ਐਚਆਈਵੀ ਦੀ ਦਵਾਈ ਕਰ ਸਕਦੀ ਹੈ ਕੋਰੋਨਾ ਦਾ ਸਫਾਇਆ!

ਐਚਆਈਵੀ ਦੀ ਦਵਾਈ ਕਰ ਸਕਦੀ ਹੈ ਕੋਰੋਨਾ ਦਾ ਸਫਾਇਆ!

ਜੈਪੁਰ: ਭਾਰਤ ਵਿਚ ਕੋਰੋਨਾਵਾਇਰਸ ਦੇ ਪੀੜਤ ਪਾਏ ਗਏ ਦੋ ਇਟਾਲੀਅਨ ਯਾਤਰੀਆਂ ਦੇ ਇਲਾਜ ਦੌਰਾਨ ਐਚਆਈਵੀ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਦੇ ਕੰਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਯਾਤਰੀਆਂ ਨੂੰ ਪਿਛਲੇ ਮਹੀਨੇ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ ਸੀ ਜਿਸ ਮਗਰੋਂ ਇਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਸੀ। ਇਲਾਜ ਦੌਰਾਨ ਇਹਨਾਂ ਨੂੰ ਐਚਆਈਵੀ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਦਿੱਤੀ ਗਈ ਤੇ ਹੁਣ ਇਹਨਾਂ ਵਿਚ ਕੋਰੋਨਾਵਾਇਰਸ ਨੈਗੇਟਿਵ ਪਾਇਆ ਗਿਆ ਹੈ ਭਾਵ ਇਹ ਵਾਇਰਸ ਤੋਂ ਮੁਕਤ ਹਨ। 

ਰਾਜਸਥਾਨ ਦੇ ਸਿਹਤ ਮਾਮਲਿਆਂ ਬਾਰੇ ਵਧੀਕ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ 69 ਸਾਲਾ ਪਤੀ ਅਤੇ ਉਸਦੀ 70 ਸਾਲਾ ਪਤਨੀ ਦੇ ਦੋ ਵਾਰ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਦੋਵੇਂ ਵਾਰ ਕੋਰੋਨਾਵਾਇਰਸ ਨੈਗੇਟਿਵ ਆਇਆ ਹੈ। ਉਹਨਾਂ ਦੱਸਿਆ ਕਿ ਇਕ ਹੋਰ 85 ਸਾਲਾ ਮਰੀਜ਼ ਹੋ ਦੁਬਈ ਤੋਂ 28 ਫਰਵਰੀ ਨੂੰ ਵਾਪਸ ਆਇਆ ਸੀ ਤੇ 11 ਮਾਰਚ ਨੂੰ ਉਸਦਾ ਟੈਸਟ ਪੋਸਿਟਿਵ ਆਇਆ ਸੀ ਪਰ ਹੁਣ ਉਸਦਾ ਟੈਸਟ ਵੀ ਨੈਗੇਟਿਵ ਆਇਆ ਹੈ।

ਪਰ ਫਿਲਹਾਲ ਭਾਰਤੀ ਮੈਡੀਕਲ ਖੋਜ ਕਾਉਂਸਲ ਦੇ ਉੱਚ ਅਫਸਰ ਦਾ ਕਹਿਣਾ ਹੈ ਕਿ ਇਸ ਬਿਮਾਰੀ ਲਈ ਇਸ ਦਵਾਈ ਦੇ ਇਹਨਾਂ ਨਤੀਜਿਆਂ ਨੂੰ ਬਿਲਕੁਲ ਸਹੀ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਚੀਨ ਵਿਚ ਇਸ ਬਿਮਾਰੀ ਦਾ ਇਸ ਦਵਾਈ ਨਾਲ ਇਲਾਜ ਕਰਨ ਦੇ ਨਤੀਜੇ ਜਾਣਨ ਲਈ ਵੱਡੇ ਪੱਧਰ 'ਤੇ ਟਰਾਇਲ ਚੱਲ ਰਿਹਾ ਹੈ, ਉਸ ਤੋਂ ਹੀ ਇਸ ਦੀ ਸਾਰਥਿਕਤਾ ਬਾਰੇ ਪਤਾ ਲੱਗ ਸਕੇਗਾ। 

ਇਹ ਜਾਣਨਾ ਵੀ ਅਹਿਮ ਹੈ ਕਿ ਇਸ ਦਵਾਈ ਤੋਂ ਬਿਨ੍ਹਾਂ ਵੀ ਵੱਡੀ ਗਿਣਤੀ 'ਚ ਮਰੀਜ਼ ਸਿਹਤਯਾਬ ਹੋ ਰਹੇ ਹਨ। ਸਿਹਤਯਾਬੀ ਲਈ ਇਕ ਸਮਾਂ ਹੈ ਜੋ ਕਿ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ 'ਤੇ ਨਿਰਭਰ ਕਰਦਾ ਹੈ। ਭਾਰਤ ਵਿਚ ਹੁਣ ਤੱਕ 10 ਕੋਰੋਨਾਵਾਇਰਸ ਮਰੀਜ਼ ਸਿਹਤਯਾਬ ਹੋ ਕੇ ਘਰੋਂ ਘਰੀਂ ਜਾ ਚੁੱਕੇ ਹਨ, ਜਿਹਨਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ ਸੀ।

ਭਾਰਤ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ ਪੀੜਤ 110 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਹਨਾਂ ਵਿਚ ਜ਼ਿਆਦਾਤਰ ਲੋਕ ਵਿਦੇਸ਼ ਦੌਰਿਆਂ ਤੋਂ ਵਾਪਸ ਪਰਤੇ ਸਨ ਜਾਂ ਉਹਨਾਂ ਦੇ ਪਰਿਵਾਰਕ ਜੀਅ ਇਹਨਾਂ ਮਾਮਲਿਆਂ 'ਚ ਸ਼ਾਮਲ ਹਨ। ਹੁਣ ਤਕ ਭਾਰਤ ਵਿਚ ਕੋਰੋਨਾਵਾਇਰਸ ਨਾਲ 2 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਇਸ ਵਾਇਰਸ ਨੂੰ 'ਆਫਤ' ਐਲਾਨਦਿਆਂ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੇ ਐਲਾਨ ਕੀਤੇ ਗਏ ਹਨ। 

ਦੁਨੀਆ ਦੇ ਕਈ ਮੁਲਕਾਂ ਵਿਚ ਸਰਕਾਰਾਂ ਵੱਲੋਂ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਯਾਤਰਾ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ ਤਾਂ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਿਰਫ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੈ ਜਿਵੇਂ ਜ਼ਿਆਦਾ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ, ਬੇਲੋੜੇ ਸਫਰ ਤੋਂ ਬਚਿਆ ਜਾਵੇ, ਹੱਥਾਂ ਨੂੰ ਵਾਰ-ਵਾਰ ਪਾਣੀ ਅਤੇ ਸਾਬਣ ਨਾਲ ਸਾਫ ਕੀਤਾ ਜਾਵੇ ਅਤੇ ਹੱਥ ਬੇਲੋੜੇ ਮੂੰਹ ਨੂੰ ਲਾਉਣ ਤੋਂ ਪ੍ਰਹੇਜ਼ ਕੀਤਾ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।