ਮੋਰਚਿਆਂ ਦਾ ਪੰਥਕ ਆਗੂ ਸ. ਈਸ਼ਰ ਸਿੰਘ ਮਝੈਲ

ਮੋਰਚਿਆਂ ਦਾ ਪੰਥਕ ਆਗੂ ਸ. ਈਸ਼ਰ ਸਿੰਘ ਮਝੈਲ
ਸ. ਈਸ਼ਰ ਸਿੰਘ ਮਝੈਲ
ਰੂਪ ਸਿੰਘ

ਧਰਮ-ਕੌਮ ਤੇ ਦੇਸ਼ ਦਾ ਦਰਦ, ਧਾਰਮਿਕ-ਸਿਆਸੀ ਰੁਚੀ ਰੱਖਣ ਵਾਲੇ, ਸਫਲ ਵਕਤਾ ਤੇ ਲਿਖਾਰੀ, ਸ਼ਰਧਾਵਾਨ ਸਿਦਕੀ ਸਿੱਖ  ਈਸ਼ਰ ਸਿੰਘ ਜੀ ‘ਮਝੈਲ’ ਦਾ ਜਨਮ ਜਨਵਰੀ, 1901 ’ਚ ਸ੍ਰ: ਆਸਾ ਸਿੰਘ ਤੇ ਮਾਤਾ ਬਸੰਤ ਕੌਰ ਦੇ ਘਰ, ਮਧ-ਵਰਗੀ ਕਿਸਾਨ ਪਰਿਵਾਰ ’ਚ ਸਰਾਏ ਅਮਾਨਤ ਖਾਂ, ਅੰਮ੍ਰਿਤਸਰ ’ਚ ਹੋਇਆ। ਮਾਤਾ-ਪਿਤਾ ਗੁਰਸਿੱਖੀ ਜੀਵਨ ਜੀਊਣ ਵਾਲੇ ਧਰਮੀ ਜੀਉੜੇ ਸਨ, ਜਿਸ ਸਦਕਾ ਸ੍ਰ: ਈਸ਼ਰ ਸਿੰਘ ਜੀ ਦੇ ਧਰਮੀ ਜੀਵਨ ਦੀ ਘਾੜਤ ਘੜੀ ਗਈ। ਇਹ ਅਜੇ ਢਾਈ ਸਾਲ ਦੀ ਬਾਲ ਵਰੇਸ ਵਿਚ ਹੀ ਸਨ ਕਿ ਇਨ੍ਹਾਂ ਦੇ ਪਿਤਾ ਜੀ ਪਰਿਵਾਰ ਦੇ ਉਜਲੇ ਭਵਿੱਖ ਦੀ ਕਾਮਨਾ ਲੈ (ਸੁਮਾਤਰਾ) ਇੰਡੋਨੇਸ਼ੀਆ ਚਲੇ ਗਏ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਥੋੜ੍ਹੇ ਸਮੇਂ ਬਾਅਦ ਹੀ ਇਨ੍ਹਾਂ ਦੇ ਪਿਤਾ ਜੀ ਉੱਥੇ ਅਕਾਲ ਚਲਾਣਾ ਕਰ ਗਏ। ਅੱਖਰ ਗਿਆਨ ਸ੍ਰ: ਈਸ਼ਰ ਸਿੰਘ ਜੀ ਨੇ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤਾ। ਪਰਿਵਾਰਕ, ਆਰਥਕ ਮਜ਼ਬੂਰੀਆਂ ਤੇ ਬਿਮਾਰੀ ਨਾਲ ਘੋਲ ਕਰਦਿਆਂ ਸ੍ਰ: ਈਸ਼ਰ ਸਿੰਘ ਨੇ ਦਸਵੀਂ ਦਾ ਇਮਤਿਹਾਨ 1922 ਈ: ’ਚ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਪਾਸ ਕੀਤਾ। ਮਾਲਵੇ ਦੇ ਇਸ ਸਕੂਲ ਵਿਚ ਮਾਝੇ ਦੇ ਕੇਵਲ ਸ੍ਰ: ਈਸ਼ਰ ਸਿੰਘ ਹੀ ਵਿਦਿਆਰਥੀ ਸਨ ਜਿਸ ਕਰਕੇ ਇਨ੍ਹਾਂ ਦੇ ਨਾਂ ਨਾਲ ’ਮਝੈਲ’ ਸ਼ਬਦ ਪੱਕੇ ਤੌਰ ’ਤੇ ਜੁੜ ਗਿਆ। ਦਸਵੀਂ ਕਰਦਿਆਂ ਹੀ ਇਨ੍ਹਾਂ ਨੂੰ ਕੋਕਰੀ ਕਲਾਂ, ਫਿਰੋਜ਼ਪੁਰ ਦੇ ਮਿਡਲ ਸਕੂਲ ’ਚ ਅਧਿਆਪਕ ਵਜੋਂ ਸੇਵਾ ਮਿਲ ਗਈ। ਇਸ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜੋਬਨ ’ਤੇ ਸੀ। ਇਸ ਕਾਰਨ ਇਨ੍ਹਾਂ ਨੇ ਅਧਿਆਪਕ ਦੀ ਸੇਵਾ ਕਰਨ ਨਾਲੋਂ ਧਰਮ-ਕੌਮ ਤੇ ਦੇਸ਼ ਸੇਵਾ ਕਰਨੀ ਬੇਹਤਰ ਸਮਝੀ ਅਤੇ ਨਿਸ਼ਕਾਮ ਸੇਵਕ ਵਜੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ’ਚ ਸ਼ਾਮਲ ਹੋ ਗਏ। ਗੁਰੂ ਕੇ ਬਾਗ ਦੇ ਮੋਰਚੇ ’ਚ ਸ਼ਾਮਲ ਹੋਣ ਕਾਰਨ ਇਨ੍ਹਾਂ ਨੂੰ ਪਹਿਲੀ ਵਾਰ ਛੇ ਮਹੀਨੇ ਕੈਂਬਲਪੁਰ ਜੇਲ੍ਹ ’ਚ ਗੁਜ਼ਾਰਨ ਲਈ ਬੰਦ ਕਰ ਦਿੱਤਾ, ਪਰ ਮੋਰਚਾ ਸਫਲ ਹੋਣ ਸਦਕਾ ਸਰਦਾਰ ਸਾਹਿਬ ਤਿੰਨ ਮਹੀਨੇ ਬਾਅਦ ਕੈਦ ਤੋਂ ਅਜ਼ਾਦ ਹੋ ਗਏ।  ਉਨ੍ਹਾਂ ਦੇ ਸਫ਼ਲ ਬੁਲਾਰੇ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਸਨਮੁਖ ਰੱਖਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸ੍ਰ: ਈਸ਼ਰ ਸਿੰਘ ‘ਮਝੈਲ’ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਪ੍ਰਚਾਰ ਮੁਹਿੰਮ ’ਚ ਸ਼ਾਮਲ ਕਰ ਲਿਆ। 1924 ਈ: ਵਿਚ ਗੰਗਸਰ ਜੈਤੋ (ਨਾਭਾ) ਮੋਰਚੇ ਸਮੇਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਸੰਸਥਾਵਾਂ ਕਰਾਰ ਦੇ ਦਿੱਤਾ। ਸ੍ਰ: ਈਸ਼ਰ ਸਿੰਘ ਜੀ ਨੇ ਇਸ ਮੋਰਚੇ ਸਮੇਂ ਵੀ ਵਧ-ਚੜ੍ਹ ਕੇ ਹਿੱਸਾ ਲਿਆ, ਜਿਸ ਸਦਕਾ ਇਨ੍ਹਾਂ ਨੂੰ ਦੋ ਸਾਲ ਜੇਲ ’ਚ ਕੈਦੀ ਵਜੋਂ ਗੁਜ਼ਾਰਨੇ ਪਏ। ਜੇਲ੍ਹ ਤੋਂ ਰਿਹਾਅ ਹੋ ਕੇ ਸ੍ਰ: ਈਸ਼ਰ ਸਿੰਘ ਫਿਰ ਕੌਮ ਦੀ ਸੇਵਾ ’ਚ ਜੁਟ ਗਏ।
 
1927 ਈ: ਵਿਚ ਦੇਸ਼ ਭਗਤ ਪਰਿਵਾਰ ਸੇਵਕ ਕਮੇਟੀ, ਵੱਲੋਂ ਬਾਬਾ ਵਸਾਖਾ ਸਿੰਘ ਜੀ ਨਾਲ ਸ੍ਰ: ਈਸ਼ਰ ਸਿੰਘ ਜੀ ਨੂੰ ਦੇਸ਼ ਭਗਤਾਂ ਵਾਸਤੇ ਸਹਾਇਤਾ ਇਕੱਤਰ ਕਰਨ ਲਈ ਬਰਮਾ ਜਾਣ ਦਾ ਮੌਕਾ ਮਿਲਿਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਅਕਤੂਬਰ, 1927 ’ਚ ਅਰੰਭ ਕੀਤਾ ਗਿਆ ਤਾਂ ਸ੍ਰ: ਈਸ਼ਰ ਸਿੰਘ ਜੀ ਪ੍ਰਚਾਰਕ ਦਾ ਦੋ ਸਾਲਾ ਕੋਰਸ ਕਰਨ ਲਈ ਵਿਦਿਆਰਥੀ ਬਣ ਗਏ। 1930 ਈ: ਨੂੰ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਕਰਕੇ ਸ੍ਰ: ਈਸ਼ਰ ਸਿੰਘ ਜੀ ਨੂੰ 6 ਮਹੀਨੇ ਦੀ ਕੈਦ ਹੋਈ, ਪਰ ਪੜ੍ਹਨ-ਲਿਖਣ ਦੀ ਰੁਚੀ ਨੇ ਇਹ ਕੈਦ ਇਕ ਸਾਲ ਹੋਰ ਵਧਾ ਦਿੱਤੀ, ਕਾਰਨ, ਜੇਲ੍ਹ ਵਿਚ ਉਸ ਸਮੇਂ ਅਖ਼ਬਾਰ ਪੜ੍ਹਨ ਦੀ ਮਨਾਹੀ ਸੀ ਤੇ ਮਝੈਲ ਸਾਹਿਬ ਅਖ਼ਬਾਰ ਪੜ੍ਹਦੇ ਪਕੜੇ ਗਏ। ਗੁਰਦੁਆਰਾ ਸ਼ਹੀਦ ਗੰਜ ਲਾਹੌਰ ਦੇ ਮਾਮਲੇ ’ਚ ਇਨ੍ਹਾਂ ਨੇ ਬਹੁਤ ਉਸਾਰੂ ਭੂਮਿਕਾ ਨਿਭਾਈ। ਸਿੱਖਾਂ ਵਿਚ ‘ਕੁਠੇ’ ਨੂੰ ਬੱਜਰ ਕੁਰਹਿਤ ਮੰਨਿਆ ਗਿਆ ਹੈ ਤੇ 1937 ਈ: ਵਿਚ ਸਿੱਖਾਂ ਵਲੋਂ ‘ਝਟਕੇ’ ਦੇ ਪ੍ਰਚਾਰ ਸਮੇਂ ਮੁਸਲਮ ਬਹੁ-ਗਿਣਤੀ ਨੇ ਰਾਵਲਪਿੰਡੀ ’ਚ ਦੰਗਾ ਫਸਾਦ ਕਰ ਦਿੱਤਾ। ਉਸ ਸਮੇਂ ਸ੍ਰ: ਈਸ਼ਰ ਸਿੰਘ ਜੀ ਮਝੈਲ ਤੇ ਬਾਬਾ ਖੜਕ ਸਿੰਘ ਜੀ ਨੇ ਜਿਸ ਦਲੇਰੀ, ਨਿਡਰਤਾ ਨਾਲ ਜ਼ਖਮੀ ਦੋ ਗੁਰਸਿੱਖਾਂ ਨੂੰ ਮੁਸਲਮਾਨਾਂ ਤੋਂ ਛੁਡਵਾਇਆ ਉਹ ਇਕ ਮਿਸਾਲ ਹੈ। 18 ਜੂਨ, 1933 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦਾ ਜਨਰਲ ਇਜਲਾਸ ਸ੍ਰ: ਗੋਪਾਲ ਸਿੰਘ ਜੀ ਕੌਮੀ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ ਸ੍ਰ: ਈਸ਼ਰ ਸਿੰਘ ‘ਮਝੈਲ’ ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਚੁਣੇ ਗਏ। ਸਿੱਖ ਨੈਸ਼ਨਲ ਕਾਲਜ ਲਾਹੌਰ 1938 ਈ: ’ਚ ਸ਼ੁਰੂ ਕੀਤਾ ਗਿਆ ਤਾਂ ਸ੍ਰ: ਈਸ਼ਰ ਸਿੰਘ ਜੀ ਨੂੰ ਇਸ ਦੇ ਪਹਿਲੇ ਸਕੱਤਰ  ਹੋਣ ਦਾ ਮਾਣ ਸਤਿਕਾਰ ਹਾਸਲ ਹੋਇਆ। ਵਿਦਿਆ ਪ੍ਰੇਮੀ ਹੋਣ ਸਦਕਾ, ਇਨ੍ਹਾਂ ਆਪਣੇ ਇਲਾਕੇ ’ਚ ਵਿਦਿਆ ਪਸਾਰ ਲਈ ਗੱਡੀਵਿੰਡ ’ਚ ਖਾਲਸਾ ਹਾਈ ਸਕੂਲ ਖੁਲਵਾਇਆ। ਸ੍ਰ: ਈਸ਼ਰ ਸਿੰਘ, ਜਥੇਦਾਰ ਊਧਮ ਸਿੰਘ ’ਨਾਗੋਕੇ’ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਸਨ। ਇਹੀ ਕਾਰਨ ਹੈ, ਕਿ ਦੂਸਰੇ ਵਿਸ਼ਵ ਯੁੱਧ ਸਮੇਂ ਇਨ੍ਹਾਂ ਨੇ ਕਾਂਗਰਸ ਨੀਤੀ ਦਾ ਸਮਰਥਨ ਕਰਦਿਆਂ, ਵਿਸ਼ਵ ਯੁੱਧ ਵਿਚ ਸਹਾਇਤਾ ਤੇ ਸਾਥ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
 
1940-41ਈ: ’ਚ ਸ੍ਰ: ਈਸ਼ਰ ਸਿੰਘ ਸ੍ਰੀ ਦਰਬਾਰ ਸਾਹਿਬ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁਖੀ ਚੁਣੇ ਗਏ। ਇਨ੍ਹਾਂ ਦੇ ਉੱਦਮ ਸਦਕਾ ਗੁਰੂ ਰਾਮਦਾਸ ਲਾਇਬਰੇਰੀ ਹੋਂਦ ਵਿਚ ਆਈ ਜੋ ਨਿਰੰਤਰ ਕਾਰਜਸ਼ੀਲ ਹੈ। 1942 ਈ: ਵਿਚ ’ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਸਮੇਂ ਕਾਂਗਰਸ ਪਾਰਟੀ ਦਾ ਸਾਥ ਦੇਣ ਕਾਰਨ ਇਨ੍ਹਾਂ ਨੂੰ ’ਡਿਫੈਂਸ ਆਫ਼ ਇੰਡੀਆ’ ਐਕਟ ਤਹਿਤ ਫਿਰ ਜੇਲ੍ਹ ਯਾਤਰਾ ਕਰਨੀ ਪਈ। 1944 ਈ: ਵਿਚ ਜੰਡਿਆਲਾ, ਜ਼ਿਲ੍ਹਾ ਜਲੰਧਰ ’ਚ ਸ੍ਰ: ਈਸ਼ਰ ਸਿੰਘ ਮਝੈਲ ਨੂੰ  ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
 
ਮਝੈਲ ਸਾਹਿਬ,1946 ਈ: ਪੰਜਾਬ ਵਿਧਾਨ ਸਭਾ ਲਈ ਪਹਿਲੀ ਵਾਰ ਮੈਂਬਰ ਚੁਣੇ ਗਏ ਅਤੇ ਦੇਸ਼ ਵੰਡ ਤੋਂ ਬਾਅਦ ਗੋਪੀ ਚੰਦ ਭਾਰਗਵ ਦੀ ਸਰਕਾਰ ’ਚ ਮੰਤਰੀ ਬਣੇ।1947 ਈ: ਵਿਚ ਦੇਸ਼ ਵੰਡ ਸਮੇਂ ਨਿਰਦੋਸ਼ਾਂ ਦੇ ਹੋਏ ਕਤਲੇਆਮ ਤੇ ਗੁੰਡਾਗਰਦੀ ਨੇ ਇਨ੍ਹਾਂ ਦੇ ਮਨ ’ਤੇ ਗਹਿਰਾ ਅਸਰ ਕੀਤਾ। 1952 ਈ: ਵਿਚ ਇਹ ਦੋਬਾਰਾ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਮੁੜ ਵਸੇਬਾ ਤੇ ਸਹਾਇਤਾ, ਸਿਵਲ ਸਪਲਾਈ, ਇੰਡਸਟਰੀ, ਜੰਗਲਾਤ ਤੇ ਖੇਤੀਬਾੜੀ ਆਦਿ ਮਹਿਕਮਿਆਂ ਦੇ ਮੰਤਰੀ ਬਣੇ।
 
ਸ੍ਰ: ਈਸ਼ਰ ਸਿੰਘ ‘ਮਝੈਲ’ 25 ਮਈ, 1948 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਨਾਮਜ਼ਦ ਹੋਏ। 06 ਮਾਰਚ, 1949, 13 ਨਵੰਬਰ,1949, 16 ਫਰਵਰੀ, 1950, 01 ਮਾਰਚ, 1951, 28 ਜੂਨ, 1952, 05 ਅਕਤੂਬਰ, 1952 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਹੋਏ ਜਨਰਲ ਇਜਲਾਸ ਸਮੇਂ ਸ੍ਰ: ਈਸ਼ਰ ਸਿੰਘ ਜੀ ‘ਮਝੈਲ’ ਬਤੌਰ ਨਾਮਜ਼ਦ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ ਹਾਜ਼ਰ ਹੁੰਦੇ ਰਹੇ।1948 ਈ: ’ਚ ਰੋਜ਼ਾਨਾ ਅਖ਼ਬਾਰ ’ਵਰਤਮਾਨ’ ਦੇ ਸੰਪਾਦਕ ਬਣ ਗਏ। ਇਨ੍ਹਾਂ ਨੇ ਦੋ ਪੁਸਤਕਾਂ ‘ਸਿੱਖ ਤੇ ਕਮਿਊਨਿਸਟ’ ਅਤੇ ’ਕਮਿਊਨਿਸਟ ਹਿੰਦੋਸਤਾਨੀ ਨਜ਼ਰਾਂ ਵਿਚ’ ਵੀ ਲਿਖੀਆਂ ਤੇ ਪ੍ਰਕਾਸ਼ਤ ਕਰਵਾਈਆਂ। 1949 ਈ: ਸ੍ਰ: ਈਸ਼ਰ ਸਿੰਘ ਜੀ ‘ਮਝੈਲ’ ਸੈਂਟਰਲ ਕੋ-ਆਪਰੇਟਿਵ ਬੈਂਕ ਪਟਿਆਲਾ ਦੇ ਮੁਖੀ ਬਣੇ।
 
06 ਮਾਰਚ, 1949 ਨੂੰ ਜਨਰਲ ਇਜਲਾਸ ਸਮੇਂ ਸ੍ਰ: ਈਸ਼ਰ ਸਿੰਘ ਜੀ ’ਮਝੈਲ’ ਵੱਲੋਂ ਮਾਸਟਰ ਤਾਰਾ ਸਿੰਘ ਦੀ ਪਾਰਟੀ ’ਤੇ ਗੁਰਦੁਆਰੇ ਦੀ ਬੇ-ਅਦਬੀ ਦਾ ਮਤਾ ਪੇਸ਼ ਕੀਤਾ ਗਿਆ। ਪਛੜੀਆਂ ਸ਼੍ਰੇਣੀਆਂ ਦਾ ਇਕ ਵਫ਼ਦ 15 ਅਗਸਤ, 1949 ਨੂੰ ਸ੍ਰੀ ਮਝੈਲ ਦੀ ਅਗਵਾਈ ਹੇਠ ਸ੍ਰ: ਪੂਰਨ ਸਿੰਘ ਗ੍ਰਹਿ ਮੰਤਰੀ ਈਸਟ ਪੰਜਾਬ ਨੂੰ ਅੰਮ੍ਰਿਤਸਰ ’ਚ ਮਿਲਿਆ।
 
ਸ੍ਰ: ਮਝੈਲ ਨੇ 04 ਮਾਰਚ, 1951 ਨੂੰ ਜਨਰਲ ਸਮਾਗਮ ਸਮੇਂ ਕਿਹਾ ਕਿ ‘ਮੈਂ ਆਪ ਦੇ ਸਾਹਮਣੇ ਬੜਾ ਅਹਿਮ ਮੁੱਦਾ ਰੱਖਣਾ ਚਾਹੁੰਦਾ ਹਾਂ। ਮੈਂ ਇਥੇ ਬਤੌਰ ਵਜ਼ੀਰ ਨਹੀਂ ਬਤੌਰ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ ਹਾਜ਼ਰ ਹਾਂ। ਬੋਲੀ ਦਾ ਝਗੜਾ ਹੁਣ ਦਾ ਨਹੀਂ ਪਿਛਲੀ ਮਰਦਮਸ਼ੁਮਾਰੀ ਸਮੇਂ ਵੀ ਇਹ ਝਗੜਾ ਸੀ। ਮੈਨੂੰ ਯਾਦ ਹੈ ਕਿ ਪਿੰਡ ਮਾਨੋਚਾਹਲ ਦੇ ਜੁਲਾਹੇ ਆਪਣੀ ਬੋਲੀ ਅਰਬੀ ਦੱਸਦੇ ਸਨ, ਪਰ ਅਜੇ ਵੀ ਸਾਡੇ ਦੇਸ਼ ਅੰਦਰ ਦੀਨ-ਇਮਾਨ ਰੱਖਣ ਵਾਲੇ ਗੈਰ-ਸਿੱਖ ਭਰਾ ਮੌਜੂਦ ਹਨ ਜੋ ਖੁਲ੍ਹੇ ਤੌਰ ’ਤੇ ਕਹਿੰਦੇ ਹਨ ਕਿ ਸਾਡੀ ਮਾਂ ਬੋਲੀ ਭਾਵ ਜ਼ੁਬਾਨ ਪੰਜਾਬੀ ਹੈ।’ 04 ਨਵੰਬਰ, 1951 ਨੂੰ ਸ਼੍ਰੋਮਣੀ ਗੁ:ਪ੍ਰ:ਕਮੇਟੀ ਦੇ ਜਨਰਲ ਇਜਲਾਸ ਸਮੇਂ ਈਸ਼ਰ ਸਿੰਘ ਜੀ ਮਝੈਲ ਦੀ ਤਜਵੀਜ਼ ’ਤੇ 11 ਮੈਂਬਰੀ ਅੰਤ੍ਰਿੰਗ ਕਮੇਟੀ, ਸਰਬ-ਸੰਮਤੀ ਨਾਲ ਚੁਣੀ ਗਈ।
 
05 ਦਸੰਬਰ, 1952 ਨੂੰ ਸ੍ਰ: ਈਸ਼ਰ ਸਿੰਘ ‘ਮਝੈਲ’ ਮੈਂਬਰ ਅੰਤ੍ਰਿੰਗ ਕਮੇਟੀ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਚੁਣੇ ਗਏ। 18 ਜਨਵਰੀ, 1954 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਉਚੇਚਾ ਜਨਰਲ ਇਜਲਾਸ ਬੁਲਾਇਆ ਗਿਆ, ਜਿਸ ਵਿਚ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਵਿਰੁੱਧ ਬੇਪਰਤੀਤੀ ਦਾ ਮਤਾ ਪਾਸ ਕੀਤਾ ਗਿਆ। ਨਵੇਂ ਪ੍ਰਧਾਨ ਦੀ ਚੋਣ ਸਮੇਂ, ਇਸੇ ਦਿਨ ਸ੍ਰ: ਮਹਿੰਦਰ ਸਿੰਘ ਸਿਧਵਾਂ ਦੀ ਤਜਵੀਜ਼ ’ਤੇ ਸ੍ਰ: ਈਸ਼ਰ ਸਿੰਘ ਜੀ ‘ਮਝੈਲ’ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਚੁਣੇ ਗਏ। 07 ਮਾਰਚ, 1954 ਨੂੰ ਸ੍ਰੀ ਮਝੈਲ ਦੀ ਪ੍ਰਧਾਨਗੀ ’ਚ ਸਾਲਾਨਾ ਬਜਟ ਇਜਲਾਸ ਹੋਇਆ ਜਿਸ ਵਿਚ 89 ਮੈਂਬਰ ਹਾਜ਼ਰ ਸਨ। 1954-55 ਦਾ ਬਜਟ ਪੇਸ਼ ਹੋਣ ’ਤੇ 1613981/- ਰੁਪਏ ਦੀ ਆਮਦਨ-ਖਰਚ ਦਾ ਬਜਟ ਪਾਸ ਕੀਤਾ ਗਿਆ।
 
28 ਦਸੰਬਰ, 1952 ਨੂੰ ਮਝੈਲ ਨੇ ਕਮੇਟੀ ਦੇ ਨੋਟਿਸ ’ਚ ਲਿਆਂਦਾ ਕਿ ਪਾਠ ਅਤੇ ਕੀਰਤਨ ਸਮੇਂ ਲਾਊਡ-ਸਪੀਕਰਾਂ ਦੀ ਵਰਤੋਂ ਫੈਸ਼ਨ ਵਜੋਂ ਕੀਤੀ ਜਾ ਰਹੀ ਹੈ। ਇਸ ਨਾਲ ਗੁਰਬਾਣੀ ਦਾ ਓਨਾ ਸਤਿਕਾਰ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ ਹੈ। ਪੇਸ਼ ਹੋਣ ’ਤੇ ਪ੍ਰਵਾਨ ਹੋਇਆ ਕਿ ਪ੍ਰੇਰਨਾ ਕੀਤੀ ਜਾਵੇ ਕਿ ਲਾਊਡ-ਸਪੀਕਰਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਵੇ ਜਦੋਂ ਸਰੋਤੇ ਜ਼ਿਆਦਾ ਹੋਣ। ਉਦੋਂ ਤੀਕ ਸਪੀਕਰ ਨਾ ਲਾਏ ਜਾਣ ਜਦ ਤਕ ਅਵਾਜ਼ ਸਰੋਤਿਆਂ ਤੀਕ ਪਹੁੰਚਦੀ ਹੋਵੇ।
17 ਅਕਤੂਬਰ, 1954 ਨੂੰ ਸਾਲਾਨਾ ਜਨਰਲ ਇਜਲਾਸ, ਸ੍ਰ. ਈਸ਼ਰ ਸਿੰਘ ਜੀ ‘ਮਝੈਲ’ ਦੀ ਪ੍ਰਧਾਨਗੀ ’ਚ ਹੋਇਆ, ਜਿਸ ਵਿਚ 83 ਮੈਂਬਰ ਹਾਜ਼ਰ ਸਨ। ਇਜਲਾਸ ਸਮੇਂ ਸਭ ਤੋਂ ਪਹਿਲਾਂ ਸ੍ਰ: ਭਾਗ ਸਿੰਘ ਜੀ ਐਡਵੋਕੇਟ ਗੁਰਦਾਸਪੁਰੀ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਦਾ ਮਤਾ ਪਾਸ ਕੀਤਾ ਗਿਆ। ਫਿਰ ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੀ ਚੋਣ ਸਮੇਂ ਸ੍ਰ: ਜੋਗਿੰਦਰ ਸਿੰਘ ਸ਼ਾਂਤ ਦੀ ਤਜਵੀਜ਼ ’ਤੇ ਪ੍ਰਵਾਨ ਹੋਇਆ ਕਿ ਅਗਲੇ ਸਾਲ ਲਈ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੌਜੂਦਾ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਕਾਇਮ ਰਹਿਣ, ਇਹ ਤਜਵੀਜ ਸਰਬ ਸੰਮਤੀ ਨਾਲ ਪ੍ਰਵਾਨ ਹੋ ਗਈ। ਇਸ ਇਕੱਤਰਤਾ ਸਮੇਂ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਕਿ ਧਰਮ ਤੇ ਸਿਆਸਤ ਇਕ ਦੂਸਰੇ ਤੋਂ ਵੱਖ ਹਨ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੋਬਾਰਾ ਖੋਲ੍ਹਣ, ਸ੍ਰੀ ਗੁਰੂ ਰਾਮਦਾਸ ਸੰਗੀਤ ਵਿਦਿਆਲਾ, ਮੱਧ ਪ੍ਰਦੇਸ਼ ਪ੍ਰਚਾਰ ਮਿਸ਼ਨ ਅਰੰਭ ਕਰਨ ਵਰਗੇ ਮਹੱਤਵਪੂਰਨ ਫ਼ੈਸਲੇ ਕੀਤੇ ਗਏ। 07 ਫਰਵਰੀ, 1955 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਜਨਰਲ ਇਜਲਾਸ ਸਮੇਂ, ਮਾਸਟਰ ਤਾਰਾ ਸਿੰਘ ਜੀ ਫਿਰ ਪ੍ਰਧਾਨ ਚੁਣੇ ਗਏ। ਇਸ ਤਰ੍ਹਾਂ ਸ੍ਰ: ਈਸ਼ਰ ਸਿੰਘ ਜੀ ਮਝੈਲ ਦਾ ਪ੍ਰਧਾਨਗੀ ਕਾਰਜਕਾਲ ਇਸ ਹੀ ਦਿਨ ਸਮਾਪਤ ਹੋ ਗਿਆ।
 
ਜ਼ਿੰਦਗੀ ਦੇ ਆਖਰੀ ਸਾਲ ਸ੍ਰ: ਈਸ਼ਰ ਸਿੰਘ ‘ਮਝੈਲ’ ਨੇ ਸਰਗਰਮ ਸਿੱਖ ਸਿਆਸਤ ਤੋਂ ਸੰਨਿਆਸ ਲੈ ਕੇ ਪਟਿਆਲੇ ’ਚ ਆਪਣੇ ਖੇਤੀ ਫਾਰਮ ’ਤੇ ਗੁਜ਼ਾਰੇ। ਕੁਝ ਸਮਾਂ ਬਿਮਾਰ ਰਹਿਣ ਉਪਰੰਤ 20 ਅਪਰੈਲ, 1977 ਨੂੰ ਸ੍ਰ: ਈਸ਼ਰ ਸਿੰਘ ‘ਮਝੈਲ’ ਅਕਾਲ ਚਲਾਣਾ ਕਰ ਗਏ।