ਪਹਿਲੀ  ਮੇਅਰ ਬੀਬੀ ਜਰੀਫਾ ਨੇ ਤਾਲਿਬਾਨ  ਨੂੰ ਦਿੱਤੀ ਚੁਣੌਤੀ, ' ਮੈਨੂੰ ਮਾਰ ਦੋ ,ਮੈ ਮੌਤ ਤੋਂ ਨਹੀਂ ਡਰਦੀ'

ਪਹਿਲੀ  ਮੇਅਰ ਬੀਬੀ ਜਰੀਫਾ ਨੇ ਤਾਲਿਬਾਨ  ਨੂੰ ਦਿੱਤੀ ਚੁਣੌਤੀ, ' ਮੈਨੂੰ ਮਾਰ ਦੋ ,ਮੈ ਮੌਤ ਤੋਂ ਨਹੀਂ ਡਰਦੀ'

ਅੰਮ੍ਰਿਤਸਰ ਟਾਈਮਜ਼ ਬਿਉਰੋ

ਕਾਬੁਲ : ਅਫਗਾਨਿਸਤਾਨ ਵਿਚ ਕੱਟੜਪੰਥੀ ਸੰਗਠਨ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸੰਕਟ ਵਧ ਗਿਆ ਹੈ। ਤਾਲਿਬਾਨ ਹਮੇਸ਼ਾ ਹੀ ਆਪਣੀਆਂ ਔਰਤ ਵਿਰੋਧੀ ਨੀਤੀਆਂ ਲਈ ਬਦਨਾਮ ਰਿਹਾ ਹੈ। ਅਫਗਾਨਿਸਤਾਨ ਦੀ ਪਹਿਲੀ ਮਹਿਲਾ ਮੇਅਰ ਜ਼ਰੀਫਾ ਗਫਾਰੀ ਨੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੂੰ ਖੁੱਲੀ ਚਿਤਾਵਨੀ ਦਿੱਤੀ ਹੈ। ਜ਼ਰੀਫਾ ਨੇ ਇਕ ਨਿਊਜ਼ ਵੈਬਸਾਈਟ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਡੀਕ ਕਰ ਰਹੀ ਹਾਂ ਕਿ ਤਾਲਿਬਾਨ ਆ ਕੇ ਮੈਨੂੰ ਅਤੇ ਮੇਰੇ ਵਰਗੇ ਹੋਰ ਲੋਕਾਂ ਨੂੰ ਮਾਰ ਦੇਣ।

ਜ਼ਰੀਫਾ ਨੇ ਕਿਹਾ, ਮੈਂ ਦੇਸ਼ ਛੱਡ ਕੇ ਨਹੀਂ ਭੱਜਾਂਗੀ

ਲਗਪਗ ਇਕ ਹਫ਼ਤੇ ਪਹਿਲਾਂ ਇਕ ਇੰਟਰਵਿਊ ਵਿਚ, ਜ਼ਰੀਫਾ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਦੇ ਭਵਿੱਖ ਨੂੰ ਬਿਹਤਰ ਵੇਖਿਆ, ਪਰ ਬਦਲੀ ਹੋਈ ਸਥਿਤੀ ਦੌਰਾਨ ਮੈਂ ਹੁਣ ਉਮੀਦ ਗੁਆ ਦਿੱਤੀ ਹੈ। ਜ਼ਰੀਫਾ ਨੇ ਕਿਹਾ ਕਿ ਮੈਂ ਆਪਣੇ ਅਪਾਰਟਮੈਂਟ ਦੇ ਕਮਰੇ ਵਿਚ ਬੈਠ ਕੇ ਤਾਲਿਬਾਨ ਦੀ ਉਡੀਕ ਕਰ ਰਹੀ ਹਾਂ। ਇਸ ਦੇ ਨਾਲ ਹੀ ਜ਼ਰੀਫਾ ਨੇ ਇਹ ਵੀ ਕਿਹਾ ਕਿ ਇਸ ਕਮਰੇ ਵਿਚ ਮੇਰੀ ਜਾਂ ਮੇਰੇ ਪਰਿਵਾਰ ਦੀ ਮਦਦ ਲਈ ਕੋਈ ਵੀ ਮੌਜੂਦ ਨਹੀਂ ਹੈ। ਮੈਂ ਆਪਣੇ ਪਰਿਵਾਰ ਅਤੇ ਪਤੀ ਨਾਲ ਆਪਣੇ ਕਮਰੇ ਵਿਚ ਰਹਿ ਰਹੀ ਹਾਂ ਅਤੇ ਤਾਲਿਬਾਨ ਦੇ ਮੈਨੂੰ ਅਤੇ ਮੇਰੇ ਵਰਗੇ ਲੋਕਾਂ ਨੂੰ ਮਾਰਨ ਦੀ ਉਡੀਕ ਕਰ ਰਹੀ ਹਾਂ, ਪਰ ਮੈਂ ਕਿਸੇ ਵੀ ਹਾਲਤ ਵਿਚ ਆਪਣੇ ਪਰਿਵਾਰ ਨੂੰ ਨਹੀਂ ਛੱਡਾਂਗੀ। ਆਖ਼ਰ, ਮੈਂ ਜਾਵਾਂ ਵੀ ਤਾਂ ਕਿੱਥੇ? ਜ਼ਰੀਫਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਹਾਲਾਤ ਬਹੁਤ ਖ਼ਰਾਬ ਹਨ ਅਤੇ ਕਈ ਮਸ਼ਹੂਰ ਲੋਕ ਦੇਸ਼ ਤੋਂ ਭੱਜ ਰਹੇ ਹਨ। 27 ਸਾਲਾ ਗਫਾਰੀ 2018 ਵਿਚ ਵਾਰਦਕ ਪ੍ਰਾਂਤ ਦੀ ਸਭ ਤੋਂ ਨੋਜਵਾਨ ਅਤੇ ਪਹਿਲੀ ਮਹਿਲਾ ਮੇਅਰ ਚੁਣੀ ਗਈ ਸੀ। ਗਫਾਰੀ ਨੂੰ ਰੱਖਿਆ ਮੰਤਰਾਲੇ ਵਿਚ ਜ਼ਿੰਮੇਵਾਰੀ ਸੌਂਪੀ ਗਈ ਕਿਉਂਕਿ ਤਾਲਿਬਾਨ ਦੁਬਾਰਾ ਸ਼ਕਤੀਸ਼ਾਲੀ ਹੋ ਗਿਆ ਸੀ। ਉਹ ਹਮਲੇ ਵਿਚ ਜ਼ਖਮੀ ਹੋਏ ਫੌਜੀਆਂ ਅਤੇ ਨਾਗਰਿਕਾਂ ਦੀ ਦੇਖਭਾਲ ਕਰ ਰਹੀ ਸੀ। 3 ਹਫ਼ਤੇ ਪਹਿਲਾਂ ਗਫਾਰੀ ਨੇ ਕਿਹਾ ਕਿ ਨੌਜਵਾਨ ਜਾਣਦੇ ਹਨ ਕਿ ਕੀ ਹੋ ਰਿਹਾ ਹੈ। ਉਨ੍ਹਾਂ ਕੋਲ ਸੋਸ਼ਲ ਮੀਡੀਆ ਹੈ ਅਤੇ ਉਹ ਇਕ ਦੂਜੇ ਨਾਲ ਗੱਲਬਾਤ ਕਰਦੇ ਹਨ।ਤਾਲਿਬਾਨ ਹਮੇਸ਼ਾ ਔਰਤ ਨੇਤਾਵਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਹੈ। ਗਫਾਰੀ ਦੇ ਪਿਤਾ ਦਾ ਵੀ ਪਿਛਲੇ ਸਾਲ 15 ਨਵੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ, ਫਰਜ਼ਾਨਾ ਕੋਚਾਈ ਇਕ ਅਫਗਾਨ ਸੰਸਦ ਮੈਂਬਰ ਹੈ। ਫਰਜ਼ਾਨਾ ਕਹਿੰਦੀ ਹੈ ਕਿ ਮੈਨੂੰ ਉਮੀਦ ਨਹੀਂ ਸੀ ਕਿ ਤਾਲਿਬਾਨ ਇੰਨੀ ਜਲਦੀ ਕਾਬੁਲ 'ਤੇ ਕਬਜ਼ਾ ਕਰ ਲਵੇਗਾ।