ਮੋਦੀ ਅਜਿੱਤ ਹੈ, ਦੀ ਮਿਥਿਹਾਸਕ ਖਤਮ ਹੋ ਗਈ 

ਮੋਦੀ ਅਜਿੱਤ ਹੈ, ਦੀ ਮਿਥਿਹਾਸਕ ਖਤਮ ਹੋ ਗਈ 

ਜਦੋਂ 1928 ਵਿੱਚ ਸਾਈਮਨ ਕਮੀਸ਼ਨ ਦਾ ਵਿਰੋਧ ਕਰਨ ਦੇ ਦੌਰਾਨ ਲਾਲਾ ਲਾਜਪਤ ਰਾਏ ਉੱਪਰ ਅੰਗਰੇਜ਼ਾਂ ਨੇ ਲਾਠੀਆਂ ਵਰ੍ਹਾਈਆਂ, ਜਿਸਦੇ ਕਾਰਨ ਉਹਨਾਂ ਦੀ ਅੰਤ ਵਿੱਚ ਮਿਰਤੂ ਹੋ ਗਈ, ਤਾਂ ਲਾਲਾ ਲਾਜਪਤ ਰਾਏ ਨੇ ਕਿਹਾ ਸੀ ਕਿ ਅੰਗਰੇਜ਼ਾਂ ਵੱਲੋਂ ਵਰ੍ਹਾਈ ਗਈ ਇੱਕ ਇੱਕ ਲਾਠੀ ਬਰਤਾਨਵੀ ਸਾਮਰਾਜ ਦੇ ਤਾਬੂਤ ਵਿੱਚ ਕਿੱਲ ਦਾ ਕੰਮ ਹੋਵੇਗੀ।

ਅੰਦੋਲਨ ਅੱਗੇ ਵਧਿਆ, ਆਜ਼ਾਦੀ ਦਾ ਸੰਘਰਸ਼ ਮਜ਼ਬੂਤ ਹੁੰਦਾ ਗਿਆ, ਅਨੇਕਾਂ ਇਨਕਲਾਬੀਆਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ। ਸ਼ਾਂਤੀਪੂਰਨ ਅੰਦੋਲਨ ਵੀ ਚੱਲੇ, ਕਮਊਨਿਸਟਾਂ ਵੱਲੋਂ ਵਿਚਾਰਧਾਰਕ ਅੰਦੋਲਨ ਵੀ ਚਲਾਏ ਗਏ ਅਤੇ ਕਈ ਹੋਰ ਪ੍ਰਗਤੀਸ਼ੀਲ ਅੰਦੋਲਨਾਂ ਨੇ ਰਲਮਿਲ ਕੇ ਦੇਸ਼ ਵਿੱਚ ਅਜਿਹਾ ਮਾਹੌਲ ਬਣਾਇਆ ਕਿ ਅਖੀਰ 1946 ਦੇ ਵਿੱਚ ਰਾਇਲ ਇੰਡੀਅਨ ਨੇਵੀ ਨੇ ਜੋ ਐਕਸ਼ਨ ਕੀਤਾ, ਉਸਨੇ ਬਰਤਾਨਵੀ ਸਾਮਰਾਜ ਦੇ ਤਾਬੂਤ ਵਿੱਚ ਆਖਰੀ ਕਿੱਲ ਦਾ ਕੰਮ ਕੀਤਾ।

ਅੰਗਰੇਜ਼ ਇੱਥੋਂ ਛੱਡ ਤਾਂ ਗਏ ਪਰ ਭਾਰਤ ਨੂੰ ਵੰਡ ਗਏ ਅਤੇ ਉਸ ਵੰਡ ਦੇ ਦੌਰਾਨ ਹੋਏ ਦੰਗਿਆਂ ਵਿੱਚ 25 ਲੱਖ ਹਿੰਦੂ, ਮੁਸਲਮਾਨ ਤੇ ਸਿੱਖ, ਤਿੰਨੋ ਪੰਜਾਬ ਦੇ ਵਾਸੀਆਂ ਦੀਆਂ ਜਾਨਾਂ ਗਈਆਂ। ਅੰਗਰੇਜ਼ ਅਜਿਹੇ ਹਾਲਾਤ ਵਿੱਚ ਸਾਨੂੰ ਮੁਲਕ ਸੌਂਪ ਗਏ ਜਿੱਥੇ ਅਨਪੜ੍ਹਤਾ, ਨਾਬਰਾਬਰੀ, ਬੇਰੋਜ਼ਗਾਰੀ ਅਤੇ ਨਕਾਰਾਤਮਕ ਕੁੱਲ ਰਾਸ਼ਟਰੀ ਉਤਪਾਦ (ਜੀ ਡੀ ਪੀ), ਖੇਤੀਬਾੜੀ ਦੀਆਂ ਬੇਅੰਤ ਸਮੱਸਿਆਵਾਂ, ਨਾ ਦੇ ਬਰਾਬਰ ਉਦਯੋਗ ਅਤੇ ਅਨੇਕਾਂ ਸਮਾਜਿਕ ਕਠਿਨਾਈਆਂ ਨਾਲ ਭਰਿਆ ਹੋਇਆ ਵਿਰਸਾ ਸਾਨੂੰ ਦੇ ਗਏ। ਉਸ ਨੂੰ ਸੰਭਾਲਣ ਲਈ ਸੰਵਿਧਾਨ ਸਭਾ ਬਣੀ, ਜਿਸਨੇ ਕੀ ਇੱਕ ਸੰਵਿਧਾਨ ਰਚਿਆ। ਇਸ ਸੰਵਿਧਾਨ ਸਭਾ ਦੀ ਕਲਪਨਾ ਆਜ਼ਾਦੀ ਤੋਂ ਪਹਿਲਾਂ ਹੀ ਸੁਤੰਤਰਤਾ ਸੈਨਾਨੀਆਂ ਨੇ ਰਲਮਿਲ ਕੇ ਕੀਤੀ ਸੀ। ਉਸ ਸੋਚ ਦੇ ਮੁਤਾਬਕ ਦੇਸ਼ ਨੂੰ ਧਰਮ ਨਿਰਪੱਖਤਾ, ਲੋਕਤੰਤਰ, ਸਮਾਜਿਕ ਨਿਆਂ ਅਤੇ ਸਵੈ ਨਿਰਭਰ ਆਰਥਿਕ ਵਿਕਾਸ ਦੇ ਤੌਰ ’ਤੇ ਅੱਗੇ ਵਧਾਇਆ ਗਿਆ। ਅਨੇਕਾਂ ਔਕੜਾਂ ਦੇ ਬਾਵਜੂਦ, ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਪ੍ਰਭਾਵ, ਜਵਾਹਰ ਲਾਲ ਨਹਿਰੂ ਦੀ ਕੌਮਾਂਤਰੀ ਸੋਚ, ਕਮਿਊਨਿਸਟਾਂ ਦੀਆਂ ਦਲੇਰੀਆਂ ਤੇ ਵਿਚਾਰਧਾਰਕ ਪਰਿਪੱਕਤਾ, ਡਾਕਟਰ ਅੰਬੇਦਕਰ ਦੀ ਬੁੱਧੀ ਤੇ ਇਨਕਲਾਬੀਆਂ ਦੀਆਂ ਕੁਰਬਾਨੀਆਂ ਦੀ ਪ੍ਰੇਰਨਾ ਨੂੰ ਲੈ ਕੇ ਸਮਾਜ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਦੇਸ਼ ਵਿੱਚ ਲੋਕਤੰਤਰ ਪੰਚਾਇਤ ਤੋਂ ਲੈ ਕੇ ਸੰਸਦੀ ਰਾਜ ਪ੍ਰਣਾਲੀ ਤਕ ਮਜ਼ਬੂਤ ਹੁੰਦਾ ਗਿਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਬਾਅਦ ਵਿੱਚ ਇਸ ਵਿੱਚ ਧਨ ਅਤੇ ਤਾਕਤ ਦੀ ਦੁਰਵਰਤੋਂ ਅਤੇ ਮਾਫ਼ੀਆ ਦੀ ਦਖਲ ਅੰਦਾਜ਼ੀ ਵਧੀ, ਜਿਸ ਕਰਕੇ ਲੋਕਤੰਤਰ ਨੂੰ ਸੱਟ ਵੱਜੀ। ਸਭ ਔਕੜਾਂ ਵਿੱਚੋਂ ਦੀ ਲੰਘ ਕੇ ਸਮਾਜ ਨੇ ਤੇ ਦੇਸ਼ ਨੇ ਵਿਕਾਸ ਕੀਤਾ। ਸਾਡੀ ਮਿਰਤੂ ਦਰ ਘਟੀ, ਉਮਰ ਦੀ ਦਰ ਵਧੀ, ਜੀ ਡੀ ਪੀ ਵਧਿਆ, ਸਿਹਤ ਸੂਚਕ ਅੰਕ ਦੇ ਵਿੱਚ ਬਿਹਤਰੀ ਆਈ। ਸਿੱਖਿਆ ਦਾ ਵੀ ਬਹੁਤ ਪਸਾਰ ਹੋਇਆ। ਸਿੱਖਿਆ ਅਤੇ ਸਿਹਤ ਦਾ ਪਸਾਰ ਜਨਤਕ ਖੇਤਰ ਵਿੱਚ ਹੋਇਆ ਅਤੇ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲ ਅਤੇ ਹਸਪਤਾਲ ਖੋਲ੍ਹੇ ਗਏ ਤਾਂ ਜੋ ਥਲੜੇ ਪੱਧਰ ਤਕ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਦਵਾਈ ਬਣਾਉਣ ਵਾਲੀਆਂ ਕੰਪਨੀਆਂ ਸਰਕਾਰੀ ਖੇਤਰ ਵਿੱਚ ਖੋਲ੍ਹੀਆਂ ਗਈਆਂ ਅਤੇ ਸਸਤੀਆਂ ਅਤੇ ਵਧੀਆ ਦਵਾਈਆਂ ਬਣਾਈਆਂ ਗਈਆਂ, ਜਿਨ੍ਹਾਂ ਦੀ ਦੁਨੀਆ ਭਰ ਦੇ ਵਿੱਚ ਮੰਗ ਰਹੀ। ਵਿਗਿਆਨ ਦੇ ਹਰ ਖੇਤਰ ਦੇ ਵਿੱਚ ਅਸੀਂ ਅੱਗੇ ਵਧੇ। ਰੂੜ੍ਹੀਵਾਦ ਦੀ ਸੋਚ ਨੂੰ ਵੀ ਨੱਥ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਸਮਾਜਿਕ ਸੰਸਥਾਵਾਂ ਦੀ ਬਹੁਤ ਵੱਡੀ ਭੂਮਿਕਾ ਰਹੀ, ਜਿਸਨੇ ਕੀ ਸਰਕਾਰ ਨੂੰ ਕਈ ਹਾਂ ਪੱਖੀ ਕਦਮ ਚੁੱਕਣ ’ਤੇ ਮਜਬੂਰ ਵੀ ਕੀਤਾ।

ਪਰ ਸਭ ਕੁਝ ਠੀਕ ਨਹੀਂ ਸੀ, ਰੂੜ੍ਹੀਵਾਦੀ, ਕੱਟੜਪੰਥੀ ਫਿਰਕੂ ਸੋਚ ਨੂੰ ਵਧਾਉਣ ਵਾਲੇ ਲੋਕ ਤੇ ਸ਼ਕਤੀਆਂ ਅਤੇ ਰਾਜਨੀਤਿਕ ਦਲ ਮੌਜੂਦ ਸਨ ਜਿਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਲੋਕ ਪੱਖੀ ਅੰਦੋਲਨਾਂ ਦੀ ਬਜਾਏ ਉਹਨਾਂ ਨੇ ਬੇਮਤਲਬ ਅੰਦੋਲਨ ਚਲਾ ਕੇ ਲੋਕਾਂ ਨੂੰ ਗਲਤ ਦਿਸ਼ਾ ਵਿੱਚ ਲਾਮ ਬੰਦ ਕਰਨ ਤੇ ਲੋੜੀਂਦੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਨ੍ਹਾਂ ਸਦਕਾ ਹੀ ਸੰਨ 2014 ਵਿੱਚ ਭਾਜਪਾ ਸਰਕਾਰ ਸੱਤਾ ਵਿੱਚ ਆਈ, ਜਿਸਦੇ ਪਿੱਛੇ ਪੂਰੀ ਤਰ੍ਹਾਂ ਆਰਐੱਸਐੱਸ ਤੇ ਸਮੁੱਚੇ ਸੰਘ ਪਰਿਵਾਰ ਦੀ ਥਾਪੀ, ਵਿਚਾਰਧਾਰਾ ਅਤੇ ਪੂਰਾ ਜਥੇਬੰਦਕ ਢਾਂਚਾ ਸੀ। ਇਸ ਦੌਰਾਨ ਜੋ ਕਾਰੇ ਕੀਤੇ ਗਏ, ਉਹਨਾਂ ਵਿੱਚੋਂ ਪ੍ਰਮੁੱਖ, ਲੋਕਾਂ ਨੂੰ ਧਰਮ ਦੇ ਨਾਮ ’ਤੇ ਵੰਡਣਾ, ਘੱਟ ਗਿਣਤੀਆਂ ਦੇ ਖਿਲਾਫ ਪ੍ਰਚਾਰ ਕਰਨਾ, ਪੁਰਾਣੀਆਂ ਪਰੰਪਰਾਵਾਂ ਨੂੰ ਵਧਾ ਚੜ੍ਹਾ ਕੇ ਦਿਖਾਉਣਾ, ਰੂੜ੍ਹੀਵਾਦੀ ਸੋਚ ਨੂੰ ਪ੍ਰਚਾਰਨਾ, ਗੈਰ ਵਿਗਿਆਨਿਕ ਗੱਲਾਂ ਨੂੰ ਵਧਾਉਣਾ, ਘੱਟ ਗਿਣਤੀਆਂ ਦੇ ਕਤਲੇਆਮ ਨੂੰ ਸਹੀ ਠਹਿਰਾਉਣਾ, ਕਿਸੇ ਵੀ ਕੀਮਤ ’ਤੇ ਦੁਸ਼ਕਰਮ ਕਰਨ ਵਾਲਿਆਂ ਦਾ ਸਾਥ ਦੇਣਾ, ਲੋਕ ਅੰਦੋਲਨਾਂ ਨੂੰ ਕੁਚਲਨਾ, ਇਸਤਰੀਆਂ ਨਾਲ ਦੁਰਾਚਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ, ਦੇਸ਼ ਦੀ ਸੰਪਤੀ ਨੂੰ ਕੁਝ ਇੱਕ ਘਰਾਣਿਆਂ ਨੂੰ ਸੌਂਪਣਾ, ਸੰਸਦੀ ਪਰੰਪਰਾਵਾਂ ਨੂੰ ਕਮਜ਼ੋਰ ਕਰਨਾ, ਲੋਕਤੰਤਰਿਕ ਸੰਸਥਾਵਾਂ ਦਾ ਘਾਣ ਕਰਨਾ ਅਤੇ ਉਹਨਾਂ ਨੂੰ ਕਮਜ਼ੋਰ ਕਰਨਾ, ਇੱਥੋਂ ਤਕ ਕਿ ਨਿਆਂ ਪਾਲਿਕਾ ’ਤੇ ਵੀ ਦਬਾਅ ਪਾਉਣਾ ਆਦਿ ਸ਼ਾਮਿਲ ਹਨ। ਮੀਡੀਆ ਅਤੇ ਕਾਰਪੋਰੇਟ ਖੇਤਰ ਦਾ ਕੰਟਰੋਲ ਕਰਕੇ ਪੱਤਰਕਾਰਤਾ ਦੇ ਪੱਧਰ ਨੂੰ ਡੇਗਣ ਦੀ ਪੂਰੀ ਸਾਜ਼ਿਸ਼ ਰਚੀ ਗਈ। ਕਲਾ ਅਤੇ ਸੱਭਿਆਚਾਰਕ ਖੇਤਰ ਨੂੰ ਵੀ ਫਿਰਕੂ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ।

ਇਸ ਸਭ ਨੂੰ ਨੇਪਰੇ ਚਾੜ੍ਹਨ ਲਈ ਇੱਕ ਅਜਿਹੇ ਵਿਅਕਤੀ ਨੂੰ ਉਭਾਰਿਆ ਗਿਆ ਜੋ ਕਿ ਆਤਮ ਮੁਗਧ ਹੋ ਜਾਵੇ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਣ ਲੱਗ ਪਵੇ। ਸਾਰੀ ਸੱਤਾ ਨੂੰ ਉਸਦੇ ਆਲੇ ਦੁਆਲੇ ਕੇਂਦਰੀਕ੍ਰਿਤ ਕੀਤਾ ਗਿਆ। ਅੱਜ ਇਸੇ ਨੂੰ ਅਸੀਂ ਦੇਖ ਰਹੇ ਹਾਂ ਕਿ ਕਿਸ ਢੰਗ ਨਾਲ ਸਭ ਕੁਝ ਨਰਿੰਦਰ ਮੋਦੀ ਦੇ ਆਲੇ ਦੁਆਲੇ ਘੁਮਾਇਆ ਜਾ ਰਿਹਾ ਹੈ। ਸਾਰੀਆਂ ਨੀਤੀਆਂ ਤਾਂ ਆਰ ਐੱਸ ਐੱਸ ਦੇ ਕੇਂਦਰ ਨਾਗਪੁਰ ਤੋਂ ਤੈਅ ਹੋ ਕੇ ਥੱਲੇ ਤਕ ਲਿਜਾਈਆਂ ਜਾਂਦੀਆਂ ਹਨ ਅਤੇ ਮੋਦੀ ਰਾਹੀਂ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਹੈ। ਮੋਦੀ ਹੁਣ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਣ ਲੱਗ ਪਿਆ ਹੈ। ਇੱਥੋਂ ਤਕ ਕਿ ਆਪਣੇ ਆਪ ਨੂੰ ਮਾਂ ਦੀ ਕੁੱਖ ਤੋਂ ਨਾ ਜੰਮੇ ਹੋਣ ਅਤੇ ਰੱਬ ਵੱਲੋਂ ਸਿੱਧਾ ਭੇਜੇ ਗਏ ਦੀ ਵਿਆਖਿਆ ਖੁਦ ਕਰਨ ਲੱਗ ਪਿਆ ਹੈ।

ਲੋਕਾਂ ਨੂੰ ਅਤੇ ਰਾਜਨੀਤਿਕ ਦਲਾਂ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਇਸ ਤਰੀਕੇ ਦੇ ਆਤਮ ਮੁਗਧ ਵਿਅਕਤੀ ਕਦੇ ਵੀ ਗਲਤ ਦਿਸ਼ਾ ਵੱਲ ਜਾ ਸਕਦੇ ਹਨ ਤੇ ਕਰੂਰਤਾ ਦਾ ਰੂਪ ਧਾਰਨ ਕਰ ਸਕਦੇ ਨੇ। ਇਸ ਲਈ ਵਿਰੋਧੀ ਦਲਾਂ ਦੇ ਵੱਡੇ ਹਿੱਸੇ ਨੇ ਵੱਖ ਵੱਖ ਵਿਚਾਰ ਹੁੰਦਿਆਂ ਵੀ “ਸੰਵਿਧਾਨ ਬਚਾਓ ਦੇਸ਼ ਬਚਾਓ” ਦੇ ਨਾਅਰੇ ਹੇਠ ਆਪਣੇ ਆਪ ਨੂੰ ਇਕੱਤਰ ਕੀਤਾ ਤੇ ਇੰਡੀਆ ਨਾਮ ਦੇ ਗਰੁੱਪ ਨੂੰ ਲੈ ਕੇ ਅੱਗੇ ਤੁਰ ਪਏ। ਹਿਟਲਰ ਤੋਂ ਪ੍ਰੇਰਿਤ ਨਰਿੰਦਰ ਮੋਦੀ, ਉਸਦੀ ਪਾਰਟੀ ਤੇ ਉਸਦੇ ਵਿਚਾਰਵਾਨ ਇਸ ਚੁਣੌਤੀ ਤੋਂ ਬੁਖਲਾ ਗਏ। ਹਿਟਲਰ ਦੀਆਂ ਮਿਸਾਲਾਂ ਤੋਂ ਵਿਰੋਧੀ ਦਲਾਂ ਨੇ ਵੀ ਸਿੱਖਿਆ। ਇਸ ਲਈ ਅੱਜ ਨਰਿੰਦਰ ਮੋਦੀ ਤੇ ਉਸਦੀ ਪਾਰਟੀ ਭਾਜਪਾ ਦਾ ਸਾਰੇ ਦੇਸ਼ ਵਿੱਚ ਡਟ ਕੇ ਵਿਰੋਧ ਵੀ ਹੋ ਰਿਹਾ ਹੈ, ਬਾਵਜੂਦ ਇਸਦੇ ਕਿ ਭਾਜਪਾ ਵੱਲੋਂ ਅਥਾਹ ਪੈਸਾ, ਗੁੰਡਾਗਰਦੀ, ਇਲੈਕਟ੍ਰੌਨਿਕ ਮਸ਼ੀਨਾਂ ਦੀਆਂ ਗੜਬੜੀਆਂ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਰਾਹੀਂ ਅਫਵਾਵਾਂ ਫੈਲਾਉਣ ਦਾ ਪੂਰਾ ਅਡੰਬਰ ਰਚਿਆ ਗਿਆ ਹੈ।

ਪਰ ਦੇਸ਼ ਦੇ ਲੋਕਾਂ ਨੂੰ ਲਾਲਾ ਲਾਜਪਤ ਰਾਏ ਯਾਦ ਹਨ, ਕਿਸਾਨਾਂ ਨੂੰ ਮੋਦੀ ਵੱਲੋਂ ਉਹਨਾਂ ਨਾਲ ਕੀਤਾ ਵਿਹਾਰ ਯਾਦ ਹੈ, ਔਰਤਾਂ ਨੂੰ ਇਸਤਰੀ ਪਹਿਲਵਾਨਾਂ ਨਾਲ ਵਿਹਾਰ ਅਤੇ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਬਾਰੇ ਲਿਆ ਗਿਆ ਮੋਦੀ ਦਾ ਸਟੈਂਡ ਯਾਦ ਹੈ। ਮਣੀਪੁਰ ਦੇ ਲੋਕਾਂ ਨੂੰ ਉੱਥੋਂ ਦੀ ਹਿੰਸਾ ਅੱਜ ਵੀ ਸਹਿਣੀ ਪੈ ਰਹੀ ਹੈ। ਆਰਥਿਕ ਤੌਰ ’ਤੇ ਕਾਮਿਆਂ ’ਤੇ ਜੋ ਸੱਟ ਵੱਜੀ ਹੈ, ਉਹ ਉਸ ਨੂੰ ਮਹਿਸੂਸ ਕਰ ਰਹੇ ਹਨ। ਬੇਰੁਜ਼ਗਾਰੀ ਕਰਕੇ ਨੌਜਵਾਨਾਂ ਵਿੱਚ ਰੋਸ ਹੈ। ਮਹਿੰਗਾਈ ਦਾ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ’ਤੇ ਬਹੁਤ ਮਾੜਾ ਅਸਰ ਹੈ। ਇਹ ਸਭ ਮੁੱਦੇ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਇੱਕ ਇੱਕ ਕਰਕੇ ਕਿੱਲ ਠੋਕੇ ਜਾ ਰਹੇ ਹਨ। ਹੁਣ ਦੇਖਣਾ ਹੈ ਕਿ ਆਖਰੀ ਕਿਲ ਗੱਡਿਆ ਗਿਆ ਹੈ ਜਾਂ ਅਜੇ ਹੋਰ ਸਮਾਂ ਲੱਗੇਗਾ ...।

ਇੱਕ ਗੱਲ ਜੋ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਦਰਸਾ ਦਿੱਤੀ ਹੈ, ਉਹ ਇਹ ਹੈ ਕਿ ਮੋਦੀ ਦੀ ਤਾਨਾਸ਼ਾਹੀ ਦਾ ਡਰ ਲੋਕਾਂ ਵਿੱਚੋਂ ਖਤਮ ਹੋਇਆ ਹੈ। ਅਨੇਕਾਂ ਲੋਕ ਆਪ ਮੁਹਾਰੇ ਬੋਲੇ ਹਨ। ਮੋਦੀ ਅਜਿੱਤ ਹੈ, ਇਹ ਗੱਲ ਖਤਮ ਹੋ ਗਈ ਹੈ। ਪਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਫਾਸ਼ੀਵਾਦੀ ਸ਼ਕਤੀਆਂ ਛੇਤੀ ਗੱਦੀ ਨਹੀਂ ਛੱਡਦੀਆਂ ਹੁੰਦੀਆਂ। ਹਿਟਲਰ ਵੱਲੋਂ ਜਰਮਨੀ ਦੀ ਸੰਸਦ ਰੀਸਤਾਗ ਨੂੰ ਅੱਗ ਲਾ ਕੇ ਕਮਿਊਨਿਸਟਾਂ ਉੱਤੇ ਦੋਸ਼ ਮੜਨ ਦੀ ਘਟਨਾ ਸਾਡੇ ਸਾਹਮਣੇ ਹੈ। ਅਨੇਕਾਂ ਥਾਵਾਂ ’ਤੇ ਇਸ ਕਿਸਮ ਦੀਆਂ ਸ਼ਕਤੀਆਂ ਦੰਗੇ ਫੈਲਾਉਣ ਅਤੇ ਅਰਾਜਕਤਾ ਪੈਦਾ ਕਰਨ ਵਿੱਚ ਮਾਹਰ ਹਨ। ਇਹਨਾਂ ਸਭ ਤੋਂ ਸਾਵਧਾਨ ਹੋਣ ਦੀ ਲੋੜ ਹੈ। ਆਉਣ ਵਾਲੇ ਸਮਿਆਂ ਵਿੱਚ ਕਮਿਊਨਿਸਟਾਂ, ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਵਰਗਾਂ ਨੂੰ ਬਹੁਤ ਵੱਡੇ ਵੱਡੇ ਅੰਦੋਲਨ ਚਲਾਉਣੇ ਪੈਣਗੇ ਕਿਉਂਕਿ ਸਰਮਾਏਦਾਰੀ ਢਾਂਚੇ ਦੇ ਅਧੀਨ ਆਮ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ।

 

ਡਾ. ਅਰੁਣ ਮਿੱਤਰਾ