ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ 

ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸਮਾਪਤ 

-ਗੁਰਦੁਆਰਾ ਸਾਹਿਬ ਦੇ 40 ਵੇਂ ਸਥਾਪਨਾ ਦਿਵਸ ਸਮੇਂ ਹੋਈਆਂ ਗੰਭੀਰ ਵਿਚਾਰਾਂ 

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਮੌਕੇ ਵਿਦਵਾਨਾਂ ਨੇ ਪਰਚੇ ਪੜੇ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮਦਿਨ ਸੰਬੰਧੀ ਰਾਮਗੜ੍ਹੀਆ ਕੌਂਸਲ ਯੂਕੇ ਵੱਲੋਂ ਹਰ ਸਾਲ ਕਿਸੇ ਵੱਖਰੇ ਮੁਲਕ ਵਿੱਚ ਕਾਨਫਰੰਸ ਕੀਤੀ ਜਾਂਦੀ ਹੈ। ਇਸ ਵਾਰ ਦੀ ਕਾਨਫਰੰਸ ਦੇ ਪ੍ਰਬੰਧਾਂ ਦੀ ਸੇਵਾ ਸਕਾਟਲੈਂਡ ਦੀ ਝੋਲੀ ਵਿੱਚ ਪਈ ਸੀ। ਗੁਰਦੁਆਰਾ  ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਸੂਝ ਬੂਝ, ਪ੍ਰਬੀਨਤਾ ਅਤੇ ਅਨੁਸ਼ਾਸਨ ਦਾ ਸਬੂਤ ਦਿੰਦਿਆਂ ਬੇਹੱਦ ਸੁਚੱਜੇ ਪ੍ਰਬੰਧ ਕਰਕੇ ਇਸ ਵਾਰ ਦੀ ਕਾਨਫਰੰਸ ਨੂੰ ਯਾਦਗਾਰੀ ਬਣਾ ਦਿੱਤਾ ਗਿਆ। ਦੇਸ਼ ਵਿਦੇਸ਼ ਵਿੱਚੋਂ ਪਹੁੰਚੀਆਂ ਸੰਗਤਾਂ ਦੇ ਨਾਲ ਨਾਲ ਯੂਕੇ ਭਰ ਦੀਆਂ ਰਾਮਗੜ੍ਹੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਪ੍ਰਧਾਨ ਭੁਪਿੰਦਰ ਸਿੰਘ ਬਰ੍ਹਮੀ, ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸਕੱਤਰ ਸੋਹਣ ਸਿੰਘ ਸੌਂਦ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ। ਕਾਨਫਰੰਸ ਦਾ ਪਹਿਲਾ ਅੱਧ ਗੁਰੂ ਨਾਨਕ ਸਿੱਖ ਟੈਂਪਲ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਤ ਰਿਹਾ। ਜਿਸ ਵਿੱਚ ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ ਬਿਜੇ ਸੇਲਵਰਾਜ, ਐਚ ਓ ਸੀ ਸੱਤਿਆਬੀਰ ਸਿੰਘ, ਲਾਰਡ ਪ੍ਰੋਵੋਸਟ ਫਿਲਿਪ ਬਰਾਟ, ਐੱਸ ਐੱਮ ਪੀ ਡਾਕਟਰ ਸੰਦੇਸ਼ ਗਿਲਾਨੀ, ਐਮ ਬੀ ਈ ਰਾਜ ਬਾਜਵੇ, ਇੰਡੀਅਨ ਕੌਂਸਲ ਸਕਾਟਲੈਂਡ ਦੇ ਪ੍ਰਧਾਨ ਅਨੀਲ ਲਾਲ, ਮੀਨਾਕਸ਼ੀ ਸੂਦ, ਪ੍ਰਿਆ ਕੌਰ  ਆਦਿ ਨੇ ਗੁਰੂ ਨਾਨਕ ਸਿੱਖ ਟੈਂਪਲ ਦੀ ਚਾਲੀ ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਪੇਸ਼ ਕੀਤੀ। ਇਸ ਸਮੇਂ ਸਮਾਗਮ ਦੀ ਸ਼ੁਰੂਆਤ ਸਕੱਤਰ ਸੋਹਣ ਸਿੰਘ ਸੋਂਦ ਜੀ ਵੱਲੋਂ ਗੁਰੂ ਘਰ ਦੀ ਕਮੇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸੰਗਤ ਨਾਲ ਸਾਂਝ ਪਵਾ ਕੇ ਕੀਤੀ ਗਈ। ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ ਵੱਲੋਂ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਤੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਭੇਜੇ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਸਮੁੱਚੀ ਗੁਰਦੁਆਰਾ ਕਮੇਟੀ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ 40 ਵਰ੍ਹੇ ਬਾਅਦ ਮੁੜ ਇਤਿਹਾਸ ਦੁਹਰਾਇਆ ਗਿਆ।

1981 ਵਿੱਚ ਗੁਰੂ ਘਰ ਦੀ ਸਥਾਪਨਾ ਮੌਕੇ ਸ਼੍ਰੀ ਬਾਲ ਕ੍ਰਿਸ਼ਨ ਸੂਦ ਅਤੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ ਸੀ,  ਹੁਣ 40 ਵੇਂ ਸਥਾਪਨਾ ਦਿਵਸ ਮੌਕੇ ਵੀ ਬੇਸ਼ੱਕ ਬਾਲ ਕ੍ਰਿਸ਼ਨ ਸੂਦ ਜੀ ਇਸ ਜਹਾਨ 'ਤੇ ਨਹੀਂ ਰਹੇ ਪਰ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰਾਜ ਕੁਮਾਰੀ ਸੂਦ, ਸਪੁੱਤਰ ਓਮ ਸੂਦ, ਸ਼ਿਵ ਸੂਦ, ਬਲਦੇਵ ਸੂਦ ਅਤੇ ਪਰਿਵਾਰ ਵੱਲੋਂ 40ਵੇਂ ਸਥਾਪਨਾ ਦਿਵਸ ਮੌਕੇ ਵੀ  ਲੰਗਰ ਦੀ ਸੇਵਾ ਆਪਣੇ ਸਿਰ ਲਈ ਗਈ। ਸਮਾਗਮ ਦੇ ਦੂਜੇ ਹਿੱਸੇ ਵਿੱਚ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਜੀ ਦੇ ਜਨਮ ਦਿਨ ਨੂੰ 'ਮਿਸਲ ਡੇਅ' ਦੇ ਤੌਰ 'ਤੇ ਮਨਾਉਂਦਿਆਂ ਵਿਦਵਾਨਾਂ ਦੀ ਵਿਚਾਰ ਚਰਚਾ ਦਾ ਦੌਰ ਸ਼ੁਰੂ ਹੋਇਆ। ਜਿਸ ਵਿੱਚ ਰਾਮਗੜ੍ਹੀਆ ਕੌਂਸਲ ਯੂਕੇ ਦੇ ਪੀ ਆਰ ਓ ਲਛਮਨ ਸਿੰਘ ਭੰਮਰਾ, ਸਕੱਤਰ ਰਨਵੀਰ ਸਿੰਘ ਵਿਰਦੀ,  ਪ੍ਰਧਾਨ ਹਰਜਿੰਦਰ ਸਿੰਘ ਸੀਹਰਾ, ਸਹਾਇਕ ਸਕੱਤਰ ਨਰਿੰਦਰ ਸਿੰਘ ਉੱਭੀ, ਸਹਾਇਕ ਖਜ਼ਾਨਚੀ ਜੋਗਾ ਸਿੰਘ ਜੁਟਲਾ, ਸਾਬਕਾ ਪ੍ਰਧਾਨ ਕਿਰਪਾਲ ਸਿੰਘ ਸੱਗੂ, ਲੈਸਟਰ ਗੁਰਦੁਆਰਾ ਸਾਹਿਬ ਦੇ ਸਹਾਇਕ ਸਕੱਤਰ ਹਿੰਦਪਾਲ ਸਿੰਘ ਕੁੰਦਰਾ, ਕਵੈਂਟਰੀ ਗੁਰਦੁਆਰਾ ਦੇ ਪ੍ਰਧਾਨ ਰਣਧੀਰ ਸਿੰਘ ਭੰਮਰਾ, ਸਮਾਲਹੀਥ ਬਰਮਿੰਘਮ ਗੁਰਦੁਆਰਾ ਦੇ ਟਰੱਸਟੀ/ ਚੇਅਰਮੈਨ ਹਰਜਿੰਦਰ ਸਿੰਘ ਜੁਟਲਾ, ਸਾਊਥਹੈਂਪਟਨ ਗੁਰਦੁਆਰਾ ਦੇ ਸਾਬਕਾ ਸਕੱਤਰ ਅਜੀਤ ਸਿੰਘ ਜੌਹਲ ਵੱਲੋਂ ਆਪੋ ਆਪਣੀਆਂ ਤਕਰੀਰਾਂ ਦੌਰਾਨ ਮਹਾਰਾਜਾ ਜੱਸਾ ਸਿੰਘ ਰਾਮਗਡ਼੍ਹੀਆ ਜੀ ਦੇ ਜੀਵਨ ਸੰਘਰਸ਼, ਮਾਣ ਮੱਤੀਆਂ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਜਿੱਥੇ ਇਸ ਦਿਨ ਦੀ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਪੇਸ਼ ਕੀਤੀ ਉਥੇ ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਦੀ ਕਮੇਟੀ ਅਤੇ ਸੰਗਤ ਵੱਲੋਂ ਕੀਤੇ ਸਮੁੱਚੇ ਪ੍ਰਬੰਧਾਂ ਦੀ ਵੀ ਭਰਪੂਰ ਸਰਾਹਨਾ ਕੀਤੀ। ਲਗਾਤਾਰ ਪੰਜ ਘੰਟੇ ਚੱਲੀ ਇਸ ਕਾਨਫਰੰਸ ਦੌਰਾਨ ਦੂਰ ਦੁਰਾਡੇ ਤੋਂ ਸੰਗਤਾਂ ਨੇ ਨਤਮਸਤਿਕ ਹੋ ਕੇ ਹਾਜ਼ਰੀ ਭਰੀ। ਪ੍ਰਬੰਧਕਾਂ ਦੀ ਸੁਯੋਗਤਾ ਤੇ ਸਮਝਦਾਰੀ ਦੀ ਮਿਸਾਲ  ਇਸ ਗੱਲੋਂ ਦੇਖਣ ਨੂੰ ਮਿਲਦੀ ਸੀ ਕਿ ਬੁਲਾਰਿਆਂ ਅਤੇ ਮਹਿਮਾਨਾਂ ਨੂੰ ਸਤਿਕਾਰ ਸਹਿਤ ਗੁਰੂ ਦੀ ਹਾਜ਼ਰੀ ਵਿੱਚ ਸਨਮਾਨਤ ਵੀ ਕੀਤਾ ਜਾਂਦਾ ਰਿਹਾ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਬਰ੍ਹਮੀਂ, ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸਕੱਤਰ ਸੋਹਣ ਸਿੰਘ ਸੋਂਦ, ਹਰਜੀਤ ਸਿੰਘ ਮੋਗਾ, ਹਰਦੀਪ ਸਿੰਘ ਕੁੰਦੀ, ਇੰਦਰਜੀਤ ਸਿੰਘ ਗਾਬੜੀਆ  ਮਹਿਣਾ ਅਤੇ ਲੇਡੀਜ਼ ਕਮੇਟੀ ਦੀਆਂ ਆਗੂ ਸਹਿਬਾਨ ਵੱਲੋਂ ਆਈ ਸੰਗਤ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਸਕਾਟਲੈਂਡ ਦੀ ਧਰਤੀ 'ਤੇ ਹੋਈ ਇਹ ਕਾਨਫਰੰਸ ਨਿੱਘੀਆਂ ਯਾਦਾਂ ਦਾ ਸਰਮਾਇਆ  ਜੋੜ ਕੇ ਸੰਪੰਨ ਹੋ ਗਈ ।