ਸਤਿਗੁਰੂ ਬਾਬੇ ਨਾਨਕ ਦੇ ਨਾਂ ’ਤੇ ਵਸਿਆ ਅਫਰੀਕਾ ਦਾ ਪਿੰਡ ‘ਬਾਮੂ ਨਾਨੀਕਾ’ 

ਸਤਿਗੁਰੂ ਬਾਬੇ ਨਾਨਕ ਦੇ ਨਾਂ ’ਤੇ ਵਸਿਆ ਅਫਰੀਕਾ ਦਾ ਪਿੰਡ ‘ਬਾਮੂ ਨਾਨੀਕਾ’ 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਕਰਦਿਆਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਲੋਕਾਂ ਦਾ ਭਲਾ ਕੀਤਾ। ਅਫਰੀਕਾ ਦੁਨੀਆਂ ਦਾ ਭਿਆਨਕ ਜੰਗਲਾਂ ਵਾਲਾ ਇੱਕ ਬਹੁਤ ਵੱਡਾ ਦੇਸ਼ ਹੈ। ਪੁਰਾਤਨ ਲਿਖਤਾਂ ਵਿੱਚ ਦਰਜ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਵੀ ਗਏ ਸਨ। ਹੈਰਾਨੀ ਹੁੰਦੀ ਹੈ ਕਿ ਜਿਹਨਾਂ ਦੇਸ਼ਾਂ ਵਿੱਚ ਪਹੁੰਚਣ ਲਈ ਅੱਜ ਵੀ ਹਵਾਈ ਜਾਂ ਸਮੁੰਦਰੀ ਜਹਾਜਾਂ ’ਤੇ ਜਾਣਾ ਪੈਂਦਾ ਹੈ, ਬਾਬਾ ਨਾਨਕ ਉੱਥੇ ਕਿਵੇਂ ਪਹੁੰਚ ਗਏ?

ਜਦੋਂ ਬਾਬਾ ਨਾਨਕ ਈਸਟ ਅਫਰੀਕਾ ਗਏ ਤਾਂ ਟਬਉਰਾ ਸਟੇਸ਼ਨ ਤੋਂ ਥੋੜੀ ਦੂਰ ਧਰਤੀ ਦੀ ਮੱਧ ਰੇਖਾ ਦੇ ਲਾਗੇ ਜੰਗਲ ਵਿੱਚ ਕੁਝ ਚਿਰ ਲਈ ਬਿਰਾਜੇ ਸਨ। ਇਸਤੋਂ ਅੱਗੇ ਕੰਵਪਾਲਾ ਸ਼ਹਿਰ ਤੋਂ ਚੌਵੀ ਮੀਲ ਫਾਸਲੇ ਤੇ ਵਿਕਟੋਰੀਆ ਝੀਲ ਦੇ ਲਾਗੇ ਬਾਮੂ ਨਾਨੀਕਾ ਪਿੰਡ ਹੈ, ਜੋ ਬਾਬਾ ਨਾਨਕ ਦੇ ਨਾਂ ’ਤੇ ਹੀ ਬੱਝਿਆ ਦੱਸਿਆ ਜਾਂਦਾ ਹੈ। ਉੱਥੋਂ ਦੇ ਲੋਕ ਈਸ਼ਵਰ ਨੂੰ ਮੁੰਗੂ ਕਹਿੰਦੇ ਹਨ ਅਤੇ ਬਾਬਾ ਮੁੰਗੂ ਨੂੰ ਛੋਟੇ ਸ਼ਬਦ ਵਿੱਚ ਬਾਮੂ ਕਹਿਣ ਲੱਗੇ। ਉੱਥੋਂ ਦੇ ਲੋਕਾਂ ਵਿੱਚ ਇਹ ਕਥਾ ਪ੍ਰਸਿੱਧ ਹੈ, ਕਿ ਗੁਰੂ ਨਾਨਕ ਸਾਹਿਬ ਜਦ ਉੱਥੇ ਪੁੱਜੇ ਤਾਂ ਭਾਈ ਮਰਦਾਨੇ ਨੇ ਪੀਣ ਲਈ ਪਾਣੀ ਮੰਗਿਆ। ਲੋਕਾਂ ਨੇ ਕਿਹਾ ਕਿ ਇੱਥੇ ਪਾਣੀ ਦੀ ਬੜੀ ਘਾਟ ਹੈ, ਕਿਉਂਕਿ ਸਾਰੇ ਦੇਸ਼ ਅਫਰੀਕਾ ਵਿੱਚ ਕੋਈ ਖੂਹ ਜਾਂ ਨਲਕਾ ਨਹੀਂ, ਅੱਜ ਵੀ ਲੋਕਾਂ ਨੂੰ ਝੀਲਾਂ ਦਾ ਪਾਣੀ ਸਪਲਾਈ ਹੁੰਦਾ ਹੈ। ਉਹਨਾਂ ਸਮਿਆਂ ਵਿੱਚ ਤਾਂ ਅੱਜ ਵਰਗੇ ਪ੍ਰਬੰਧ ਵੀ ਨਹੀਂ ਸਨ, ਇਸ ਲਈ ਕਿੱਲਤ ਹੋਰ ਵਧੇਰੇ ਸੀ। ਟੋਇਆਂ ਛੱਪੜਾਂ ਵਿੱਚ ਇਕੱਠਾ ਹੋਇਆ ਮੀਂਹ ਦਾ ਪਾਣੀ ਹੀ ਲੋਕ ਪੀਂਦੇ ਸਨ। ਲੋਕ ਕਥਾ ਅਨੁਸਾਰ ਗੁਰੂ ਜੀ ਦੇ ਹੱਥ ਵਿੱਚ ਇੱਕ ਬਰਛਾ ਸੀ, ਉਹਨਾਂ ਜਮੀਨ ਵਿੱਚ ਮਾਰਿਆ ਤੇ ਉੱਥੋਂ ਨਿਰਮਲ ਜਲ ਦਾ ਚਸ਼ਮਾ ਫੁੱਟ ਪਿਆ, ਜੋ ਅੱਜ ਤੱਕ ਦੇਸ਼ ਵਿੱਚ ਇੱਕੋ ਇੱਕ ਚਸ਼ਮਾ ਹੈ। ਅਫਰੀਕਨ ਲੋਕ ਉਸ ਸਮੇਂ ਬੜੇ ਜੰਗਲੀ ਸੁਭਾਅ ਦੇ ਸਨ। ਖਾਸ ਕਰਕੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਕਿਸੇ ਦੇਵੀ -ਦੇਵਤੇ ਜਾਂ ਈਸ਼ਵਰ ਬਾਰੇ ਕੋਈ ਗਿਆਨ ਨਹੀਂ ਸੀ ਅਤੇ ਨਾ ਹੀ ਕਿਸੇ ਪੂਜਾ ਪਾਠ ਦੀ ਸੋਝੀ ਸੀ, ਪਰ ਚਸ਼ਮੇ ਦੀ ਉਹ ਲੋਕ ਪੂਜਾ ਕਰਨ ਲੱਗੇ ਅਤੇ ਅੱਜ ਵੀ ਕਰਦੇ ਹਨ।

ਚਸ਼ਮੇ ਦੇ ਦੁਆਲੇ ਲੋਹੇ ਦੇ ਤ੍ਰਿਸੂਲ ਜਿਹੇ ਗੱਡੇ ਹੋਏ ਹਨ। ਅਫਰੀਕਨਾਂ ਦਾ ਕਹਿਣਾ ਹੈ ਕਿ ਕਰੀਬ ਪੰਜ ਸੌ ਸਾਲਾਂ ਤੋਂ ਵੀ ਪਹਿਲਾਂ ਭਾਰਤ ਦਾ ਇੱਕ ਮਸਾਹੀ ਭਾਵ ਮਹਾਤਮਾ ਇਸ ਦੇਸ਼ ਵਿੱਚ ਆਇਆ ਸੀ, ਜਿਸਦੇ ਨਾਂ ’ਤੇ ਇਹ ਨਗਰ ਅਬਾਦ ਹੈ ਅਤੇ ਉਸੇ ਨੇ ਇਹ ਪਾਣੀ ਦਾ ਚਸ਼ਮਾ ਕੱਢਿਆ ਸੀ। ਲੋਕ ਚਸ਼ਮੇ ਨੂੰ ਪਵਿੱਤਰ ਮੰਨਦੇ ਹਨ ਤੇ ਪਾਣੀ ਰੋਗੀਆਂ ਨੂੰ ਦਿੰਦੇ ਹਨ। ਉਹਨਾਂ ਦਾ ਵਿਸਵਾਸ਼ ਹੈ ਕਿ ਉਸ ਪਾਣੀ ਰੋਗ ਦੂਰ ਹੋ ਜਾਂਦੇ ਹਨ। ਇਸ ਪਿੰਡ ਦਾ ਨਾਮ ਬਾਬਾ ਨਾਨਕ ਹੋਵੇਗਾ ਜੋ ਵਿਗੜ ਕੇ ਬਾਬਾ ਨਾਨੀਕਾ ਹੋ ਗਿਆ ਹੈ। ਕੰਪਾਲੇ ਤੋਂ ਉੱਥੇ ਤੱਕ ਜਾਣ ਵਾਲੀਆਂ ਬੱਸਾਂ ’ਤੇ ਵੀ ਆਮ ਲਿਖਿਆ ਹੁੰਦਾ ਹੈ - ਬਾਬਾ ਨਾਨੀਕਾ।

ਇਸੇ ਤਰ੍ਹਾਂ ਇਸ ਦੇਸ਼ ਦੇ ਇੱਕ ਹੋਰ ਇਲਾਕੇ ਦੇ ਜੰਗਲਾਂ ਵਿੱਚ ਜਦ ਗੁਰੂ ਜੀ ਲੰਘ ਰਹੇ ਸਨ ਤਾਂ ਕੁਝ ਜੰਗਲੀ ਲੋਕ ਉਹਨਾਂ ਨੂੰ ਮਿਲੇ ਜੋ ਪਿਆਸ ਨਾਲ ਘਬਰਾਏ ਹੋਏ ਸਨ। ਖੱਡਾਂ ਟੋਇਆ ਵਿੱਚੋਂ ਵੀ ਮੀਂਹ ਦਾ ਪਾਣੀ ਸੁੱਕ ਗਿਆ ਸੀ। ਬਾਬੇ ਨੇ ਉਹਨਾਂ ਦੀ ਹਾਲਤ ਦੇਖ ਕੇ ਇੱਕ ਦਰਖਤ ਵਿੱਚ ਬਰਛਾ ਮਾਰਿਆ, ਜਿਸ ਵਿੱਚੋਂ ਪਾਣੀ ਵਗ ਤੁਰਿਆ ਜੋ ਉਹਨਾਂ ਲੋਕਾਂ ਨੇ ਰੱਜ ਕੇ ਪੀਤਾ ਤੇ ਗੁਰੂ ਜੀ ਦੇ ਚਰਨੀਂ ਲੱਗੇ। ਇਹ ਬੂਟਾ ਅੱਜ ਵੀ ਅਫਰੀਕਾ ਵਿੱਚ ਆਮ ਪਾਇਆ ਜਾਂਦਾ ਹੈ, ਜਿਸਦਾ ਨਾਮ ਟਲੈਵਰਰ ਪਾਮ ਹੈ, ਜੋ ਕੇਲੇ ਵਰਗਾ ਹੈ। ਇਸਦੇ ਮੁੱਢ ਵਿੱਚ ਕਿਸੇ ਸੰਦ ਨਾਲ ਟੱਕ ਲਾ ਦੇਣ ਨਾਲ ਕੁਝ ਪਾਣੀ ਨਿਕਲਦਾ ਹੈ, ਜੋ ਬੜਾ ਨਿਰਮਲ ਹੁੰਦਾ ਹੈ। ਜਦ ਪਾਣੀ ਮੁੱਕ ਜਾਂਦਾ ਹੈ ਤਾਂ ਥੋੜਾ ਉਚਾ ਨੀਵਾਂ ਫੇਰ ਟੱਕ ਕੇ ਪਾਣੀ ਕੱਢਿਆ ਜਾ ਸਕਦਾ ਹੈ ਲੋਕ ਇਸ ਪਣੀ ਨੂੰ ਪੀਂਦੇ ਹਨ। ਨਦੀਆਂ ਨਾਲਿਆਂ ਝੀਲਾਂ ਦਾ ਉਹਨਾਂ ਨੂੰ ਗਿਆਨ ਨਹੀਂ ਸੀ। ਕੁਦਰਤ ਨੇ ਪਾਣੀ ਦੀ ਅਣਹੋਂਦ ਕਾਰਨ ਹੀ ਇਹ ਪੌਦੇ ਪੈਦਾ ਕੀਤੇ ਹਨ। ਗੁਰੂ ਜੀ ਤੋਂ ਪਹਿਲਾਂ ਕਿਸੇ ਨੂੰ ਅਜਿਹਾ ਗਿਆਨ ਨਹੀਂ ਸੀ। ਬਾਬਾ ਨਾਨਕ ਜੀ ਵੱਲੋਂ ਦਿੱਤੇ ਗਿਆਨ ਨਾਲ ਉਹ ਤ੍ਰੇਹ ਬੁਝਾਉਣ ਦੇ ਕਾਬਲ ਹੋ ਗਏ।

 

ਬਲਵਿੰਦਰ ਸਿੰਘ ਭੁੱਲਰ