ਕਸ਼ਮੀਰ ਦੇ ਝੰਡੇ ਹੇਠ ਫਾਰੂਕ ਅਬਦੁੱਲਾ ਦੀ ਅਗਵਾਈ ਵਿਚ ਹੱਕਾਂ ਲਈ ਲੜੇਗਾ ਕਸ਼ਮੀਰ ਦਾ ਗੁਪਕਾਰ ਗਠਜੋੜ

ਕਸ਼ਮੀਰ ਦੇ ਝੰਡੇ ਹੇਠ ਫਾਰੂਕ ਅਬਦੁੱਲਾ ਦੀ ਅਗਵਾਈ ਵਿਚ ਹੱਕਾਂ ਲਈ ਲੜੇਗਾ ਕਸ਼ਮੀਰ ਦਾ ਗੁਪਕਾਰ ਗਠਜੋੜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜੰਮੂ ਕਸ਼ਮੀਰ ਦੇ ਖੇਤਰੀ ਆਗੂਆਂ ਦੀ ਨਜ਼ਰਬੰਦੀ ਤੋਂ ਰਿਹਾਈ ਬਾਅਦ ਹੁਣ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਕਸ਼ਮੀਰ ਦਾ ਖਾਸ ਰੁਤਬਾ ਬਹਾਲ ਕਰਾਉਣ ਲਈ ਸੰਘਰਸ਼ ਕਰਨ ਦਾ ਫੈਂਸਲਾ ਕੀਤਾ ਹੈ। ਇਸ ਲਈ ਬਣਾਏ ਗਏ ‘ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ’ ਦੀ ਸਥਾਪਤੀ ਤੋਂ ਬਾਅਦ ਪਹਿਲੀ ਬੈਠਕ ਮਹਿਬੂਬਾ ਮੁਫਤੀ ਦੀ ਰਿਹਾਇਸ਼ 'ਤੇ ਹੋਈ। ਇਸ ਬੈਠਕ ਵਿਚ ਫਾਰੂਕ ਅਬਦੁੱਲ੍ਹਾ ਨੂੰ ਇਸ ਗੁਪਕਾਰ ਗਠਜੋੜ ਦਾ ਪ੍ਰਧਾਨ ਨਿਯਤ ਕੀਤਾ ਗਿਆ ਹੈ। ਮਹਿਬੂਬਾ ਮੁਫਤੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਇਹਨਾਂ ਤੋਂ ਇਲਾਵਾ ਐਮਵਾਈ ਤਾਰੀਗਾਮੀ ਨੂੰ ਕਨਵੀਨਰ, ਲੋਕ ਸਭਾ ਦੇ ਮੈਂਬਰ ਹਸਨੈਨ ਮਸੂਦੀ ਨੂੰ ਕੋਆਰਡੀਨੇਟਰ, ਸੱਜਾਦ ਗਨੀ ਲੋਨ ਨੂੰ ਬੁਲਾਰੇ ਵਜੋਂ ਨਿਯਤ ਕੀਤਾ ਗਿਆ ਹੈ। 

ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੀਆਂ ਪਾਰਟੀਆਂ ਦੀ ਬਜਾਏ ਕਸ਼ਮੀਰ ਦੇ ਝੰਡੇ ਹੇਠ ਆਪਣਾ ਅਗਲਾ ਸੰਘਰਸ਼ ਲੜਨਗੇ।

ਫਾਰੂਕ ਅਬਦੁੱਲ੍ਹਾ ਨੇ ਕਿਹਾ, "ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵੱਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੀਏਜੀਡੀ ਇੱਕ ਦੇਸ਼ ਵਿਰੋਧੀ ਮੰਚ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸੱਚ ਨਹੀਂ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਜਪਾ ਵਿਰੋਧੀ ਹੈ ਪਰ ਇਹ ਦੇਸ਼ ਵਿਰੋਧੀ ਨਹੀਂ ਹੈ।"

ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਸੰਘਰਸ਼ ਵਾਸਤੇ ਪੀਏਜੀਡੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਫਾਰੂਕ ਅਬਦੁੱਲ੍ਹਾ ਨੂੰ ਪੀੲੇਜੀਡੀ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਧਾਰਾ 370 ਰੱਦ ਕਰਕੇ ਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡ ਕੇ ਸੰਘੀ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਹੋਣ।