ਗੁਰਦੁਆਰਾ ਸਾਹਿਬ ਰੈਨਾਵਾੜੀ 'ਚ ਮਨਮੀਤ ਕੌਰ ਦਾ ਕਰਵਾਇਆ ਆਨੰਦ ਕਾਰਜ

ਗੁਰਦੁਆਰਾ ਸਾਹਿਬ ਰੈਨਾਵਾੜੀ 'ਚ ਮਨਮੀਤ ਕੌਰ ਦਾ ਕਰਵਾਇਆ ਆਨੰਦ ਕਾਰਜ

ਮਾਮਲਾ ਜੰਮੂ-ਕਸ਼ਮੀਰ 'ਚ ਸਿੱਖ ਲੜਕੀਆਂ ਦੀ ਧਰਮ ਤਬਦੀਲੀ  ਦਾ                           

*ਬਾਦਲ ਦਲ ਵਲੋਂ ਥੋਪੀ ਧਾਰਮਿਕ ਲੀਡਰਸ਼ਿਪ ਨੇ ਲਵ ਜਿਹਾਦ ਦਾ ਭਗਵਾਂਵਾਦੀ ਝੰਡਾ ਚੁਕਿਆ -ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

ਅੰੰਮਿ੍ਤਸਰ : ਕਸ਼ਮੀਰ ਦੀਆਂ ਦੋ ਸਿੱਖ ਲੜਕੀਆਂ ਦਾ ਧਰਮ ਤਬਦੀਲ ਕਰਕੇ ਨਿਕਾਹ ਕਰਨ ਦਾ ਮਾਮਲਾ ਸਿੱਖ ਆਗੂਆਂ ਨੇ ਹੱਲ ਕਰਨ ਦਾ ਦਾਅਵਾ ਕੀਤਾ  ਹੈ। ਇਸ ਮੁੱਦੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਅਹੁਦੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਆਦਿ ਨੇ ਕੋਸ਼ਿਸ਼ਾਂ ਕੀਤੀਆਂ। ਸਿੱਖ ਆਗੂਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਸ੍ਰੀਨਗਰ ਦੀ 18 ਸਾਲਾ ਲੜਕੀ ਮਨਮੀਤ ਕੌਰ ਨੂੰ ਅਦਾਲਤ ਨੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਸਿੱਖ ਆਗੂਆਂ ਦੀ ਕੋਸ਼ਿਸ਼ ਸਦਕਾ ਪਰਿਵਾਰ ਵੱਲੋਂ ਮਨਮੀਤ ਕੌਰ ਦਾ ਆਨੰਦ ਕਾਰਜ ਸਥਾਨਕ ਨੌਜਵਾਨ ਸੁਖਬੀਰ ਸਿੰਘ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਰੈਨਾਵਾੜੀ ਗੁਰਦੁਆਰਾ ਸਾਹਿਬ ਵਿਖੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਕਤ ਆਗੂਆਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਨਵੀਂ ਵਿਆਹੀ ਜੋੜੀ ਨਾਲ ਖਿਚਵਾਈਆਂ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਹਨ। ਸਿਰਸਾ ਵੱਲੋਂ ਪਰਿਵਾਰ ਅਤੇ ਨਵੀਂ ਜੋੜੀ ਨੂੰ ਵੀ ਹਵਾਈ ਜਹਾਜ਼ ਰਾਹੀਂ ਆਪਣੇ ਨਾਲ ਦਿੱਲੀ ਲਿਆਂਦਾ ਗਿਆ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਵੱਡਾ ਮਸਲਾ ਸੀ ਜਿਸ ਦੇ ਨਿਪਟਾਰੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਜੰਮੂ-ਕਸ਼ਮੀਰ ਦੇ ਇੰਚਾਰਜ ਭਾਈ ਹਰਪਿੰਦਰ ਸਿੰਘ ਸਮੇਤ ਹੋਰ ਮੈਂਬਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਯਤਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਨਮੀਤ ਕੌਰ ਦੀ ਘਰ ਵਾਪਸੀ ਨਾਲ ਪਰਿਵਾਰ ਨੂੰ ਹੌਸਲਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਦੂਜੀ ਲੜਕੀ ਧਨਵੰਤ ਕੌਰ ਨੂੰ ਵੀ ਜਲਦੀ ਹੀ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੰਮੂ-ਕਸ਼ਮੀਰ ਅੰਦਰ ਘੱਟ ਗਿਣਤੀਆਂ ਲਈ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ।  ਉਨ੍ਹਾਂ ਕਿਹਾ ਕਿ ਸਿੱਖ ਘੱਟ ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਨੂੰ ਘੱਟ ਗਿਣਤੀ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਕਂਦਰੀ ਗ੍ਹਿ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਪੱਤਰ ਲਿਖਿਆ ਜਾਵੇਗਾ। ਬੀਬੀ ਜਗੀਰ ਕੌਰ ਨੇ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ ਤਾਂ ਕਿ ਬੱਚੇ ਆਪਣੇ ਧਰਮ ਤੋਂ ਦੂਰ ਨਾ ਹੋਣ। ਇਥੇ ਜਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਸ਼ਮੀਰ 'ਚ ਦੋ ਸਿੱਖ ਲੜਕੀਆਂ ਨੂੰ ਅਗਵਾ ਕਰਨ, ਜਬਰੀ ਧਰਮ ਪਰਿਵਰਤਨ ਕਰਕੇ 45 ਤੋਂ 60 ਸਾਲ ਦੇ ਮੁਸਲਿਮ ਵਿਅਕਤੀਆਂ ਨਾਲ ਨਿਕਾਹ ਕਰਨ ਦੇ ਮਾਮਲੇ 'ਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰ ਕੇ ਸਾਰੇ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਵੇਂ ਇਥੇ ਦੀ ਬਹੁ ਗਿਣਤੀ ਵਲੋਂ ਘੱਟ ਗਿਣਤੀ ਸਿੱਖਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ।ਸਿਰਸਾ ਨੇ ਦੱਸਿਆ ਕਿ ਉਪ ਰਾਜਪਾਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਿੱਖ ਬੱਚੀਆਂ ਨਾਲ ਜਬਰ ਨਹੀਂ ਹੋਣ ਦਿੱਤਾ ਜਾਵੇਗਾ । ਉਨ੍ਹਾਂ ਨੇ ਇਕ ਅਗਵਾ ਲੜਕੀ ਨੂੰ ਮਾਪਿਆਂ ਹਵਾਲੇ ਕਰਨ ਲਈ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਪੁਲਿਸ ਨੁੰ ਦਿੱਤੀ ।ਮੁਲਾਕਾਤ ਮਗਰੋਂ ਸਿਰਸਾ ਨੇ ਦੱਸਿਆ ਕਿ 18 ਸਾਲ ਉਮਰ ਦੀਆਂ ਦੋ ਲੜਕੀਆਂ ਅਗਵਾ ਕੀਤੀਆਂ ਗਈਆਂ ਸਨ, ਜਿਸ 'ਚੋਂ ਇਕ ਵਾਪਸ ਆ ਗਈ ਹੈ ਜਦਕਿ ਦੂਜੀ ਨਹੀਂ ਆਈ । ਇਸ ਮੌਕੇ ਸਿਰਸਾ ਨੇ ਜਥੇਦਾਰ  ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਭੇਜੀ ਚਿੱਠੀ ਵੀ ਉਪ ਰਾਜਪਾਲ ਨੂੰ ਸੌਂਪੀ ਜਿਸ 'ਚ ਸਿੱਖ ਬੱਚੀਆਂ ਨੁੰ ਅਗਵਾ ਕਰਨ ਦਾ ਮਾਮਲਾ ਚੁੱਕਿਆ ਗਿਆ ਸੀ ।ਵਫਦ 'ਚ ਸਥਾਨਕ ਕਸ਼ਮੀਰੀ ਸਿੱਖ ਆਗੂ ਵੀ ਸ਼ਾਮਿਲ ਸਨ ।   ਵਿਆਹ ਦੇ ਨਾਂ 'ਤੇ ਧਰਮ ਤਬਦੀਲ ਕਰਨ ਵਾਲੀਆਂ ਦੋ ਲੜਕੀਆਂ ਵਿਚੋਂ ਇਕ ਮਹਿਜੂਰ ਨਗਰ ਦੀ ਹੈ ਤੇ ਦੂਜੀ ਰੈਨਾਵਾੜੀ ਦੀ ਹੈ। ਰੈਨਾਵਾੜੀ ਦੀ ਲੜਕੀ ਦੇ ਮਾਮਲੇ ਨੇ ਹੀ ਵਾਦੀ ਵਿਚ ਸਿੱਖਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕੀਤਾ ਹੈ। 12ਵੀਂ ਜਮਾਤ ਦੀ ਵਿਦਿਆਰਥਣ ਦਾ ਕੁਝ ਸਮਾਂ ਪਹਿਲਾਂ ਸਿਰ ਦਾ ਆਪ੍ਰੇਸ਼ਨ ਹੋਇਆ ਸੀ। ਵਿਆਹ ਕਰਨ ਵਾਲੇ ਵਿਅਕਤੀ ਦੀ ਉਮਰ ਕਰੀਬ 46 ਸਾਲ ਹੈ ਤੇ ਉਹ ਪਹਿਲਾਂ ਵੀ ਦੋ ਵਿਆਹ ਕਰਵਾ ਚੁੱਕਾ ਹੈ। ਉਸ ਦੀ ਇਕ ਅੱਠ ਸਾਲ ਦੀ ਬੇਟੀ ਵੀ ਹੈ। ਦੂਜੀ ਲੜਕੀ ਮਹਿਜੂਰ ਨਗਰ ਦੀ ਰਹਿਣ ਵਾਲੀ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦੇ ਚੇਅਰਮੈਨ ਸੰਤ ਪਾਲ ਸਿੰਘ ਨੇ ਕਿਹਾ ਕਿ ਕਸ਼ਮੀਰ 'ਚ ਲਵ ਜਹਾਦ ਚੱਲ ਰਿਹਾ ਹੈ। ਬਹੁਗਿਣਤੀ ਭਾਈਚਾਰੇ ਦੇ ਮੌਲਵੀ, ਉਲੇਮਾ ਤੇ ਹੋਰ ਸਨਮਾਨਿਤ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਸਾਡੇ ਨਾਲ ਖੜ੍ਹੇ ਹੋਣ। ਰੈਨਾਵਾੜੀ ਦੀ ਲੜਕੀ ਨੂੰ ਵਰਗਲਾਇਆ ਗਿਆ ਹੈ ਨਹੀਂ ਤਾਂ ਕੋਈ ਲੜਕੀ ਜਿਸ ਦੀ ਉਮਰ 18 ਸਾਲ ਹੋਵੇ ਉਹ ਪਹਿਲਾਂ ਹੀ ਦੋ ਵਾਰ ਵਿਆਹੇ ਬਾਲ ਬੱਚੇਦਾਰ ਵਿਅਕਤੀ ਨਾਲ ਵਿਆਹ ਕਿਉਂ ਕਰੇਗੀ? ਜਦੋਂ ਉਹ ਲੜਕੀ ਅਗਵਾ ਹੋਈ ਤਾਂ ਪੁਲਿਸ ਨੇ ਪਤਾ ਲਾਉਣ ਵਿਚ ਦੇਰ ਕੀਤੀ। ਬਾਅਦ ਵਿਚ ਜਦੋਂ ਲੜਕੀ ਨੂੰ ਬਰਾਮਦ ਕੀਤਾ ਗਿਆ ਤਾਂ ਉਸ ਦਾ ਧਰਮ ਬਦਲਿਆ ਜਾ ਚੁੱਕਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਨਾਲ ਮਿਲਣ ਨਹੀਂ ਦਿੱਤਾ ਗਿਆ।ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ। ਨੈਸ਼ਨਲ ਸਿੱਖ ਫਰੰਟ ਦੇ ਚੇਅਰਮੈਨ ਵਰਿੰਦਰਜੀਤ ਸਿੰਘ ਨੇ ਕਿਹਾ ਕਿ ਮਾਮਲਿਆਂ ਵਿਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

 ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਸਿਰਸਾ ਦੀ ਨਿਖੇਧੀ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਇੱਕਠੇ ਹੋਏ ਸਿੱਖ ਬੁਧੀਜੀਵੀਆਂ ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ,ਖੁਸ਼ਹਾਲ ਸਿੰਘ, ਜਨਰਲ ਸਕੱਤਰ ਕੇਂਦਰੀ ਸਿੰਘ ਸਭਾ ਨੇ ਕਿਹਾ ਦੋ ਕਸ਼ਮੀਰੀ ਸਿੱਖ ਲੜਕੀਆਂ ਦੇ ਮੁਸਲਮਾਨਾਂ ਨਾਲ ਵਿਆਹ ਕਰਾਉਣ ਦੇ ਮਸਲੇ ਨੂੰ ਤੱਥਾਂ ਤੋਂ ਪਰ੍ਹੇ ਉਛਾਲਕੇ/ਭੜ੍ਹਕਾਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸਿੱਖ ਲੀਡਰ ਭਾਜਪਾ  ਮੁਸਲਮਾਨ-ਵਿਰੋਧੀ ‘ਲਵ-ਜ਼ਹਾਦ’ ਦੀ ਸਿਆਸਤ ਦੀ ਸੇਵਾ ਕਰ ਰਹੇ ਹਨ। ਕਈ ਸਿੱਖ ਲੀਡਰ ਨੇ ਲੜਕੀਆਂ ਦੇ ਵਿਆਹ ਦੀ ਅਸਲੀਅਤ ਨੂੰ ਦਬਾ ਕੇ ਅਤੇ ਉਹਨਾਂ ਦੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇਕੇ ਇੱਕ ਘੱਟ-ਗਿਣਤੀ ਭਾਈਚਾਰੇ ਨੂੰ ਦੂਜੇ ਘੱਟ-ਗਿਣਤੀ ਸਮਾਜ ਵਿਰੁੱਧ ਖੜ੍ਹਾ ਕਰਕੇ, ਭਾਜਪਾ ਦੀ ਸਿਆਸਤ ਦਾ ਦਮ ਭਰ ਰਹੇ ਹਨ।

 ਭਾਜਪਾ ਸਰਕਾਰ ਵੀਂ ਸਿੱਖ ਲੀਡਰਾਂ ਨੂੰ ਇਸ ਕੇਸ ਨੂੰ ਸਿਆਸੀ ਰੂਪ ਦੇਣ ਲਈ ਉਕਸਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਵੀ ਇਸ ਸਬੰਧ ਵਿੱਚ ਤੁਰੰਤ ਜੰਮੂ-ਕਸ਼ਮੀਰ ਸਰਕਾਰ ਨੂੰ ਲੋੜੀਦੀਆਂ ਹਦਾਇਤਾਂ ਦਿੱਤੀਆਂ ਹਨ। ਜਦੋਂ ਕਿ ਅਮਿਤ ਸ਼ਾਹ ਨੇ ਸੱਤ ਮਹੀਨਿਆਂ ਤੋਂ ਚਲਦੇ ਕਿਸਾਨ ਅੰਦੋਲਨ ਬਾਰੇ ਅਤੇ ਸ਼ਹੀਦ ਹੋਏ 500 ਤੋਂ ਵੱਧ ਕਿਸਾਨਾਂ ਬਾਰੇ ਅਜੇ ਇੱਕ ਸ਼ਬਦ ਨਹੀਂ ਬੋਲਿਆ। ਸਰਕਾਰ ਹਰਿਦਵਾਰ ਦੇ ਗਿਆਨ ਗੋਦੜੀ, ਪੁਰੀ ਵਿੱਚ ਮਗੂੰਮੱਠ ਅਤੇ ਲਦਾਖ ਵਿਚਲੇ ਡਾਗਮਾਰ ਗੁਰਦਵਾਰਿਆਂ ਦੇ ਮਸਲਿਆਂ ਬਾਰੇ ਲੰਬੇ ਸਮੇਂ ਤੋਂ ਦੜ੍ਹ ਵੱਟੀ ਬੈਂਠੇ ਹਨ। ਅਤੇ ਸਿੱਖਾਂ ਦੀ ਜੰਮੂ-ਕਸ਼ਮੀਰ ਵਿੱਚ ਘੱਟ ਗਿਣਤੀ ਦਾ ਦਰਜਾ ਦੇਣ ਤੋਂ ਵੀ ਦਿੱਲੀ ਸਰਕਾਰ ਚੁੱਪ ਵੱਟੀ ਬੈਠੀ ਹੈ।      ਕਈ ਸਿੱਖ ਲੀਡਰ ਦਿੱਲੀ ਤੋਂ ਹਵਾਈ ਉਡਾਨਾ ਰਾਹੀਂ ਕਸ਼ਮੀਰ ਪਹੁੰਚ ਗਏ ਹਨ ਅਤੇ ਦਿੱਲੀ ਵਿੱਚ ਜੰਮੂ-ਕਸ਼ਮੀਰ ਹਾਊਸ ਅਤੇ ਇੱਕ ਦੂਜੇ ਤੋਂ ਵੱਧ ਚੜ੍ਹਕੇ ਮੁਕਾਬਲੇਬਾਜ਼ੀ ਵਾਲੇ ਜਲੂਸ ਕੱਢ ਰਹੇ ਹਨ। ਜਦੋਂ ਕਿ ਸ੍ਰੀਨਗਰ ਵਿੱਚ ਲੋਕਲ ਸਿੱਖਾਂ ਨੇ ਪ੍ਰੈਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ “ਲੜਕੀਆਂ ਦੇ ਮਸਲੇ ਦਾ ਸਿਆਸੀ ਕਰਨ ਕਰਨਾ ਸਥਾਨਕ ਸਿੱਖ ਭਾਈਚਾਰੇ ਦੇ ਬਹੁਗਿਣਤੀ ਵਸੋਂ ਨਾਲ ਸਬੰਧਾਂ ਨੂੰ ਖਰਾਬ ਕਰੇਗਾ ਅਤੇ ਭਵਿੱਖ ਵਿੱਚ ਉਹਨਾਂ ਲਈ ਮੁਸ਼ਕਲਾਂ ਪੈਂਦਾ ਕਰੇਗਾ।”

 ਸਿੱਖ ਬੁੱਧੀਜੀਵੀਆਂ ਨੇ ਕਿਹਾ ਕਸ਼ਮੀਰ ਸਿੱਖ ਭਾਈਚਾਰੇ ਨੂੰ ਆਪਣੇ ਸਮਾਜਿਕ ਮਸਲੇ ਗੱਲਬਾਤ ਰਾਹੀਂ ਅਤੇ ਸਮਾਜਿਕ ਦਬਾ ਰਾਹੀ ਹੱਲ ਕਰਨੇ ਚਾਹੀਦੇ ਹਨ ਅਤੇ ਬਾਹਰਲੇ ਸਿੱਖ ਲੀਡਰਾਂ ਦੇ ਸਿਆਸੀ ਹੱਥਠੋਕੇ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।