ਈਰਾਨ ਨੇ ਅਤਿ-ਅਹਿਮ ਚਾਬਹਾਰ ਬੰਦਰਗਾਹ ਦੇ ਉਸਾਰੀ ਕਾਰਜਾਂ ਵਿਚੋਂ ਭਾਰਤ ਨੂੰ ਬਾਹਰ ਕੀਤਾ

ਈਰਾਨ ਨੇ ਅਤਿ-ਅਹਿਮ ਚਾਬਹਾਰ ਬੰਦਰਗਾਹ ਦੇ ਉਸਾਰੀ ਕਾਰਜਾਂ ਵਿਚੋਂ ਭਾਰਤ ਨੂੰ ਬਾਹਰ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਵਿਦੇਸ਼ ਨੀਤੀ ਨੂੰ ਵੱਡਾ ਝਟਕਾ ਦਿੰਦਿਆਂ ਈਰਾਨ ਨੇ ਭਾਰਤ ਨੂੰ ਚਾਬਹਾਰ ਬੰਦਰਗਾਹ ਦੇ ਉਸਾਰੀ ਕਾਰਜਾਂ ਤੋਂ ਬਾਹਰ ਕਰ ਦਿੱਤਾ ਹੈ। ਈਰਾਨ ਸਰਕਾਰ ਨੇ ਕਿਹਾ ਹੈ ਕਿ ਉਹ ਚਾਬਹਾਰ ਬੰਦਰਗਾਹ ਤੋਂ ਅਫਗਾਨਿਸਤਾਨ ਤਕ ਬਣਨ ਵਾਲੀ ਰੇਲ ਪਟੜੀ ਨੂੰ ਹੁਣ ਖੁਦ ਬਣਾਵੇਗਾ। ਭਾਰਤ ਨੂੰ ਇਸ ਤੋਂ ਬਾਹਰ ਕਰਨ ਦਾ ਕਾਰਨ ਦਸਦਿਆਂ ਈਰਾਨ ਨੇ ਕਿਹਾ ਕਿ ਭਾਰਤ ਨੇ ਸਮੇਂ 'ਤੇ ਉਸਾਰੀ ਲਈ ਜ਼ਰੂਰੀ ਪੈਸੇ ਦਾ ਭੁਗਤਾਨ ਨਹੀਂ ਕੀਤਾ ਅਤੇ ਕਾਰਜ ਨੂੰ ਲੰਮਾ ਲਮਕਾਇਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਇਹ ਬੰਦਰਗਾਹ ਭਾਰਤ ਲਈ ਵਪਾਰਕ ਅਤੇ ਭੂ-ਰਾਜਨੀਤਕ ਤੌਰ 'ਤੇ ਬੜੀ ਅਹਿਮੀਅਤ ਰੱਖਦੀ ਹੈ ਤੇ ਮਈ 2016 ਵਿਚ ਭਾਰਤ ਅਤੇ ਈਰਾਨ ਦਰਮਿਆਨ ਇਸ ਕਾਰਜ ਲਈ ਸਮਝੌਤਾ ਤੈਅ ਹੋਇਆ ਸੀ। 

ਈਰਾਨ ਵੱਲੋਂ ਭਾਰਤ ਨੂੰ ਬਾਹਰ ਕਰਨ ਦਾ ਵੱਡਾ ਕਾਰਨ ਈਰਾਨ ਦੀ ਚੀਨ ਨਾਲ ਵਧੀ ਨੇੜਤਾ ਨੂੰ ਵੀ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨੀਂ ਚੀਨ ਅਤੇ ਈਰਾਨ ਦਰਮਿਆਨ 30 ਲੱਖ ਕਰੋੜ ਰੁਪਏ ਦੇ ਕਰੀਬ ਕਾਰਜਾਂ ਦੇ ਸਮਝੌਤੇ ਕਲਮਬੰਦ ਹੋਏ ਹਨ। 

ਪਿਛਲੇ ਦਿਨੀਂ ਭਾਰਤ ਅਤੇ ਚੀਨ ਦਰਮਿਆਨ ਲੱਦਾਖ ਸਰਹੱਦ 'ਤੇ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਵਿਗੜ ਗਏ ਹਨ ਤੇ ਭਾਰਤ ਨੂੰ ਈਰਾਨ ਦੀ ਇਸ ਬੰਦਰਗਾਹ ਦੇ ਕਾਰਜਾਂ ਵਿਚੋਂ ਬਾਹਰ ਕਢਵਾਉਣ ਪਿੱਛੇ ਚੀਨ ਦਾ ਹੱਥ ਮੰਨਿਆ ਜਾ ਰਿਹਾ ਹੈ।

ਭਾਰਤ ਨੇ ਇਸ ਬੰਦਰਗਾਹ ਰਾਹੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਤਕ ਆਪਣੀ ਰਾਹਦਾਰੀ ਦਾ ਬੰਦੋਬਸਤ ਕਰਨਾ ਸੀ। ਇਸ ਲਈ ਭਾਰਤ ਨੇ ਇਸ ਰੇਲ ਪਟੜੀ ਦੇ ਉਸਾਰੀ ਕਾਰਜਾਂ ਲਈ ਲਗਭਗ 3700 ਕਰੋੜ ਰੁਪਏ (500 ਮਿਲੀਅਨ ਡਾਲਰ) ਦੀ ਰਕਮ ਖਰਚਣੀ ਸੀ। 

ਇਹ ਰੇਲ ਯੋਜਨਾ ਚਾਬਹਾਰ ਬੰਦਰਗਾਹ ਤੋਂ ਜਹੇਦਾਨ ਵਿਚਕਾਰ ਬਣਾਈ ਜਾਣੀ ਹੈ। ਪਿਛਲੇ ਹਫ਼ਤੇ ਈਰਾਨ ਦੇ ਟ੍ਰਾਂਸਪੋਰਟ ਅਤੇ ਸ਼ਹਿਰੀ ਵਿ ਕਾਸ ਮੰਤਰੀ ਮੁਹੰਮਦ ਇਸਲਾਮੀ ਨੇ 628 ਕਿਲੋਮੀਟਰ ਲੰਬੀ ਰੇਲ ਪਟੜੀ ਬਣਾਉਣ ਦਾ ਉਦਘਾਟਨ ਕੀਤਾ ਸੀ। ਇਸ ਰੇਲ ਲਾਈਨ ਨੂੰ ਅਫ਼ਗਾਨਿਸਤਾਨ ਦੀ ਜਰਾਂਜ ਸਰਹੱਦ ਤੱਕ ਵਧਾਇਆ ਜਾਣਾ ਹੈ। ਇੱਕ ਰਿਪੋਰਟ ਮੁਤਾਬਕ ਇਸ ਪੂਰੀ ਯੋਜਨਾ ਨੂੰ ਮਾਰਚ 2022 ਤੱਕ ਪੂਰਾ ਕੀਤਾ ਜਾਵੇਗਾ। ਈਰਾਨ ਦੇ ਰੇਲ ਮੰਤਰਾਲੇ ਨੇ ਕਿਹਾ ਹੈ ਕਿ ਉਹ ਬਿਨਾ ਭਾਰਤ ਦੀ ਮਦਦ ਦੇ ਹੀ ਇਸ ਯੋਜਨਾ 'ਤੇ ਅੱਗੇ ਵਧੇਗਾ। ਇਸ ਦੇ ਲਈ ਉਹ ਈਰਾਨ ਦੇ ਨੈਸ਼ਨਲ ਡਿਵੈਲਪਮੈਂਟ ਫੰਡ 40 ਕਰੋੜ ਡਾਲਰ ਦੀ ਧਨਰਾਸ਼ੀ ਦੀ ਵਰਤੋਂ ਕਰੇਗਾ। ਇਸ ਤੋਂ ਪਹਿਲਾਂ ਭਾਰਤ ਦੀ ਸਰਕਾਰੀ ਰੇਲ ਕੰਪਨੀ ਇਰਕਾਨ ਇਸ ਯੋਜਨਾ 'ਤੇ ਕੰਮ ਕਰਨ ਦੀ ਤਿਆਰੀ ਕਰ ਰਹੀ ਸੀ।

ਈਰਾਨ ਦੇ ਇਸ ਫੈਂਸਲੇ 'ਤੇ ਟਿੱਪਣੀ ਕਰਦਿਆਂ ਕਾਂਗਰਸ ਨੇ ਇਸ ਲਈ ਭਾਜਪਾ ਸਰਕਾਰ ਦੀ ਕੂਟਨੀਤੀ ਨੂੰ ਜ਼ਿੰਮੇਵਾਰ ਦੱਸਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਿਰਫ ਰੌਲਾ ਪਾਉਂਦੇ ਹਨ ਤੇ ਕੰਮ ਕੋਈ ਨਹੀਂ ਕਰਦੇ ਜਦਕਿ ਚੀਨ ਨੇ ਚੁੱਪ-ਚਾਪ ਕੰਮ ਕਰ ਲਿਆ।