ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ

ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦੁਨੀਆ ਦੇ ਸਭ ਤੋਂ ਵੱਡੇ ਸਨਮਾਨਾਂ ਵਿਚੋਂ ਇਕ ਮੰਨੇ ਜਾਂਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਖਾਲਸਾ ਏਡ ਸੰਸਥਾ ਨੂੰ ਨਾਮਜ਼ਦ ਕੀਤਾ ਗਿਆ ਹੈ। ਕੈਨੇਡੇ ਦੇ ਪਾਰਲੀਮੈਂਟ ਮੈਂਬਰ ਟਿਮ ਉਪਲ ਨੇ ਬਰੈਂਪਟਨ ਤੋਂ ਸੂਬਾਈ ਅਸੈਂਬਲੀ ਦੇ ਮੈਂਬਰ ਪਰਭਮੀਤ ਸਿੰਘ ਸਰਕਾਰੀਆ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੇ ਸਮਰਥਨ ਨਾਲ ਖਾਲਸਾ ਏਡ ਨੂੰ ਇਸ ਇਨਾਮ ਲਈ ਨਾਮਜ਼ਦ ਕੀਤਾ ਹੈ। 

ਜ਼ਿਕਰਯੋਗ ਹੈ ਕਿ ਖਾਲਸਾ ਏਡ ਦਿੱਲੀ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨਾਂ 'ਚ ਵੀ ਲੋਕਾਂ ਨੂੰ ਮਦਦ ਮੁਹੱਈਆ ਕਰਵਾ ਰਹੀ ਹੈ ਅਤੇ ਇਸ ਮਦਦ ਕਾਰਨ ਭਾਰਤ ਦੇ ਕਈ ਚੈਨਲਾਂ ਵੱਲੋਂ ਖਾਲਸਾ ਏਡ ਨੂੰ 'ਅੱਤਵਾਦ' ਨਾਲ ਵੀ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ। ਭਾਰਤ ਸਰਕਾਰ ਦੀ ਜਾਂਚ ਅਜੈਂਸੀ ਐਨਆਈਏ ਵੱਲੋਂ ਖਾਲਸਾ ਏਡ ਦੇ ਸੇਵਾਦਾਰਾਂ ਨੂੰ ਦੇਸ਼ ਧ੍ਰੋਹ ਵਰਗੀਆਂ ਸੰਗੀਨ ਧਾਰਾਵਾਂ ਅਧੀਨ ਦਰਜ ਮਾਮਲੇ 'ਚ ਪੁੱਛਗਿੱਛ ਲਈ ਸੰਮਨ ਵੀ ਭੇਜੇ ਜਾ ਰਹੇ ਹਨ।

ਖਾਲਸਾ ਏਡ ਕੌਮਾਂਤਰੀ ਪੱਧਰ 'ਤੇ ਸਮਾਜ ਸੇਵਾ ਕਰਨ ਵਾਲੀ ਜਥੇਬੰਦੀ ਹੈ ਜੋ ਕੁਦਰਤੀ ਆਫਤਾਂ ਜਾਂ ਜੰਗੀ ਹਾਲਾਤਾਂ ਵਿਚ ਫਸੇ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ। ਖਾਲਸਾ ਏਡ ਸਿੱਖ ਸਿਧਾਂਤਾਂ 'ਤੇ ਚਲਦਿਆਂ ਪੂਰੀ ਦੁਨੀਆ ਵਿਚ ਆਪਣੀਆਂ ਸੇਵਾਵਾਂ ਦੇ ਝੰਡੇ ਗੱਡ ਚੁੱਕੀ ਹੈ। ਖਾਲਸਾ ਏਡ ਦਾ ਮੁੱਖ ਨਾਅਰਾ ਹੈ "ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ।"

ਖਾਲਸਾ ਏਡ ਦੀ ਸਥਾਪਨਾ ਰਵਿੰਦਰ ਰਵੀ ਸਿੰਘ ਵੱਲੋਂ 1999 ਵਿਚ ਕੋਸੋਵੋ ਦੇ ਰਫਿਊਜੀਆਂ ਦੀ ਹਾਲਤ ਦੇਖਦਿਆਂ ਕੀਤੀ ਗਈ ਸੀ। ਖਾਲਸਾ ਏਡ ਹੜ੍ਹਾਂ, ਭੂਚਾਲਾਂ, ਭੁੱਖਮਰੀਆਂ ਵਰਗੀਆਂ ਕੁਦਰਤੀ ਆਫਤਾਂ ਮੌਕੇ 20 ਸਾਲਾਂ ਤੋਂ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ। 

ਨੋਬਲ ਇਨਾਮ ਸਬੰਧੀ ਕਮੇਟੀ ਨੂੰ ਲਿਖੀ ਇਸ ਚਿੱਠੀ ਵਿਚ ਟਿਮ ਉਪਲ ਨੇ ਖਾਲਸਾ ਏਡ ਦੇ ਕਾਰਜਾਂ ਦੀ ਸੂਚੀ ਦਿੰਦਿਆਂ ਇਸ ਸੰਸਥਾ ਦੀ ਨਾਮਜ਼ਦਗੀ ਨੂੰ ਪ੍ਰਵਾਨ ਕਰਨ ਲਈ ਕਿਹਾ ਹੈ। 

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਇਹ ਨਾਮਜ਼ਦਗੀ ਭੇਜਣ ਲਈ ਟਿਮ ਉੱਪਲ ਦਾ ਧੰਨਵਾਦ ਕੀਤਾ ਹੈ।