ਸਿੱਧੂ ਨੇ ਕੈਪਟਨ ਨੂੰ ਵੰਗਾਰਦਿਆਂ ਕਿਹਾ ਫਰੈਂਡਲੀ ਮੈਚ ਵਾਲੇ ਬਿਆਨ 'ਤੇ ਅੱਜ ਵੀ ਹਾਂ ਕਾਇਮ

ਸਿੱਧੂ ਨੇ ਕੈਪਟਨ ਨੂੰ ਵੰਗਾਰਦਿਆਂ ਕਿਹਾ ਫਰੈਂਡਲੀ ਮੈਚ ਵਾਲੇ ਬਿਆਨ 'ਤੇ ਅੱਜ ਵੀ ਹਾਂ ਕਾਇਮ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ ਕੀਤੀਆਂ ਟਿੱਪਣੀਆਂ ਦੇ ਜਵਾਬ ਦਿੰਦਿਆਂ ਅੱਜ ਨਵਜੋਤ ਸਿੱਧੂ ਨੇ ਆਪਣੇ ਦਿਲ ਦਾ ਗੁਬਾਰ ਕੱਢਿਆ। ਸਿੱਧੂ ਨੇ ਕਿਹਾ ਕਿ ਬਠਿੰਡਾ ਵਿੱਚ ਚੋਣ ਪ੍ਰਚਾਰ ਦੌਰਾਨ ਉਹਨਾਂ ਵੱਲੋਂ ਦਿੱਤੇ ਫ੍ਰੈਂਡਲੀ ਮੈਚ ਵਾਲੇ ਬਿਆਨ 'ਤੇ ਉਹ ਅੱਜ ਵੀ ਕਾਇਮ ਹਨ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਵਿਵਾਦ ਹੁਣ ਇੱਕਤਰਫਾ ਨਹੀਂ ਰਿਹਾ, ਸਗੋਂ ਹੁਣ ਲਗਾਤਾਰ ਵਾਰ ਸਹਿੰਦੇ ਆ ਰਹੇ ਸਿੱਧੂ ਨੇ ਵੀ 'ਫ਼ਨ' ਚੁੱਕ ਲਿਆ ਹੈ। ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਸਵਾਲ ਕੀਤੇ ਹਨ।

ਸਿੱਧੂ ਨੇ ਕਿਹਾ ਕਿ ਕੈਪਟਨ ਦੱਸਣ ਕਿ ਪਿਛਲੇ 40 ਸਾਲਾਂ ਵਿੱਚ ਬਠਿੰਡਾ ਸੀਟ ਕਾਂਗਰਸ ਨੇ ਕਦੋਂ ਜਿੱਤੀ ਤੇ ਮੈਂ ਇਕੱਲਾ ਹਾਰ ਲਈ ਜ਼ਿੰਮੇਵਾਰ ਕਿਵੇਂ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਖ਼ੁਦ 25,000 ਵੋਟਾਂ ਦੇ ਫਰਕ ਨਾਲ ਲੰਬੀ ਤੋਂ ਹਾਰੇ ਸਨ।

ਸਿੱਧੂ ਨੇ ਆਪਣੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਕੈਪਟਨ ਵੱਲੋਂ ਉਨ੍ਹਾਂ ਨੂੰ ਨਾਨ-ਪਰਫਾਰਮਰ ਦਾ ਟੈਗ ਦਿੱਤੇ ਜਾਣ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਆਪਣਾ ਪੁੱਤਰ ਕਹਿੰਦੇ ਹਨ, ਪਰ ਹਾਂ ਕਿ ਨਾ ਇਹ ਤਾਂ ਉਹੀ ਜਾਣਦੇ ਹਨ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਲਈ ਚੋਣ ਰੈਲੀਆਂ ਸੰਬੋਧਨ ਕਰਦਿਆਂ ਕਿਹਾ ਸੀ ਕਿ ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਲੋਕ ਲਾਂਭੇ ਕਰ ਦੇਣ।

ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਵੀ ਕਈ ਕਾਂਗਰਸੀ ਮੰਤਰੀਆਂ ਤੇ ਲੀਡਰਾਂ ਨੇ ਕਿਹਾ ਹੈ ਕਿ ਸਿੱਧੂ ਦੇ ਬਿਆਨ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ ਤੇ ਸਿੱਧੂ ਖ਼ਿਲਾਫ਼ ਹਾਈਕਮਾਨ ਕਾਰਵਾਈ ਕਰੇ। ਇਸ ਮਗਰੋਂ ਕਾਂਗਰਸ ਦੀ ਕਾਰਜਕਾਰਨੀ ਦੀ ਬੈਠਕ ਵੀ ਹੋ ਚੁੱਕੀ ਹੈ ਪਰ ਉੱਥੇ ਦੇਸ਼ ਵਿੱਚ ਪਾਰਟੀ ਦੇ ਮੰਦੇ ਪ੍ਰਦਰਸ਼ਨ ਦਾ ਮੁੱਦਾ ਹੀ ਛਾਇਆ ਰਿਹਾ। ਸਿੱਧੂ ਖ਼ਿਲਾਫ਼ ਕਾਰਵਾਈ ਹੁਣ ਠੰਢੇ ਬਸਤੇ ਵਿੱਚ ਪੈ ਗਈ ਜਾਪਦੀ ਹੈ ਤਾਹੀਓਂ ਉਨ੍ਹਾਂ ਅੱਜ ਬੜ੍ਹਕ ਮਾਰੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ