ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਸਾਬਕਾ ਆਈ.ਪੀ.ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ

*ਅਜਿਹੀ ਪੋਸਟ ਉਪਰ ਦੇਸ਼ ਦੇ ਦੂੁਜੇ ਸਿੱਖ ਬਣੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ- ਸਾਬਕਾ ਆਈ.ਪੀ.ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਇਹ ਜਾਣਕਾਰੀ ਸੂਤਰਾਂ ਵਲੋਂ  ਦਿੱਤੀ ਗਈ ।1992 ਵਿੱਚ ਘੱਟ ਗਿਣਤੀ ਕਮਿਸ਼ਨ ਨੂੰ ਵਿਧਾਨਿਕ ਸ਼ਕਤੀ ਮਿਲਣ ਤੋਂ ਬਾਅਦ ਲਾਲਪੁਰਾ ਇਸਦੇ ਚੇਅਰਮੈਨ ਬਣਨ ਵਾਲੇ ਦੂਜੇ ਸਿੱਖ ਹਨ। ਉਨ੍ਹਾਂ ਤੋਂ ਪਹਿਲਾਂ ਸਾਲ 2003 ਵਿੱਚ ਤਰਲੋਚਨ ਸਿੰਘ ਕਮਿਸ਼ਨ ਦੇ ਚੇਅਰਮੈਨ ਬਣੇ ਸਨ। ਲਾਲਪੁਰਾ ਤੋਂ ਪਹਿਲਾਂ ਗਯੂਰੁਲ ਹਸਨ ਰਿਜ਼ਵੀ ਕਮਿਸ਼ਨ ਦੇ ਚੇਅਰਮੈਨ ਸਨ, ਜਿਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਮਈ ਵਿੱਚ ਖਤਮ ਹੋਇਆ ਸੀ। ਭਾਜਪਾ ਦੇ ਬੁਲਾਰੇ ਸ. ਲਾਲਪੁਰਾ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਸਿੱਖ  ਫਿਲਾਸਫਰ  ਹਨ | ਲਾਲਪੁਰਾ ਨੇ ਸਿੱਖ ਫਲਾਸਫੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ । ਲਾਲਪੁਰਾ ਪ੍ਰੈਜ਼ੀਡੈਂਟਸ ਪੁਲਿਸ ਮੈਡਲ ਸਮੇਤ ਕਈ ਪੁਰਸਕਾਰ ਹਾਸਲ ਕਰ ਚੁੱਕੇ ਹਨ, ਜਿਨ੍ਹਾਂ ਨੂੰ ਪੁਲਿਸ ਮੈਡਲ ਸਲਾਹੁਣਯੋਗ ਸੇਵਾਵਾਂ ਬਦਲੇ, ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ ਅਤੇ ਸਿੱਖ ਸਕਾਲਰ ਪੁਰਸਕਾਰ ਮਿਲ ਚੁੱਕੇ ਹਨ । ਘੱਟ ਗਿਣਤੀਆਂ ਦੀ ਕੌਮੀ ਕਮਿਸ਼ਨ (ਐਨ. ਸੀ. ਐਮ.) ਵੈੱਬਸਾਈਟ ਅਨੁਸਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਆਤਿਫ ਰਸ਼ੀਦ ਹੈ, ਜਦਕਿ ਪੰਜ ਮੈਂਬਰਾਂ ਦੀਆਂ ਅਸਾਮੀਆਂ ਖਾਲੀ ਹਨ । ਇਸ ਸਾਲ ਹਾਲ ਹੀ 'ਚ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਪੁੱਛਿਆ ਸੀ ਕਿ ਐਨ.ਸੀ.ਐਮ. ਦੀਆਂ 7 ਅਸਾਮੀਆਂ 'ਚੋਂ 6 ਖਾਲੀ ਕਿਉਂ ਚਲੀਆਂ ਆ ਰਹੀਆਂ ਹਨ ।

ਸਿੱਖ ਇਤਿਹਾਸ ਨਾਲ ਸਬੰਧਿਤ 14 ਕਿਤਾਬਾਂ ਲਿਖ ਚੁੱਕੇ ਹਨ ਲਾਲਪੁਰਾ

  ਉੱਘੇ ਸਿੱਖ ਵਿਦਵਾਨ ਅਤੇ ਸੇਵਾ-ਮੁਕਤ ਆਈ. ਪੀ. ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਇਤਿਹਾਸ ਨਾਲ ਸਬੰਧਿਤ 14 ਧਰਮ ਤੇ ਸਿਖ ਇਤਿਹਾਸ ਬਾਰੇ ਉਚ ਪਧਰ ਦੀਆਂ ਕਿਤਾਬਾਂ ਲਿਖੀਆਂ ਹਨ । ਦੇਸ ਵਿਦੇਸ਼ ਦੀਆਂ ਅਖਬਾਰਾਂ ਵਿਚ ਉਹਨਾਂ ਦੇ ਸੈਂਕੜੇ ਲੇਖ ਛਪ ਚੁਕੇ ਹਨ। ਇਸ ਤੋਂ ਇਲਾਵਾ ਉਹਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸਿੱਖ ਸਾਹਿਤਕਾਰ ਦਾ ਸਨਮਾਨ ਵੀ ਮਿਲਿਆ ਹੋਇਆ ਹੈ । ਉਨ੍ਹਾਂ ਦੀ ਧਰਮਪਤਨੀ ਹਰਦੀਪ ਕੌਰ ਲਾਲਪੁਰਾ ਤੇ ਬੇਟਾ ਅਜੇਵੀਰ ਸਿੰਘ ਲਾਲਪੁਰਾ ਇਲਾਕੇ ਅੰਦਰ 'ਇਨਸਾਨੀਅਤ ਪਹਿਲਾ' ਸੰਸਥਾ ਚਲਾ ਰਹੇ ਹਨ ।ਜਿਸ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ । ਸ: ਲਾਲਪੁਰਾ ਨੇ ਇਸ ਨਿਯੁਕਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦਾ ਧੰਨਵਾਦ ਕੀਤਾ ਹੈ ।