ਦਰਬਾਰ ਸਾਹਿਬ 'ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਦਾ ਜਵਾਬ ਦੇਣ ਲਈ ਸਿੰਘਾਂ ਵੱਲੋਂ ਕੀਤੀ ਮੋਰਚਾਬੰਦੀ ਬਾਰੇ ਜਾਣੋ

ਦਰਬਾਰ ਸਾਹਿਬ 'ਤੇ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਦਾ ਜਵਾਬ ਦੇਣ ਲਈ ਸਿੰਘਾਂ ਵੱਲੋਂ ਕੀਤੀ ਮੋਰਚਾਬੰਦੀ ਬਾਰੇ ਜਾਣੋ

ਜਗਬੀਰ ਸਿੰਘ ਰਿਆੜ

ਬੱਬਰ ਖਾਲਸਾ ਦੇ ਸਿੰਘਾਂ ਨੇ ਆਪਣੇ ਮੋਰਚੇ ਗੁਰੂ ਰਾਮਦਾਸ ਸਰਾਂ, ਨਵੇਂ ਅਕਾਲ ਰੈਸਟ ਹਾਊਸ ਅਤੇ ਸਰਾਂ ਦੇ ਨਾਲ ਲਗਦੀ ਪਾਣੀ ਵਾਲੀ ਵੱਡੀ ਟੈਂਕੀ ਆਦਿ ਥਾਵਾਂ ਉੱਪਰ ਬਣਾਏ ਹੋਏ ਸਨ। ਇਹਨਾਂ ਮੋਰਚਿਆਂ ਤੋਂ ਇਲਾਵਾ ਗੁਰੂ ਰਾਮਦਾਸ ਲੰਗਰ ਦੇ ਨਾਲ ਲਗਦੀ ਦਰਬਾਰ ਸਾਹਿਬ ਪ੍ਰਕਰਮਾਂ ਦੀ ਪੂਰਬੀ ਦਰਸ਼ਨੀ ਡਿਉੜੀ ਦੇ ਆਸ ਪਾਸ ਵੀ ਬੱਬਰ ਖਾਲਸਾ ਜਥੇਬੰਦੀ ਦੇ ਦੋ ਵੱਡੇ ਮੋਰਚੇ ਬਣੇ ਹੋਏ ਸਨ, ਪਰ ਇਸ ਸਮੇਂ ਇਹਨਾਂ ਸਿੰਘਾਂ ਦੇ ਮੋਰਚੇ ਸਿਰਫ ਗੁਰੂ ਨਾਨਕ ਨਿਵਾਸ ਦੀ ਚੌਥੀ ਮੰਜਿਲ ਦੇ ਬਰਾਮਦਿਆਂ, ਇਸ ਮੰਜਿਲ ਦੀ ਉੱਪਰਲੀ ਛੱਤ ਅਤੇ ਬਾਬਾ ਅਟੱਲ ਰਾਇ ਸਾਹਿਬ ਉੱਪਰ ਵੀ ਸਨ। ਬੱਬਰ ਖਾਲਸਾ ਜਥੇਬੰਦੀ ਦੇ ਇਸ ਗਰੁੱਪ ਨੇ ਗੁਰੂ ਨਾਨਕ ਨਿਵਾਸ ਦੀ ਚੌਥੀ ਮੰਜਿਲ ਦੇ ਬਰਾਮਦਿਆਂ ਵਿੱਚ ਬਕਾਇਦਾ ਫੌਜੀ ਹਿਕਮਤ ਅਮਲੀ ਅਨੁਸਾਰ ਹਿਫਾਜਤੀ ਮੋਰਚੇ ਕਾਇਮ ਕੀਤੇ ਹੋਏ ਸਨ,ਪਰ ਜੋ ਮੋਰਚਾ ਗੁਰੂ ਨਾਨਕ ਨਿਵਾਸ ਦੀ ਛੱਤ ਉੱਪਰ ਨਿਵਾਸ ਨੂੰ ਪਾਣੀ ਸਪਲਾਈ ਕਰਨ ਵਾਲੀ ਟੈਂਕੀ ਦੇ ਥੱਲੇ ਕਾਇਮ ਕੀਤਾ ਹੋਇਆ ਸੀ, ਉਹ ਮੋਰਚਾ ਹਰ ਪੱਖੋਂ ਬੜਾ ਸੁਰੱਖਿਅਤ ਤੇ ਮਜਬੂਤ ਸੀ। ਇਹ ਮੋਰਚਾ ਇਸ ਹੱਦ ਤਕ ਮਜਬੂਤ ਸੀ ਕਿ ਦੁਸ਼ਮਨ ਦੀ ਸੈਨਾ ਲਈ ਇਸਨੂੰ ਤੋਪਾਂ, ਗੋਲਿਆਂ ਤੋਂ ਬਗੈਰ ਤੋੜਨਾ ਬੜਾ ਕਠਿਨ ਸੀ, ਕਿਉਂਕਿ ਗੁਪਤ ਹੋਣ ਕਰਕੇ ਦੁਸ਼ਮਣ ਲਈ ਬੜਾ ਮਾਰੂ ਵੀ ਸੀ। ਗੁਰੂ ਨਾਨਕ ਨਿਵਾਸ ਤੇ ਬਾਬਾ ਅਟੱਲ ਰਾਇ ਸਾਹਿਬ ਦੇ ਇਹ ਮੋਰਚੇ ਬਹੁਤ ਉੱਚੇ ਹੋਣ ਕਰਕੇ ਸੀ.ਆਰ.ਪੀ ਵੱਲੋਂ ਕੰਪਲੈਕਸ ਦੇ ਪੂਰਬ-ਦੱਖਣ ਤੇ ਦੱਖਣ ਵਾਲੇ ਪਾਸੇ ਬਣਾਏ ਹੋਏ ਦੁਸ਼ਮਣ ਮੋਰਚਿਆਂ ਨੂੰ ਸਿੱਧੀ ਤੇ ਕਰਾਰੀ ਮਾਰ ਮਾਰਨ ਦੇ ਪੂਰੀ ਤਰਾਂ ਸਮਰਥ ਸਨ।


ਗੁਰੂ ਨਾਨਕ ਨਿਵਾਸ ਤੇ ਬਾਬਾ ਅਟੱਲ ਰਾਇ ਸਾਹਿਬ ਦੇ ਵਿਚਕਾਰ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਇਸ ਇਮਾਰਤ ਦੇ ਐਨ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਤਲਵੰਡੀ ਦੇ ਦਫਤਰ ਸਨ, ਪਰ ਇਥੇ ਕੋਈ ਮੋਰਚਾ ਨਹੀਂ ਸੀ। ਇਸ ਤੋਂ ਅਗੇ ਦਰਬਾਰ ਸਾਹਿਬ ਪ੍ਰਕਰਮਾਂ ਦੀ ਦੱਖਣੀ ਦਰਸ਼ਨੀ ਡਿਉੜੀ ਤੇ ਉਸਦੀਆਂ ਆਸ ਪਾਸ ਦੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਵਿੱਚ ਟਕਸਾਲ ਤੇ ਫੈਡਰੇਸ਼ਨ ਦੇ ਸਿੰਘਾਂ ਨੇ ਬੜੇ ਮਜਬੂਤ ਮੋਰਚੇ ਕਾਇਮ ਕੀਤੇ ਸਨ। ਇਹ ਮੋਰਚੇ ਜਿਥੇ ਕੰਪਲੈਕਸ ਤੋਂ ਦੱਖਣ ਵਾਲੇ ਪਾਸੇ ਨੂੰ ਠੱਲ ਪਾਉਂਦੇ ਸਨ, ਉੱਥੇ ਦਰਬਾਰ ਸਾਹਿਬ ਪ੍ਰਕਰਮਾਂ ਦੀ ਉੱਤਰੀ ਦਰਸ਼ਨੀ ਡਿਉੜੀ ਵਲੋਂ ਸੀ.ਆਰ.ਪੀ. ਜਾਂ ਫੌਜ ਦੇ ਪ੍ਰਕਰਮਾਂ ਵਿੱਚ ਦਾਖਲੇ ਨੂੰ ਨਕਾਮ ਬਣਾਉਣ ਤੇ ਦੁਸ਼ਮਣ ਧਿਰ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਪੂਰੀ ਤਿਆਰੀ ਚ ਸਨ। ਇਸੇ ਤਰਾਂ ਦਰਬਾਰ ਸਾਹਿਬ ਕੰਪਲੈਕਸ ਤੇ ਖਾਸ ਕਰਕੇ ਪ੍ਰਕਰਮਾਂ ਦੀਆਂ ਦੱਖਣ-ਪੱਛਮ ਅਤੇ ਪੱਛਮ-ਉੱਤਰ ਦੀਆਂ ਬਾਹੀਆਂ ਤੋਂ ਲੈਕੇ ਉਤਰ ਪੂਰਬ ਦੀਆਂ ਬਾਹੀਆਂ ਤੇ ਪਰਕਰਮਾਂ ਦੇ ਨਾਲ ਨਾਲ ਲਗਦੇ ਕਮਰਿਆਂ ਤੇ ਉਪਰਲੀਆਂ ਮੰਜਿਲਾਂ ਉਪਰ ਵੀ ਟਕਸਾਲ ਦੇ ਜਥੇ ਦੇ ਸਿੰਘਾਂ ਵੱਲੋਂ ਇਸ ਢੰਗ ਨਾਲ ਮੋਰਚੇ ਬਣਾਏ ਹੋਏ ਸਨ ਕਿ ਫੌਜ ਦੇ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਦਾਖਲ ਹੋਣ ਦੇ ਸਮੇਂ ਉਹਨਾਂ ਦਾ ਮੂੰਹ ਭੁਆਂਇਆ ਜਾ ਸਕਦਾ ਸੀ।


ਦਰਬਾਰ ਸਾਹਿਬ ਦੇ ਐਨ ਪੱਛਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਬਣ ਰਹੀ ਪੱਛਮੀ ਦਰਸ਼ਨੀ ਡਿਉੜੀ ਤੇ ਇਸਦੇ ਆਲੇ ਦੁਆਲੇ ਦੀਆਂ ਇਮਾਰਤਾਂ ਉੱਪਰ ਵੀ ਮਜਬੂਤ ਮੋਰਚੇ ਬਣੇ ਹੋਏ ਸਨ। ਇਹ ਸਾਰੇ ਮੋਰਚੇ ਵੀ ਜਨਰਲ ਸੁਬੇਗ ਸਿੰਘ ਦੀ ਦੇਖ ਰੇਖ ਹੇਠ ਬਣੇ ਸਨ। ਇਹ ਮੋਰਚੇ ਜਿਥੇ ਦੁਸ਼ਮਨ ਦੇ ਪਰਕਰਮਾਂ ਵਿਚ ਦਾਖਲੇ ਤੇ ਠੱਲ ਪਾਉਣ ਤੇ ਉਸਨੂੰ ਮੌਤ ਦੇ ਘਾਟ ਉਤਾਰਨ ਵਿਚ ਸਮਰਥ ਸਨ ਉਥੇ ਕੰਪਲੈਕਸ ਤੋਂ ਬਾਹਰ ਵੀ ਦੁਸ਼ਮਨ ਦੇ ਮੋਰਚਿਆਂ ਨੂੰ ਟਾਰਗੈਟ ਕਰਦੇ ਸਨ।

ਦਰਬਾਰ ਸਾਹਿਬ ਦੀ ਉਤਰੀ ਦਰਸ਼ਨੀ ਡਿਉੜੀ ਦੇ ਆਸ ਪਾਸ ਜਥੇ ਦੇ ਸਿੰਘਾਂ ਵਲੋਂ ਜੋ ਮੋਰਚਾਬੰਦੀ ਕੀਤੀ ਹੋਈ ਸੀ,   ਉਹ ਬਜਾਰ ਮਾਈ ਸੇਵਾਂ, ਜਲਿਆਂ ਵਾਲਾ ਬਾਗ, ਬ੍ਰਹਮ ਬੂਟਾ ਅਖਾੜਾ ਦੇ ਬਜਾਰਾਂ ਵਲੋਂ ਫੌਜ ਨੂੰ ਰੋਕਣ ਤੇ ਤਕੜੇ ਰੂਪ ਵਿਚ ਸੱਟ ਮਾਰਨ ਲਈ ਕੀਤੀ ਸੀ। ਇਸੇ ਤਰਾਂ ਜੋ ਮੋਰਚੇ ਪਰਕਰਮਾਂ ਦੇ ਉਤਰ ਵਾਲੇ ਪਾਸੇ ਪੂਰਬੀ ਬਾਹੀ ਦੇ ਅਖੀਰ ਉਪਰ ਬੁਰਜ ਜੱਸਾ ਸਿੰਘ ਆਹਲੂਵਾਲੀਆ ਤੇ ਲੰਗਰ ਗੁਰੂ ਰਾਮਦਾਸ ਦੇ ਨਾਲ ਕਰਕੇ ਪੈਂਦੀ ਬਾਬਾ ਖੜਕ ਸਿੰਘ ਦੇ ਲੰਗਰ ਵਾਲੀ ਇਮਾਰਤ ਦੇ ਅੰਦਰਵਾਰ ਕਰਕੇ ਬਣਾਏ ਹੋਏ ਸਨ, ਉਹ ਮੋਰਚੇ ਤਾਂ ਦਰਬਾਰ ਸਾਹਿਬ ਦੀ ਉਤਰੀ ਦਰਸ਼ਨੀ ਡਿਉੜੀ ਵਲੋਂ ਪਰਕਰਮਾਂ ਵਿਚ ਦਾਖਲ ਹੋਣ ਵਾਲੀ ਦੁਸ਼ਮਣ ਸੈਨਾ ਉਪਰ ਬੜੀ ਕਰਾਰੀ ਮਾਰ ਦੀ ਪੁਜੀਸ਼ਨ ਵਿੱਚ ਸਨ। ਦਰਅਸਲ ਵਿਚ ਇਹ ਮੋਰਚੇ ਸੈਨਿਕ ਨੁਕਤੇ ਤੋਂ ਬੜੀ ਅਹਿਮੀਅਤ ਰਖਦੇ ਸਨ ਕਿਉਂਕਿ ਬਾਬਾ ਖੜਕ ਸਿੰਘ ਦੇ ਲੰਗਰ ਦੀ ਇਸ ਇਮਾਰਤ ਦੇ ਪਰਕਰਮਾਂ ਨਾਲ ਲਗਦੇ ਕਮਰੇ ਪਰਕਰਮਾਂ ਦੀ ਸਤਿਹ ਤੋਂ ਕਾਫੀ ਨੀਵੇਂ ਸਨ ਤੇ ਉਹਨਾਂ ਕਮਰਿਆਂ ਵਿਚੋਂ ਹਵਾ ਕੱਢਣ ਲਈ ਲਾਏ ਹੋਏ ਐਗਜਾਸ਼ਟ ਫੈਨਜ ਦੇ ਗੋਲ ਚੌੜੇ ਸੁਰਾਖ ਪਰਕਰਮਾਂ ਤੋਂ ਐਵੇਂ ਕੁਝ ਫੁੱਟ ਦੀ ਉਚਾਈ ਤੇ ਹੀ ਪੈਂਦੇ ਸਨ, ਜਿਸ ਕਰਕੇ ਸਿੰਘਾਂ ਵਲੋਂ ਇਹਨਾਂ ਥਾਵਾਂ ਵਿਚ ਦੀਵਾਰ ਦੇ ਪਿਛਲੇ ਪਾਸੇ ਕਾਇਮ ਕੀਤੇ ਹੋਏ ਮੋਰਚੇ ਬਹੁਤ ਮਜਬੂਤ ਤੇ ਦਰਬਾਰ ਸਾਹਿਬ ਦੀ ਸਮੁੱਚੀ ਬਾਹੀ ਨੂੰ ਆਪਣੀ ਲਪੇਟ ਵਿਚ ਲੈਂਦੇ ਸਨ।

ਇਹਨਾਂ ਮੋਰਚਿਆਂ ਵਿਚ ਹਜੂਰ ਸਾਹਿਬ ਦੇ ਜਥੇ ਸਿੰਘਾਂ ਨੇ ਪੱਕਾ ਡੇਰਾ ਜਮਾਇਆ ਸੀ ਤੇ ਇਹ ਸਾਰੇ ਸਿੰਘ ਸੰਤਾਂ ਦੇ ਤਨੋਂ ਮਨੋਂ ਸਹਿਯੋਗੀ ਸਨ। ਸਾਰੇ ਸਿੰਘ ਸ੍ਰੀ ਦਰਬਾਰ ਸਾਹਿਬ ਦੀ ਪਵਿਤਰ ਮਾਨ ਮਰਯਾਦਾ ਕਾਇਮ ਰੱਖਣ ਲਈ ਆਪਣਾ ਆਪ ਵਾਰਨ ਲਈ ਤਿਆਰ ਬੈਠੇ ਸਨ।