਵਾਂ ਨਾਲ 'ਸਿੰਘ' ਜਾਂ 'ਕੌਰ' ਲਿਖਣ ਵਾਲੇ ਜਾਂ ਸਿਰਾਂ 'ਤੇ ਪਗੜੀਆਂ ਸਜਾਉਣ ਵਾਲੇ ਗੁਰਸਿੱਖ ਨਹੀਂ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਈਸਾਈ ਤੇ ਹਿੰਦੂ ਭਾਈਚਾਰੇ 'ਚੋਂ ਕੁਝ ਲੋਕ ਆਪਣੇ ਨਿੱਜੀ ਲਾਭ ਲਈ ਜਾਂ ਵਿਸ਼ੇਸ਼ ਪਹਿਚਾਣ ਕਾਇਮ ਕਰਨ ਲਈ ਅਤੇ ਫ਼ਰਜ਼ੀ ਐਨ.ਜੀ.ਓ. ਰਾਹੀਂ ਵਿਦੇਸ਼ਾਂ ਤੋਂ ਪਾਕਿ ਸਿੱਖਾਂ ਲਈ ਸਿੱਖਿਆ, ਕਾਨੂੰਨ, ਸਿਹਤ ਅਤੇ ਧਾਰਮਿਕ ਪੱਖੋਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਮ 'ਤੇ ਫੰਡਿਗ ਲੈਣ ਲਈ ਸਿੱਖੀ ਰੂਪ ਧਾਰਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਕਾਰਨ ਪਾਕਿ ਸਿੱਖ ਭਾਈਚਾਰੇ ਦਾ 'ਸਾਬਤ ਸੂਰਤ ਸਿੱਖ' ਹੋਣ ਵਾਲਾ ਅਕਸ ਧੁੰਦਲਾ ਪੈਂਦਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ 'ਤੇ ਪਾਕਿ ਦੇ ਵੱਖ-ਵੱਖ ਪੁਲਿਸ ਥਾਣਿਆਂ ਅਤੇ ਅਦਾਲਤਾਂ 'ਚ ਧੋਖਾਧੜੀ ਦੇ ਮਾਮਲੇ ਵੀ ਦਰਜ ਹਨ । ਉੱਧਰ ਪਾਕਿਸਤਾਨੀ ਸਿੱਖ ਕਿ੍ਕਟਰ ਮਹਿੰਦਰਪਾਲ ਸਿੰਘ ਨੇ ਵੀ ਆਪਣੇ ਨਿੱਜੀ ਫੈਸਬੁੱਕ ਖਾਤੇ 'ਤੇ 'ਫ਼ਰਜ਼ੀ ਪਾਕਿਸਤਾਨੀ ਸਿੱਖ' ਸਿਰਲੇਖ ਹੇਠ ਕੁਝ ਸਬੰਧਿਤ ਤਸਵੀਰਾਂ ਸਮੇਤ ਪੋਸਟ ਸਾਂਝੀ ਕਰਕੇ ਪਾਕਿ ਸਿੱਖਾਂ ਦੇ ਹਕਾਂ ਵਿਚ ਡਟੇ।