ਨਕੋਦਰ ਸਾਕੇ ਦੇ ਪੀੜਤ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਕੀਤੀ ਕਿਸੇ ਕਾਰਵਾਈ ਦੇ ਵੇਰਵੇ ਮੰਗੇ

ਨਕੋਦਰ ਸਾਕੇ ਦੇ ਪੀੜਤ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਕੀਤੀ ਕਿਸੇ ਕਾਰਵਾਈ ਦੇ ਵੇਰਵੇ ਮੰਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ:

ਸਾਲ 1986 ਵਿਚ ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ 'ਤੇ ਪੰਜਾਬ ਪੁਲਸ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਚਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਦੋਸ਼ੀ ਪੁਲਸ ਅਫਸਰਾਂ ਅਤੇ ਪ੍ਰਸ਼ਾਸਨਕ ਅਫਸਰਾਂ ਨੂੰ ਸਜ਼ਾਵਾਂ ਦਵਾਉਣ ਲਈ ਲੰਬੀ ਲੜਾਈ ਲੜੀ ਜਾ ਰਹੀ ਹੈ। ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਅਕਾਲ ਤਖ਼ਤ ਸਾਹਿਬ ਨੂੰ ਇਕ ਨਵਾਂ ਯਾਦ ਪੱਤਰ ਭੇਜਿਆ ਗਿਆ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਕੋਦਰ ਸਾਕੇ ਵਿਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਸ. ਬਲਦੇਵ ਸਿੰਘ ਨੇ 13 ਮਾਰਚ, 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮਿਲ ਕੇ ਸਾਕਾ ਨਕੋਦਰ ਦੇ ਇਨਸਾਫ ਲਈ ਯਾਦ ਪੱਤਰ ਦਿੱਤਾ ਸੀ ਅਤੇ ਸਾਕਾ ਨਕੋਦਰ ਸੰਬੰਧੀ ਹੋਈਆਂ ਜਾਂਚ ਰਿਪੋਰਟਾਂ ਜਸਟਿਸ ਗੁਰਨਾਮ ਸਿੰਘ ਕਮਿਸ਼ਿਨ ਦੀ ਰਿਪੋਰਟ ਦਾ ਪਹਿਲਾ ਭਾਗ ਅਤੇ ਮਨੁੱਖੀ ਅਧਿਕਾਰ ਸਭਾ ਪੰਜਾਬ ਦੀ ਰਿਪੋਰਟ ਵੀ ਸੌਂਪੀ ਸੀ।

ਸ. ਬਲਦੇਵ ਸਿੰਘ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੋਹੜਾ ਵਲੋਂ ਤਤਕਾਲੀ ਮੀਤ ਪ੍ਰਧਾਨ ਕਾਬੁਲ ਸਿੰਘ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਬਣਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਜਾਂਚ ਕਮੇਟੀ ਦੀਆਂ 1986 ਦੇ ਅਖਬਾਰਾਂ ਦੀਆਂ ਰਿਪੋਰਟਾਂ ਵੀ ਦਿੱਤੀਆਂ ਸਨ ਅਤੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਖੰਗਾਲਕੇ ਪਰਿਵਾਰਾਂ ਨੂੰ ਉਸ ਰਿਪੋਰਟ ਦੀ ਕਾਪੀ ਦਿੱਤੀ ਜਾਵੇ।

ਸ. ਬਲਦੇਵ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਉਹ ਤਿੰਨੇ ਰਿਪੋਰਟਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਮਗਰੋਂ ਅਤੇ ਪੰਜੇ ਸਿੰਘ ਸਾਹਿਬਾਨ ਨਾਲ ਮਿਲਕੇ ਸਾਕਾ ਨਕੋਦਰ ਦੇ ਇਨਸਾਫ਼ ਲਈ ਕਾਰਵਾਈ ਦਾ ਐਲਾਨ ਕਰਨਗੇ। ਨਵੇਂ ਭੇਜੇ ਗਏ ਯਾਦ ਪੱਤਰ ਵਿਚ ਹੁਣ ਤਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਮੰਗੀ ਗਈ ਹੈ। 

ਜ਼ਿਕਰਯੋਗ ਹੈ ਕਿ ਇਸ ਸਾਕੇ ਦੇ ਦੋਸ਼ੀਆਂ ਵਿਚ ਬਾਦਲ ਦਲ ਦੇ ਆਗੂ ਇਜ਼ਹਾਰ ਆਲਮ ਅਤੇ ਦਰਬਾਰਾ ਗੁਰੂ ਵੀ ਸ਼ਾਮਲ ਹਨ। ਇਸ ਸਾਕੇ ਵੇਲੇ ਇਜ਼ਹਾਰ ਆਲਮ ਜਲੰਧਰ ਜ਼ਿਲ੍ਹੇ ਦਾ ਐਸਐਸਪੀ ਸੀ ਜਦਕਿ ਦਰਬਾਰਾ ਗੁਰੂ ਵਧੀਕ ਡਿਪਟੀ ਕਮਿਸ਼ਨਰ ਸੀ। 

ਇਸ ਘਟਨਾ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ। ਉਨ੍ਹਾਂ ਨੇ ਵੀ ਆਪਣੀ ਜਾਂਚ ਰਿਪੋਰਟ 31 ਅਕਤੂਬਰ  1986 ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ। ਲੰਮਾ ਸਮਾਂ ਇਹ ਜਾਂਚ ਵਿਧਾਨ ਸਭਾ ਦੇ ਸਦਨ ਵਿਚ ਨਹੀਂ ਸੀ ਰੱਖੀ ਗਈ। 5 ਮਾਰਚ 2001 ਨੂੰ ਨਕੋਦਰ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਚੁੱਪਚਾਪ ਵਿਧਾਨ ਸਭਾ ’ਚ ਪੇਸ਼ ਕਰ ਦਿੱਤੀ ਗਈ। ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤੇ ਵਿਧਾਨ ਸਭਾ ਦੇ ਸਪੀਕਰ  ਚਰਨਜੀਤ ਸਿੰਘ ਅਟਵਾਲ ਸਨ। ਇਸ ਰਿਪੋਰਟ ’ਤੇ ਨਾ ਕੋਈ ਚਰਚਾ ਹੋਈ ਤੇ ਨਾ ਹੀ ਕਿਸੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ।  
 
34 ਸਾਲਾਂ ਬਾਅਦ ਵੀ ਸਾਨੂੰ ਸਾਕਾ ਨਕੋਦਰ ਬੇਅਦਬੀ ਕਾਂਡ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਦਾ ਪਹਿਲਾ ਭਾਗ ਹੀ ਪ੍ਰਾਪਤ ਹੋਇਆ ਹੈ ਤੇ  ਰਿਪੋਰਟ ਦਾ ਦੂਸਰਾ ਭਾਗ ਅਜੇ ਤੱਕ ਗੁੰਮ ਹੈ।  ਸਰਕਾਰਾਂ ਨੇ ਇਸ, ਰਿਪੋਰਟ ਨੂੰ 33 ਸਾਲ ਦੱਬੀ ਰੱਖਿਆ।
 
ਪੰਜੇ ਤਖ਼ਤਾਂ ਦੇ ਜਥੇਦਾਰਾਂ ਨੇ ਸਾਕਾ ਨਕੋਦਰ ਦੇ ਸਿੰਘਾਂ ਦੀ ਪਹਿਲੀ ਸ਼ਹੀਦੀ ਵਰ੍ਹੇਗੰਢ ਜੋ ਨਕੋਦਰ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਸਾਹਿਬ ਜਿੱਥੇ ਮਹਾਰਾਜ ਦੇ ਸਰੂਪ ਅਗਨ ਭੇਂਟ ਹੋਏ ਸਨ ਵਿਖੇ ਮਨਾਈ ਗਈ ਸੀ ਵਿੱਚ ਪਹੁੰਚਕੇ ਸ਼ਹੀਦ ਪ੍ਰੀਵਾਰਾਂ ਨਾਲ ਕੌਲ ਕੀਤਾ ਸੀ ਕਿ ਉਹ ਸ਼ਹੀਦ ਪ੍ਰੀਵਾਰਾਂ ਨੂੰ ਇਨਸਾਫ ਲੈਕੇ ਦੇਣਗੇ, ਪਰ ਅਫ਼ਸੋਸ ਇਹ ਵਾਇਦੇ ਵਫਾ ਨਾ ਹੋਏ ।

ਸ਼੍ਰੋਮਣੀ  ਕਮੇਟੀ ਨੇ ਵੀ ਸਾਕਾ ਨਕੋਦਰ ਦੀ ਘਟਨਾ ਦੇ ਜਾਂਚ ਕਰਨ ਲਈ ਤਤਕਾਲੀ ਸੀਨੀਅਰ ਮੀਤ ਪ੍ਰਧਾਨ ਕਾਬੁਲ ਸਿੰਘ ਅਤੇ ਤਤਕਾਲੀ ਐੱਮ ਐਲ ਏ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਕਮੇਟੀ ਬਣਾਈ ਸੀ । ਜਿਸਨੇ ਇਸ ਘਟਨਾ ਲਈ ਪੁਲਿਸ ਨੂੰ ਦੋਸ਼ੀ ਪਾਇਆ ਸੀ । ਇਸ ਕਮੇਟੀ ਨੇ ਸ਼੍ਰੋਮਣੀ  ਕਮੇਟੀ ਨੂੰ ਵੀ ਇਨਸਾਫ਼ ਲਈ ਕੇਸ ਦੀ ਪੈਰਵਾਈ ਕਰਨ ਲਈ ਸਿਫਾਰਸ਼ ਕੀਤੀ ਸੀ ਪਰ ਅਫਸੋਸ ਕਿ ਇਸਤੇ ਪਹਿਰਾ ਨਹੀਂ ਦਿੱਤਾ ਗਿਆ ।
 
ਪੀੜਤ ਪਰਿਵਾਰ ਪਿਛਲੇ 34 ਸਾਲਾਂ ਤੋਂ ਲਗਾਤਾਰ ਇਨਸਾਫ ਲਈ ਦਰ-ਦਰ ਭਟਕ ਰਿਹਾ ਹੈ ਪਰ ਕਿਤਿਓਂ ਵੀ ਸਿੱਖ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਜਿਹੜੇ ਜ਼ਿਲ੍ਹਾ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਹ ਘਟਨਾ ਨਕੋਦਰ ਵਿਚ ਵਾਪਰੀ ਸੀ ਉਹ ਦੋਵੇਂ (ਦਰਬਾਰਾ ਸਿੰਘ ਗੁਰੂ ਤੇ ਇਜ਼ਹਾਰ ਆਲਮ) ਸ਼੍ਰੋਮਣੀ ਅਕਾਲੀ ਦਲ ਵਿਚ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।