ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਸਿੱਖਾਂ ਦੇ ਨਾਂ ਇਮਰਾਨ ਖਾਨ ਵੱਲੋਂ ਜਾਰੀ ਕੀਤਾ ਸੁਨੇਹਾ ਪੜ੍ਹੋ (ਪੰਜਾਬੀ ਤਰਜ਼ਮਾ)

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਸਿੱਖਾਂ ਦੇ ਨਾਂ ਇਮਰਾਨ ਖਾਨ ਵੱਲੋਂ ਜਾਰੀ ਕੀਤਾ ਸੁਨੇਹਾ ਪੜ੍ਹੋ (ਪੰਜਾਬੀ ਤਰਜ਼ਮਾ)

ਸਰਹੱਦ ਦੇ ਦੋਵੇਂ ਪਾਸੇ ਅਤੇ ਪੂਰੀ ਦੁਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅੱਜ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਤਿਹਾਸਕ ਦਿਨ 'ਤੇ ਮੈਂ ਮੁਬਾਰਕਾਂ ਦਿੰਦਾ ਹਾਂ। ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਇਸ ਲਾਂਘੇ ਦੇ ਖੁੱਲ੍ਹਣ ਦੀ ਸਿੱਖ ਸੰਗਤ ਲਈ ਅਹਿਮੀਅਤ ਨੂੰ ਮੁਸਲਿਮ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਜੋ ਜਾਣਦੇ ਹਨ ਕਿ ਧਾਰਮਿਕ ਸਥਾਨਾਂ 'ਤੇ ਜਾਣ ਦਾ ਕੀ ਅਹਿਸਾਸ ਹੁੰਦਾ ਹੈ। 

ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਸਾਡੇ ਮਹਾਨ ਧਰਮ ਦੇ ਸਦਕਾ ਅਤੇ ਸਾਡੇ ਕੌਮੀ ਪਿਤਾ ਦੇ ਇੱਛਾ ਮੁਤਾਬਿਕ ਸਾਡੇ ਦਿਲ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ। ਅਸੀਂ ਅੱਜ ਸਿੱਖ ਭਾਈਚਾਰੇ ਲਈ ਸਿਰਫ ਸਰਹੱਦ ਨਹੀਂ ਬਲਕਿ ਆਪਣੇ ਦਿਲ ਵੀ ਖੋਲ੍ਹ ਰਹੇ ਹਾਂ। ਪਾਕਿਸਤਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਇਹ ਚੰਗਿਆਈ ਦਾ ਕਾਰਜ ਬਾਬਾ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਲਈ ਸਾਡੇ ਸਤਿਕਾਰ ਦੀ ਗਵਾਹੀ ਭਰਦਾ ਹੈ ਜੋ ਹਮੇਸ਼ਾ ਤੋਂ ਆਪਣੇ ਧਰਮ ਦੇ ਬਾਨੀ ਦੇ ਸਥਾਨ 'ਤੇ ਸੌਖੀ ਪਹੁੰਚ ਅਤੇ ਆਪਣੇ ਧਾਰਮਿਕ ਅਕੀਦੇ ਨੂੰ ਨਿਭਾਉਣ ਦੀ ਇੱਛਾ ਰੱਖਦੇ ਸਨ। 

ਅੱਜ ਇਸ ਲਾਂਘੇ ਦਾ ਖੁੱਲ੍ਹਣਾ ਇਸ ਖੇਤਰ ਵਿੱਚ ਸ਼ਾਂਤੀ ਲਿਆਉਣ ਦੀ ਸਾਡੀ ਵਚਨਬੱਧਤਾ ਦਾ ਵੀ ਪ੍ਰਗਟਾਵਾ ਕਰਦਾ ਹੈ। ਅਸੀਂ ਮੰਨਦੇ ਹਾਂ ਕਿ ਇਸ ਖਿੱਤੇ ਵਿੱਚ ਖੁਸ਼ਹਾਲੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਚੰਗਾ ਭਵਿੱਖ ਸ਼ਾਂਤੀ ਦੇ ਰਾਹ ਚੱਲ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। ਅਸੀਂ ਮੰਨਦੇ ਹਾਂ ਕਿ ਧਰਮਾਂ ਦੀ ਆਪਸੀ ਸਾਂਝ ਅਤੇ ਸ਼ਾਂਤੀ ਸਾਨੂੰ ਇਸ ਉੱਪ ਮਹਾਂਦੀਪ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਮੌਕਾ ਦਵੇਗੀ। 

ਇੱਕ ਵਾਰ ਫੇਰ ਸਿੱਖ ਭਾਈਚਾਰੇ ਨੂੰ ਮੁਬਾਰਕਾਂ ਦਿੰਦਾ ਹੋਇਆ, ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਮਹਿਜ਼ 10 ਮਹੀਨਿਆਂ ਵਿੱਚ ਇਸ ਸੋਚ ਨੂੰ ਅਮਲੀ ਰੂਪ ਦੇਣ ਲਈ ਆਪਣਾ ਯੋਗਦਾਨ ਪਾਇਆ।

ਇਮਰਾਨ ਖਾਨ
(ਪ੍ਰਧਾਨ ਮੰਤਰੀ, ਪਾਕਿਸਤਾਨ)

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।