ਹਿਮਾਚਲ ਨੇ ਯਾਤਰੀਆਂ ਲਈ ਸ਼ਰਤਾਂ ਸਮੇਤ ਖੋਲ੍ਹੇ ਰਾਹ; ਪੰਜਾਬੀ ਇਲਾਕੇ ਦੇ ਲੋਕਾਂ ਦਾ ਨਹੀਂ ਕੀਤਾ ਕੋਈ ਖਿਆਲ

ਹਿਮਾਚਲ ਨੇ ਯਾਤਰੀਆਂ ਲਈ ਸ਼ਰਤਾਂ ਸਮੇਤ ਖੋਲ੍ਹੇ ਰਾਹ; ਪੰਜਾਬੀ ਇਲਾਕੇ ਦੇ ਲੋਕਾਂ ਦਾ ਨਹੀਂ ਕੀਤਾ ਕੋਈ ਖਿਆਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੇ ਸਾਢੇ ਤਿੰਨ ਮਹੀਨਿਆਂ ਬਾਅਦ ਹਿਮਾਚਲ ਪ੍ਰਦੇਸ਼ ਨੇ ਯਾਤਰੀਆਂ ਲਈ ਸੂਬੇ ਵਿਚ ਦਾਖਲਾ ਕੁੱਝ ਸ਼ਰਤਾਂ ਨਾਲ ਖੋਲਣ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਹਿਮਾਚਲ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਤੇ ਨਾਲ ਹੋਟਲ ਦੀ ਪਹਿਲਾਂ ਬੁਕਿੰਗ ਘੱਟੋ-ਘੱਟ ਪੰਜ ਦਿਨ ਲਈ ਲਾਜ਼ਮੀ ਹੈ।

ਰਾਜ ਦੇ ਮੁੱਖ ਸਕੱਤਰ ਅਨਿਲ ਕੁਮਾਰ ਖਾਚੀ ਦੁਆਰਾ ਜਾਰੀ ਕੀਤੇ ਆਦੇਸ਼ ਮੁਤਾਬਕ ਰਾਜ ਸਰਕਾਰ ਨੇ ਕਰੋਨਵਾਇਰਸ ਤਾਲਾਬੰਦੀ ਤੋਂ ਬਾਅਦ ਯਾਤਰੀਆਂ ਲਈ ਰਾਜ ਦੇ ਦਰ ਪੜਾਅਵਾਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹੁਕਮਾਂ ਮੁਤਾਬਕ ਹੋਟਲ ਬੁਕਿੰਗ ਲਾਜ਼ਮੀ ਹੈ ਤੇ ਰਾਜ ਵਿੱਚ ਦਾਖਲੇ ਤੋਂ ਸਿਰਫ 72 ਘੰਟੇ ਪਹਿਲਾਂ ਸੀਆਈਐੱਮਆਰ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਵਿਡ-19 ਟੈਸਟ ਹੋਇਆ ਹੋਵੇ ਤੇ ਉਸ ਦੀ ਰਿਪੋਰਟ ਨੈਗੇਟਿਵ ਹੋਵੇ। ਇਸ ਕਾਰਨ ਸੈਲਾਨੀ ਨੂੰ ਰਾਜ ਵਿੱਚ ਇਕਾਂਤਵਾਸ ਨਹੀਂ ਕਰਨਾ ਪਵੇਗਾ। 

ਯਾਤਰੀ ’ਤੇ ਕੋਵਿਡ-ਈ ਪਾਸ ਨਾਲ ਨਜ਼ਰ ਰੱਖੀ ਜਾਵੇਗੀ। ਹੁਕਮ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਤਰੀਕ ਤੋਂ ਸੈਲਾਨੀ ਰਾਜ ਵਿੱਚ ਦਾਖਲ ਹੋ ਸਕਦੇ ਹਨ। ਹੁਕਮ ਮੁਤਾਬਕ ਅਗਲੇ ਹਕਮਾਂ ਤੱਕ ਰਾਜ ਵਿੱਚ ਅੰਤਰ-ਰਾਜੀ ਬੱਸ ਸੇਵਾ ਮੁਅੱਤਲ ਰਹੇਗੀ।

ਸਰਹੱਦੀ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਕੋਈ ਰਾਹਤ ਨਹੀਂ
ਜ਼ਿਕਰਯੋਗ ਹੈ ਕਿ ਹਿਮਾਚਲ ਦਾ ਪੰਜਾਬ ਦੀ ਹੱਦ ਨਾਲ ਲਗਦਾ ਪੰਜਾਬੀ ਇਲਾਕਾ ਹਿਮਾਚਲ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨਾਲ ਬਹੁਤ ਤੰਗ ਹੈ। ਜਿੱਥੇ ਇਸ ਇਲਾਕੇ ਦੇ ਬਹੁਤ ਲੋਕਾਂ ਦਾ ਰੁਜ਼ਗਾਰ ਪੰਜਾਬ ਨਾਲ ਜੁੜਿਆ ਹੋਇਆ ਹੈ ਉੱਥੇ ਇਸ ਇਲਾਕੇ ਦੇ ਲੋਕਾਂ ਦੀਆਂ ਪੰਜਾਬ ਵਿਚ ਹੀ ਜ਼ਿਆਦਾ ਰਿਸ਼ਤੇਦਾਰੀਆਂ ਹਨ। ਕੋਰੋਨਾਵਾਇਰਸ ਕਾਰਨ ਹਿਮਾਚਲ ਸਰਕਾਰ ਨੇ ਆਪਣੀਆਂ ਹੱਦਾਂ ਪੂਰੀ ਤਰ੍ਹਾਂ ਸੀਲ ਕੀਤੀਆਂ ਹੋਈਆਂ ਸਨ ਜਿਸ ਕਰਕੇ ਇਹ ਲੋਕ ਆਪਣੇ ਜ਼ਰੂਰੀ ਕੰਮਾਂ ਵਾਸਤੇ ਪੰਜਾਬ ਨਹੀਂ ਆ ਸਕਦੇ। ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਹੁਕਮਾਂ ਵਿਚ ਵੀ ਇਸ ਪੰਜਾਬੀ ਇਲਾਕੇ ਦੇ ਲੋਕਾਂ ਬਾਰੇ ਕੁੱਝ ਨਹੀਂ ਸੋਚਿਆ ਗਿਆ।