ਗੁਰਦੁਆਰਾ ਹਜ਼ੂਰ ਸਾਹਿਬ ਪ੍ਰਬੰਧਕਾਂ ਨੇ ਸੰਗਤ ਦੀਆਂ ਪਾਜ਼ੇਟਿਵ ਰਿਪੋਰਟਾਂ ਦੇ ਸਰਕਾਰੀ ਦਾਅਵਿਆਂ 'ਤੇ ਚੁੱਕੇ ਸਵਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਦਿਨਾਂ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪੰਜਾਬ ਆਈਆਂ ਸੰਗਤਾਂ ਦੀਆਂ ਕੋਰੋਨਾਵਾਇਰਸ ਰਿਪੋਰਟਾਂ ਪਾਜ਼ੇਟਿਵ ਆਉਣ ਦੇ ਸਰਕਾਰੀ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਹਜ਼ੂਰ ਸਾਹਿਬ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਭੇਜਣ ਤੋਂ ਪਹਿਲਾਂ ਤਿੰਨ ਵਾਰ ਸਥਾਨਕ ਪ੍ਰਸ਼ਾਸਨ ਨੇ ਸਾਰੀਆਂ ਸੰਗਤਾਂ ਦੀ ਸਿਹਤ ਜਾਂਚ ਕੀਤੀ ਸੀ ਤੇ ਕਿਸੇ ਵਿਚ ਵੀ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਪਾਏ ਗਏ ਸਨ। ਉਹਨਾਂ ਕਿਹਾ ਕਿ ਸੰਗਤਾਂ ਪਿਛਲੇ ਡੇਢ ਮਹੀਨੇ ਤੋਂ ਹਜ਼ੂਰ ਸਾਹਿਬ ਵਿਖੇ ਬਿਲਕੁਲ ਸਹੀ ਸਨ ਪਰ ਪੰਜਾਬ ਪਹੁੰਚਦਿਆਂ ਹੀ ਉਹਨਾਂ ਦੀ ਰਿਪੋਰਟਾਂ ਪਾਜ਼ੇਟਿਵ ਦੱਸ ਕੇ ਕਈ ਲੋਕਾਂ ਵੱਲੋਂ ਤਖ਼ਤ ਹਜ਼ੂਰ ਸਾਹਿਬ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। 

ਇਸ ਸਬੰਧੀ ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਵੱਲੋਂ ਇਕ ਵੀਡੀਓ ਰਾਹੀਂ ਸੰਗਤਾਂ ਦੇ ਨਾਂ ਸੁਨੇਹਾ ਜਾਰੀ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਉੱਤੇ ਦੇਖ ਸਕਦੇ ਹੋ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਅਸਰ ਦਾ ਸਮਾਂ 14 ਤੋਂ 28 ਦਿਨਾਂ ਦਰਮਿਆਨ ਮੰਨਿਆ ਜਾਂਦਾ ਹੈ ਅਤੇ ਇਹ ਸੰਗਤਾਂ ਪਿਛਲੇ ਦੋ ਮਹੀਨਿਆਂ ਦੇ ਕਰੀਬ ਸਮੇਂ ਤੋਂ ਹਜ਼ੂਰ ਸਾਹਿਬ ਵਿਖੇ ਸਨ। ਇਹਨਾਂ ਸੰਗਤਾਂ ਨੂੰ ਉੱਥੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੀ ਕੋਈ ਸ਼ਿਕਾਇਤ ਨਹੀਂ ਸੀ। 

ਇਸ ਤੋਂ ਪਹਿਲਾਂ ਸੰਗਤਾਂ ਨੂੰ ਪੰਜਾਬ ਛੱਡਣ ਆਏ ਟੈਂਪੂ ਟਰੈਵਲਰ ਦੇ ਇਕ ਡਰਾਈਵਰ ਬਾਰੇ ਵੀ ਕੁੱਝ ਦਿਨ ਪਹਿਲਾਂ ਇਹ ਖਬਰਾਂ ਲਾਈਆਂ ਗਈਆਂ ਸਨ ਕਿ ਉਸਦੇ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਬਾਅਦ ਵਿਚ ਉਸ ਡਰਾਈਵਰ ਨੇ ਖੁਦ ਆਪਣੀ ਵੀਡੀਓ ਪਾ ਕੇ ਸਪਸ਼ਟ ਕੀਤਾ ਸੀ ਕਿ ਇਹ ਖਬਰ ਝੂਠੀ ਹੈ ਅਤੇ ਉਸਦਾ ਕੋਈ ਵੀ ਕੋਰੋਨਾਵਾਇਰਸ ਟੈਸਟ ਹੀ ਨਹੀਂ ਹੋਇਆ। 

ਜ਼ਿਕਰਯੋਗ ਹੈ ਕਿ ਭਾਰਤ ਦੇ ਕਈ ਸੂਬਿਆਂ ਵਿਚ ਪਹਿਲਾਂ ਵੀ ਕੋਰੋਨਾਵਾਇਰਸ ਟੈਸਟ ਲਈ ਵਰਤੀਆਂ ਜਾ ਰਹੀਆਂ ਮਸ਼ੀਨਾਂ ਰਾਹੀਂ ਗਲਤ ਰਿਪੋਰਟਾਂ ਦੇਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਦੇ ਚਲਦਿਆਂ ਆਈਸੀਐਮਆਰ ਨੇ ਇਹਨਾਂ ਮਸ਼ੀਨਾਂ ਦੀ ਵਰਤੋਂ 'ਤੇ ਰੋਕ ਲਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ। 

ਕੋਰੋਨਾਵਾਇਰਸ ਦੇ ਫੈਲਣ ਦੇ ਸਮੇਂ ਤੋਂ ਹੀ ਭਾਰਤ ਵਿਚ ਇਸ ਲਾਗ ਦੀ ਬਿਮਾਰੀ ਨੂੰ ਘੱਟਗਿਣਤੀ ਮੁਸਲਮਾਨਾਂ ਅਤੇ ਸਿੱਖਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਬਾਰੇ ਕੌਮਾਂਤਰੀ ਮੀਡੀਆ ਵਿਚ ਵੀ ਚਰਚਾਵਾਂ ਹੋ ਚੁੱਕੀਆਂ ਹਨ। ਹੁਣ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦੀ ਆਈ ਇਸ ਵੀਡੀਓ ਨੇ ਪੰਜਾਬ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਸਰਕਾਰ 'ਤੇ ਸਵਾਲ ਉੱਠਣੇ ਲਾਜ਼ਮੀ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।