ਸਿੱਖ ਪਛਾਣ ਨੂੰ ਬਲਾਤਕਾਰ ਨਾਲ ਜੋੜਨ ਵਾਲੇ ਅਨੁਸ਼ਕਾ ਸ਼ਰਮਾ ਦੇ 'ਪਾਤਾਲ ਲੋਕ' ਨਾਟਕ ਖਿਲਾਫ ਪੁਲਸ ਸ਼ਿਕਾਇਤ

ਸਿੱਖ ਪਛਾਣ ਨੂੰ ਬਲਾਤਕਾਰ ਨਾਲ ਜੋੜਨ ਵਾਲੇ ਅਨੁਸ਼ਕਾ ਸ਼ਰਮਾ ਦੇ 'ਪਾਤਾਲ ਲੋਕ' ਨਾਟਕ ਖਿਲਾਫ ਪੁਲਸ ਸ਼ਿਕਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਦਿਨੀਂ ਐਮਾਜ਼ੋਨ ਪ੍ਰਾਈਮ 'ਤੇ ਰਿਲੀਜ਼ ਕੀਤੇ ਗਏ ਨਾਟਕ 'ਪਾਤਾਲ ਲੋਕ' ਦੇ ਨਿਰਮਾਤਾ ਅਨੁਸ਼ਕਾ ਸ਼ਰਮਾ ਸਮੇਤ ਨਾਟਕ ਦੇ ਨਿਰਦੇਸ਼ਕਾਂ ਅਤੇ ਐਮਾਜ਼ੋਨ ਪ੍ਰਾਈਮ ਵੀਡੀਓਜ਼ ਖਿਲਾਫ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਥਾਣਾ ਨਿਆ ਗਾਂਓਂ ਵਿਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਪੰਜਾਬ ਵਿਚ ਜਾਤ ਅਧਾਰ 'ਤੇ ਲੋਕਾਂ ਅੰਦਰ ਨਫਰਤ ਫੈਲਾਉਣ ਦੇ ਦੋਸ਼ ਅਧੀਨ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਸ਼ਿਕਾਇਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਦੀਪਇੰਦਰ ਸਿੰਘ ਢਿੱਲੋਂ ਨੇ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 'ਪਾਤਾਲ ਲੋਕ' ਨਾਟਕ ਦੀ ਤੀਜੀ ਕਿਸ਼ਤ ਵਿਚ ਇਕ ਦ੍ਰਿਸ਼ ਸਿਰਜ ਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਮੂਹਿਕ ਬਲਾਤਕਾਰ ਕਰਦਿਆਂ ਦਿਖਾਇਆ ਗਿਆ। ਉਹਨਾਂ ਕਿਹਾ ਕਿ ਸਿੱਖ ਪਛਾਣ ਨੂੰ ਕੇਂਦਰ ਵਿਚ ਰੱਖਦਿਆਂ ਨਾਟਕ ਨਿਰਮਾਤਾਵਾਂ ਨੇ ਸਿੱਖਾਂ ਨੂੰ ਜਾਤਵਾਦੀ ਅਤੇ ਜ਼ਾਲਮ ਵਜੋਂ ਪੇਸ਼ ਕੀਤਾ। ਇਸ ਤੋਂ ਇਲਾਵਾ ਨਾਟਕ ਨਿਰਮਾਤਾਵਾਂ 'ਤੇ ਪੰਜਾਬ ਵਿਚ ਜਾਤ ਅਧਾਰਤ ਨਫਰਤ ਫੈਲ਼ਾਉਣ ਦਾ ਵੀ ਦੋਸ਼ ਲਾਇਆ ਗਿਆ ਹੈ। 

ਸ਼ਿਕਾਇਤ ਕਰਤਾ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਕੀਤੀ। ਉਹਨਾਂ ਕਿਹਾ ਕਿ ਇਸ ਨਾਟਕ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਗੰਭੀਰ ਸੱਟ ਮਾਰੀ ਹੈ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਸ਼ਿਕਾਇਤ ਕਰਤਾ ਨੇ ਨਿਰਮਾਤਾ ਅਨੁਸ਼ਕਾ ਸ਼ਰਮਾ, ਨਿਰਦੇਸ਼ਕ ਕਰਨੇਸ਼ ਅਜੇ ਕੁਮਾਰ ਸ਼ਰਮਾ ਅਤੇ ਅਜੇ ਕੁਮਾਰ ਸ਼ਰਮਾ, ਕਲੀਨ ਸਲੇਟ ਫਿਲਮ ਪ੍ਰਾਈਵੇਟ ਲਿਮਟਿਡ ਅਤੇ ਐਮਾਜ਼ੋਨ ਪ੍ਰਾਈਮ ਵੀਡੀਓਜ਼ ਖਿਲਾਫ ਉਪਰੋਕਤ ਸ਼ਿਕਾਇਤ ਦੇ ਅਧਾਰ 'ਤੇ ਆਈਪੀਸੀ, ਐਸਸੀਐਸਟੀ ਕਾਨੂੰਨ ਅਤੇ ਆਈਟੀ ਕਾਨੂੰਨ ਅਧੀਨ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। 

ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀ ਅਦਾਕਾਰਾ ਹੈ ਅਤੇ ਉਹ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੂੰ ਵਿਆਹੀ ਹੋਈ ਹੈ। ਇਸ ਨਾਟਕ ਵਿਚ ਸਿੱਖਾਂ ਨੂੰ ਬਲਾਤਕਾਰੀ ਵਜੋਂ ਪੇਸ਼ ਕਰਨ ਦਾ ਸੋਸ਼ਲ ਮੀਡੀਆ 'ਤੇ ਵੀ ਵੱਡਾ ਵਿਰੋਧ ਹੋ ਰਿਹਾ ਹੈ। ਭਾਰਤੀ ਮਨੋਰੰਜਨ ਜਗਤ ਵਿਚ ਇਸ ਨਾਟਕ ਨੂੰ ਭਾਰਤੀ ਉਦਾਰਵਾਦੀ (ਲਿਬਰਲ) ਧੜੇ ਵੱਲੋਂ ਬਹੁਤ ਪ੍ਰਮੋਟ ਕੀਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।