ਅੰਗਰੇਜ਼ੀ ਕਿਵੇਂ ਸਿੱਖੀਏ?

ਅੰਗਰੇਜ਼ੀ ਕਿਵੇਂ ਸਿੱਖੀਏ?

ਸੁਰਜੀਤ ਸਿੰਘ ਗੋਪੀਪੁਰ

ਆਪਣੇ ਲੋਕਾਂ ਦੀ, ਖਾਸ ਕਰਕੇ, ਬਹੁਤ ਵੱਡੀ ਤ੍ਰਾਸਦੀ ਹੈ ਕਿ ਉਹ ਵਿੱਦਿਆ ਦਾ ਅਰਥ ਅੰਗਰੇਜੀ ਸਿੱਖਣਾ ਸਮਝਦੇ ਹਨ। ਬੱਚਿਆਂ ਨੂੰ ਅੰਗਰੇਜੀ ਮਾਧਿਅਮ ਵਿਚ ਪੜ੍ਹਾਉਣ ਦਾ ਸ਼ੁਦਾਅਪੁਣਾ ਇਸ ਸੋਚ ਵਿਚੋਂ ਨਿਕਲਿਆ ਹੈ। ਸਿੱਟਾ ਇਹ ਨਿਕਲਦਾ ਹੈ ਕਿ ਨਾ ਤਾਂ ਇਹ ਬੱਚੇ ਚੰਗੀ ਤਰ੍ਹਾਂ ਵਿੱਦਿਆ ਲੈ ਪਾਉਂਦੇ ਹਨ, ਨਾ ਚੰਗੀ ਤਰ੍ਹਾਂ ਅੰਗਰੇਜੀ ਸਿੱਖ ਪਾਉਂਦੇ ਹਨ। ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਆਪਣੀ ਮਾਂ-ਬੋਲੀ ਵਿਚ ਕਮਜੋਰ ਰਹਿ ਜਾਂਦੇ ਹਨ, ਜੋ ਕਿ ਬਾਕੀ ਭਾਸ਼ਾਵਾਂ ਸਿੱਖਣ ਦੇ ਮਾਮਲੇ ਵਿਚ ਬੁਨਿਆਦ ਦਾ ਕੰਮ ਕਰਦੀ ਹੈ। ਜੇ ਮਾਂ-ਬੋਲੀ ਆਉਂਦੀ ਹੋਵੇ ਤਾਂ ਕੋਈ ਹੋਰ ਭਾਸ਼ਾ ਸਿੱਖਣਾ ਮੁਕਾਬਲਤਨ ਕਿਤੇ ਸੌਖਾ ਹੋ ਜਾਂਦਾ ਹੈ। ਮਿਸਾਲ ਦੇ ਤੌਰ ’ਤੇ, ਜੇ ਅੰਗਰੇਜੀ ਦੇ ਕਿਸੇ ਸ਼ਬਦ ਦਾ ਅਰਥ ਪਤਾ ਕਰਨਾ ਹੋਵੇ, ਮਾਂ-ਬੋਲੀ ਜਾਣਨ ਵਾਲੇ ਲਈ ਇਹ ਕੰਮ ਸੌਖਾ ਹੋ ਜਾਂਦਾ ਹੈ। ਅੰਗਰੇਜੀ ਤੋਂ ਪੰਜਾਬੀ ਵਾਲੇ ਸ਼ਬਦ ਕੋਸ਼ ਵਿਚ ਉਸ ਨੂੰ ਆਪਣੀ ਮਾਂ-ਬੋਲੀ ਵਿਚ ਅੰਗਰੇਜੀ ਦੇ ਲਫਜ ਦਾ ਢੁਕਵਾਂ ਮਤਲਬ ਤੁਰੰਤ ਪਤਾ ਲੱਗ ਜਾਂਦਾ ਹੈ, ਜਦੋਂ ਕਿ ਜਿਸਨੂੰ ਮਾਂ-ਬੋਲੀ ਨਹੀਂ ਆਉਂਦੀ, ਉਸ ਨੂੰ ਅੰਗਰੇਜੀ ਵਿਚ ਹੀ ਇਸ ਦੇ ਸਮਾਨਅਰਥੀ ਸ਼ਬਦਾਂ ਜਾਂ ਇਸ ਦੀ ਵਿਆਖਿਆ ਨਾਲ ਆਮ ਕਰਕੇ ਮੱਥਾ ਮਾਰਨਾ ਪੈਂਦਾ ਹੈ।

ਸਿੱਖਿਆ ਅਤੇ ਅੰਗਰੇਜੀ ਭਾਸ਼ਾ ਸਿਖਾਉਣ ਦੀ ਲੱਗੀ ਅੰਨੀ ਦੌੜ ਛੋਟੇ ਬੱਚਿਆਂ ਦੇ ਬੌਧਿਕ ਮਿਆਰ ਉਪਰ ਡੂੰਘਾ ਅਸਰ ਪਾ ਰਹੀ ਹੈ। ਭਾਸ਼ਾ ਸਿਖਲਾਈ ਸਿੱਖਿਆ ਦਾ ਇਕ ਹਿੱਸਾ ਹੈ, ਨਾ ਕਿ ਸਿੱਖਿਆ ਭਾਸ਼ਾ ਸਿਖਲਾਈ ਦਾ ਇਕ ਹਿੱਸਾ। ਭਾਸ਼ਾ ਤਾਂ ਸਿੱਖਿਆ ਦਾ ਇਕ ਮਾਧਿਅਮ ਹੈ। ਜੇ ਵਿਦਿਆਰਥੀ ਨੂੰ ਮਾਧਿਅਮ ਆਉਂਦਾ ਹੋਵੇਗਾ, ਤਾਂ ਹੀ ਉਹ ਸਿੱਖਿਆ ਲੈ ਸਕੇਗਾ। ਮੁਢਲੀ ਸਿੱਖਿਆ ਹਾਸਲ ਕਰ ਰਹੇ ਬੱਚੇ ਤਾਂ ਅਜੇ ਅੰਗਰੇਜੀ ਸਿੱਖਣ ਦੇ ਮੁਢਲੇ ਪੜਾਏ ’ਤੇ ਹੁੰਦੇ ਹਨ, ਉਹ ਇਸ ਨੂੰ ਮਾਧਿਅਮ ਕਿਵੇਂ ਬਣਾ ਲੈਣਗੇ। ਉਹਨਾਂ ਨੇ ਤਾਂ ਅਜੇ ਮਾਂ-ਬੋਲੀ ਵੀ ਚੰਗੀ ਤਰ੍ਹਾਂ ਨਹੀਂ ਸਿੱਖੀ ਹੁੰਦੀ, ਉਪਰੋਂ ਉਹਨਾਂ ਉਪਰ ਬਿਲਕੁੱਲ ਓਪਰੀ ਭਾਸ਼ਾ ਮਾਧਿਅਮ ਦੇ ਰੂਪ ਵਿਚ ਮੜ੍ਹ ਦਿੱਤੀ ਜਾਂਦੀ, ਜਿਸ ਨਾਲ ਉਹਨਾਂ ਦੀਆਂ ਮਾਨਸਿਕ ਸਮੱਸਿਆਂ ਵਧ ਜਾਂਦੀਆਂ ਹਨ। ਮਾਧਿਅਮ ਕਿਸੇ ਸੁਨੇਹੇ ਨੂੰ ਦੂਜੇ ਤੱਕ ਪਹੁੰਚਾਉਣ ਦੇ ਪੁਲ ਦਾ ਕੰਮ ਕਰਦਾ ਹੈ, ਪਰ ਆਪਣੇ ਇਥੇ ਅੰਗਰੇਜੀ ਨੂੰ ਮਾਧਿਅਮ ਦੇ ਰੂਪ ਵਿਚ ਲਾਗੂ ਕਰਕੇ ਸੁਨੇਹੇ ਦੀ ਪਹੁੰਚ ਵਿਚ ਅੜਿੱਕਾ ਖੜ੍ਹਾ ਕਰ ਦਿੱਤਾ ਜਾਂਦਾ ਹੈ। ਕਿੰਨਾ ਅਜੀਬ ਢਾਂਚਾ ਹੈ ਇਹ।

ਭਾਸ਼ਾ ਨੂੰ ਸਿਖਾਉਣ ਦਾ ਆਪਣਾ ਵਿਗਿਆਨ ਜਾਂ ਮਨੋਵਿਗਿਆਨ ਹੈ, ਇਸ ਨੂੰ ਬਾਕੀ ਵਿਸ਼ਿਆਂ ਨਾਲ ਰਲਗੱਡ ਨਾ ਕਰੋ। ਮੁਢਲੀ ਸਿੱਖਿਆ ਦਾ ਮਾਧਿਆਮ ਅੰਗਰੇਜੀ ਹੋਣ ਨਾਲ ਨਾ ਸਿਰਫ ਬੱਚਿਆਂ ਦੇ ਦਿਮਾਗੀ ਵਿਕਾਸ ਉਪਰ ਅਸਰ ਪੈਂਦਾ ਹੈ ਸਗੋਂ ਉਸ ਨੂੰ ਬਾਕੀ ਵਿਸ਼ਿਆਂ ਨੂੰ ਸਮਝਣ ਵਿਚ ਲੰਮੇਰਾ ਸਮਾਂ ਲਗਦਾ ਹੈ। ਮਿਸਾਲ ਦੇ ਤੌਰ ’ਤੇ ਪੰਜਾਬੀ ਮਾਂ-ਬੋਲੀ ਵਾਲੇ ਮੁਢਲੀ ਸਿੱਖਿਆ ਹਾਸਲ ਕਰ ਰਹੇ ਬੱਚੇ ਨੂੰ ਵਿਗਿਆਨ ਦਾ ਵਿਸ਼ਾ ਅੰਗਰੇਜੀ ਵਿਚ ਪੜ੍ਹਾਉਣ ਦਾ ਉਦੇਸ਼ ਵਿਗਿਆਨ ਪੜ੍ਹਾਉਣਾ ਜਾਂ ਸਮਝਾਉਣਾ ਨਹੀਂ ਲਿਆ ਜਾਂਦਾ, ਸਗੋਂ ਅੰਗਰੇਜੀ ਸਿਖਾਉਣਾ ਲਿਆ ਜਾਂਦਾ ਹੈ। ਕਿੰਨੀ ਹਾਸੋਹੀਣੀ ਗੱਲ ਹੈ।

ਕੋਵਿਡ ਤਾਲਾਬੰਦੀ ਦੌਰਾਨ ਸਕੂਲ ਬੰਦ ਹੋਣ ਕਾਰਨ ਛੋਟੇ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਲੱਗ ਰਹੀਆਂ ਹਨ, ਜਿਸ ਤਹਿਤ ਮਾਪੇ ਵੀ ਬੱਚਿਆਂ ਨਾਲ ਜਮਾਤਾਂ ਵਿਚ ਹਿੱਸਾ ਲੈ ਰਹੇ ਹਨ। ਅਧਿਆਪਕ ਵਲੋਂ 5 ਸਾਲ ਦੇ ਬੱਚੇ ਨੂੰ ਅੰਗਰੇਜੀ ਵਿਚ ਪੜ੍ਹਾਇਆ ਜਾ ਰਿਹਾ ਹੈ, ਕਿਨੀਂ ਕੁ ਉਹਨਾਂ ਦੇ ਬੱਚਿਆਂ ਨੂੰ ਅੰਗਰੇਜੀ ਸਮਝ ਆਉਂਦੀ ਹੈ, ਇਹ ਮਾਪੇ ਖੁਦ ਦੇਖ ਲੈਣ। ਨਾ ਅੰਗਰੇਜੀ ਸਮਝ ਆ ਰਹੀ ਹੈ, ਨਾ ਵਿਸ਼ਾ ਜਿਹੜਾ ਪੜ੍ਹਾਇਆ ਜਾ ਰਿਹਾ ਹੈ। ਸਿੱਟੇ ਵਜੋਂ ਰੱਟੇ ਲਗਾਉਣ ਤੋਂ ਸਿਵਾਏ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ। ਜੇ ਉਹਨਾਂ ਨੂੰ ਮਾਂ-ਬੋਲੀ ਵਿਚ ਸਮਝਾਇਆ ਜਾਂ ਪੜ੍ਹਾਇਆ ਜਾਵੇ ਤਾਂ ਉਹਨਾਂ ਨੂੰ ਤੁਰੰਤ ਸਮਝ ਆ ਜਾਵੇ ਤੇ ਯਾਦ ਕਰਨਾ ਵੀ ਸੌਖਾ ਹੋ ਜਾਵੇ। ਅਤੇ ਅੰਗਰੇਜੀ ਸਿਖਾਉਣੀ ਵੀ ਸੌਖੀ ਹੋ ਜਾਵੇ, ਜਿਸ ਨੂੰ ਸਿਖਾਉਣ ਲਈ ਇਕ ਵੱਖਰਾ ਵਿਸ਼ਾ ਹੁੰਦਾ ਹੈ।

ਅੰਗਰੇਜੀ ਦਾ ਪੱਤਰਕਾਰ ਹੋਣ ਕਰਕੇ ਹਰ ਰੋਜ਼ ਅੰਗਰੇਜੀ ਅਤੇ ਪੰਜਾਬੀ ਦੇ ਸ਼ਬਦਾਂ ਅਤੇ ਮੁਹਾਵਰਿਆਂ ਦੀ ਆਪਸੀ ਤੁਲਨਾ ਕਰਨ ਦੀ ਕਸਰਤ ਦਿਮਾਗ ਵਿਚ ਚੱਲਦੀ ਹੀ ਰਹਿੰਦੀ ਹੈ। ਇਕ ਵਾਰ ਇਕ ਖ਼ਬਰ ਬਣਾਉਂਦਿਆਂ ਮੈਂ ਅੰਗਰੇਜੀ ਦਾ ਲਫਜ Decisive ਵਰਤਿਆ। ਮੇਰਾ ਇਕ ਸਾਥੀ ਪੱਤਰਕਾਰ ਜੋ ਕਿ ਮੇਰੇ ਲਾਗੇ ਆਪਣਾ ਕੰਮ ਕਰ ਰਿਹਾ ਸੀ ਅਤੇ ਮੁਢ ਤੋਂ ਇਕ ਨਾਮਵਰ ਅੰਗਰੇਜੀ ਮਾਧਿਅਮ ਸਕੂਲ ਵਿਚ ਪੜ੍ਹਿਆ ਸੀ, ਦੀ ਇਸ ਲਫਜ ਉਪਰ ਅਚਾਨਕ ਨਜ਼ਰ ਪੈ ਗਈ ਅਤੇ ਉਸ ਨੇ ਹੈਰਾਨੀ ਨਾਲ ਮੈਨੂੰ ਪੁੱਛਿਆ ਕਿ ਤੂੰ ਇਹ ਲਫਜ਼ ਕਿਥੋਂ ਲੱਭ ਲਿਆ। ਮੈਂ ਉਸ ਨੂੰ ਦੱਸਿਆ ਕਿ ਮੇਰੇ ਦਿਮਾਗ ਵਿਚ ਇਕ ਵਾਰ ਪੰਜਾਬੀ ਦਾ ਸ਼ਬਦ ‘ਫੈਸਲਾਕੁੰਨ’ ਘੁੰਮ ਰਿਹਾ ਸੀ, ਉਸ ਦੇ ਅੰਗਰੇਜੀ ਰੂਪ ਦੀ ਖੋਜ ਕਰਦਿਆਂ ਕਰਦਿਆਂ ਮੈਂ ਇਹ ਅੰਗਰੇਜੀ ਦਾ ਸ਼ਬਦ ਲੱਭ ਲਿਆ। ਇਸ ਦਾ ਸਿਹਰਾ ਇਸ ਗੱਲ ਨੂੰ ਜਾਂਦਾ ਹੈ ਕਿ ਮੈਨੂੰ ਮਾਂ-ਬੋਲੀ ਵਧੀਆ ਤਰ੍ਹਾਂ ਆਉਂਦੀ ਹੈ।

ਪਿੰਡ ਦੇ ਸਰਕਾਰੀ ਸਕੂਲ ਵਿਚ ਨਿਰੋਲ ਪੰਜਾਬੀ ਮਾਧਿਆਮ ਵਿਚ ਦਸਵੀਂ ਸਰ ਕੀਤੀ ਤਾਂ ਨਤੀਜਾ ਕਾਫੀ ਵਧੀਆ ਆਇਆ। ਨਤੀਜੇ ਵਜੋਂ ਕਾਲਜ ਵਿਚ ਦਾਖਲਾ ਲੈਣ ਜਿਸ ਲਈ ਵਧੀਆ ਅੰਕ ਚਾਹੀਦੇ ਸੀ ਅਤੇ ਆ ਵੀ ਗਏ ਸੀ, ਦਾ ਸੁਪਨਾ ਪੂਰਾ ਹੁੰਦਾ ਦਿੱਸਿਆ। ਪਰ ਪਤਾ ਲੱਗਾ ਕਿ ਕਾਲਜ ਵਿਚ ਆਰਟਸ ਦਾ ਵਿਸ਼ਾ ਨਹੀਂ ਹੈ। ਇਸ ਲਈ ਜਾਂ ਤਾਂ ਵਿਗਿਆਨ ਪੜ੍ਹਨੀ ਪਵੇਗੀ, ਜਾਂ ਵਪਾਰ। ਵਪਾਰ ਵਿਚ ਕੋਈ ਦਿਲਚਸਪੀ ਨਹੀਂ ਸੀ, ਵਿਗਿਆਨ ਵਿਚ ਲੋਕਾਂ ਨੇ ਇਹ ਵਹਿਮ ਪਾ ਦਿੱਤਾ ਕਿ ਉਹ ਅੰਗਰੇਜੀ ਵਿਚ ਹੁੰਦੀ ਹੈ, ਤੇਰੇ ਕੋਲੋਂ ਨੀਂ ਕਰ ਹੋਣੀ, ਤੂੰ ਤਾਂ ਤੱਪੜ-ਮਾਰਕਾ ਸਰਕਾਰੀ ਪੰਜਾਬੀ ਸਕੂਲ ਵਿਚ ਪੜ੍ਹਿਆਂ ਏਂ। ਇਕ ਵਾਰ ਤਾਂ ਮੈਂ ਇਸ ਦਾ ਖਿਆਲ ਛੱਡ ਹੀ ਦਿੱਤਾ ਪਰ ਮੈਨੂੰ ਦਸਵੀਂ ਵਿਚ ਵਿਗਿਆਨ ਪੜ੍ਹਾਉਂਦੇ ਅਧਿਆਪਕ ਜਿਹਨਾਂ ਦਾ ਨਾਂ ਵਿਵੇਕ ਆਨੰਦ ਸੀ, ਨੇ ਮੈਨੂੰ ਵਿਗਿਆਨ ਪੜ੍ਹਨ ਲਈ ਹੱਲਾਸ਼ੇਰੀ ਦਿੱਤੀ। ਬੱਸ ਲੈ ਲਿਆ ਦਾਖਲਾ, ਕਪੂਰਥਲੇ ਦੇ ਸਰਕਾਰੀ ਕਾਲਜ ਵਿਚ ਨਾਨ-ਮੈਡੀਕਲ ’ਚ।

ਕਿਉਂਕਿ ਵਿਗਿਆਨ ਦੀ ਇਕ ਆਪਣੀ ਤਕਨੀਕੀ ਸ਼ਬਦਾਵਲੀ ਹੁੰਦੀ ਹੈ। ਉਹ ਸ਼ਬਦਾਵਲੀ ਜਾਣਨ ਲਈ ਮਸਾਂ 3-4 ਮਹੀਨੇ ਹੀ ਲਗਦੇ ਹਨ, ਬਸ ਫਿਰ ਗੱਡੀ ਲੀਹ ’ਤੇ ਪੈ ਜਾਂਦੀ ਹੈ ਅਤੇ ਫਿਰ ਅੰਗਰੇਜੀ ਅਤੇ ਪੰਜਾਬੀ ਪੜ੍ਹੇ ਲਗਭਗ ਬਰਾਬਰ ਹੀ ਹੋ ਜਾਂਦੇ ਹਨ। ਬਾਹਰਵੀਂ ਤੱਕ ਪਹੁੰਚਦਿਆਂ-ਪਹੁੰਚਦਿਆਂ ਕਈ ਅੰਗਰੇਜੀ ਵਿਚ ਖੁਦ ਨੂੰ ਖੱਬੀ ਖਾਨ ਸਮਝਣ ਵਾਲੇ ਪਿੱਛੇ ਵੀ ਰਹਿ ਜਾਂਦੇ ਹਨ ਅਤੇ ਮੈਂ ਇੰਝ ਹੁੰਦਾ ਦੇਖਿਆ ਵੀ। ਕਈ 11ਵੀਂ ਵਿਚ ਅਜਿਹੇ ਕਈ ਫੇਲ੍ਹ ਹੁੰਦੇ ਵੀ ਵੇਖੇ। ਕਹਿਣ ਤੋਂ ਭਾਵ ਇਹ ਹੈ ਕਿ ਭਾਸ਼ਾ ਸਿਖਲਾਈ ਅਤੇ ਹੋਰ ਵਿਸ਼ਿਆਂ ਨੂੰ ਪੜ੍ਹਾਉਣ ਦੀ ਸਹੀ ਵਿਧੀ ਨੂੰ ਸਮਝੋ। ਕੁੱਲ ਮਿਲਾ ਕੇ ਮੇਰਾ ਤਜ਼ਰਬਾ ਇਹ ਰਿਹਾ ਕਿ ਅੰਗਰੇਜੀ ਮਾਧਿਆਮ ਵਿਚ ਦਸਵੀਂ ਤੱਕ ਸਿੱਖਿਆ ਨਾ ਹਾਸਲ ਕਰਨ ਕਰਕੇ ਨਾ ਤਾਂ ਮੈਨੂੰ ਕੋਈ ਰੁਕਾਵਟ ਆਈ, ਨਾ ਹੀ ਇਹ ਵਿਸ਼ਾ ਪੜ੍ਹਨ ਨਾਲ ਮੈਨੂੰ ਕੋਈ ਅੰਗਰੇਜੀ ਜਿਆਦਾ ਆ ਗਈ।

ਰਹੀ ਗੱਲ ਅੰਗਰੇਜੀ ਬੋਲਣ ਤੇ ਸੁਣਨ ਦੀ, ਇਸ ਲਈ ਸਿਰਫ ਅਭਿਆਸ ਹੀ ਚਾਹੀਦਾ ਹੈ। ਇਹ ਅਭਿਆਸ ਕੋਈ ਬਹੁਤਾ ਲੰਮਾ ਨਹੀਂ ਕਰਨਾ ਪੈਂਦਾ, ਬਸ਼ਰਤੇ ਕਿ ਤੁਹਾਡੀ ਅੰਗਰੇਜੀ ਵਿਚ ਬੁਨਿਆਦ ਮਜਬੂਤ ਹੋਵੇ ਅਤੇ ਇਹ ਬੁਨਿਆਦ ਆਪਣੀ ਮਾਂ-ਬੋਲੀ ਦੀ ਬੁਨਿਆਦ ਪੱਕੀ ਕਰਕੇ ਹੀ ਹਾਸਲ ਹੁੰਦੀ ਹੈ।