ਮੋਦੀ ਦੇ ਭਾਸ਼ਣ ਨੇ ਭਾਰਤ ਦੀ ਅਮਰੀਕਾ-ਚੀਨ ਟਕਰਾਅ 'ਚ ਸ਼ਮੂਲੀਅਤ ਦਾ ਐਲਾਨ ਕੀਤਾ

ਮੋਦੀ ਦੇ ਭਾਸ਼ਣ ਨੇ ਭਾਰਤ ਦੀ ਅਮਰੀਕਾ-ਚੀਨ ਟਕਰਾਅ 'ਚ ਸ਼ਮੂਲੀਅਤ ਦਾ ਐਲਾਨ ਕੀਤਾ

ਸੁਖਵਿੰਦਰ ਸਿੰਘ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੀ ਰਾਤ ਕੀਤੇ ਗਏ ਸੰਬੋਧਨ ਵਿਚ 'ਆਤਮ-ਨਿਰਭਰ' ਸ਼ਬਦ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ। ਆਪਣੇ ਭਾਸ਼ਣ ਵਿਚ ਹੀ ਮੋਦੀ ਨੇ ਸਪਸ਼ਟ ਕੀਤਾ ਕਿ ਇਸ ਆਤਮ ਨਿਰਭਰਤਾ ਦਾ ਮੰਤਰ ਭਾਰਤ ਦੀ ਨਿਰਮਾਣ ਤਾਕਤ ਨੂੰ ਵਧਾਉਣਾ ਹੈ। ਮੋਦੀ ਨੇ ਕੱਲ੍ਹ ਦੇ ਭਾਸ਼ਣ ਵਿਚ ਕੋਰੋਨਾਵਾਇਰਸ ਨੂੰ ਇਕ ਮਹਾਂਮਾਰੀ ਵਾਂਗ ਨਹੀਂ, ਬਲਕਿ ਭਾਰਤ ਲਈ ਇਕ ਤਰੱਕੀ ਦੇ ਮੌਕੇ ਵਾਂਗ ਪੇਸ਼ ਕੀਤਾ। ਮੋਦੀ ਨੇ ਕਿਹਾ ਕਿ ਇਸ ਕੋਰੋਨਾਵਾਇਰਸ ਨੇ 21ਵੀਂ ਸਦੀ ਵਿਚ ਭਾਰਤ ਦੇ ਵਿਕਾਸ ਦੀ ਬੁਨਿਆਦ ਰੱਖ ਦਿੱਤੀ ਹੈ। ਇਸ ਭਾਸ਼ਣ ਦੇ ਅਰਥ ਘਰੇਲੂ ਤੋਂ ਵੱਧ ਭਾਰਤ ਦੀ ਵਿਦੇਸ਼ ਨੀਤੀ ਨਾਲ ਸਬੰਧਿਤ ਹਨ। 

ਨਰਿੰਦਰ ਮੋਦੀ ਦੇ ਭਾਸ਼ਣ ਨਾਲ ਭਾਰਤ ਨੇ ਐਲਾਨੀਆ ਤੌਰ 'ਤੇ ਚੀਨ-ਅਮਰੀਕਾ ਵਪਾਰ ਯੁੱਧ ਵਿਚ ਅਮਰੀਕਾ ਵਾਲੇ ਪਾਸੇ ਖੜ੍ਹਨ ਦਾ ਫੈਂਸਲਾ ਕਰ ਲਿਆ ਹੈ। ਕੋਰੋਨਾਵਾਇਰਸ ਨਾਲ ਬਣੀਆਂ ਅਣਚਿਤਵੀਆਂ ਕੌਮਾਂਤਰੀ ਸਥਿਤੀਆਂ ਅੰਦਰ ਅਮਰੀਕਾ ਚੀਨ ਦੀ ਆਰਥਿਕ ਤਾਕਤ ਦਾ ਲੱਕ ਤੋੜਨ ਲਈ ਕੌਮਾਂਤਰੀ ਸਪਲਾਈ ਚੇਨ 'ਤੇ ਚੀਨ ਦੇ ਕਬਜ਼ੇ ਨੂੰ ਤੋੜਨਾ ਚਾਹੁੰਦਾ ਹੈ। ਇਸ ਲਈ ਅਮਰੀਕਾ ਅਤੇ ਜਪਾਨ ਵੱਲੋਂ ਆਪਣੀਆਂ ਕੰਪਨੀਆਂ ਨੂੰ ਚੀਨੀ ਧਰਤੀ ਤੋਂ ਹੋਰ ਖਿੱਤਿਆਂ ਵਿਚ ਤਬਦੀਲ ਕਰਨ ਦੀ ਕਵਾਇਦ ਸ਼ੁਰੂ ਵੀ ਕਰ ਦਿੱਤੀ ਗਈ ਹੈ। ਇਸ ਕਵਾਇਦ ਵਿਚ ਪੱਛਮੀ ਸੱਭਿਅਤਾ ਨਾਲ ਸਬੰਧਿਤ ਯੂਰਪੀ ਮੁਲਕਾਂ ਅਤੇ ਅਸਟ੍ਰੇਲੀਆ ਦੇ ਜਲਦ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਇਹਨਾਂ ਤਬਦੀਲ ਹੋ ਰਹੀਆਂ ਉਦਯੋਗਕ ਇਕਾਈਆਂ ਦਾ ਯੂਰਪ ਜਾਂ ਅਮਰੀਕਾ ਵਿਚ ਵਾਪਸ ਜਾਣਾ ਮੁਮਕਿਨ ਨਹੀਂ। ਇਸ ਲਈ ਪੱਛਮੀ ਸੱਭਿਅਤਾ ਏਸ਼ੀਆ ਵਿਚ ਹੀ ਕਿਸੇ ਨਵੀਂ ਥਾਂ ਦੀ ਚੋਣ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਪੱਛਮੀ ਅਤੇ ਚੀਨੀ ਸੱਭਿਅਤਾ ਦੇ ਇਸ ਭੇੜ ਵਿਚ ਭਾਰਤ ਦੀ ਹਿੰਦੂ ਸੱਭਿਅਤਾ ਨੇ ਪੱਛਮੀ ਰਾਹ ਫੜਿਆ ਹੈ। ਅਮਰੀਕਾ ਵੱਲੋਂ ਭਾਰਤ ਨੂੰ ਚੀਨ ਦੀ ਥਾਂ 'ਗਲੋਬਲ ਸਪਲਾਈ ਚੇਨ' ਦਾ ਕੇਂਦਰ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ, ਜਿਸ ਲਈ ਭਾਰਤ ਕੋਲ ਕਾਫੀ ਹੱਦ ਤਕ ਯੋਗ ਹਾਲਾਤ ਵੀ ਹਨ। 

ਵਪਾਰਕ ਯੁੱਧ ਕਿਸੇ ਵੱਡੇ ਫੌਜੀ ਯੁੱਧ ਦਾ ਅਹਿਮ ਕਾਰਕ ਹੁੰਦਾ ਹੈ। ਚੀਨ ਕਈ ਸਾਲਾਂ ਦੇ ਜ਼ੋਰ ਮਗਰੋਂ 21ਵੀਂ ਸਦੀ ਵਿਚ ਵਿਸ਼ਵ ਤਾਕਤ ਬਣਨ ਦੇ ਆਪਣੇ ਚਿਤਵੇ ਸੁਪਨੇ ਨੇੜੇ ਅੱਪੜ ਰਿਹਾ ਸੀ। ਪਰ ਸਦੀ ਦੇ ਦੂਜੇ ਦਹਾਕੇ ਦੇ ਅੰਤਲੇ ਦਿਨਾਂ ਵਿਚ ਇਕ ਵਾਇਰਸ ਨੇ ਹਾਲਾਤਾਂ ਨੂੰ ਜੇ ਚੀਨ ਵਿਰੋਧੀ ਮੋੜ ਦਿੱਤਾ ਤਾਂ ਚੀਨ ਆਪਣੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਸੀਮਤ ਫੌਜੀ ਤਾਕਤ ਵਰਤਣ ਤੋਂ ਗੁਰੇਜ਼ ਨਹੀਂ ਕਰੇਗਾ। ਇਸ ਦਾ ਇਸ਼ਾਰਾ ਚੀਨ ਆਪਣੇ ਬਿਆਨਾਂ ਵਿਚ ਦੇ ਵੀ ਰਿਹਾ ਹੈ। 


ਭਾਰਤ ਅਤੇ ਚੀਨੀ ਫੌਜੀ ਲੱਦਾਖ ਵਿਚ ਆਹਮੋ ਸਾਹਮਣੇ

ਬੀਤੇ ਕੁੱਝ ਦਿਨਾਂ ਤੋਂ ਭਾਰਤ ਅਤੇ ਚੀਨ ਦਰਮਿਆਨ ਸਿੱਕਮ ਅਤੇ ਲੱਦਾਖ ਵਿਚਲੀ ਵਿਵਾਦਤ ਸਰਹੱਦ 'ਤੇ ਟਕਰਾਅ ਦੀਆਂ ਵੀ ਖਬਰਾਂ ਆ ਰਹੀਆਂ ਹਨ। ਬੀਤੇ ਕੱਲ੍ਹ ਦੀਆਂ ਰਿਪੋਰਟਾਂ ਮੁਤਾਬਕ ਜ਼ਮੀਨੀ ਟਕਰਾਅ ਦਰਮਿਆਨ ਦੋਵਾਂ ਮੁਲਕਾਂ ਨੇ ਆਪਣੇ ਹਵਾਈ ਜ਼ੋਰ ਵੀ ਅਜ਼ਮਾਏ ਤੇ ਚੀਨ ਵੱਲੋਂ ਹੈਲੀਕਾਪਟਰ ਅਤੇ ਭਾਰਤ ਵੱਲੋਂ ਸੁਖੋਈ ਜੰਗੀ ਜਹਾਜ਼ਾਂ ਨੂੰ ਇਸ ਵਿਵਾਦਤ ਸਰਹੱਦ ਨੇੜੇ ਉਡਾਇਆ ਗਿਆ। ਮੋਦੀ ਵੱਲੋਂ ਭਾਸ਼ਣ ਦੇ ਨੇੜਲੇ ਸਮੇਂ ਹੀ ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿਚ ਇਹਨਾਂ ਦੋਵਾਂ ਮੁਲਕਾਂ ਤੋਂ ਇਲਾਵਾ ਅਸਟ੍ਰੇਲੀਆ, ਬਰਾਜ਼ੀਲ, ਇਸਰਾਈਲ, ਜਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਸਨ। ਇਹਨਾਂ ਦਰਮਿਆਨ ਗੱਲਬਾਤ ਦਾ ਮੁੱਦਾ ਕੋਰੋਨਾਵਾਇਰਸ ਮਹਾਂਮਾਰੀ ਨਾਲ ਬਣੇ ਕੌਮਾਂਤਰੀ ਹਾਲਾਤਾਂ ਵਿਚ ਚੀਨ ਨੂੰ ਸਾਂਝੀ ਟੱਕਰ ਦੇਣਾ ਸੀ।

ਅਮਰੀਕਾ-ਚੀਨ ਦਰਮਿਆਨ ਲੱਗ ਚੁੱਕੀ ਇਹ ਵਪਾਰਕ ਜੰਗ ਜੇ ਫੌਜੀ ਜੰਗ ਦਾ ਰੂਪ ਲੈਂਦੀ ਹੈ ਤਾਂ ਉਸਦੇ ਦੋ ਸੰਭਾਵਤ ਕੇਂਦਰ ਮੰਨੇ ਜਾ ਰਹੇ ਹਨ: ਇਕ ਦੱਖਣ-ਪੂਰਬੀ ਏਸ਼ੀਆਂ ਅਤੇ ਦੂਜਾ ਦੱਖਣੀ ਏਸ਼ੀਆ। ਦੱਖਣ ਪੂਰਬ ਵਿਚ ਤਾਈਵਾਨ ਅਮਰੀਕਾ ਦਾ ਭਾਈਵਾਲ ਅਤੇ ਚੀਨ ਦਾ ਸ਼ਰੀਕ ਹੈ ਜਦਕਿ ਦੱਖਣ ਵਿਚ ਭਾਰਤ ਅਮਰੀਕਾ ਦਾ ਭਾਈਵਾਲ ਹੈ। ਇਹਨਾਂ ਦੋਵਾਂ ਕੇਂਦਰਾਂ ਵਿਚੋਂ ਕਿਸੇ ਵੀ ਥਾਂ ਕਿਸੇ ਵੀ ਸਮੇਂ ਕਿਸੇ ਵੀ ਧਿਰ ਵੱਲੋਂ ਕੀਤੀ ਪਹਿਲ ਨਾਲ 21ਵੀਂ ਸਦੀ ਦੀ ਵਪਾਰਕ ਜੰਗ ਫੌਜੀ ਜੰਗ ਵਿਚ ਤਬਦੀਲ ਹੋ ਸਕਦੀ ਹੈ। ਇਸ ਦੇ ਨਾਲ ਸੰਭਾਵਨਾ ਇਹ ਵੀ ਹੈ ਕਿ ਸਿੱਧੀ ਜੰਗ ਦੀ ਬਜਾਏ, ਇਕ ਦੂਜੇ ਨੂੰ ਕਮਜ਼ੋਰ ਕਰਨ ਲਈ ਇਹ ਤਾਕਤਾਂ ਇਹਨਾਂ ਖਿੱਤਿਆਂ ਵਿਚਲੇ ਰਾਜਸੀ ਵਿਰੋਧਾਂ ਨੂੰ ਹਵਾ ਦੇਣ। ਇਸ ਨਾਲ ਕੌਮੀ ਅਜ਼ਾਦੀਆਂ ਲਈ ਚੱਲ ਰਹੀਆਂ ਲਹਿਰਾਂ ਨੂੰ ਮਜ਼ਬੂਤੀ ਮਿਲ ਸਕਦੀ ਹੈ।

ਹੁਣ ਇਹ ਸਪਸ਼ਟ ਹੈ ਕਿ ਅਮਰੀਕਾ-ਰੂਸ ਦੀ ਠੰਡੀ ਜੰਗ ਤੋਂ ਬਾਅਦ ਇਕ ਵਾਰ ਫੇਰ ਵਿਸ਼ਵ ਦੇ ਰਾਜਨੀਤਕ ਪ੍ਰਬੰਧ ਦੀ ਤਾਕਤ ਵੰਡ ਵਿਚ ਤਬਦੀਲੀਆਂ ਹੋਣ ਲਈ ਰਾਹ ਖੁੱਲ੍ਹ ਗਿਆ ਹੈ। ਇਸ ਖੁੱਲ੍ਹੇ ਪਟਾਰੇ ਵਿਚੋਂ ਕਿਸ ਲਈ ਕੀ ਨਿਕਲਦਾ ਹੈ, ਇਹ ਹਰ ਸੱਭਿਅਤਾ ਦੇ ਆਗੂਆਂ ਦੀ ਸਮਝ, ਸਿਆਣਪ 'ਤੇ ਨਿਰਭਰ ਕਰੇਗਾ। ਇਹ ਰਾਜਨੀਤਕ ਹਾਲਾਤ ਕਈ ਦਹਾਕਿਆਂ ਤੋਂ ਦੱਬੀਆਂ ਰਾਜਨੀਤਕ ਪਛਾਣਾਂ ਨੂੰ ਵੀ ਤਾਕਤ ਹਾਸਲ ਕਰਨ ਦਾ ਮੌਕਾ ਦੇਣਗੇ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।