ਜੰਗ ’ਚ ਰੋਬੋਟ ਦੀ ਵਰਤੋਂ ਹੋਈ ਤਾਂ ਮਨੁੱਖ ਜਾਤੀ ਦੀ ਹੋਵੇਗੀ ਤਬਾਹੀ
*ਵੱਡੀ ਗਿਣਤੀ ਵਿਚ ਦੇਸ਼ ਕਰ ਰਹੇ ਇਸਦਾ ਵਿਰੋਧ
ਅੰਮ੍ਰਿਤਸਰ ਟਾਈਮਜ ਬਿਉਰੋ
ਦਿਲੀ : ਜੰਗੀ ਤਕਨੀਕ ਦੀ ਹੋੜ ਵਿਚ ਅਮਰੀਕਾ, ਰੂਸ ਤੇ ਕਿਸੇ ਹੱਦ ਤੱਕ ਚੀਨ ਅੱਗੇ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ ਦੇ ਇਸਤੇਮਾਲ ਨਾਲ ਅਜਿਹੇ ਰੋਬੇਟ ਤੇ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਮਨੁੱਖ ਵਾਂਗ ਜੰਗ ਕਰਨਗੀਆਂ। ਉਨ੍ਹਾਂ ਵਿਚ ਦਿਮਾਗ਼ ਨਹੀਂ ਹੋਵੇਗਾ। ਉਹ ਸਿਗਨਲ ਦੇ ਆਧਾਰ ’ਤੇ ਹਮਲਾ ਕਰਨਗੇ। ਅਜਿਹੇ ਰੋਬੋਟ ਤੇ ਮਸ਼ੀਨਾਂ ਨੂੰ ਜੰਗ ਵਿਚ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਜੰਗ ਵਿਚ ਰੋਬੋਟ ਤੇ ਆਟੋਮੈਟਿਕ ਮਸ਼ੀਨਾਂ ਦੀ ਵਰਤੋਂ ਰੋਕਣ ਲਈ ਹੁਣੇ ਜਿਹੇ ਸਵਿਟਜ਼ਲੈਂਡ ਦੇ ਜਨੇਵਾ ਵਿਚ ਦੁਨੀਆ ਦੇ 125 ਦੇਸ਼ਾਂ ਦੀ ਕਾਨਫਰੰਸ ਹੋਈ। ਅਸਲ ’ਚ ਇਨ੍ਹਾਂ ਦੇਸ਼ਾਂ ਦਾ ਇਕ ਸੰਗਠਨ ਹੈ ਜਿਸ ਨੂੰ ਰਵਾਇਤੀ ਹਥਿਆਰਾਂ ਦਾ ਸੰਮੇਲਲਨ (ਕਨਵੈਨਸ਼ਨ ਆਨ ਸਰਟੇਨ ਕਨਵੈਨਸ਼ਨਲ ਵੈਪਨਸ) ਕਿਹਾ ਗਿਆ ਹੈ। ਇਹ ਕਾਨਫਰੰਸ ਮਨੁੱਖ ਜਾਤੀ ਲਈ ਜੰਗ ਦੇ ਖ਼ਤਰੇ ਨੂੰ ਘੱਟ ਕਰਨ ’ਤੇ ਕੰਮ ਕਰਦੀ ਹੈ। ਇਸ ਦੇ ਮੈਂਬਰਾਂ ਨੇ ਮੰਗ ਰੱਖੀ ਕਿ ਜੰਗ ’ਚ ਇਸਤੇਮਾਲ ਲਈ ਬਣ ਰਹੇ ‘ਕਿਲਰ ਰੋਬੋਟਸ’ ’ਤੇ ਰੋਕ ਲਗਾਈ ਜਾਵੇ। ਅਜਿਹੇ ਰੋਬਟ ਤੇ ਮਸ਼ੀਨਾਂ ਬਣਾਉਣ ਵਾਲੇ ਦੇਸ਼ਾਂ ਨੇ ਇਸ ਮਤੇ ਦਾ ਵਿਰੋਧ ਕੀਤਾ।
ਜੰਗ ਦੇ ਰਣਨੀਤੀਕਾਰ ਮੰਨਦੇ ਹਨ ਕਿ ਅਜਿਹੇ ਰੋਬੋਟ ਨਾਲ ਫ਼ੌਜੀਆਂ ਦੇ ਖ਼ਤਰੇ ਨੂੰ ਦੂਰ ਕੀਤਾ ਜਾ ਸਕੇਗਾ। ਮਨੁੱਖ ਦੇ ਮੁਕਾਬਲੇ ਫ਼ੈਸਲੇ ਵੀ ਤੇਜ਼ੀ ਨਾਲ ਕੀਤੇ ਜਾ ਸਕਣਗੇ। ਮਨੁੱਖ ਰਹਿਤ ਡ੍ਰੋਨ ਤੇ ਟੈਂਕ ਨਾਲ ਜੰਗੀ ਖੇਤਰ ਦਾ ਨਕਸ਼ਾ ਹੀ ਬਦਲ ਜਾਵੇਗਾ। ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਮਸ਼ੀਨਾਂ ਨੂੰ ਮਾਰੂ ਫੈਸਲੇ ਲੈਣ ਦਾ ਅਧਿਕਾਰ ਦੇਣਾ ਇਖ਼ਲਾਕੀ ਤੌਰ ’ਤੇ ਗ਼ਲਤ ਹੈ। ਅਜਿਹੇ ਰੋਬੋਟ ਬਾਲਗ ਤੇ ਬੱਚਿਆਂ ਵਿਚਕਾਰ ਫ਼ਰਕ ਨਹੀਂ ਕਰ ਸਕਣਗੇ, ਨਾ ਹੀ ਕਿਸੇ ਫ਼ੌਜੀ ਤੇ ਨਾਗਰਿਕਾਂ ’ਚ ਫ਼ਰਕ ਕਰ ਸਕਣਗੇ। ਅਜਿਹੇ ਵਿਚ ਉਹ ਬੱਸ ਸਾਹਮਣੇ ਦਿਖਾਈ ਦੇ ਰਹੇ ਲਕਸ਼ ਨੂੰ ਨਿਸ਼ਾਨਾ ਬਣਾਉਣਗੇ। ਇਹੀ ਮਨੁੱਖ ਜਾਤੀ ਲਈ ਵੱਡਾ ਖ਼ਤਰਾ ਹੈ। ਕਾਨਫਰੰਸ ਵਿਚ ਰੈੱਡ ਕ੍ਰਾਂਸ ਕੌਮਾਂਤਰੀ ਕਮੇਟੀ ਦੇ ਮੁਖੀ ਪੀਟਰ ਮਾਰਰ ਨੇ ਕਿਹਾ ਕਿ ਮਨੁੱਖ ਦੇ ਸਥਾਨ ’ਤੇ ਜੰਗ ’ਵਿਚ ਆਟੋਮੈਟਿਕ ਹਥਿਆਰਾਂ ਨੂੰ ਅੱਗੇ ਕਰਨ ਦੀ ਗੱਲ ਨੈਤਿਕ ਆਧਾਰ ’ਤੇ ਇਕ ਵੱਡਾ ਸਵਾਲ ਹੈ।
ਅਮਰੀਕਾ ਨੇ ਕੀਤਾ ਭਾਰੀ ਨਿਵੇਸ਼
ਲਾਕਹੀਡ ਮਾਰਟਿਨ, ਬੋਇੰਗ, ਰੇਥਾਨ ਤੇ ਨਾਥਾਰਪ ਵਰਗੇ ਹਥਿਆਰ ਨਿਰਮਾਤਾ ਕੰਪਨੀਆਂ ਨਾਲ ਅਮਰੀਕੀ ਖੇਤਰ ’ਚ ਭਾਰੀ ਨਿਵੇਸ਼ ਕਰ ਰਿਹਾ ਹੈ। ਇਸ ’ਚ ਰੇਡੀਓ ਫਿ੍ਰਕਵੈਂਸੀ ਦੇ ਆਧਾਰ ’ਤੇ ਗਤੀਮਾਨ ਟੀਚਿਆਂ ਦਾ ਪਤਾ ਲਗਾਉਣ ਵਾਲੀ ਲੰਬੀ ਦੂਰੀ ਦੀ ਮਿਜ਼ਾਈਲ, ਹਮਲਾ ਕਰਨ ਵਾਲਾ ਡ੍ਰੋਨ ਦਾ ਝੁੰਡ ਤੇ ਆਟੋਮੈਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸ਼ਾਮਿਲ ਹਨ। ਕੌਮਾਂਤਰੀ ਰਣਨੀਤਕ ਅਧਿਐਨ ਕੇਂਦਰ ਦੇ ਖੋਜੀ ਫਰੈਂਜ ਸਟੀਫਨ ਗਾਡੀ ਦਾ ਕਹਿਣਾ ਹੈ ਕਿ ਆਟੋਮੈਟਿਕ ਹਥਿਆਰ ਪ੍ਰਣਾਲੀ ਦੇ ਵਿਕਾਸ ਦੀ ਹੋੜ ਆਉਣ ਵਾਲੇ ਸਮੇਂ ਵਿਚ ਰੁਕਣ ਵਾਲੀ ਨਹੀਂ ਹੈ।
ਆਟੋਮੈਟਿਕ ਹਥਿਆਰਾਂ ਦਾ ਇਸਤੇਮਾਲ
ਸੰਯੁਕਤ ਰਾਸ਼ਟਰ ਦੇ ਜਾਂਚ ਕਰਤਾਵਾਂ ਮੁਤਾਬਕ ਲੀਬੀਆ ਵਿਚ ਮਿਲੀਸ਼ੀਆ ਲੜਾਕਿਆਂ ਖ਼ਿਲਾਫ਼ ਆਟੋਮੈਟਿਕ ਹਥਿਆਰ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ। ਡ੍ਰੋਨ ਨੇ ਇਕ ਰਾਕੇਟ ਹਮਲੇ ਤੋਂ ਬਾਅਦ ਭੱਜਦੇ ਲੜਾਕਿਆਂ ਦਾ ਪਤਾ ਲਗਾ ਕੇ ਹਮਲਾ ਕੀਤਾ। 2020 ਵਿਚ ਅਜਰਬੈਜਾਨ ਨੇ ਆਰਮੇਨੀਆ ਖ਼ਿਲਾਫਞ ਅਜਿਹੀ ਮਿਜ਼ਾਈਲ ਤੇ ਡ੍ਰੋਨ ਦਾ ਇਸਤੇਮਾਲ ਕੀਤਾ ਜੋ ਹਵਾ ’ਚ ਉੱਡਦੇ ਰਹਿੰਦੇ ਹਨ ਤੇ ਨਿਸ਼ਾਨਾ ਦਿਖਾਈ ਦੇਣ ’ਤੇ ਹਮਲਾ ਕਰਦੇ ਹਨ।
ਇਸ ਲਈ ਅਹਿਮ ਸੀ ਕਾਨਫਰੰਸ
ਕਿਲਰ ਰੋਬੋਟ ’ਤੇ ਰੋਕ ਲਗਾਉਣ ਜਾਂ ਵਰਤੋਂ ਸੀਮਤ ਕਰਨ ਦੀ ਦਿਸ਼ਾ ਵਿਚ ਕਾਨਫਰੰਸ ਨੂੰ ਅਹਿਮ ਮੰਨਿਆ ਜਾ ਰਿਹਾ ਸੀ। ਹਾਲਾਂਕਿ ਵੱਡੇ ਫ਼ੈਸਲੇ ਦੀ ਉਮੀਦ ਪੂਰੀ ਨਹੀਂ ਹੋ ਸਕੀ। ਆਧੁਨਿਕ ਹਥਿਆਰ ਤੇ ਤਕਨੀਕ ਬਣਾਉਣ ਵਾਲੇ ਦੇਸ਼ਾਂ (ਰੂਸ ਆਦਿ) ਦਾ ਕਹਿਣਾ ਹੈ ਕਿ ਅਜਿਹੇ ਹਥਿਆਰਾਂ ’ਤੇ ਰੋਕ ਦਾ ਫ਼ੈਸਲਾ ਸਰਬ ਸੰਮਤੀ ਨਾਲ ਹੋਵੇ। ਅਮਰੀਕਾ ਦਾ ਕਹਿਣਾ ਹੈ ਕਿ ਆਟੋਮੈਟਿਕ ਹਥਿਆਰ ਤਕਨੀਕ ’ਤੇ ਪਾਬੰਦੀ ਕਾਹਲੀ ਵਿਚ ਲਿਆ ਗਿਆ ਫ਼ੈਸਲਾ ਹੋਵੇਗਾ।
Comments (0)