ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਚ

ਲੇਖਕ : ਸੁਰਿੰਦਰ ਸਿੰਘ, ਟਾਕਿੰਗ ਪੰਜਾਬ

1918 'ਚ ਪਹਿਲੀ ਵਿਸ਼ਵ ਜੰਗ ਖਤਮ ਹੋਣ ਦੇ ਤੁਰੰਤ ਬਾਅਦ ਸੁੰਦਰ ਸਿੰਘ ਮਜੀਠੀਆ ਸਰਦਾਰ ਨੇ ਅੰਗ੍ਰੇਜ਼ ਤੱਕ ਆਜ਼ਾਦੀ ਦਾ ਵਾਅਦਾ ਨਿਭਾਉਣ ਲਈ ਪਹੁੰਚ ਕਰਨ ਦੀ ਥਾਂ ਹਿੰਦੂ ਲੀਡਰਸ਼ਿਪ ਵੱਲ ਮੂੰਹ ਕਰ ਲਿਆ। 1918 ਦੇ ਅਖੀਰ ਅਤੇ 1919 ਦੇ ਸ਼ੁਰੂ 'ਚ ਹਿੰਦੂ ਲੀਡਰਸ਼ਿਪ ਦੀ ਸ਼ਹਿ 'ਤੇ ਅੰਮ੍ਰਿਤਸਰ ਸ਼ਹਿਰ ਅੰਦਰ ਕੁੱਝ ਘਟਨਾਵਾਂ ਵਾਪਰਦੀਆਂ ਹਨ। ਹਿੰਦੂ ਲੀਡਰਾਂ ਦੀ ਅਗਵਾਈ 'ਚ ਕੁੱਝ ਰੋਸ ਵਿਖਾਵੇ ਕੀਤੇ ਜਾਂਦੇ ਹਨ, ਜਿਸ ਦੇ ਜਵਾਬ 'ਚ ਅੰਗ੍ਰੇਜ਼ੀ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਲੋਕਾਂ 'ਤੇ ਤਸ਼ੱਦਦ ਕੀਤੇ ਜਾਣ ਦੀਆਂ ਅਤੇ ਪੁਲਿਸ ਵੱਲੋਂ ਗੋਲੀ ਚਲਉਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਕਈ ਬੇਕਸੂਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਹਨਾਂ ਘਟਨਾਵਾਂ ਤੋਂ ਜਾਪਦਾ ਹੈ ਜਿਵੇਂ ਇਹ ਸਭ ਕੁੱਝ ਇਕ ਤੈਅਸ਼ੁਦਾ ਪ੍ਰੋਗਰਾਮ ਦਾ ਹਿੱਸਾ ਹੋਵੇ। ਅਚਾਨਕ ਹਿੰਦੂ ਲੀਡਰਸ਼ਿਪ ਜਲਿਆਂਵਾਲਾ ਬਾਗ਼ ਵਿਖੇ ਰੈਲੀ ਕਰਨ ਦਾ ਐਲਾਨ ਕਰਦੀ ਹੈ। ਇਸ ਵਰਤਾਰੇ ਦੇ ਸੌ ਸਾਲਾਂ ਬਾਅਦ ਇੱਕ ਸਧਾਰਨ ਜਿਹਾ ਸਵਾਲ ਸਾਹਮਣੇ ਖੜ੍ਹਾ ਦਿਖਾਈ ਦਿੰਦਾ ਹੈ, ਉਹ ਇਹ ਕਿ 'ਬਾਗ਼' ਨੂੰ ਇੱਕੋ ਇੱਕ ਅਤੇ ਉਹ ਵੀ ਬਹੁਤ ਜ਼ਿਆਦਾ ਤੰਗ ਰਸਤਾ ਜਾਂਦਾ ਹੈ, ਤਾਂ ਫਿਰ ਰੈਲੀ ਵਾਸਤੇ ਇਹੋ ਜਗ੍ਹਾ ਕਿਉਂ ਚੁਣੀ ਗਈ? ਕੀ ਇਹ ਅੰਗ੍ਰੇਜ਼ ਅਤੇ ਹਿੰਦੂ ਲੀਡਰਸ਼ਿਪ ਦੀ ਤੈਅਸ਼ੁਦਾ ਚਾਲ ਸੀ? ਕੀ ਜਲਿਆਂਵਾਲਾ ਬਾਗ਼ ਦੇ ਇਲਾਵਾ ਅੰਮ੍ਰਿਤਸਰ ਰੈਲੀ ਕਰਨ ਲਈ ਹੋਰ ਕੋਈ ਢੁੱਕਵੀਂ ਥਾਂ ਨਹੀਂ ਸੀ? ਪਰ ਤੈਅ ਕੀਤੀਆਂ ਜਾ ਚੁੱਕੀਆਂ ਘਟਨਾਵਾਂ ਦੇ ਅੰਜਾਮ ਵੀ ਪਹਿਲੋਂ ਹੀ ਮਿੱਥੇ ਹੁੰਦੇ ਹਨ।

1919 'ਚ ਅੰਗ੍ਰੇਜ਼ ਸਰਕਾਰ ਅਤੇ ਗਾਂਧੀ ਗਰੁੱਪ ਨੇ ਇਹ ਧਾਰਨਾ ਬਣਾ ਦਿੱਤੀ ਕਿ ਪੰਜਾਬ 'ਚ ਲੋਕ ਅੰਗ੍ਰੇਜ਼ ਦੇ ਕਾਨੂੰਨ ਰੌਲਟ ਐਕਟ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਹ ਕਾਨੂੰਨ ਤਹਿਤ ਬਿਨਾ ਮੁਕੱਦਮਾ ਚਲਾਏ 2 ਸਾਲ ਤੱਕ ਵਿਅਕਤੀ ਨੂੰ ਜੇਲ 'ਚ ਬੰਦ ਰੱਖਿਆ ਜਾ ਸਕਦਾ ਸੀ। ਗਾਂਧੀ ਨੇ ਵੀ ਇਸ ਗੱਲ ਨੂੰ ਵਾਰ ਵਾਰ ਉਭਾਰਿਆ ਕਿ ਭਾਰਤੀ ਲੋਕ ਰੌਲਟ ਐਕਟ ਦਾ ਵਿਰੋਧ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਲਿਆਂਵਾਲੇ ਬਾਗ਼ ਦੀ ਰੈਲੀ ਵੀ ਇਸੇ ਗੱਲ ਨੂੰ ਆਧਾਰ ਬਣਾ ਕੇ ਰੱਖੀ ਗਈ। ਜਦਕਿ ਪੰਜਾਬ ਦੇ ਲੋਕਾਂ ਨੂੰ ਰੌਲਟ ਐਕਟ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਜਿਸ ਵੇਲੇ ਬਾਗ਼ 'ਚ ਜਨਰਲ ਡਾਇਰ ਆਪਣੀ ਫ਼ੌਜੀ ਟੁਕੜੀ ਲੈ ਕੇ ਪਹੁੰਚਿਆ ਉਸ ਵੇਲੇ ਤੱਕ ਚੋਟੀ ਦੇ 6 ਬੁਲਾਰੇ ਬੋਲ ਚੁੱਕੇ ਸਨ ਅਤੇ 7ਵਾਂ ਬੁਲਾਰਾ ਦੁਰਗਾ ਦਾਸ ਬੋਲ ਰਿਹਾ ਸੀ। ਉਸਦੇ ਭਾਸ਼ਣ ਦੇ ਦੌਰਾਨ ਹੀ ਜਨਰਲ ਡਾਇਰ ਨੇ ਗੋਲ਼ੀ ਚਲਾਉਣ ਦਾ ਹੁਕਮ ਦਿੱਤਾ ਅਤੇ ਗੋਲ਼ੀ ਚੱਲਣੀ ਸ਼ੁਰੂ ਹੋ ਗਈ। ਦੁਰਗਾ ਦਾਸ ਨੇ ਭਾਸ਼ਣ ਦੇ ਚੱਲਦਿਆਂ ਰੈਲੀ 'ਚ ਹਿੱਸਾ ਲੈਣ ਆਏ ਲੋਕਾਂ ਨੂੰ ਕਿਹਾ ਕਿ ਉਹ ਉੱਠ ਕੇ ਇੱਧਰ ਉੱਧਰ ਨਾ ਭੱਜਣ ਇਹ ਗੋਲ਼ੀ ਸਿਰਫ਼ ਡਰਾਬਾ ਦੇਣ ਲਈ ਚਲਾਈ ਜਾ ਰਹੀ ਹੈ ਇਸ ਨਾਲ ਕਿਸੇ ਨੂੰ ਕੋਈ ਚੋਟ ਨਹੀਂ ਪਹੁੰਚੇਗੀ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਦੁਰਗਾ ਦਾਸ ਨੇ ਆਪਣੇ ਸੰਬੋਧਨ 'ਚ ਇੰਝ ਕਿਉਂ ਕਿਹਾ ਅਤੇ ਅਜਿਹਾ ਕਹਿਣ ਪਿੱਛੇ ਕੀ ਰਾਜ਼ ਹੋਵੇਗਾ ਉਹ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਰੈਲੀ ਨੂੰ ਸੰਬੋਧਨ ਕਰਨ ਵਾਲੇ ਜਾਂ ਸਟੇਜ 'ਤੇ ਬਿਰਾਜਮਾਨ ਕਿਸੇ ਵੀ ਵਿਅਕਤੀ ਜਾਂ ਲੀਡਰ ਨੂੰ ਕੋਈ ਝਰੀਟ ਤੱਕ ਨਹੀਂ ਆਈ। ਗਾਂਧੀ ਨੇ ਮਲਵੇਂ ਜਿਹੇ ਸ਼ਬਦਾਂ ਨਾਲ ਇਸ ਕਾਂਡ ਦੀ ਨਿਖੇਧੀ ਕਿਵੇਂ ਕੀਤੀ ਇਹ ਸਿਰਫ਼ ਭਾਰਤੀ ਲੋਕਾਂ ਨੂੰ ਉੱਲੂ ਬਣਾਉਣ ਵਾਲੀ ਗੱਲ ਹੈ। ਪਰ ਕਾਂਗਰਸ ਪਾਰਟੀ ਵੱਲੋਂ ਦਸੰਬਰ 1919 'ਚ ਜਿਹੜੀ ਪਾਰਟੀ ਦੀ ਸਲਾਨਾ ਕਾਨਫਰੰਸ ਰੱਖੀ ਗਈ ਉਸ ਵਿਚ ਅੰਗ੍ਰਜ਼ੀ ਸਾਮਰਾਜ ਪ੍ਰਤੀ ਵਫ਼ਦਾਰੀ ਦਾ ਮਤਾ ਬਾਕਾਇਦਗੀ ਨਾਲ ਪਾਸ ਕੀਤਾ ਗਿਆ। ਜਲਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦੇ ਪਰਛਾਵੇਂ ਹੇਠ ਹੋ ਰਹੀ ਪਾਰਟੀ ਦੀ ਸਲਾਨਾ ਕਾਨਫਰੰਸ ਦੇ ਦੌਰਾਨ ਕੋਈ ਇੱਕ ਵੀ ਸ਼ਬਦ ਅਜਿਹਾ ਨਹੀਂ ਬੋਲਿਆ ਗਿਆ ਜਾਂ ਲਿਖਿਆ ਗਿਆ ਜਿਸ 'ਚ ਬਰਤਾਨੀਆ ਦੀ ਮਹਾਰਾਣੀ ਜਾਂ ਅੰਗ੍ਰੇਜ਼ ਹਕੂਮਤ ਦੀ ਇਹਨਾਂ ਕਤਲਾਂ ਨੂੰ ਲੈ ਕੇ ਨਿਖੇਧੀ ਕੀਤੀ ਗਈ ਹੋਵੇ ਜਾਂ ਉਹਨਾਂ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ ਹੋਵੇ। ਇਹ ਗੱਲ ਦਾ ਜ਼ਿਕਰ ਤਾਰਾ ਚੰਦ ਨੇ HISTORY OF THE FREEDOM MOVEMENT IN INDIA BY Tara Chand ਦੇ VOLUME 3 ਵਿੱਚ ਕੀਤਾ ਹੈ।

ਵੱਡੀ ਗਿਣਤੀ 'ਚ ਸਿੱਖ, ਹਿੰਦੂ ਅਤੇ ਮੁਸਲਮਾਨ ਜਲਿਆਂਵਾਲੇ ਬਾਗ਼ 'ਚ ਅੰਗ੍ਰੇਜ਼ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ। ਇਸ ਗੱਲ ਦਾ ਵੀ ਜ਼ਿਕਰ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਗ਼ ਵਿੱਚ ਗੋਲ਼ੀ ਚੱਲ ਸਕਦੀ ਹੈ। ਸੋ ਰੈਲੀ 'ਚ ਹਿੱਸਾ ਲੈਣ ਤੋਂ ਉਹਨਾਂ ਆਪਣੀ ਦੂਰੀ ਬਣਾਈ ਰੱਖੀ। ਇਸ ਬਾਰੇ ਬਹੁਤ ਸਾਰੇ ਗਵਾਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਲੋਕਾਂ 'ਚ ਬਾਗ਼ ਅੰਦਰ ਗੋਲ਼ੀ ਚੱਲਣ ਬਾਰੇ ਪਹਿਲਾਂ ਹੀ ਬਹੁਤ ਰੌਲ਼ਾ ਪੈ ਚੁੱਕਾ ਸੀ। ਭਾਵ ਲੀਡਰਸ਼ਿਪ ਅਤੇ ਅੰਗ੍ਰੇਜ਼ੀ ਪ੍ਰਸਾਸ਼ਨਕ ਅਧਿਕਾਰੀਆਂ ਦਰਮਿਆਨ ਘਟਨਾ ਨੂੰ ਅੰਜਾਮ ਦੇਣ ਬਾਰੇ ਹੋਈ ਗੁਪਤ ਮੀਟਿੰਗ 'ਚੋਂ ਇਹ ਗੱਲ ਕਿਸੇ ਨੇ ਬਾਹਰ ਫ਼ੈਲਾ ਦਿੱਤੀ ਹੋਵੇਗੀ। ਵਿਸਾਖੀ ਦਾ ਦਿਨ ਹੋਣ ਕਰਨ ਪਿੰਡਾਂ ਦੀ ਵੱਡੀ ਗਿਣਤੀ ਸੰਗਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਹੋਈ ਸੀ ਜਿਹੜੀ ਕਿ 300 ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਹੁਣ ਤੱਕ ਇੱਕ ਰਵਾਇਤ ਵਾਂਗ ਚੱਲੀ ਆ ਰਹੀ ਹੈ। ਇਸੇ ਸੰਗਤ ਦਾ ਬਹੁਤ ਵੱਡਾ ਹਿੱਸਾ ਜਲਿਆਂਵਾਲ਼ੇ ਬਾਗ਼ ਦੀ ਰੈਲੀ 'ਚ ਸ਼ਾਮਲ ਹੋਇਆ। ਅੰਗ੍ਰੇਜ਼ੀ ਪ੍ਰਸਾਸ਼ਨ ਵੱਲੋਂ ਜਿਹੜਾ ਥੋੜ੍ਹਾ ਬਹੁਤ ਮੁਆਵਜ਼ਾ ਮਰਨ ਵਾਲਿਆਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਉਸ ਸੂਚੀ 'ਤੇ ਨਜ਼ਰ ਮਾਰਿਆਂ ਇਸ ਗੱਲ ਨੂੰ ਤਸਦੀਕ ਕੀਤਾ ਜਾ ਸਕਦਾ ਹੈ। ਇਹ ਵੀ ਸਾਬਤ ਹੁੰਦਾ ਹੈ ਕਿ ਇਸ ਇੱਕ ਪਹਿਲਾਂ ਤੋਂ ਹੀ ਨਿਰਧਾਰਤ ਸਕੀਮ ਤਹਿਤ ਸਿੱਖਾਂ ਦਾ ਧਿਆਨ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਬਿਹਬਲਤਾ ਤੋਂ ਹਟਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ 'ਚ ਭਾਰਤ ਦੀ ਲੀਡਰਸ਼ਿਪ ਅਤੇ ਸੁੰਦਰ ਸਿੰਘ ਮਜੀਠੀਆ ਦੀ ਕਥਿਤ ਹਿੱਸੇਦਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਕਾਂਡ ਵਾਪਰਿਆ ਉਸੇ ਰਾਤ ਸੁੰਦਰ ਸਿੰਘ ਮਜੀਠੀਆ ਨੇ ਜਨਰਲ ਡਾਇਰ ਨੂੰ ਡਿੱਨਰ ਪਾਰਟੀ ਕੀਤੀ ਅਤੇ ਆਪਣਾ ਰਸੂਖ਼ ਵਰਤਦਿਆਂ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਸਰਬਰਾਹ ਅਰੂੜ ਸਿੰਘ ਹੱਥੋਂ ਸਿਰੋਪਾਓ ਦਿਵਾਇਆ ਸੀ। 1926 'ਚ ਸੁੰਦਰ ਸਿੰਘ ਮਜੀਠੀਆ ਨੂੰ ਉਸਦੀ ਬਰਤਾਨੀਆ ਪ੍ਰਤੀ ਭਗਤੀ ਅਤੇ ਚਾਪਲੂਸੀ ਬਦਲੇ ਅੰਗ੍ਰੇਜ਼ ਸਰਕਾਰ ਵੱਲੋਂ 'ਨਾਈਟਹੁੱਡ' ਦੀ ਉਪਾਧੀ ਦਿੱਤੀ ਗਈ।

ਜਲ੍ਹਿਆਂਵਾਲੇ ਬਾਗ਼ ਦੀ ਇਸ ਘਟਨਾ 'ਤੇ ਹਿੰਦੂ ਲੀਡਰਾਂ ਨੇ ਅੰਗ੍ਰੇਜ਼ ਖਿਲਾਫ਼ ਕੋਈ ਬਿਆਨ ਨਹੀਂ ਦਿੱਤਾ। ਪਰ ਇਸ ਕਾਂਡ ਵਿੱਚ ਮਾਰੇ ਗਏ ਪੰਜਾਬੀਆਂ ਬਾਰੇ 'ਗਾਂਧੀ' ਵੱਲੋਂ ਇਸ ਨੂੰ 'ਰਾਸ਼ਟਰੀ' ਆਜ਼ਾਦੀ ਲਈ ਕੀਤੀ ਗਈ ਕੁਰਬਾਨੀ ਐਲਾਨੇ ਜਾਣ ਨਾਲ ਪੰਜਾਬ ਦੀ ਤਸਵੀਰ ਦੇ ਰੰਗ ਫ਼ਿੱਕੇ ਪੈਣੇ ਸ਼ੁਰੂ ਹੋ ਗਏ। ਪੰਜਾਬ ਦੀ ਆਜ਼ਾਦੀ ਦੀ ਤਾਂਘ ਲੈ ਕੇ ਜੂਝਣ ਲਈ ਤਿਆਰ ਬੈਠੇ ਸਿੱਖ ਗਾਂਧੀ ਅਤੇ ਹਿੰਦੂ ਲੀਡਰਸ਼ਿਪ ਵੱਲੋਂ ਦਿੱਤੇ ਗਏ ਰਾਸ਼ਟਰੀ ਆਜ਼ਾਦੀ ਦੇ ਸ਼ਬਦ ਜਾਲ 'ਚ ਉਲਝ ਕੇ ਰਹਿ ਗਏ। ਇਹ ਉਲਝਣ ਸੁੰਦਰ ਸਿੰਘ ਮਜੀਠੀਆ ਨੇ ਪੈਦਾ ਕੀਤੀ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 1919 'ਚ ਵਾਪਰੀ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਦੇ ਬਾਅਦ ਭਾਰਤ ਦੀ ਹਿੰਦੂ ਲੀਡਰਸ਼ਿਪ ਪੰਜਾਬ ਵੱਲ ਕੁੱਝ ਵਧੇਰੇ ਧਿਆਨ ਦੇਣ ਲੱਗ ਪਈ। ਇਸ ਕਾਰਜ 'ਚ ਉਹਨਾਂ ਨੂੰ ਕਾਮਯਾਬੀ ਵੀ ਮਿਲਦੀ ਹੈ, ਕਿਉਂਕਿ ਸੁੰਦਰ ਸਿੰਘ ਜਿਹੇ ਅਖੌਤੀ ਸਰਦਾਰਾਂ ਜ਼ਰੀਏ ਉਹ 'ਗਦਰ' ਅਤੇ 'ਬੱਬਰ ਅਕਾਲੀ' ਲਹਿਰਾਂ ਨੂੰ ਦਬਾਉਣ 'ਚ ਵੀ ਆਪਣਾ ਰਸੂਖ ਸਮੇਂ ਸਮੇਂ ਵਰਤਦੇ ਰਹੇ।

ਸਿੱਖ ਗੁਰਦੁਆਰੇ ਅੰਗ੍ਰੇਜ਼ ਦੀ ਅੱਖ ਥੱਲੇ ਕਿਉਂ ਆਏ?
ਮੱਧਕਾਲ ਦੌਰਾਨ ਮੁਸਲਮਾਨਾਂ ਦੀ ਸੂਫ਼ੀ ਪਰੰਪਰਾ ਨੇ ਭਾਰਤ ਵਿਚ ਚੰਗਾ ਖਾਸਾ ਅਸਰ ਦਿਖਾਇਆ ਅਤੇ ਉਹ ਇਕ ਰੱਬ ਦੇ ਸਿਧਾਂਤ ਨੂੰ ਪ੍ਰਚਾਰਣ ਵਿਚ ਕਾਮਯਾਬ ਵੀ ਹੋਏ। ਅੰਗ੍ਰੇਜ਼ ਤੋਂ ਇਲਾਵਾ ਮੱਧ ਯੁੱਗ 'ਚ ਜਿੰਨੇ ਵੀ ਹਮਲਾਵਰਾਂ ਨੇ ਭਾਰਤ 'ਤੇ ਹਮਲੇ ਕੀਤੇ ਉਹਨਾਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਹਿੰਦੂ ਮੰਦਰ ਹੀ ਬਣਦੇ ਰਹੇ। ਇਸ ਦਾ ਕਾਰਨ ਉਹਨਾਂ ਦੀ ਆਪਣੀ ਮਜ਼ਹਬੀ ਫ਼ਿਲਾਸਫ਼ੀ ਸੀ। ਇੱਕ ਰੱਬ ਦੇ ਸਿਧਾਂਤ ਦੇ ਇਲਾਵਾ ਉਹਨਾਂ ਨੂੰ ਸਾਰਾ ਕੁੱਝ ਫੋਕਾ ਅਤੇ ਗ਼ੈਰ-ਲੋੜੀਂਦਾ ਜਾਪਦਾ ਸੀ। ਹਿੰਦੂ ਮੰਦਰਾਂ 'ਚ ਇਕੱਠਾ ਕੀਤਾ ਹੋਇਆ ਅਥਾਹ ਧੰਨ ਦੌਲਤ ਉਹਨਾਂ ਲਈ ਖਿੱਚ ਦਾ ਕਾਰਨ ਸੀ। ਕਿਉਂਕਿ ਅੰਗ੍ਰੇਜ਼ ਵੀ ਇੱਕ ਤਰਾਂ ਦਾ ਹਮਲਾਵਰ ਹੀ ਸੀ ਇਸ ਲਈ ਨਿਸ਼ਾਨਾ ਉਸ ਦਾ ਵੀ ਲੁੱਟਮਾਰ ਸੀ ਪਰ ਉਸ ਨੇ ਆਪਣੇ ਤਰੀਕਿਆਂ ਨੂੰ ਤਰਕ ਸੰਗਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਨੀਤੀਗਤ ਲੁੱਟਮਾਰ ਅਧੀਨ ਉਸ ਨੇ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਅਜਿਹੀ ਮੁਹਿੰਮ ਨਹੀਂ ਚਲਾਈ ਜਿਹੜੀ ਉਸ ਤੋਂ ਪਹਿਲੇ ਧਾੜਵੀ ਕਰਦੇ ਆਏ ਸਨ। ਅਮੀਰ ਹਿੰਦੂ ਵਰਗ ਨੇ ਅੰਗ੍ਰੇਜ਼ ਤੋਂ ਪਹਿਲਾਂ ਆਏ ਧੜਵੀਆਂ ਨਾਲ ਵੀ ਭਾਈਵਾਲੀ ਪਾਲ ਕੇ ਆਪਣਾ ਨਿਰਬਾਹ ਕੀਤਾ ਸੀ ਇਸ ਲਈ ਉਸ ਵਾਸਤੇ ਧਰਮ ਨਿਰਪੱਖਤਾ ਦੇ ਭੇਸ 'ਚ ਆਏ ਨਵੇਂ ਧਾੜਵੀ ਨਾਲ ਭਾਈਵਾਲੀ ਪਾਉਣੀ ਔਖੀ ਗੱਲ ਨਹੀਂ ਸੀ। ਅੰਗ੍ਰੇਜ਼ ਦਾ ਬਾਹਰੀ ਸਰੂਪ ਵਪਾਰੀ ਦਾ ਸੀ ਪਰ ਉਹ ਅੰਦਰੋਂ ਪੂਰੀ ਤਰਾਂ ਹਮਲਾਵਰ ਅਤੇ ਲੁਟੇਰਾ ਰੁਚੀ ਦਾ ਸੀ। ਉਸ ਦੇ ਸੁਭਾਅ ਦੀਆਂ ਇਹ ਰੁਚੀਆਂ ਬ੍ਰਾਹਮਣੀ ਤਾਕਤਾਂ ਲਈ ਪੂਰੀ ਤਰ੍ਹਾਂ ਫਿੱਟ ਬੈਠਦੀਆਂ ਸਨ।

1854 'ਚ ਪੰਜਾਬ ਪੂਰੀ ਤਰ੍ਹਾਂ ਅੰਗ੍ਰੇਜ਼ ਦੇ ਕਬਜ਼ੇ ਹੇਠ ਚਲਾ ਗਿਆ। ਬੱਸ, ਇੱਥੋਂ ਹੀ ਅੰਗ੍ਰੇਜ਼ ਦੀ ਧਰਮ ਨਿਰਪੱਖ ਦਿਖਾਈ ਦਿੰਦੀ ਬਾਹਰੀ ਛਵੀ 'ਚ ਯੱਕਦਮ ਬਦਲਾਅ ਆ ਗਿਆ। ਪੰਜਾਬ, ਖਾਲਸਾ ਰਾਜ 'ਤੇ ਕਬਜ਼ਾ ਕਰਨ ਬਾਅਦ ਅੰਗ੍ਰੇਜ਼ਾਂ ਨੇ ਸਭ ਤੋਂ ਪਹਿਲਾ ਕੰਮ ਸਿੱਖਾਂ ਦੇ ਧਾਰਮਿਕ ਅਤੇ ਸਮਾਜਕ ਮਸਲਿਆਂ 'ਚ ਸਿੱਧੀ ਦਖਲ ਅੰਦਾਜ਼ੀ ਕਰਨ ਦਾ ਕੀਤਾ। ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰ ਰਹੇ ਗ੍ਰੰਥੀਆਂ ਅਤੇ ਭਾਈਆਂ ਨੂੰ ਗ੍ਰਿਫ਼ਤਾਰ ਕਰਕੇ ਤਸੀਹੇ ਦਿੱਤੇ ਗਏ ਅਤੇ ਉਹਨਾਂ ਨੂੰ ਉਜਾੜ ਦਿੱਤਾ ਗਿਆ। ਸਿੱਖਾਂ ਦੇ ਧਰਮ, ਰੱਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਸਿੱਧਾ ਹਮਲਾ ਨਾ ਕਰਕੇ ਉਹਨਾਂ ਨੇ ਸ਼ਬਦ ਗੁਰੂ ਦਾ ਸਿਧਾਂਤ ਲਾਗੂ ਕਰਨ ਵਾਲੇ ਗ੍ਰੰਥੀਆਂ ਜਿਹੜੇ ਕਿ ਉਸ ਵੇਲੇ ਤੱਕ ਅਧਿਆਪਕ ਵੱਜੋਂ ਵੀ ਦੋਹਰੀ ਸੇਵਾ ਨਿਭਾਉਂਦੇ ਸਨ ਨੂੰ ਦਹਿਸ਼ਤਜ਼ਦਾ ਕਰ ਕੇ ਭਜਾ ਦਿੱਤਾ। ਜਿਹੜੇ ਭੱਜਣ ਤੋਂ ਇਨਕਾਰੀ ਸਨ ਉਹਨਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਅਤੇ ਕੁੱਝ ਨੂੰ ਝੋਲੀ ਚੁੱਕ ਅਖੌਤੀ ਸਰਦਾਰਾਂ ਜ਼ਰੀਏ 'ਸ਼ਬਦ ਗੁਰੂ' ਦਾ ਮੂਲ ਪ੍ਰਚਾਰ ਨਾ ਕਰਨ ਲਈ ਮਨਾ ਕੇ ਗੁਰਦੁਆਰਿਆਂ ਵਿਚ ਟਿਕੇ ਰਹਿਣ ਦਿੱਤਾ। ਇੱਥੇ 'ਸ਼ਬਦ ਗੁਰੂ' ਦਾ ਮੂਲ ਪ੍ਰਚਾਰ ਤੋਂ ਭਾਵ ਇੱਕ ਸਿੱਖ ਲਈ 'ਸੱਚ-ਆਚਾਰ', ਨਿਰਭਉ ਨਿਰਵੈਰ, ਗਊ-ਗਰੀਬ ਦੀ ਰੱਖਿਆ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਅਤੇ ਖਾਲਸਾ ਰਾਜ ਦੀ ਗੱਲ ਗੁਰੂ ਘਰ ਵਿਚ ਕਰਨ ਤੋਂ ਸੀ। ਗੁਰਦੁਆਰਿਆਂ 'ਚ 'ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ' ਦਾ ਦੋਹਰਾ ਪੜ੍ਹਨ 'ਤੇ ਪੂਰਨ ਪਾਬੰਦੀ ਲਾ ਦਿੱਤੀ ਗਈ। ਇਸ ਦੇ ਨਾਲ ਹੀ ਅੰਗ੍ਰੇਜ਼ ਨੇ ਦੋ ਹੋਰ ਕਾਰਜਾਂ ਨੂੰ ਅੰਜਾਮ ਦਿੱਤਾ। ਇੱਕ ਤਾਂ ਖਾਲਸਾ ਰਾਜ ਦੇ ਅਧਿਕਾਰ ਖੇਤਰ ਅਧੀਨ ਜਿੰਨੇ ਵੀ ਕਿਲ੍ਹੇ (ਗੜ੍ਹ) ਸਨ ਉਹਨਾਂ ਨੂੰ ਢਾਹ ਕੇ ਖੰਡਰਾਂ 'ਚ ਤਬਦੀਲ ਕਰ ਦਿੱਤਾ ਗਿਆ ਤਾਂ ਕਿ ਸਿੱਖ ਆਪਣੇ ਬਾਦਸ਼ਾਹੀ ਰੰਗ ਨੂੰ ਸਦਾ ਸਦਾ ਲਈ ਭੁੱਲ ਜਾਣ ਅਤੇ ਰਾਜ ਭਾਗ ਦੀਆਂ ਨਿਸ਼ਾਨੀਆਂ ਨੂੰ ਆਪਣੇ ਮਨਾਂ 'ਚੋਂ ਕੱਢ ਦੇਣ। ਦੂਜਾ ਕੰਮ ਅੰਗ੍ਰੇਜ਼ਾਂ ਨੇ ਸਿੱਖਾਂ ਨੂੰ ਨਿਹੱਥੇ ਕਰਨ ਦਾ ਕੀਤਾ। ਪੰਜਾਬ 'ਤੇ ਅੰਗ੍ਰੇਜ਼ੀ ਰਾਜ ਹੋਣ ਦੇ ਨਾਲ ਹੀ 'ਖਾਲਸਾ ਫੌਜ' ਦੀਆਂ ਤੋਪਾਂ ਤੋਂ ਲੈ ਕੇ ਇੱਕ ਸਿੱਖ ਦੇ ਘਰ ਦੀ ਰਸੋਈ 'ਚ ਕੰਮ ਆਉਣ ਵਾਲੇ ਚਾਕੂ (ਕਰਦ) ਤੱਕ ਨੂੰ ਕਬਜ਼ੇ 'ਚ ਲੈ ਲਿਆ ਗਿਆ। ਤਿੰਨ ਸਾਲ ਤੱਕ ਅੰਗ੍ਰੇਜ਼ ਨੇ ਪੰਜਾਬ ਨੂੰ ਅਤੇ ਸਿੱਖਾਂ ਨੂੰ ਆਪਣੀ ਮਨ-ਮਰਜ਼ੀ ਨਾਲ ਲਤਾੜਿਆ। ਖਾਲਸਾ ਰਾਜ ਸਮੇਂ ਧਰਮਸ਼ਾਲਾਵਾਂ ਅਤੇ ਗੁਰਦੁਆਰਿਆਂ 'ਚ ਪੜ੍ਹਾਈ  ਜਾਂਦੀ ਮੁਢਲੀ ਸਮੱਗਰੀ ਜਿਹਨਾਂ 'ਚ ਧਾਰਮਿਕ ਪੋਥੀਆਂ, ਗੁਰਬਾਣੀ ਦੇ ਗੁਟਕੇ ਅਤੇ ਆਚਰਣ ਉਸਾਰਣ ਸਬੰਧੀ ਗੁਰਬਾਣੀ 'ਤੇ ਅਧਾਰਤ ਕਾਇਦੇ ਸਨ, ਨੂੰ ਚੌਰਾਹਿਆਂ 'ਚ ਇਕੱਠਿਆਂ ਕਰਕੇ ਅੱਗ ਲਾ ਕੇ ਸੜਵਾ ਦਿੱਤਾ ਗਿਆ। ਚੰਡੀਗੜ੍ਹ 'ਚ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਪ੍ਰਬੰਧਕ ਦਵਿੰਦਰਪਾਲ ਸਿੰਘ ਆਪਣੀ ਦਹਾਕੇ ਤੋਂ ਵੱਧ ਦੀ ਖੋਜ ਬਾਰੇ ਦੱਸਦੇ ਹਨ ਕਿ ਅੰਗ੍ਰੇਜ਼ੀ ਰਾਜ ਤੋਂ ਪਹਿਲਾਂ ਭਾਰਤ ਦੇ ਵੱਖ ਵੱਖ ਸੂਬਿਆਂ ਨਾਲ ਸਬੰਧਤ ਪੜ੍ਹਾਈ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਸਮੱਗਰੀ ਦਾ ਬਹੁਤ ਹਿੱਸਾ ਕਈ ਰੂਪਾਂ 'ਚ ਮਿਲ ਜਾਂਦਾ ਹੈ। ਦਵਿੰਦਰਪਾਲ ਸਿੰਘ ਮੁਤਾਬਕ ਬੰਗਾਲ, ਮਹਾਰਾਸ਼ਟਰ ਅਤੇ ਹੋਰਨਾਂ ਥਾਵਾਂ 'ਤੇ ਪੜ੍ਹਾਈ ਜਾਂਦੀ ਸਮੱਗਰੀ ਅਤੇ ਕੁੱਝ ਹੋਰ ਲਿਖਤਾਂ ਉਪਲਬਧ ਹਨ, ਜਦਕਿ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਮੁਲਕ ਪੰਜਾਬ 'ਚ ਖਾਲਸਾ ਰਾਜ ਸਮੇਂ ਪੜ੍ਹਾਈ ਜਾਂਦੀ ਸਮੱਗਰੀ ਦਾ ਥੋੜ੍ਹਾ ਬਹੁਤਾ ਹਿੱਸਾ ਵੀ ਉਪਲੱਬਧ ਨਹੀਂ ਹੋ ਸਕਿਆ। ਇਸ ਦਾ ਕਾਰਨ ਹੈ ਕਿ ਖਾਲਸਾ ਰਾਜ ਨਾਲ ਸਬੰਧਤ ਸਕੂਲਾਂ ਦੀ ਪੜ੍ਹਾਈ ਸਮੱਗਰੀ ਨੂੰ ਜਾਣਬੁੱਝ ਕੇ ਖਤਮ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਖਾਲਸਾ ਰਾਜ ਦੀ ਖੁਸ਼ਹਾਲੀ, ਏਕਤਾ ਅਤੇ ਮਜ਼ਬੂਤੀ 'ਚ ਪੰਜਾਬ ਦੀ ਮੁੱਢਲੀ ਸਿੱਖਿਆ ਜੋ ਕਿ ਗੁਰਬਾਣੀ 'ਤੇ ਅਧਾਰਤ ਸੀ, ਦੀ ਵੱਡੀ ਭੂਮਿਕਾ ਦੇਖਣ ਨੂੰ ਮਿਲਦੀ ਹੈ। ਇਸ ਲਈ ਅੰਗ੍ਰੇਜ਼ ਨੇ ਪੰਜਾਬ ਦੀ ਪ੍ਰਫੁੱਲਤਾ ਅਤੇ ਅਗਾਂਹਵਧੂ ਮਜ਼ਬੂਤ ਸਮਾਜ ਸਿਰਜਣ ਪ੍ਰਣਾਲੀ ਨੂੰ ਨਸ਼ਟ ਕਰਨ ਲਈ ਹੀ ਇਸ ਦੀ ਸਿੱਖਿਆ ਪ੍ਰਣਾਲੀ ਅਤੇ ਸਿੱਖਿਆ ਸਮੱਗਰੀ ਨੂੰ ਖਤਮ ਕੀਤਾ।

ਇਤਿਹਾਸ ਕਿਧਰੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਰਦਾ ਕਿ ਅੰਗ੍ਰੇਜ਼ ਨੇ ਕਿਸੇ ਧਰਮ ਦੇ ਅਦਾਰਿਆਂ ਅਤੇ ਕੇਂਦਰਾਂ ਨੂੰ ਆਪਣੇ ਕਬਜ਼ੇ 'ਚ ਕੀਤਾ ਹੋਵੇ ਸਿਵਾਏ ਗੁਰਦੁਆਰਿਆਂ ਦੇ। ਸਿਰਫ਼ ਸਿੱਖ ਧਰਮ ਦੇ ਇਤਿਹਾਸਕ ਅਤੇ ਵੱਡੇ ਗੁਰਦੁਆਰਿਆਂ ਨੂੰ ਪਹਿਲਾਂ ਤਾਂ ਸਿੱਧਾ ਆਪਣੇ ਅਧਿਕਾਰ ਹੇਠ ਲੈ ਲਿਆ ਗਿਆ ਅਤੇ ਫਿਰ ਹਿੰਦੂ ਮਹੰਤਾਂ ਰਾਹੀਂ ਸਿੱਖ ਵਿਰੋਧੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਰਤਿਆ। ਇਹ ਵੀ ਸਪਸ਼ਟ ਹੈ ਕਿ ਅੰਗ੍ਰੇਜ਼ ਨੇ ਗੁਰਬਾਣੀ 'ਤੇ ਅਧਾਰਤ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਖਤਮ ਕੀਤਾ। ਸਿੱਖ ਰਾਜ ਦੀਆਂ ਨਿਸ਼ਾਨੀ ਕਿਲਿਆਂ ਅਤੇ ਗੜ੍ਹਾਂ ਨੂੰ ਢਾਹਿਆ ਅਤੇ ਸਿੱਖਾਂ ਨੂੰ ਸ਼ਸਤਰਹੀਣ ਕਰ ਦਿੱਤਾ। ਇਹ ਸੱਭ ਕੁੱਝ ਕਰਨ ਦੇ ਮੁੱਖ ਕਾਰਨ ਇਹੋ ਸਨ ਕਿ ਅੰਗ੍ਰੇਜ਼ ਸਿੱਖਾਂ ਤੋਂ ਬਹੁਤ ਜ਼ਿਆਦਾ ਖੌਫ਼ਜ਼ਦਾ ਸਨ। ਉਹ ਭਾਰਤ ਨੂੰ ਅਖੌਤੀ ਆਜ਼ਾਦੀ ਦੇਣ ਬਾਅਦ ਪੰਜਾਬ ਨੂੰ ਛੱਡ ਕੇ ਜਾਣ ਦੇ ਸੱਤ ਦਹਾਕਿਆਂ ਬਾਅਦ ਤੱਕ ਅੱਜ ਵੀ ਖਾਲਸਾ ਰਾਜ ਦੀਆਂ ਫੌਜਾਂ ਦੇ ਮੁੜ ਸੰਗਠਤ ਹੋਣ ਦੇ ਖਿਆਲ ਤੋਂ ਬੇਚੈਨ ਹੋ ਜਾਂਦੇ ਹਨ। ਇਹ ਤਰਕ ਨਿਰਆਧਾਰ ਜਿਹਾ ਜਾਪੇਗਾ ਜੇ ਇਸ ਬਾਰੇ ਕੁੱਝ ਸਿੱਟਾ ਕੱਢਣ ਦੇ ਬਿਨਾ ਹੀ ਅੱਗੇ ਤੁਰ ਪਈਏ। ਸਭਾਰਾਉਂ, ਮੁਦਕੀ, ਬੱਦੋਵਾਲ ਅਤੇ ਚਿੱਲਿਆਂ ਵਾਲਾ ਦੀਆਂ ਲੜਾਈਆਂ 'ਚ ਜਿਹਨਾਂ ਅੰਗ੍ਰੇਜ਼ ਜਰਨੈਲਾਂ ਨੇ ਹਿੱਸਾ ਲਿਆ ਉਹਨਾਂ ਦੀਆਂ ਹੱਡਬੀਤੀਆਂ ਲਿਖਤੀ ਰੂਪ 'ਚ ਇਸ ਗੱਲ ਦੀਆਂ ਗਵਾਹ ਹਨ ਕਿ ਅੰਗ੍ਰੇਜ਼ਾਂ ਨੂੰ ਇਹ ਸੱਭ ਕਿਉਂ ਕਰਨਾ ਪਿਆ।

ਇਤਿਹਾਸਕ ਵਰਕਿਆਂ ਨੂੰ ਪੜ੍ਹਦਿਆਂ ਉਹਨਾਂ ਦੀ ਵਿਆਖਿਆ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਵੀ ਹਮਲਾਵਰ ਜਾਂ ਧਾੜਵੀ ਨੇ ਪੰਜਾਬ ਅਤੇ ਭਾਰਤ 'ਤੇ ਕਬਜ਼ਾ ਕੀਤਾ ਤਾਂ ਬਹੁ-ਗਿਣਤੀ ਪਰਜਾ ਦੇ ਅਮੀਰ ਅਤੇ ਸਮਾਜ ਦੇ ਰਸੂਖ ਵਾਲੇ ਹਿੱਸੇ ਨੇ ਜੇਤੂ ਹਮਲਾਵਰਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਰਾਜ ਭਾਗ ਚਲਾਉਣ ਦੀਆਂ ਬਾਰੀਕੀਆਂ ਦੱਸੀਆਂ। ਅਜਿਹਾ ਸ਼ਾਇਦ ਇਸ ਲਈ ਕੀਤਾ ਹੋਵੇਗਾ ਕਿਉਂਕਿ ਅਮੀਰ ਵਰਗ ਲੜਨ ਦੇ ਸਮਰੱਥ ਨਹੀਂ ਹੁੰਦਾ ਅਤੇ ਆਪਣਾ ਮਾਲ ਅਸਬਾਬ ਅਤੇ ਕਾਰੋਬਾਰ ਸਾਂਭਣ ਬਾਰੇ ਚਿੰਤਾ ਪਾਲ਼ਦਾ ਹੈ। ਭਾਰਤੀ ਬਹੁ-ਗਿਣਤੀ ਦਾ ਅਮੀਰ ਵਰਗ ਇਸ ਦੇ ਬਦਲੇ ਆਪਣਾ ਵਪਾਰ ਵੀ ਚਲਾਉਂਦਾ ਰਿਹਾ ਅਤੇ ਰਾਜ ਭਾਗ 'ਚ ਉੱਚੇ ਅਹੁਦਿਆਂ 'ਤੇ ਨਿਯੁਕਤ ਵੀ ਹੁੰਦਾ ਰਿਹਾ। ਮੁਗ਼ਲਾਂ ਅਤੇ ਬਾਅਦ ਵਿਚ ਅੰਗ੍ਰੇਜ਼ਾਂ ਨਾਲ ਭਾਰਤੀ ਬਹੁ-ਗਿਣਤੀ ਦੀ ਅਮੀਰ ਸ਼੍ਰੇਣੀ ਦੀ ਮਿਲੀ-ਭੁਗਤ ਇਤਿਹਾਸ ਦੇ ਪੰਨਿਆਂ 'ਤੇ ਕੌੜਾ ਸੱਚ ਬਣੀ ਉਹਨਾਂ  ਦੀ ਦੇਸ਼ ਭਗਤੀ ਨੂੰ ਅੰਗੂਠਾ ਦਿਖਾ ਰਹੀ ਹੈ।  ਪੰਜਾਬ 'ਤੇ ਅੰਗ੍ਰੇਜ਼ਾਂ ਦੇ ਕਬਜ਼ੇ ਦੇ ਤੁਰੰਤ ਬਾਅਦ ਭਾਰਤੀ ਬਹੁ-ਗਿਣਤੀ ਦੀ ਅਮੀਰ ਸ਼੍ਰੇਣੀ ਨੇ ਵੀ ਖੁਸ਼ੀ 'ਚ ਦੀਵੇ ਜਗਾਏ ਅਤੇ ਇਹੋ ਬਹੁ-ਗਿਣਤੀ ਪੰਜਾਬ ਵਿੱਚ ਵੀ ਅੰਗ੍ਰੇਜ਼ ਦੀ ਭਾਈਵਾਲ ਬਣ ਗਈ। ਹਿੰਦੂਆਂ ਦੀ ਇਸੇ ਅਮੀਰ ਸ਼੍ਰੇਣੀ ਨੇ ਅੰਗ੍ਰੇਜ਼ੀ ਹਾਕਮਾਂ ਨੂੰ ਸਿੱਖਾਂ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਨੂੰ ਖਤਮ ਕਰਨ ਦੀਆਂ ਵਿਉਂਤਾਂ ਦੱਸੀਆਂ ਅਤੇ ਉਹਨਾਂ ਵਿਉਂਤਾਂ 'ਤੇ ਅਮਲ ਕਰਵਾਇਆ। ਇਹੋ ਕਾਰਨ ਸੀ ਕਿ ਸਿੱਖਾਂ 'ਚ 'ਸ਼ਬਦ ਗੁਰੂ' ਨਾਲੋਂ ਦੂਰੀਆਂ ਵਧੀਆਂ ਅਤੇ ਆਪਣੇ ਦੀਨ ਲਈ ਲੜਨ ਤੋਂ ਪਿੱਛੇ ਹਟਦੇ ਗਏ। ਅਮੀਰ ਹਿੰਦੂ ਵਾਂਗ ਪੰਜਾਬ ਦੇ ਕੁੱਝ ਸਿੱਖ ਵੀ 'ਸਰਦਾਰ ਬਹਾਦਰ' ਅਤੇ ਨਾਈਟਹੁੱਡ ਦੀਆਂ ਉਪਾਧੀਆਂ ਲੈ ਕੇ ਅਯਾਸ਼ੀਆਂ ਵਿਚ ਪੈ ਗਏ। 1854 ਤੋਂ ਲੈ ਕੇ 1870-75 ਤੱਕ ਦਾ ਸਮਾਂ ਕੁੱਝ ਅਜਿਹਾ ਰਿਹਾ ਜਦੋਂ ਸਿੱਖਾਂ ਨੂੰ ਧਾਰਮਿਕ ਅਤੇ ਰਾਜਨੀਤਕ ਪੱਖੋਂ ਮੁਗ਼ਲਾਂ ਦੇ ਸਮੇਂ ਨਾਲੋਂ ਵੀ ਵਧੇਰੇ ਜ਼ੁਲਮ ਸਹਿਣੇ ਪਏ ਅਤੇ ਇਸ ਦੌਰਾਨ ਸਿੱਖਾਂ ਦਾ ਕੋਈ ਵੀ ਧਾਰਮਿਕ ਜਾਂ ਰਾਜਨੀਤਕ ਰਹਿਬਰ ਕੌਮ ਨੂੰ ਅਗਵਾਈ ਦੇਣ ਲਈ ਅੱਗੇ ਨਹੀਂ ਆਇਆ। ਇਹੋ ਸਮਾਂ ਸੀ ਜਦੋਂ ਸਿੱਖਾਂ 'ਚ ਆਚਰਣ-ਹੀਣਤਾ ਅਤੇ ਸ਼ਰਾਬ ਦੀ ਬੁਰਾਈ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਸਨ। ਅੰਗ੍ਰੇਜ਼ਾਂ ਵੱਲੋਂ ਗੁਰੂ ਘਰਾਂ ਵਿਚ ਬਠਾਏ ਮਹੰਤ ਅਤੇ ਉਹਨਾਂ ਦੀ ਜੁੰਡਲੀ ਪਹਿਲਾਂ ਹੀ ਸ਼ਰਾਬ, ਅਫ਼ੀਮ, ਭੰਗ ਆਦਿ ਨਸ਼ਿਆਂ ਦਾ ਖੁਲ੍ਹੇ ਰੂਪ 'ਚ ਸੇਵਨ ਕਰਨ ਲੱਗੀ ਸੀ ਅਤੇ ਹਿੰਦੂ ਮਹੰਤਾਂ ਵੱਲੋਂ ਔਰਤਾਂ ਨਾਲ ਵਿਭਚਾਰ ਦੀਆਂ ਘਟਨਾਵਾਂ ਵਧਣ ਲੱਗੀਆਂ ਸਨ। ਗੁਰੂ ਨਾਨਕ ਨਾਮ ਲੇਵਾ ਸਿੱਖ ਇਹਨਾਂ ਘਟਨਾਵਾਂ ਅਤੇ ਸਿੱਖ ਸਮਾਜ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਤੋਂ ਬਹੁਤ ਦੁਖੀ ਹੋਇਆ। ਇਹਨਾਂ ਵਿਚ ਸ. ਚਰਨ ਸਿੰਘ ਸ਼ਹੀਦ ਅਤੇ ਹੋਰ ਬਹੁਤ ਸਾਰੇ ਵਿਦਵਾਨ ਸਿੱਖ ਸ਼ਾਮਲ ਹਨ। ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁੱਖ ਸਿੰਘ ਜਿਹੇ ਸਿੱਖ ਚਿੰਤਕ ਵੀ ਸਿੱਖ ਸੁਧਾਰ ਲਹਿਰ ਨਾਲ ਜੁੜ ਗਏ। ਇਹਨਾਂ ਸਿੱਖ ਸੱਜਣਾਂ ਦੇ ਯਤਨਾਂ ਸਦਕਾ ਹੀ 'ਸਿੰਘ ਸਭਾ ਲਹਿਰ' ਸਿੱਖ ਸਮਾਜ ਅਤੇ ਸਿੱਖ ਧਾਰਮਿਕ ਸਥਾਨਾਂ 'ਚ ਸਮਾਜਕ ਬੁਰਾਈਆਂ ਨੂੰ ਖ਼ਤਮ ਕਰਦੀ ਹੋਈ ਅੱਗੇ ਵਧਦੀ ਹੈ। 1919 ਦੇ ਬਾਅਦ 'ਸਿੰਘ ਸਭਾ' ਅਤੇ 'ਚੀਫ਼ ਖਾਲਸਾ ਦੀਵਾਨ' ਦੇ ਯਤਨਾਂ ਨਾਲ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਮੋਰਚੇ ਲੱਗੇ। ਇਹਨਾਂ ਮੋਰਚਿਆਂ 'ਚ ਵੱਡੀ ਗਿਣਤੀ ਸਿੱਖਾਂ ਵੱਲੋਂ ਹਿੱਸਾ ਲਿਆ ਗਿਆ ਅਤੇ ਇਸ ਤਰਾਂ ਸਿੱਖ ਸਮਾਜ ਆਪਣੀਆਂ ਪਹਿਲੀਆਂ ਲੀਹਾਂ 'ਤੇ ਆ ਗਿਆ। ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਜਥਿਆਂ ਵੱਲੋਂ ਗੁਰਦੁਆਰਿਆਂ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਾਉਣ ਲਈ ਕੂਚ ਕੀਤਾ ਜਾਂਦਾ। ਜਥਿਆਂ 'ਤੇ ਹਿੰਦੂ ਮਹੰਤਾਂ ਵੱਲੋਂ ਅੰਗ੍ਰੇਜ਼ ਦੀ ਮਦਦ ਨਾਲ ਜ਼ੁਲਮ ਢਾਹਿਆ ਜਾਂਦਾ। 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਜਥੇ ਗਏ। ਹਿੰਦੂ ਮਹੰਤਾਂ ਨੇ ਗੁੰਡਾ ਅਨਸਰਾਂ ਅਤੇ ਅੰਗ੍ਰੇਜ਼ੀ ਪ੍ਰਸ਼ਾਸਨ ਦੀ ਮਦਦ ਨਾਲ ਸ਼ਾਂਤਮਈ ਸਿੱਖਾਂ 'ਤੇ ਗੋਲ਼ੀ ਚਲਾਈ ਅਤੇ ਤਲਵਾਰਾਂ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ। ਸੈਂਕੜੇ ਸਿੱਖ ਸ਼ਹੀਦ ਹੋ ਗਏ। ਇਹਨਾਂ 'ਚ ਨਨਕਾਣਾ ਸਾਹਿਬ ਦੀ ਘਟਨਾ ਹਿਰਦੇ ਵਲੂੰਧਰਣ ਵਾਲੀ ਸੀ ਜਿੱਥੇ ਹਿੰਦੂ ਮਹੰਤ ਨਰਾਇਣ ਦਾਸ ਨੇ ਸਿੱਖਾਂ ਦੀ ਅਗਵਾਈ ਕਰ ਰਹੇ ਜਥੇਦਾਰ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਅਤੇ ਹੋਰ ਕਈ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ।

ਇਹਨਾਂ ਸ਼ਹੀਦੀਆਂ ਦੇ ਬਾਅਦ ਪੂਰੀ ਸਿੱਖ ਕੌਮ ਇਕੱਠੀ ਹੋ ਗਈ। ਅੰਗ੍ਰੇਜ਼ਾਂ ਅਤੇ ਹਿੰਦੂ ਮਹੰਤਾਂ ਖਿਲਾਫ਼ ਸਿੱਖਾਂ ਦਾ ਰੋਹ ਉਬਾਲੇ ਖਾਣ ਲੱਗਾ। ਅੰਗ੍ਰੇਜ਼ ਦੀਆਂ ਖੁਫ਼ੀਆ ਰਿਪੋਰਟਾਂ ਨੇ ਇਹ ਗੱਲ ਤਾੜ ਲਈ ਕਿ ਜੇਕਰ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਨਾ ਕੀਤਾ ਗਿਆ ਤਾਂ ਹਿੰਦੂ ਮਹੰਤਾਂ ਦੇ ਨਾਲ ਨਾਲ ਉਹਨਾਂ ਦਾ ਬੋਰੀਆ ਬਿਸਤਰਾ ਵੀ ਗੋਲ ਹੋਇਆ ਸਮਝੋ। ਇਸ ਮੋੜ 'ਤੇ ਆ ਕੇ ਅੰਗ੍ਰੇਜ਼ ਨੇ ਹਿੰਦੂ ਅਮੀਰ ਸ਼੍ਰੇਣੀ ਦੇ ਆਗੂਆਂ ਨਾਲ ਆਪਣੇ ਮਿਲਵਰਤਣ ਅਤੇ ਖਾਸ ਕਰਕੇ ਸਿੱਖਾਂ ਦੇ ਮਾਮਲਿਆਂ 'ਚ ਮੁੜ ਵਿਚਾਰ ਕੀਤਾ ਅਤੇ ਸਿੱਖਾਂ ਨਾਲ ਨਜਿੱਠਣ ਲਈ ਹਿੰਦੂ ਲੀਡਰਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਅਤੇ ਸਲਾਹ ਮਸ਼ਵਰਿਆਂ 'ਤੇ ਡੂੰਘੀ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਜ਼ੋਰ ਜ਼ਬਰਦਸਤੀ ਦੀ ਥਾਂ ਯੋਜਨਾਬੰਦੀ ਨਾਲ ਸਿੱਖਾਂ 'ਤੇ ਸ਼ਿਕੰਜਾ ਕਸਣ ਨੂੰ ਤਰਜੀਹ ਦਿੱਤੀ ਗਈ। ਇਸ ਤਰਾਂ ਦੀ ਕੁਟਲਨੀਤੀ 'ਤੇ ਚੱਲਦਿਆਂ ਆਖਿਰ ਗੁਰਦੁਆਰਿਆਂ ਵਿਚੋਂ ਹਿੰਦੂ ਮਹੰਤਾਂ ਨੂੰ ਕੱਢ ਕੇ ਕਬਜ਼ਾ ਸਿੱਖਾਂ ਨੂੰ ਦੇ ਦਿੱਤਾ ਗਿਆ। ਕਬਜ਼ਾ ਲੈਣ ਤੋਂ ਬਾਅਦ ਸਿੱਖਾਂ ਨੇ ਗੁਰ ਮਰਿਆਦਾ ਨੂੰ ਮੁੜ ਬਹਾਲ ਕੀਤਾ। ਸਿੱਖ ਧਰਮ ਨੂੰ ਹਿੰਦੂ ਧਰਮ ਜਿਹਾ ਬਣਾ ਕੇ ਇਸ ਦਾ ਨਿਆਰਾਪਣ ਖਤਮ ਕਰਨ ਲਈ ਹਿੰਦੂਆਂ ਵੱਲੋਂ ਦਰਬਾਰ ਸਾਹਿਬ ਵਿਚ ਰੱਖੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਹਟਾ ਦਿੱਤਾ ਗਿਆ। ਉਂਝ ਉਪਰਲੀ ਤਹਿ ਤੋਂ ਦੇਖਿਆਂ ਇਹ ਸਿੱਖਾਂ ਦੀ ਵੱਡੀ ਜਿੱਤ ਕਹੀ ਜਾ ਸਕਦੀ ਹੈ। ਪਰ ਇਸ ਦੇ ਅੰਦਰ ਨੂੰ ਚਿੰਤਨ ਦੇ ਪੱਧਰ 'ਤੇ ਜੇ ਮੁੜ ਵਿਆਖਿਆ ਕੀਤੀ ਜਾਵੇ ਤਾਂ ਕੁੱਝ ਹੋਰ ਪੇਸ਼ਬੰਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ। ਇਸ ਦਾ ਜ਼ਿਕਰ ਅੱਗੇ ਚੱਲ ਕੇ ਕੀਤਾ ਗਿਆ ਹੈ।

ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਮੋਰਚੇ ਵਿਚ ਵੀ ਅੰਗ੍ਰੇਜ਼ ਪ੍ਰਸ਼ਾਸਨ ਨੇ ਝੁਕਣ ਦਾ ਦਿਖਾਵਾ ਕੀਤਾ। ਇਸ ਬਾਰੇ ਗਾਂਧੀ ਨੇ ਇੱਕ ਬਹੁਤ ਯੋਜਨਾਬੱਧ ਬਿਆਨ ਦਿੱਤਾ। ਗਾਂਧੀ ਨੇ ਕਿਹਾ ਕਿ ਚਾਬੀਆਂ ਦਾ ਮੋਰਚਾ ਜਿੱਤ ਕੇ ਸਿੱਖਾਂ ਨੇ ਭਾਰਤੀ ਰਾਸ਼ਟਰਵਾਦ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹਨਾਂ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਅਤੇ ਸਿੱਖਾਂ ਨੂੰ ਤਥਾ-ਕਥਿਤ ਰਾਸ਼ਟਰਵਾਦ ਨਾਲ ਜੋੜਨ ਲਈ ਹਿੰਦੂ ਲੀਡਰਾਂ ਵੱਲੋਂ ਉਹਨਾਂ ਦੀ ਝੂਠੀ ਪਿੱਠ ਥਾਪੜੀ ਜਾਂਦੀ ਰਹੀ। ਕਿਉਂਕਿ ਗੁਰਦੁਆਰਿਆਂ ਦਾ ਕਬਜ਼ਾ ਹਿੰਦੂ ਮਹੰਤਾਂ ਕੋਲੋਂ ਵਾਪਸ ਲੈਣ ਅਤੇ ਦਰਬਾਰ ਸਾਹਿਬ ਦੀਆਂ ਚਾਬੀਆਂ ਵਾਪਸ ਲੈਣ ਵਿੱਚ ਕੋਈ ਅਲੋਕਾਰੀ ਗੱਲ ਨਹੀਂ ਮੰਨਵਾਈ ਗਈ ਸੀ ਬਲਕਿ ਇਹ ਸਭ ਕੁੱਝ ਹੱਕੀ ਸੀ। ਇਸੇ ਤਰ੍ਹਾਂ 'ਗੁਰ-ਮਰਿਆਦਾ' ਬਹਾਲ ਕਰਾਉਣੀ ਵੀ ਹੱਕੀ ਧਾਰਮਿਕ ਫ਼ਰਜ਼ਾਂ ਵਿਚ ਇੱਕ ਸੀ। ਇੱਥੇ ਹਿੰਦੂ ਅਮੀਰ ਸ਼੍ਰੇਣੀ ਸਿੱਖਾਂ ਨਾਲ ਦੋਹਰਾ ਵਰਤਾਅ ਕਰ ਰਹੀ ਸੀ। ਜਿੱਥੇ ਭਾਰਤ ਦੀ ਆਜ਼ਾਦੀ ਲਈ ਉਹ ਪੰਜਾਬ ਦੇ ਸਿੱਖਾਂ ਨੂੰ ਰਾਸ਼ਟਰਵਾਦ ਦੇ ਕਲਾਵੇ 'ਚ ਲੈਣ ਦਾ ਵਿਖਾਵਾ ਕਰ ਰਹੀ ਸੀ ਉੱਥੇ ਪੰਜਾਬ 'ਚ ਗੁਰਦੁਆਰਿਆਂ 'ਤੇ ਕਬਜ਼ਾ ਕਰੀ ਬੈਠੇ ਹਿੰਦੂ ਮਹੰਤ ਜਿਹੜੇ ਸਿੱਖਾਂ ਅਤੇ ਸਿੱਖੀ ਵਿਰੁੱਧ ਜਮ ਕੇ ਕੰਮ ਕਰ ਰਹੇ ਸਨ ਉਹਨਾਂ ਦੀ ਪਿੱਠ ਵੀ ਥਾਪੜ ਰਹੀ ਸੀ।

ਦੂਜੇ ਪਾਸੇ ਅੰਗ੍ਰੇਜ਼ਾਂ ਅਤੇ ਹਿੰਦੂ ਲੀਡਰਸ਼ਿਪ ਵੱਲੋਂ ਪ੍ਰੋਮੋਟ ਕੀਤੇ ਗਏ ਸਿੱਖ ਲੀਡਰ ਸੁੰਦਰ ਸਿੰਘ ਮਜੀਠੀਏ ਜਿਹੇ ਲੋਕ ਵੀ ਸਿੱਖ ਕਾਜ ਦੀ ਅੰਦਰੋਂ ਪੂਰੀ ਤਰਾਂ ਵਿਰੋਧਤਾ ਕਰ ਰਹੇ ਸਨ। ਸੁੰਦਰ ਸਿੰਘ ਜਿਹੇ ਅਖੌਤੀ ਸਿੱਖ ਲੀਡਰ ਗੁਰਦੁਆਰਾ ਪ੍ਰਬੰਧ ਨੂੰ ਅੰਗ੍ਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੀ ਸਿੱਖਾਂ ਦੀ ਮੋਹਰਲੀ ਕਤਾਰ ਦੇ ਆਗੂਆਂ ਅਤੇ ਅੰਗ੍ਰੇਜ਼ਾਂ ਦਰਮਿਆਨ ਗੱਲਬਾਤ ਲਈ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਸਨ। ਅਸਲ 'ਚ ਇਹ ਭੂਮਿਕਾ ਵਿਚੋਲਗਿਰੀ ਦੀ ਘੱਟ ਸਿੱਖ ਹੱਕਾਂ ਨੂੰ ਕੁਚਲਣ ਵਾਲੀ ਵੱਧ ਸੀ। ਸੁੰਦਰ ਸਿੰਘ ਮਜੀਠੀਏ ਵੱਲੋਂ ਨਨਕਾਣਾ ਸਾਹਿਬ ਦੇ ਹਿੰਦੂ ਮਹੰਤ ਨਰੈਣ ਦਾਸ ਦੀ ਸਿੱਧੀ ਮਦਦ ਕੀਤੀ ਜਾ ਰਹੀ ਸੀ। ਮੌਖਿਕ ਰੂਪ 'ਚ ਚੱਲੀਆਂ ਆ ਰਹੀਆਂ ਗੱਲਾਂ ਦੇ ਮੁਤਾਬਕ ਤਾਂ ਨਰੈਣ ਦਾਸ ਸੁੰਦਰ ਸਿੰਘ ਮਜੀਠੀਏ ਦਾ ਨੇੜਲਾ ਰਿਸ਼ਤੇਦਾਰ ਸੀ। ਇਸ ਬਾਰੇ ਲੇਖਕ ਵੱਲੋਂ ਇਸ ਤੱਥ ਬਾਰੇ ਖੋਜ ਜਾਰੀ ਹੈ। ਜਦਕਿ ਇਹ ਗੱਲ ਕਾਫ਼ੀ ਹੱਦ ਤੱਕ ਸਹੀ ਜਾਪਦੀ ਹੈ ਕਿ ਸੁੰਦਰ ਸਿੰਘ ਮਜੀਠੀਆ ਨਰੈਣ ਦਾਸ ਮਹੰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਾਂ ਤੋਂ ਲੁਕਾ ਕੇ ਗੁਪਤ ਰੂਪ 'ਚ ਆਪਣੇ ਉੱਤਰ ਪ੍ਰਦੇਸ਼ ਦੇ ਗੋਰਖ਼ਪੁਰ ਵਾਲ਼ੇ ਫ਼ਾਰਮ 'ਤੇ0 ਲੈ ਗਿਆ ਸੀ। ਜਿੱਥੇ ਬਰਤਾਨਵੀ ਭਾਰਤ ਸਰਕਾਰ ਵੱਲੋਂ ਨਰੈਣ ਦਾਸ ਨੂੰ ਨਨਕਾਣਾ ਸਾਹਿਬ ਵਿਖੇ ਸਿੱਖਾਂ 'ਤੇ ਕੀਤੇ ਗਏ ਜ਼ੁਲਮਾਂ ਦੇ ਇਨਾਮ ਵੱਜੋਂ ਜ਼ਮੀਨ ਦਾ ਇੱਕ ਵੱਡਾ ਟੁਕੜਾ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਇਹ ਵੀ ਸੁੰਦਰ ਸਿੰਘ ਮਜੀਠੀਆ ਦੇ ਯਤਨਾਂ ਸਦਕਾ ਹੋਇਆ। ਨਰੈਣ ਦਾਸ ਮਜੀਠੀਆ ਪਰਿਵਾਰ ਅਤੇ ਭਾਰਤ ਦੀ ਛਤਰ ਛਾਇਆ ਹੇਠ ਲਗਭਗ 1975 ਤੱਕ ਜਿਊਂਦਾ ਰਿਹਾ। ਸੁੰਦਰ ਸਿੰਘ ਮਜੀਠੀਏ ਵੱਲੋਂ ਨਰੈਣ ਦਾਸ ਦੀ ਸਿੱਧੀ ਮਦਦ ਕੀਤੇ ਜਾਣ ਦੀ ਪੁਸ਼ਟੀ 'ਬੱਬਰ ਅਕਾਲੀ ਲਹਿਰ' ਦੇ ਕੁੱਝ ਸਰਗਰਮ ਮੈਂਬਰਾਂ ਵੱਲੋਂ ਵੀ ਕੀਤੀ ਗਈ। 

19, 20 ਅਤੇ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿੱਖ ਐਜੂਕੇਸ਼ਨਲ ਕਾਨਫਰੰਸ 'ਚ ਇੱਕ ਵੱਖਰੀ ਮੀਟਿੰਗ ਹੋਈ ਸੀ। ਜਿਸ ਵਿਚ ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਬੜਿੰਗ, ਅਮਰ ਸਿੰਘ ਦਿੱਲੀ, ਬਿਜਲਾ ਸਿੰਘ ਪਟਿਆਲਾ, ਗੁਰਬਚਨ ਸਿੰਘ ਅੰਬਾਲਾ, ਅਮਰ ਸਿੰਘ ਕੋਟ ਬਾੜੇ ਖਾਂ, ਚਤਰ ਸਿੰਘ (ਜ਼ਿਲ੍ਹਾ ਸ਼ੇਖਪੁਰਾ), ਸ਼ੰਕਰ ਸਿੰਘ ਪੰਡੋਰੀ, ਵਤਨ ਸਿੰਘ ਕਾਹਰੀ, ਭਾਈ ਚੰਚਲ ਸਿੰਘ ਜੰਡਿਆਲਾ, ਨਰੈਣ ਸਿੰਘ ਚਾਟੀਵਿੰਡ ਅਤੇ ਕਈ ਹੋਰਨਾਂ ਨੇ ਹਿੱਸਾ ਲਿਆ। ਇਹ ਸਾਰੇ ਬੱਬਰ ਅਕਾਲੀ ਸਨ। ਇਹਨਾਂ ਨੇ ਮੀਟਿੰਗ 'ਚ ਫ਼ੈਸਲਾ ਕੀਤਾ ਕਿ ਨਨਕਾਣਾ ਸਾਹਿਬ ਦੇ ਸਾਕੇ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਕਤਲ ਕਰ ਦਿੱਤਾ ਜਾਵੇ। ਜ਼ਿੰਮੇਵਾਰ ਦੋਸ਼ੀਆਂ 'ਚ ਬੇਦੀ ਕਰਤਾਰ ਸਿੰਘ, ਮਹੰਤ ਸੇਵਾ ਦਾਸ, ਮਹੰਤ ਬਸੰਤ ਦਾਸ ਮਾਣਕ, ਮਿਸਟਰ ਬਾਉਰਿੰਗ ਐਸ.ਪੀ. ਅਤੇ ਮਿਸਟਰ ਕਿੰਗ ਦੇ ਇਲਾਵਾ ਸੁੰਦਰ ਸਿੰਘ ਮਜੀਠੀਏ ਦੇ ਨਾਮ 'ਤੇ ਚਰਚਾ ਹੋਈ ਸੀ। ਬੱਬਰਾਂ ਦੇ ਮੁਤਾਬਕ ਉਸ ਵੇਲੇ ਸਿੱਖਾਂ 'ਚ ਨਨਕਾਣਾ ਸਾਹਿਬ ਦੇ ਸਾਕੇ ਲਈ ਸੁੰਦਰ ਸਿੰਘ ਮਜੀਠੀਏ ਨੂੰ ਆਮ ਤੌਰ 'ਤੇ ਮੁੱਖ ਦੋਸ਼ੀ ਮੰਨਿਆ ਜਾਂਦਾ ਸੀ। ਬੱਬਰਾਂ ਦੀਆਂ ਕੁਰਬਾਨੀਆਂ ਬਾਰੇ ਕਿਤਾਬ 'ਬੱਬਰਾਂ ਦਾ ਇਤਿਹਾਸ' ਵਿੱਚ ਲੇਖਕ ਅਤੇ ਬੱਬਰਾਂ ਨਾਲ ਸਰਗਰਮੀ ਨਾਲ ਜੁੜੇ ਰਹੇ ਸੁੰਦਰ ਸਿੰਘ ਬੱਬਰ ਮਖਸੂਸਪੁਰੀ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਹੈ।

ਇਸੇ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਚਲਾਉਣ ਲਈ ਸਥਾਨਕ ਸਿੱਖਾਂ ਦੀ ਹਿੱਸੇਦਾਰੀ ਵਾਲੀਆਂ ਕਮੇਟੀਆਂ ਵੱਲੋਂ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। 5 ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ, ਸਿਆਲਕੋਟ 'ਤੇ ਕਬਜ਼ਾ ਕਰਕੇ ਗੁਰਦੁਆਰਾ ਕਮੇਟੀ ਬਣ ਗਈ। 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ 'ਤੇ ਵੀ ਕਬਜ਼ਾ ਹੋ ਗਿਆ ਅਤੇ ਸਿੱਖਾਂ ਨੇ ਪ੍ਰਬੰਧ ਲਈ ਇਕ ਕਮੇਟੀ ਬਣਾ ਦਿੱਤੀ। 15 ਅਤੇ 16 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕ ਬਹੁਤ ਵੱਡਾ ਇਕੱਠ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ। 18 ਨਵੰਬਰ 1920 ਨੂੰ ਪੰਜਾ ਸਾਹਿਬ ਵਿਖੇ ਸਿੱਖਾਂ ਦਾ ਕਬਜ਼ਾ ਹੋਇਆ। 26 ਜਨਵਰੀ 1921 ਨੂੰ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਤੋਂ ਜਥਾ ਰਵਾਨਾ ਹੋਇਆ। ਇੱਥੇ ਪੁਜਾਰੀਆਂ ਨੇ ਜਥੇ 'ਤੇ ਹਮਲਾ ਕਰਕੇ 17 ਸਿੰਘਾਂ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਪਰ 2 ਸਿੰਘ ਬਾਅਦ ਵਿਚ ਸ਼ਹੀਦ ਹੋ ਗਏ। ਇੱਥੇ ਵੀ ਕਬਜ਼ਾ ਕਰਕੇ ਗੁਰਦੁਆਰਾ ਕਮੇਟੀ ਬਣਾ ਦਿੱਤੀ ਗਈ। ਇਸ ਦੇ ਬਾਅਦ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ।

16 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤਾਂ ਕਰ ਲਈ ਗਈ ਪਰ ਇਸ ਦੀਆਂ ਨੀਤੀਆਂ, ਖਰੜਾ ਅਤੇ ਕਾਰਜ ਵਿਧੀ ਘੜਨ ਵਾਸਤੇ ਸਿੱਖਾਂ ਨੂੰ ਲੰਮਾ ਅਤੇ ਔਖਾ ਸੰਘਰਸ਼ ਕਰਨਾ ਪਿਆ। ਜਿਸ ਤਰ੍ਹਾਂ ਦਾ ਪੂਰਨ ਆਜ਼ਾਦੀ ਵਾਲਾ ਖੁਦਮੁਖਤਾਰ ਪ੍ਰਬੰਧ ਸਿੱਖ ਤਿਆਰ ਕਰਨਾ ਚਾਹੁੰਦੇ ਸਨ ਉਹ ਹਿੰਦੂ ਲੀਡਰਾਂ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਸੀ। ਕਿਉਂਕਿ ਭਾਰਤ ਦੀ ਆਜ਼ਾਦੀ ਲਈ ਚੱਲ ਰਹੀਆਂ ਤਿਆਰੀਆਂ ਵਜੋਂ ਹਿੰਦੂਆਂ ਨੂੰ ਸਿੱਖਾਂ ਦੀ ਡੂੰਘੀ ਕਬਰ ਪੁੱਟਣ ਦੀ ਲੋੜ ਸੀ ਜਿਹੜੀ ਉਹਨਾਂ ਬਾਖੂਬ ਤਰੀਕੇ ਨਾਲ ਪੁੱਟੀ। ਹਿੰਦੂ ਲੀਡਰ ਚਾਹੁੰਦਾ ਸੀ ਕਿ ਸਿੱਖਾਂ ਦੇ ਹੱਥ ਅਜਿਹਾ ਛੁਣਛੁਣਾ ਫੜਾਇਆ ਜਾਵੇ ਜਿਸ ਨੂੰ ਉਹ ਹਮੇਸ਼ਾ ਵਜਾਉਂਦੇ ਰਹਿਣ। ਇਸ ਤਰਾਂ ਆਜ਼ਾਦ ਭਾਰਤ 'ਚ ਸਿੱਖ ਛੁਣਛੁਣੇ ਨਾਲ ਖੇਡਦਾ ਰਹੇਗਾ ਅਤੇ ਉਹ ਆਪਣੇ ਰਾਜਨੀਤਕ ਟੀਚੇ ਪ੍ਰਤੀ ਕਦੇ ਵੀ ਜਾਗ ਨਹੀਂ ਸਕੇਗਾ। ਸੁੰਦਰ ਸਿੰਘ ਮਜੀਠੀਆ ਹਿੰਦੂ ਲੀਡਰਸ਼ਿਪ ਦੇ ਦੂਤ ਵਜੋਂ ਵੀ ਕੰਮ ਕਰ ਰਿਹਾ ਸੀ ਅਤੇ ਸਿੱਖਾਂ ਅਤੇ ਅੰਗ੍ਰੇਜ਼ਾਂ ਦਰਮਿਆਨ ਵਿਚੋਲਾ ਵੀ ਸੀ। ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਦੇ ਸਾਰੇ ਸਿੱਖ ਧਾਰਮਿਕ ਸਥਾਨਾਂ ਦਾ ਪ੍ਰਬੰਧ ਸੌਂਪਣ ਸਬੰਧੀ ਨੇਮ ਅਤੇ ਸ਼ਰਤਾਂ ਘੜੀਆਂ ਜਾ ਰਹੀਆਂ ਸਨ ਤਾਂ ਸੁੰਦਰ ਸਿੰਘ ਮਜੀਠੀਆ ਸਿੱਖ ਲੀਡਰਸ਼ਿਪ (ਕਮੇਟੀ) ਵਿਚ ਪੂਰੀ ਕਾਮਯਾਬੀ ਨਾਲ ਘੁਸਪੈਠ ਕਰ ਚੁੱਕਾ ਸੀ। ਸੁੰਦਰ ਸਿੰਘ ਮਜੀਠੀਆ ਨੇ ਪਹਿਲਾਂ ਤੈਅ ਕੀਤੇ ਪ੍ਰੋਗਰਾਮ ਤਹਿਤ ਕੁੱਝ ਅਜਿਹਾ ਮਾਹੌਲ ਤਿਆਰ ਕੀਤਾ ਕਿ ਅੰਗ੍ਰੇਜ਼ ਗੁਰਦੁਆਰਾ ਪ੍ਰਬੰਧ ਦੀ ਪੂਰਨ ਖੁਦਮੁਖਤਿਆਰੀ ਸਿੱਖਾਂ ਨੂੰ ਦੇਣ ਵਾਸਤੇ ਤਿਆਰ ਨਾ ਹੋਇਆ। ਸਿੱਖਾਂ ਅਤੇ ਅੰਗ੍ਰੇਜ਼ ਦਰਮਿਆਨ ਚੱਲ ਰਹੀ ਗੱਲਬਾਤ ਟੁੱਟ ਗਈ ਅਤੇ ਸਰਕਾਰ ਖਿਲਾਫ਼ ਮੋਰਚਾ ਲੱਗ ਗਿਆ। ਗੁਰਦੁਆਰਾ ਪ੍ਰਬੰਧ 'ਤੇ ਸਿੱਖਾਂ ਦੀ ਪੂਰੀ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਬਾਬਾ ਖੜਕ ਸਿੰਘ ਅਤੇ ਅਜਿਹੀ ਸੋਚ ਰੱਖਣ ਵਾਲੇ ਹੋਰਨਾਂ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ। ਜਦਕਿ ਮਜੀਠੀਆ ਜੁੰਡਲੀ ਨਾਲ ਅੰਗ੍ਰੇਜ਼ ਨੇ ਗੱਲਬਾਤ ਸ਼ੁਰੂ ਕਰ ਦਿੱਤੀ। ਆਮ ਸਿੱਖਾਂ ਵਿਚ ਇਹ ਪ੍ਰਭਾਵ ਦਿੱਤਾ ਗਿਆ ਕਿ ਮਜੀਠੀਆ ਹੀ ਸਿੱਖਾਂ ਦਾ ਲੀਡਰ ਹੈ ਅਤੇ ਉਸ ਵੱਲੋਂ ਕੀਤਾ ਗਿਆ ਫ਼ੈਸਲਾ ਸਰਬ ਪ੍ਰਵਾਨਕ ਹੋਵੇਗਾ। ਇਸ ਗੱਲ ਦਾ ਪ੍ਰਚਾਰ ਭਾਰਤ ਦੀ ਹਿੰਦੂ ਲੀਡਰਸ਼ਿਪ ਅਤੇ ਅੰਗ੍ਰੇਜ਼ ਦੋਵਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਕੀਤਾ। ਦੂਜੇ ਪਾਸੇ ਜੇਲ੍ਹ ਵਿਚ ਬਾਬਾ ਖੜਕ ਸਿੰਘ ਦੀ ਅਗਵਾਈ ਵਾਲੀ ਲੀਡਰਸ਼ਿਪ ਗੁਰਦੁਆਰਾ ਪ੍ਰਬੰਧ 'ਤੇ ਪੂਰਨ ਖੁਦਮੁਖਤਿਆਰੀ ਲਈ ਅੜੀ ਰਹੀ। ਪਰ ਮਜੀਠੀਆ ਜੁੰਡਲੀ ਨੇ ਭਵਿੱਖ ਵਿੱਚ ਸਿੱਖਾਂ ਨੂੰ ਆਪਸੀ ਪਾਟੋਧਾੜ ਦਾ ਸ਼ਿਕਾਰ ਬਣਾਉਣ ਵਾਲੀ ਨੀਤੀ ਵਾਸਤੇ ਤਿਆਰ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਮਸੌਦੇ 'ਤੇ ਅੰਗ੍ਰੇਜ਼ ਨਾਲ ਸਮਝੌਤਾ ਕਰ ਲਿਆ। ਇਸ ਤਰਾਂ ਅੱਜ ਜੋ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਹੈ, ਹੋਂਦ ਵਿਚ ਆਈ। ਦੁਨੀਆਂ 'ਚ ਕਰੋੜਾਂ ਦੀ ਅਬਾਦੀ ਵਾਲੀਆਂ ਕੌਮਾਂ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਬਣਾਈ ਗਈ ਕਿਸੇ ਵੀ ਕਮੇਟੀ ਲਈ ਨੁਮਾਇੰਦੇ ਚੁਣਨ ਵਾਸਤੇ ਆਮ ਲੋਕਾਂ ਤੋਂ (ਉਸ ਕੌਮ ਨਾਲ ਸਬੰਧਤ) ਵੋਟਾਂ ਪੁਆਉਣ ਦੀ ਪ੍ਰਣਾਲੀ ਦੇਖਣ ਸੁਣਨ ਵਿਚ ਨਹੀਂ ਮਿਲਦੀ। ਭਾਰਤ ਵਿਚ ਵੀ ਹਿੰਦੂਆਂ ਦੇ ਬਹੁ-ਗਿਣਤੀ ਹੋਣ ਦੇ ਬਾਵਜੂਦ ਕੋਈ ਚੋਣ ਪ੍ਰਣਾਲੀ ਕੰਮ ਨਹੀਂ ਕਰਦੀ। ਇਥੋਂ ਤੱਕ ਕਿ ਮੁਸਲਮਾਨਾਂ, ਜੈਨ, ਬੋਧੀਆਂ, ਇਸਾਈਆਂ ਆਦਿ ਦੇ ਧਾਰਮਿਕ ਸਥਾਨਾਂ ਲਈ ਬਣੀਆਂ ਕਮੇਟੀਆਂ ਦੀ ਚੋਣ ਵੀ ਨਹੀਂ ਹੁੰਦੀ। ਇਹ ਕੱਚਾ ਕੋਹੜ ਸਿਰਫ਼ ਸਿੱਖਾਂ ਨੂੰ ਹੀ ਲਾਇਆ ਗਿਆ ਜਿਸ ਪਿੱਛੇ ਹਿੰਦੂ ਲੀਡਰਸ਼ਿਪ ਅਤੇ ਅੰਗ੍ਰੇਜ਼ ਦੀ ਇਕ ਬਹੁਤ ਵੱਡੀ ਸਾਜ਼ਿਸ਼ ਦਾ ਆਭਾਸ ਹੁੰਦਾ ਹੈ। ਇਸ ਪ੍ਰਬੰਧ ਨੂੰ ਜੇਕਰ ਬਾਰੀਕਬੀਨੀ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿਚ ਸਿੱਖਾਂ ਨੂੰ ਗੁਲਾਮ ਬਣਾਈ ਰੱਖਣ ਦੇ ਕਈ ਨੁਕਤੇ ਨਜ਼ਰ ਆਉਣਗੇ। ਮੌਜੂਦਾ ਕਮੇਟੀ ਦੇ ਸਾਰੇ ਪ੍ਰਬੰਧ ਦੀ ਦੇਖ ਰੇਖ ਅਤੇ ਇਸ ਦੇ ਇਜਲਾਸ ਡਿਪਟੀ ਕਮਿਸ਼ਨਰ ਦੀ ਨਜ਼ਰਸਾਨੀ ਹੇਠ ਹੁੰਦੇ ਹਨ ਜੋ ਕਿ ਭਾਰਤ ਦੀ ਕੇਂਦਰ ਸਰਕਾਰ ਅਧੀਨ ਕੰਮ ਕਰਦਾ ਇੱਕ ਕਰਿੰਦਾ ਹੈ। ਇਸ ਲਈ ਪ੍ਰਬੰਧ 'ਤੇ ਕੇਂਦਰ ਦੀ ਸਿੱਧੀ ਦਖਲਅੰਦਾਜ਼ੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਹੜਾ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਆਜ਼ਾਦ ਰਾਜਨੀਤਕ ਹਸਤੀ ਦਾ ਪ੍ਰਤੀਕ ਹੈ ਉਸ ਦੇ 'ਸਰਬਰਾਹ' ਦੀ ਨਿਯੁਕਤੀ ਵੀ ਅਸਿੱਧੇ ਤਰੀਕੇ ਨਾਲ ਕੇਂਦਰ ਸਰਕਾਰ ਦੇ ਹੱਥ ਵਿਚ ਹੈ। ਜਦਕਿ ਸਿੱਖ ਮਿਸਲਾਂ ਦੇ ਸਮੇਂ ਜਥੇਦਾਰ ਦੀ ਨਿਯੁਕਤੀ ਸਰਬੱਤ ਖਾਲਸਾ ਵੱਲੋਂ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਜਥੇਦਾਰ ਦੀ ਨਿਯੁਕਤੀ ਸਰਬ ਸੰਮਤੀ ਨਾਲ ਕੀਤੇ ਜਾਣ ਦੀ ਪ੍ਰਥਾ ਸੀ। ਪਰ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਜਥੇਦਾਰ ਕਮੇਟੀ ਦੇ ਬਾਕੀ ਮੁਲਾਜ਼ਮਾਂ ਵਾਂਗ ਮਹਿਜ਼ ਤਨਖਾਹਦਾਰ ਮੁਲਾਜ਼ਮ ਬਣ ਕੇ ਰਹਿ ਗਿਆ ਹੈ। ਜਿਸ ਨੂੰ ਜਦੋਂ ਚਾਹੋ ਹਟਾ ਦਿਓ ਅਤੇ ਜਦੋਂ ਚਾਹੋ ਬਦਲ ਦਿਓ। ਇਸ ਦੇ ਨਾਲ ਹੀ ਜਥੇਦਾਰ ਵੀ ਬਾਕੀ ਮੁਲਾਜ਼ਮਾਂ ਵਾਂਗ 58-60 ਸਾਲ ਦੀ ਉਮਰ ਮਗਰੋਂ ਰਿਟਾਇਰ ਕਰ ਦਿੱਤਾ ਜਾਂਦਾ ਹੈ। ਜਦਕਿ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਆਪਣੀ ਵਡੇਰੀ ਉਮਰ ਤੱਕ ਸੇਵਾ ਨਿਭਾਉਂਦੇ ਰਹੇ ਸਨ, ਇਹ ਪਿਰਤ ਗੁਰੂ ਸਾਹਿਬਾਨ ਖ਼ੁਦ ਪਾ ਕੇ ਗਏ ਸਨ। ਅਕਾਲ ਤਖ਼ਤ ਦੇ ਜਥੇਦਾਰ (ਸਾਬਕਾ) ਸ਼ਹੀਦ ਬਾਬਾ ਫ਼ੂਲਾ ਸਿੰਘ ਅਕਾਲੀ ਵੀ ਵਡੇਰੀ ਉਮਰ ਤੱਕ ਸੇਵਾ ਨਿਭਾਉਂਦੇ ਰਹੇ ਸਨ। ਸੋ ਕਮੇਟੀ 'ਚ ਇੰਨੀਆਂ ਵੱਡੀਆਂ ਖਾਮੀਆਂ ਹੋਣ ਦੇ ਬਾਵਜੂਦ 99 ਫ਼ੀਸਦ ਸਿੱਖ ਇਸ ਨੂੰ 'ਸਿੱਖਾਂ ਦੀ ਮਿੰਨੀ ਪਾਰਲੀਮੈਂਟ' ਹੋਣ ਦਾ ਭਰਮ ਪਾਲ਼ੀ ਬੈਠੇ ਹਨ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਮੇਟੀ ਦੀਆਂ ਚੋਣਾਂ ਰਾਹੀਂ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਲਈ ਨਿਰੋਲ ਸਿਆਸੀ ਪਾਰਟੀ ਬਣ ਚੁੱਕੀ ਬਾਦਲ ਦਲ ਪਾਰਟੀ ਦੇ ਲੀਡਰ ਸਿੱਖਾਂ ਵਿਚ ਕਿਸ ਤਰ੍ਹਾਂ ਨਸ਼ੇ ਆਦਿ ਵੰਡਦੇ ਹਨ ਅਤੇ ਸਿੱਖਾਂ ਦੇ ਮਨਾਂ 'ਚੋਂ ਸਿੱਖੀ ਜਜ਼ਬੇ ਨੂੰ ਫ਼ਨਾਹ ਕਰਕੇ ਭਾਰਤੀ ਤੰਤਰ ਦੇ ਇੱਛਾ ਮੁਤਾਬਕ ਅਪਰਾਧਕ ਕਿਸਮ ਦਾ ਸਮਾਜ ਸਿਰਜਣਾ ਚਾਹੁੰਦੇ ਹਨ। ਇਹ ਚੋਣਾਂ ਗੁਰਦੁਆਰਾ ਪ੍ਰਬੰਧ 'ਤੇ ਕਬਜ਼ਾ ਕਰਨ ਲਈ ਗਲਤ ਹੱਥਕੰਡੇ ਵਰਤ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਕਰਾਈਆਂ ਜਾਂਦੀਆਂ ਹਨ। ਗੁਰਦੁਆਰਾ ਚੋਣਾਂ 'ਚ ਵੱਡੇ ਪੱਧਰ 'ਤੇ ਹਿੰਸਾ ਹੁੰਦੀ ਹੈ। ਸਿੱਖ ਹੀ ਸਿੱਖਾਂ ਦੀਆਂ ਪੱਗਾਂ ਉਤਾਰਦੇ ਹਨ। ਜਿਹੜੇ ਲੋਕ ਇਸ ਲਈ ਜਿੰਮੇਵਾਰ ਹੁੰਦੇ ਹਨ ਉਹਨਾਂ ਨੂੰ ਕੇਂਦਰ ਸਰਕਾਰ ਅਹਿਮ ਰਿਆਇਤਾਂ ਅਤੇ ਮਾਣ ਸਨਮਾਨ ਦਿੰਦੀ ਹੈ। ਇਸ ਪ੍ਰਥਾ ਨੂੰ ਲੁਕਵੇਂ ਤਰੀਕੇ ਨਾਲ ਹਰ ਵਾਰ ਉਤਸ਼ਾਹਤ ਕੀਤਾ ਜਾਂਦਾ ਹੈ। ਪੰਥਕ ਜਥੇਬੰਦੀਆਂ ਵੱਲੋਂ ਇਸ ਬਾਰੇ ਵਫ਼ਦਾਂ ਦੇ ਰੂਪ 'ਚ ਗੁਰਦੁਆਰਾ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਕਿਉਂਕਿ ਕਮਿਸ਼ਨ ਸਿੱਖਾਂ ਵੱਲੋਂ ਨਹੀਂ ਬਲਕਿ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਹੁੰਦਾ ਹੈ ਇਸ ਲਈ ਇਹਨਾਂ ਸ਼ਿਕਾਇਤਾਂ 'ਤੇ ਨਜ਼ਰਸ਼ਾਨੀ ਕਰਨ ਦੀ ਥਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਹਰ ਵਾਰ ਕਮੇਟੀ ਚੋਣਾਂ ਵਿਚ ਪਿਛਲੀਆਂ ਚੋਣਾਂ ਨਾਲੋਂ ਵਧੇਰੇ ਜ਼ੋਰ ਸ਼ੋਰ ਨਾਲ ਰੌਲਾ ਰੱਪਾ, ਪੈਸਾ, ਨਸ਼ਾ ਅਤੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਕੇ ਕੌਮਾਂਤਰੀ ਪੱਧਰ 'ਤੇ ਸਿੱਖਾਂ ਦਾ ਜਲੂਸ ਕੱਢਿਆ ਜਾਂਦਾ ਹੈ। ਸਿੱਖਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਆਪਣੇ ਰਾਜ ਪੰਜਾਬ ਨੂੰ ਆਜ਼ਾਦ ਕਰਾਉਣ ਵੱਲ ਵਧਣ ਲਈ ਸੈਮੀਨਾਰ, ਵਿਚਾਰ ਵਟਾਂਦਰੇ ਕਰਨ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤਣ ਲਈ ਤਰਲੋਮੱਛੀ ਹੋਣ ਲੱਗਦੀਆਂ ਹਨ। ਹਿੰਦੂ ਹੁਕਮਰਾਨ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਗੁਜ਼ਾਰੀ ਅਤੇ ਸਿੱਖਾਂ ਵੱਲੋਂ ਇਸ ਛੁਣਛੁਣੇ ਨੁਮਾ ਏਜੰਸੀ ਨਾਲ ਪਰਚ ਜਾਣ 'ਤੇ ਡਾਹਢਾ ਖੁਸ਼ ਹੈ ਅਤੇ 'ਖਾਲਸਾ ਰਾਜ' ਦੀ ਕਾਇਮੀ ਤੋਂ ਹਰ ਤਰਾਂ ਨਾਲ ਨਿਸ਼ਚਿੰਤ ਹੈ। ਸਿੱਖਾਂ ਵੱਲੋਂ ਆਪਣੇ ਮੁਲਕ ਪੰਜਾਬ ਨੂੰ ਆਜ਼ਾਦ ਕਰਾਉਣ ਬਾਰੇ ਸੋਚਣ ਦੇ ਸਿਲਸਿਲੇ 'ਚ ਪੈ ਕੇ ਨਵੀਂਆਂ ਪੋਸ਼ਬੰਦੀਆਂ ਬਨਾਉਣ 'ਤੇ ਕੇਂਦਰੀ ਸਿਸਟਮ ਨੂੰ ਗੋਡਿਆਂ ਪਰਨੇ ਆਉਣਾ ਪੈਣਾ ਸੀ, ਅਜਿਹਾ ਨਜ਼ਾਰਾ 1984 ਤੋਂ 1991 ਤੱਕ ਦੇ ਸੰਘਰਸ਼ ਦੌਰਾਨ ਦੇਖਿਆ ਗਿਆ ਸੀ। ਪਰ ਸਿੱਖ ਇਸ ਵੇਲੇ ਕੇਂਦਰੀ ਸਿਸਟਮ ਨੂੰ ਗੋਡਿਆਂ ਪਰਨੇ ਲਿਆਉਣ ਦੀ ਥਾਂ ਖ਼ੁਦ ਅਜਿਹੀ ਹਾਲਤ ਵਿੱਚ ਦੇਖੇ ਜਾ ਸਕਦੇ ਹਨ। ਇਸ ਹਾਲਤ ਲਈ ਸ਼੍ਰੋਮਣੀ ਕਮੇਟੀ ਦੀ ਬਣਤਰ ਅਤੇ ਇਸ ਦੇ ਕਾਰਜਸ਼ੀਲ ਢਾਂਚੇ ਦਾ ਦੋਸ਼ਪੂਰਣ ਹੋਣਾ ਹੈ ਅਤੇ ਇਹ ਹਰ ਪੱਖੋਂ ਸਿੱਖਾਂ ਦੇ ਖ਼ਿਲਾਫ਼ ਕੰਮ ਕਰਦੀ ਪ੍ਰਤੀਤ ਹੁੰਦੀ ਹੈ।

ਹਿੰਦੂ ਮਹੰਤਾਂ ਨੂੰ ਦਰਬਾਰ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ 'ਚੋਂ ਬਾਹਰ ਕੱਢ ਕੇ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਹੱਥ ਲੈਣ ਲਈ ਸਿੱਖਾਂ ਵੱਲੋਂ ਕੀਤੇ ਸੰਘਰਸ਼ ਦੀ ਉਪਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਮਿਲੀ ਸੀ। ਇਸ ਦੇ ਬਿਲਕੁਲ ਠੀਕ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਦਾ ਖਰੜਾ ਲਿਖਿਆ ਜਾ ਰਿਹਾ ਸੀ ਤਾਂ ਚਲਾਕ ਮਹੰਤਾਂ ਅਤੇ ਉਹਨਾਂ ਦੇ ਮਜੀਠੀਏ ਜਿਹੇ ਪਾਲਣਹਾਰਿਆਂ ਦਰਮਿਆਨ ਲੰਮੀਆਂ ਬੈਠਕਾਂ ਦਾ ਸਿਲਸਿਲਾ ਚੱਲਦਾ ਰਿਹਾ ਅਤੇ ਜਿਸ ਦੇ ਨਤੀਜੇ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਗ਼ੁਜ਼ਾਰੀ ਅਤੇ ਸਿੱਖਾਂ ਦੀ ਹੋਣੀ ਦੇ ਰੂਪ 'ਚ ਨਿਕਲ ਰਹੇ ਹਨ। ਮਹੰਤਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਕੱਢਣ ਦਾ ਕਾਰਜ ਅਜਿਹਾ ਹੋ ਨਿਬੜਿਆ ਕਿ ਹੁਣ ਤੱਕ ਦੇ ਸਿੱਖ ਇਤਿਹਾਸ ਦਾ ਅਧਿਐਨ ਕਰਦਿਆਂ ਪਤਾ ਚੱਲਦਾ ਹੈ ਕਿ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਦੀ ਬਣਤਰ ਅਜਿਹੀ ਤਿਆਰ ਕੀਤੀ ਗਈ ਜਿਸ ਨਾਲ ਬਾਹਰੋਂ ਸਿੱਖਾਂ ਨੂੰ 'ਮਿੰਨੀ ਪਾਰਲੀਮੈਂਟ' ਦਿਖਾਈ ਦੇਵੇ ਪਰ ਇਸ ਦਾ ਸੁਭਾਅ ਮਹੰਤਾਂ ਵਾਲ਼ਾ ਹੀ ਰਹੇ। ਸਿੱਖਾਂ ਨੇ ਜਿਥੇ ਹਿੰਦੂ ਮਹੰਤਾਂ ਨੂੰ ਗੁਰਦੁਆਰਿਆਂ 'ਚੋਂ ਬਾਹਰ ਕੱਢ ਦਿੱਤਾ ਉਥੇ ਆਪਣੇ ਵਿਚੋਂ ਖ਼ੁਦ ਹੀ ਵੋਟਾਂ ਰਾਹੀਂ ਚੁਣ ਕੇ ਆਮ ਸਿੱਖਾਂ ਨੂੰ ਮਹੰਤਾਂ ਦਾ ਦਰਜਾ ਦੇ ਦਿੱਤਾ। ਹਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਥੇਦਾਰ ਨਨਕਾਣਾ ਸਾਹਿਬ ਦੇ ਸਾਕੇ ਦੇ ਖਲਨਾਇਕ ਨਰਾਇਣ ਦਾਸ ਦਾ ਰੂਪ ਕਿਉਂ ਧਾਰ ਲੈਂਦਾ ਹੈ? ਇਹ ਸੁਆਲ ਦਾ ਜਵਾਬ ਸ਼੍ਰੋਮਣੀ ਕਮੇਟੀ ਦੀ ਬਣਤਰ ਦਾ ਅਧਿਐਨ ਕਰਨ ਤੋਂ ਨਿਕਲਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।