ਕੋਰੋਨਾ ਵਾਇਰਸ ਦੇ ਦੌਰ ਵਿਚ ਕਾਮੂ ਦੀ ਰਚਨਾ ਪਲੇਗ ਪੜ੍ਹੋ (ਰਵੀਸ਼ ਕੁਮਾਰ)

ਕੋਰੋਨਾ ਵਾਇਰਸ ਦੇ ਦੌਰ ਵਿਚ ਕਾਮੂ ਦੀ ਰਚਨਾ ਪਲੇਗ ਪੜ੍ਹੋ (ਰਵੀਸ਼ ਕੁਮਾਰ)

ਰਵੀਸ਼ ਕੁਮਾਰ

1918 ਦੌਰਾਨ ਭਾਰਤ ਵਿਚ ਫਲੂ ਦਾ ਵਾਇਰਸ ਫੈਲਿਆ ਸੀ। ਤਕਰੀਬਨ ਦੋ ਕਰੋੜ ਲੋਕ ਮਾਰੇ ਗਏ ਸਨ। ਉਸ ਦੇ 25 ਸਾਲ ਬਾਅਦ 1943 ਵਿਚ ਬੰਗਾਲ ਵਿਚ ਅਕਾਲ ਪਿਆ ਸੀ। ਉਸ ਵਿਚ 1 ਕਰੋੜ ਲੋਕ ਮਾਰੇ ਗਏ ਸਨ। ਉਸ ਦੇ ਚਾਰ ਸਾਲ ਬਾਅਦ 1947 ਵਿਚ ਭਾਰਤੀ ਉਪ ਮਹਾਂਦੀਪ ਦੀ ਵੰਡ ਦੇ ਦੌਰਾਨ ਤਿੰਨ ਧਰਮਾਂ ਦੇ ਲੋਕਾਂ ਨੇ ਆਪਸ ਵਿਚ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਸੀ। 75 ਹਜ਼ਾਰ ਔਰਤਾਂ ਦੇ ਨਾਲ ਬਲਾਤਕਾਰ ਹੋਇਆ ਸੀ। ਇਨਫੈਕਸ਼ਨ, ਅਕਾਲ ਤੇ ਦੰਗਿਆਂ ਵਿਚ ਤਕਰੀਬਨ 3 ਕਰੋੜ ਦੇ ਕਰੀਬ ਲੋਕ ਮਾਰੇ ਗਏ ਸਨ। ਅਸੀਂ ਨਹੀਂ ਜਾਣਦੇ ਇਨ੍ਹਾਂ ਮੌਤਾਂ ਦੇ ਬਾਅਦ ਭਾਰਤੀ ਮਾਨਸਿਕਤਾ 'ਤੇ ਕੋਈ ਅਸਰ ਹੋਇਆ ਸੀ ਜਾਂ ਨਹੀਂ। 

2020 ਦੇ ਸਾਲ ਵਿਚ ਕੋਰੋਨਾ ਇਨਫੈਕਸ਼ਨ ਦੇ ਕਾਰਨ ਮੁਲਕਾਂ ਦੇ ਮੁਲਕ ਘਰਾਂ ਵਿਚ ਬੰਦ ਕੀਤੇ ਜਾ ਰਹੇ ਹਨ। ਸਾਮਾਜਿਕ ਪ੍ਰਾਣੀ ਨੂੰ ਸਾਮਾਜਿਕ ਦੂਰੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਮੌਤ ਦੇ ਅੰਕੜਿਆਂ ਵਿਚਾਲੇ ਮਨੁੱਖ ਦੇ ਸਿਰ 'ਤੇ ਮੌਤ ਮੰਡਰਾ ਰਹੀ ਹੈ। ਹਰੇਕ ਕੋਈ ਦਹਿਸ਼ਤ ਵਿਚ ਹੈ। ਕੋਰੋਨਾ ਵਾਇਰਸ ਦੇ ਸ਼ਿਕਾਰ ਲੋਕਾਂ ਨੂੰ ਮਰੇ ਹੋਏ ਲੋਕਾਂ ਦਾ ਅੰਕੜਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ, ਜਿਸ ਨੂੰ ਕੋਰੋਨਾ ਹੋ ਗਿਆ ਹੈ, ਉਹ ਮੌਤ ਦੇ ਕਰੀਬ ਪਹੁੰਚ ਗਿਆ ਹੈ। ਹਫੜਾ ਦਫੜੀ ਮਚੀ ਹੈ ਤੇ ਇਸ ਦੇ ਵਿਚਾਲੇ ਲਾਪਰਵਾਹੀ ਜਾਂ ਬੇਪ੍ਰਵਾਹੀ ਦਾ ਦੌਰ ਵੀ ਇਸ ਖੁਸ਼ਨੁਮਾ ਹਵਾ ਦੀ ਤਰ੍ਹਾਂ ਸ਼ਹਿਰਾਂ ਵਿਚ ਚਲ ਰਿਹਾ ਹੈ। ਜਿਸ ਦੀ ਆਹਟ ਕਾਮੂ ਨੇ ਭਾਂਪ ਲਈ ਸੀ। 1947 ਦੇ ਸਾਲ ਵਿਚ ਉਸ ਦੀ ਰਚਨਾ ਪਲੇਗ ਪੜ੍ਹਦੇ ਹੋਏ ਲੱਗ ਰਿਹਾ ਹੈ ਕਿ ਮੈਂ 2020 ਦਾ ਭਾਰਤ ਜਾਂ 2020 ਦਾ ਵਿਸ਼ਵ ਦੇਖ ਰਿਹਾ ਹਾਂ। ਕੁਝ ਪਹਿਲਾਂ ਤੋਂ ਬਦਲਿਆ ਹੈ ਤੇ ਬਹੁਤ ਕੁਝ ਪਹਿਲਾਂ ਦੀ ਤਰ੍ਹਾਂ ਹੈ। ਰਚਨਾਕਾਰ ਨੇ ਜੋ ਹਾਲਾਤ ਬਿਆਨ ਕੀਤੇ ਹਨ, ਉਹ 72 ਸਾਲ ਬਾਅਦ ਵੀ ਨਜ਼ਰ ਆ ਰਹੇ ਹਨ। ਕੁਝ ਵੀ ਨਹੀਂ ਬਦਲਿਆ ਹੈ। ਇਸ ਲਈ ਕਾਮੂ ਦੀ ਰਚਨਾ ਪਲੇਗ ਨੂੰ ਪੜ੍ਹਨਾ ਜ਼ਰੂਰੀ ਹੈ। ਤੁਸੀਂ ਇਸ ਰਚਨਾ ਨੂੰ ਜਾਨਣ ਲਈ ਪੜ੍ਹੋ ਕਿ ਉਸ ਸਮੇਂ ਕੀ ਵਾਪਰਿਆ। 

ਕੋਰੋਨਾ ਵਾਇਰਸ ਸਾਨੂੰ ਆਉਣ ਵਾਲੇ ਦਿਨਾਂ ਵਿਚ ਬੁਰੀ ਤਰ੍ਹਾਂ ਉਦਾਸੀਨ ਕਰ ਦੇਵੇਗਾ। ਅਸੀਂ ਹਰ ਚੀਜ਼ ਤੋਂ ਉਦਾਸ ਹੋ ਜਾਵਾਗੇ। ਇੱਥੋਂ ਤੱਕ ਕਿ ਉਦਾਸ ਹੋਣ ਦੀ ਪ੍ਰਵਿਰਤੀ ਤੋਂ ਵੀ। ਫਿਰ ਸਾਨੂੰ ਮਰਨ ਵਾਲੇ ਲੋਕਾਂ ਦਾ ਅੰਕੜਾ ਵੱਡਾ ਹੋ ਕੇ ਛੋਟਾ ਨਜ਼ਰ ਆਉਣ ਲੱਗ ਜਾਵੇਗਾ, ਕਿਉਂਕਿ ਸਾਨੂੰ ਅਜਿਹੇ ਭਿਅੰਕਰ ਦ੍ਰਿਸ਼ ਦੇਖ ਕੇ ਅਜਿਹੀ ਆਦਤ ਪੈ ਜਾਵੇਗੀ। ਅਮਰੀਕਾ ਵਿਚ ਬੰਦੂਕ ਖਰੀਦਣ ਦੀ ਲੰਬੀ ਲਾਈਨ ਕਾਮੂ ਦੇ ਨਾਵਲ ਵਿਚ 1947 ਦੇ ਦੌਰਾਨ ਦਰਜ ਹੋ ਚੁੱਕੀ ਹੈ। ਅਜਿਹਾ ਲੱਗਦਾ ਹੈ ਕਿ ਬੱਸ ਕੋਈ ਉਸ ਨੂੰ ਪੜ੍ਹਨ ਦੇ ਬਾਅਦ ਦੁਹਰਾਉਣਾ ਚਾਹੁੰਦਾ ਹੈ। 

ਰਾਸ਼ਟਰ ਦੇ ਮਹਾਂਰਥੀਆਂ ਦੀ ਸ਼ੁਰੂ ਵਿਚ ਕੀਤੀ ਬੇਪਰਵਾਹੀ ਦਾ ਕੋਈ ਅਰਥ ਨਹੀਂ। 30 ਜਨਵਰੀ ਨੂੰ ਭਾਰਤ ਵਿਚ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। 24 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਅਹਿਮਦਾਬਾਦ ਵਿਚ ਟਰੰਪ ਨਾਲ ਰੈਲੀ ਕਰਦੇ ਹਨ। ਇਸ ਦੇ ਇਕ ਮਹੀਨੇ ਬਾਅਦ ਪ੍ਰਧਾਨ ਮੰਤਰੀ ਮੋਦੀ ਜਦ ਰਾਸ਼ਟਰ ਦੇ ਨਾਮ ਸੰਬੋਧਨ ਕਰਨ ਆਉਂਦੇ ਹਨ ਤੇ ਉਨ੍ਹਾਂ ਕੋਲ ਦੱਸਣ ਦੇ ਲਈ ਕੋਈ ਗੱਲ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ ਕਈ ਦੇਸਾਂ ਦੇ ਮਹਾਂਰਥੀ ਸੱਤਾਧਾਰੀ ਮੁਖੀ ਆਪਣੀ ਜਨਤਾ ਨੂੰ ਸੰਬੋਧਨ ਕਰ ਚੁੱਕੇ ਹੁੰਦੇ ਹਨ। ਇਹ ਸੁਆਲ ਜੇ ਪੁੱਛਿਆ ਜਾਵੇਗਾ ਤਾਂ ਭਾਰਤ ਦੀ ਜਨਤਾ ਨਰਾਜ਼ ਹੋ ਜਾਵੇਗੀ। ਪੱਤਰਕਾਰਾਂ ਦਾ ਫੋਕਸ ਇਸ ਗੱਲ 'ਤੇ ਨਹੀਂ ਹੈ ਕਿ ਦਿੱਲੀ ਤੋਂ ਲੈ ਕੇ ਰਾਜਾਂ ਤੱਕ ਕੋਰੋਨਾ ਨਾਲ ਪ੍ਰਭਾਵਿਤ ਵਿਅਕਤੀਆਂ ਦਾ ਇਲਾਜ ਕਿਵੇਂ ਹੋਵੇਗਾ? ਸਿਹਤ ਸਹੂਲਤਾਂ ਦੇ ਕੀ ਪ੍ਰਬੰਧ ਹਨ ਤੇ ਹਸਪਤਾਲਾਂ ਦੇ ਕੀ ਪ੍ਰਬੰਧ ਹਨ? ਕੁਆਂਰਟੀਨ (ਕਿਸੇ ਵਿਅਕਤੀ ਨੂੰ ਅਲੱਗ ਰੱਖਿਆ ਜਾਣਾ) ਦੀ ਖਰਾਬ ਹਾਲਤ ਦੇ ਵੀਡੀਓ ਮਰੀਜ਼ ਹੀ ਭੇਜਦੇ ਹਨ। 20 ਮਾਰਚ 2020 ਦਿਨ ਦੀ ਖਬਰ ਹੈ। ਲੰਡਨ ਤੋਂ ਆਈ ਗਾਇਕਾ ਕਨਿਕਾ ਨੂੰ ਕੋਰੋਨਾ ਹੋ ਗਿਆ, ਉਹ ਲਖਨਊ ਵਿਚ ਕਈ ਲੋਕਾਂ ਨੂੰ ਮਿਲੀ। ਵਸੁੰਧਰਾ ਰਾਜੇ ਤੇ ਉਸ ਦੇ ਬੇਟੇ ਨੂੰ ਮਿਲੀ, ਸਾਂਸਦ ਗਈ, ਉਥੋਂ ਦੇ ਪੱਤਰਕਾਰਾਂ ਨੂੰ ਮਿਲੀ ਹੈ। ਪਰ ਫੋਕਸ ਇਸ 'ਤੇ ਹੈ ਕਿ ਪ੍ਰਧਾਨ ਮੰਤਰੀ ਦੇ ਬੋਲਣ ਦਾ ਤਰੀਕਾ ਕਿੰਨਾ ਚੰਗਾ ਹੈ। ਉਹ ਲੋਕਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰ ਰਹੇ ਨੇ। 30 ਜਨਵਰੀ ਨੂੰ ਕੋਰੋਨਾ ਦੀ ਪਹਿਲੀ ਘਟਨਾ ਹੋਈ। ਡੇਢ ਮਹੀਨੇ ਬਾਅਦ ਭਾਰਤ ਦਾ ਮੀਡੀਆ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪ੍ਰੇਰਨਾ ਲੈ ਕੇ ਖੂਬਸੂਰਤ ਸੁਰ ਗਾ ਰਿਹਾ ਹੈ।

ਅਲਬੈਅਰ ਕਾਮੂ ਦੀ ਰਚਨਾ ਪਲੇਗ ਪੜ੍ਹੋਗੇ ਤਾਂ ਇਹੀ ਜਾਣੋਗੇ ਕਿ ਮਹਾਂਮਾਰੀ ਦੇ ਵਕਤ ਅਲੋਚਨਾ ਤੇ ਤਾਰੀਕ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹੁਣ ਅਸੀਂ ਸਾਰੇ ਮੌਤ ਦੀ ਇਕ ਬੇੜੀ ਉੱਪਰ ਸਵਾਰ ਹਾਂ। ਅੰਗਰੇਜ਼ੀ ਵਿਚ ਪੈਂਗੁਐਨ ਨੇ ਇਸ ਨੂੰ ਛਾਪਿਆ ਹੈ। ਹਿੰਦੀ ਵਿਚ ਇਸ ਨੂੰ ਰਾਜਕਮਲ ਨੇ ਛਾਪਿਆ ਹੈ। ਇਸ ਦਾ ਅਨੁਵਾਦ ਸ਼ਿਵਦਾਨ ਸਿੰਘ ਚੌਹਾਨ ਤੇ ਵਿਜੈ ਚੌਹਾਨ ਨੇ ਕੀਤਾ ਹੈ। 1961 ਦੌਰਾਨ ਹਿੰਦੀ ਵਿਚ ਪ੍ਰਕਾਸ਼ਿਤ ਹੋਇਆ ਸੀ। ਕਾਮੂ ਆਖਦਾ ਹੈ ਕਿ ਅਸਲ ਵਿਚ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਬਿਪਤਾ ਅਗਸਤ ਦੇ ਅੱਧ ਤੱਕ ਖਤਮ ਹੋ ਜਾਵੇਗੀ। ਬਿਪਤਾ ਸਭ ਪਾਸੇ ਛਾਈ ਹੋਈ ਹੈ। ਹੁਣ ਕਿਸੇ ਦੀ ਕੋਈ ਨਿੱਜੀ ਕਿਸਮਤ ਨਹੀਂ ਰਹੀ, ਪਰ ਇਕ ਸਮੂਹਕ ਇਤਿਹਾਸ ਹੈ ਤੇ ਪਲੇਗ ਬਾਰੇ ਸਾਰਿਆਂ ਦੁਆਰਾ ਸਾਂਝੀਆਂ ਕੀਤੀਆਂ ਭਾਵਨਾਵਾਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਖਰੀਆਂ ਭਾਵਨਾਵਾਂ  ਉਨ੍ਹਾਂ ਦੀਆਂ ਹਨ, ਜੋ ਕਿ ਡਰ ਅਤੇ ਬਗਾਵਤ ਨਾਲ ਜੁੜੇ ਹੋਏ ਹਨ।
ਓਰਾਨ ਅਲਜੀਰੀਆ ਦਾ ਇੱਕ ਸ਼ਹਿਰ ਹੈ, ਬਿਮਾਰੀ ਬੁਰੀ ਤਰ੍ਹਾਂ ਫੈਲੀ ਹੋਈ ਹੈ। ਸ਼ੁਰੂ ਵਿਚ ਲੋਕਾਂ ਦਾ ਜੀਵਨ ਆਮ ਹੁੰਦਾ ਹੈ, ਉਹ ਆਪਣੇ ਆਪ ਨੂੰ ਉਨ੍ਹਾਂ ਅੰਕੜਿਆਂ ਤੋਂ ਸੁਰੱਖਿਅਤ ਸਮਝਦੇ ਹਨ, ਜਿੱਥੇ ਬਸਤੀ ਮੌਤ ਦੀ ਸ਼ਿਕਾਰ ਹੋ ਗਈ ਹੈ। ਜਿਵੇਂ ਹੀ ਪਲੇਗ ਮਹਾਂਮਾਰੀ ਦਾ ਐਲਾਨ ਹੁੰਦਾ ਹੈ, ਤਾਂ ਸ਼ਹਿਰ ਬਦਲਣਾ ਸ਼ੁਰੂ ਹੋ ਜਾਂਦਾ ਹੈ। ਪਲੇਗ ਤੋਂ ਬਚੇ ਲੋਕਾਂ ਨੇ ਆਪਣੇ ਘਰ ਸਾੜ ਦਿੱਤੇ। ਮੁਰਦਿਆਂ ਨੂੰ ਦਫ਼ਨਾਉਣ ਦੀਆਂ ਰਸਮੀ ਰਸਮਾਂ ਤਿਆਗ ਦਿੱਤੀਆਂ ਜਾਂਦੀਆਂ ਹਨ। ਸਭ ਲਾਸ਼ਾਂ ਨੂੰ ਇਕੋ ਤਰੀਕੇ ਨਾਲ ਦੱਬ ਦਿੱਤਾ ਜਾਂਦਾ ਹੈ। ਇਸ ਮਾਹੌਲ ਵਿਚ ਜਾਣਕਾਰੀ ਦਾ ਕੋਈ ਅਰਥ ਨਹੀਂ ਹੁੰਦਾ। ਇੱਕ ਸ਼ਹਿਰ ਜੋ ਪਲੇਗ ਕਾਰਨ ਮਰਨ ਵਾਲਾ ਹੈ, ਪਲੇਗ ਨਾਵਲ ਇਸ ਦੇ ਅੰਦਰ ਰਹਿੰਦੇ ਲੋਕਾਂ ਦੀ ਦਾਸਤਾਨ ਹੈ। ਕਾਮੂ ਨੇ ਲਿਖਿਆ ਕਿ ਪਲੇਗ ਨਾਲ 10 ਲੱਖ ਲੋਕ ਮਾਰੇ ਜਾ ਚੁੱਕੇ ਹਨ। ਓਰਨ ਦਾ ਇਹ ਨਾਵਲ ਦਿੱਲੀ ਅਤੇ ਮੁੰਬਈ ਦੇ ਲੋਕਾਂ ਨੂੰ ਸਮਝਣ ਦਾ ਰਸਤਾ ਦੇਵੇਗਾ। ਫਿਰ ਤੁਸੀਂ ਇਟਲੀ ਵਿਚ ਮਿਲਾਨ ਅਤੇ ਚੀਨ ਵਿਚ ਵੁਹਾਨ ਦੇ ਬੰਦ ਹੋਣ ਤੇ ਲਾਕਡਾਊਨ ਨੂੰ ਸਮਝ ਸਕੋਗੇ। ਇਹ ਸਮਾਂ ਹੈ ਪਲੇਗ ਨੂੰ ਪੜ੍ਹੋ। ਇਸ ਨਾਵਲ ਵਿਚ ਕਰਫਿਊ ਦਾ ਵੀ ਜ਼ਿਕਰ ਹੈ।

ਸਥਾਨਕ ਅਖਬਾਰਾਂ ਚੂਹਿਆਂ ਬਾਰੇ ਵੱਡੀਆਂ ਸੁਰਖੀਆਂ ਛਾਪਦੀਆਂ ਸਨ ਅਤੇ ਖ਼ਬਰਾਂ ਪ੍ਰਕਾਸ਼ਤ ਕਰਦੀਆਂ ਸਨ ਹੁਣ ਪੂਰੀ ਤਰ੍ਹਾਂ ਚੁੱਪ ਹੋ ਗਈਆਂ ਹਨ, ਕਿਉਂਕਿ ਚੂਹੇ ਸੜਕਾਂ 'ਤੇ ਹਨ ਅਤੇ ਉਨ੍ਹਾਂ ਦੇ ਘਰਾਂ ਵਿੱਚ ਆਦਮੀ ਮਰ ਜਾਂਦੇ ਹਨ। ਅਖਬਾਰਾਂ ਸਿਰਫ ਸੜਕਾਂ ਵਿਚ ਦਿਲਚਸਪੀ ਰੱਖਦੀਆਂ ਹਨ। ਜਦੋਂ ਤੱਕ ਹਰੇਕ ਡਾਕਟਰ ਕੋਲ ਦੋ ਜਾਂ ਤਿੰਨ ਕੇਸ ਪਹੁੰਚ ਚੁੱਕੇ ਸਨ, ਕਿਸੇ ਨੇ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਬਾਰੇ ਨਹੀਂ ਸੋਚਿਆ ਸੀ। ਜਦੋਂ ਦਿਨਾਂ ਵਿਚ ਕੇਸ ਭਾਰੀ ਗਿਣਤੀ ਵਿਚ ਪਹੁੰਚਣ ਲੱਗੇ, ਮਰੀਜ਼ਾਂ ਦੀ ਗਿਣਤੀ ਦਿਨ ਰਾਤ ਚੌਗੁਣੀ ਹੋ ਗਈ ਸੀ ਤਾਂ ਲੋਕਾਂ ਨੂੰ ਇਸ ਅਜੀਬ ਬਿਮਾਰੀ ਨੂੰ ਵੇਖ ਕੇ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਕਿ ਮਹਾਂਮਾਰੀ ਫੈਲ ਗਈ ਹੈ। ਹਰ ਕੋਈ ਜਾਣਦਾ ਹੈ ਕਿ ਮਹਾਮਾਰੀ ਦੁਨੀਆ ਵਿਚ ਵਾਰ-ਵਾਰ ਫੈਲਦੀ ਰਹਿੰਦੀ ਹੈ। ਪਰ ਜਦੋਂ ਕੋਈ ਮਹਾਂਮਾਰੀ ਨੀਲੇ ਅਸਮਾਨ ਨੂੰ ਚੀਰਨ ਤੋਂ ਬਾਅਦ ਸਾਡੇ ਸਿਰ ਨੂੰ ਹਿਲਾਉਂਦੀ ਹੈ, ਤਦ ਸਾਨੂੰ ਵਿਸ਼ਵਾਸ ਹੁੰਦਾ ਹੈ। ਇਤਿਹਾਸ ਵਿਚ ਬਹੁਤ ਵਾਰ ਪਲੇਗਾਂ ਫੈਲੀਆਂ ਹਨ। ਜਿੰਨੀ ਵਾਰ ਇਸ ਮਹਾਂਮਾਰੀ ਦੇ ਖਿਲਾਫ਼ ਲੜਾਈ ਲੜੀ ਗਈ ਹੈ, ਓਨੀ ਵਾਰ ਇਹ ਫੈਲੀ ਹੈ।

ਭਾਵੇਂ ਪਲੇਗ ਹੋਵੇ ਜਾਂ ਯੁੱਧ ਇਹ ਲੋਕਾਂ ਨੂੰ ਬਿਨਾਂ ਚਿਤਾਵਨੀ ਦੇ ਆਪਣੀ ਲਪੇਟ ਵਿਚ ਲੈਂਦੇ ਹਨ। ਇਸ ਦੌਰਾਨ ਲੋਕਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦੂਸਰੇ ਦੇ ਸੰਪਰਕ ਵਿਚ ਨਾ ਆਉਣ ਤੇ ਸਫਾਈ ਦੇ ਇੰਸਪੈਕਟਰ ਨੂੰ ਜਾ ਕੇ ਮਿਲਣ ਤੇ ਉਨ੍ਹਾਂ ਦੀ ਦਿੱਤੀ ਹੋਈ ਸਲਾਹ 'ਤੇ ਪੂਰੀ ਤਰ੍ਹਾਂ ਅਮਲ ਕਰਨ। ਪਰ ਅਗਲੇ ਚਾਰ ਦਿਨਾਂ ਵਿਚ ਹੀ ਬੁਖਾਰ ਵਿਚ ਹੈਰਾਨ ਕਰਨ ਵਾਲੀ ਪ੍ਰਗਤੀ ਹੋਈ ਸੀ। ਪਹਿਲੇ ਦਿਨ 16, ਫਿਰ 24, ਫਿਰ 28 ਤੇ 32 ਮੌਤਾਂ ਹੋਈਆਂ। ਚੌਥੇ ਦਿਨ ਬੱਚਿਆਂ ਦੇ ਇਕ ਸਕੂਲ ਦੇ ਅੰਦਰ ਸਹਾਇਕ ਹਸਪਤਾਲ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ। ਨਗਰ ਵਾਸੀ ਹੁਣ ਨੁਕਤਾਚੀਨੀ ਕਰਕੇ ਆਪਣੀ ਘਬਰਾਹਟ ਨੂੰ ਛੁਪਾਉਂਦੇ ਹੋਏ ਉੱਥੇ ਆਏ ਸਨ, ਪਰ ਹੁਣ ਇਨ੍ਹਾਂ ਦੀ ਆਵਾਜ਼ ਗਾਇਬ ਹੋ ਚੁੱਕੀ ਸੀ ਤੇ ਉਹ ਉਦਾਸ ਸਨ। ਮੌਤ ਦਾ ਦ੍ਰਿਸ਼ ਦੇਖ ਕੇ ਉਦਾਸ ਕੋਈ ਕਿਉਂ ਨਹੀਂ ਹੋਵੇਗਾ? 

ਮੌਤਾਂ ਦੀ ਗਿਣਤੀ ਇਕਦਮ ਵੱਧ ਗਈ, ਜਿਸ ਦਿਨ ਗਿਣਤੀ 30 ਤੱਕ ਪਹੁੰਚੀ ਤਾਂ ਪ੍ਰੀਫੇਕਟ ਨੇ ਡਾਕਟਰ ਰੀਓ ਨੂੰ ਇਕ ਤਾਰ ਪੜ੍ਹਨ ਲਈ ਦਿੱਤਾ ਤੇ ਕਿਹਾ ਗਿਆ, 'ਹੁਣ ਲਗਦਾ ਹੈ ਉਹ ਲੋਕ ਘਬਰਾ ਚੁੱਕੇ ਹਨ, ਆਖਿਰਕਾਰ। ਤਾਰ ਵਿਚ ਲਿਖਿਆ ਸੀ ਕਿ ਪਲੇਗ ਫੈਲਣ ਦਾ ਐਲਾਨ ਕਰ ਦਿਓ, ਸ਼ਹਿਰ ਦੇ ਫਾਟਕ ਬੰਦ ਕਰ ਦਿਓ।'
ਪਲੇਗ ਦੇ ਤੀਸਰੇ ਹਫਤੇ 302 ਮੌਤਾਂ ਹੋ ਚੁੱਕੀਆਂ ਸਨ। ਸ਼ਹਿਰ ਦੀ ਆਬਾਦੀ 2 ਲੱਖ ਸੀ। ਮੌਤ ਦੇ ਅੰਕੜੇ ਕੀ ਸੱਚਮੁੱਚ ਏਨੇ ਜ਼ਿਆਦਾ ਸਨ, ਇਹ ਕੋਈ ਨਹੀਂ ਜਾਣਦਾ ਸੀ। ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਜਨਤਾ ਦੇ ਕੋਲ ਅੰਕੜਿਆਂ ਦਾ ਮੁਕਾਬਲਾ ਕਰਨ ਦੇ ਲਈ ਕਿਸੇ ਮਾਪਦੰਡ ਦੀ ਘਾਟ ਸੀ।

ਮਹੀਨੇ ਦੇ ਅੰਤਮ ਦਿਨਾਂ ਵਿਚ ਸਾਡੇ ਸ਼ਹਿਰ ਦੇ ਪਾਦਰੀ ਵਰਗ ਨੇ ਆਪਣੇ ਵਿਸ਼ੇਸ਼ ਹਥਿਆਰਾਂ ਨਾਲ ਲੈਸ ਪਲੇਗ ਦਾ ਮੁਕਾਬਲਾ ਕਰਨ ਦਾ ਫੈਸਲਾ ਕਰਕੇ ਇਕ ਪ੍ਰਾਰਥਨਾ ਹਫਤਾ ਮਨਾਉਣ ਦਾ ਐਲਾਨ ਕੀਤਾ। ਐਤਵਾਰ ਵਾਲੇ ਦਿਨ ਪਲੇਗ ਤੋਂ ਪੀੜਤ ਹੋਏ ਲੋਕਾਂ ਲਈ ਸ਼ਹੀਨੋ ਵਾਲੇ ਸੰਤ ਦੀ ਅਗਵਾਈ ਵਿਚ ਵਿਸ਼ਾਲ ਪ੍ਰਾਰਥਨਾ ਹੋਣੀ ਸੀ ਤੇ ਫਾਦਰ ਪੈਨਾਲੋ ਨੂੰ ਇਸ ਸਭਾ ਵਿਚ ਪ੍ਰਵਚਨ ਦੇਣ ਲਈ ਕਿਹਾ ਗਿਆ ਸੀ।

ਇਨ੍ਹਾਂ ਇਲਾਕਿਆਂ ਦੇ ਲੋਕ ਸਮਝਣ ਲੱਗੇ ਕਿ ਪਾਬੰਦੀਆਂ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਦੇ ਲਈ ਲਾਗੂ ਕੀਤੀਆਂ ਗਈਆਂ ਹਨ। ਇਸ ਲਈ ਉਹ ਦੂਸਰੇ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਨਾਲ ਈਰਖਾ ਕਰਨ ਲੱਗੇ, ਕਿਉਂਕਿ ਉਨ੍ਹਾਂ ਨੂੰ ਅਜ਼ਾਦੀ ਸੀ। 

ਅਜ਼ਾਦੀ ਇਸ ਲਈ ਸੀ ਕਿ ਉਹ ਪਲੇਗ ਦਾ ਸ਼ਿਕਾਰ ਨਹੀਂ ਹੋਏ ਸਨ। ਦੂਸਰੇ ਇਲਾਕੇ ਦੇ ਪੀੜਤ ਲੋਕ ਇਨ੍ਹਾਂ ਦੀ ਦੁਰਦਸ਼ਾ ਦੇ ਲਈ ਕਲਪਨਾ ਕਰਨ ਲੱਗ ਪਏ। ਨਾਗਰਿਕ ਅਧਿਕਾਰੀ ਇਸ ਦਲੀਲ ਅੱਗੇ ਝੁਕ ਗਏ ਤੇ ਉਨ੍ਹਾਂ ਤਹਿਤ ਕੀਤਾ ਕਿ ਜੋ ਬਾਰਡਰ 'ਤੇ ਆਪਣਾ ਕੰਮ ਕਰਦੇ ਹੋਏ ਮੌਤ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਪਲੇਗ ਮੈਡਲ ਦਿੱਤੇ ਜਾਣ। ਪਰ ਜਿਨ੍ਹਾਂ ਨੂੰ ਪਹਿਲਾਂ ਫੌਜੀ ਤਗਮੇ ਮਿਲੇ ਸਨ, ਉਨ੍ਹਾਂ 'ਤੇ ਬੁਰਾ ਅਸਰ ਪੈ ਚੁੱਕਾ ਸੀ। ਪਰ ਤਗਮਿਆਂ ਨੂੰ ਵਾਪਸ ਦੇਣ ਦਾ ਸੁਆਲ ਨਹੀਂ ਉਠਦਾ ਸੀ। ਇਸ ਲਈ ਫੌਜੀ ਖੇਤਰਾਂ ਵਿਚ ਬਹੁਤ ਬੇਗਾਨਗੀ ਛਾਈ ਹੋਈ ਸੀ। ਇਸ ਦੇ ਇਲਾਵਾ ਪਲੇਗ ਦੇ ਤਗਮੇ ਵਿਚ ਇਕ ਹੋਰ ਕਮੀ ਸੀ, ਕਿਉਂਕਿ ਉਸ ਦਾ ਨੈਤਿਕ ਅਸਰ ਫੌਜੀ ਪੁਰਸਕਾਰਾਂ ਤੋਂ ਕਿਤੇ ਘੱਟ ਸੀ, ਕਿਉਂਕਿ ਮਹਾਂਮਾਰੀ ਦੇ ਜ਼ਮਾਨੇ ਵਿਚ ਲੋਕਾਂ ਨੂੰ ਅਜਿਹੇ ਤਗਮੇ ਅਸਾਨੀ ਨਾਲ ਮਿਲ ਜਾਂਦੇ ਸਨ, ਇਸ ਲਈ ਕੋਈ ਵੀ ਸੰਤੁਸ਼ਟ ਨਹੀਂ ਸੀ।

ਹਾ ਰੀਓ ਨੇ ਕਿਹਾ ਕਿ ਇਸ ਵਾਰ ਵੀ ਪਲੇਗ ਵਿਚ ਓਨੇ ਹੀ ਲੋਕ ਮਰ ਰਹੇ ਹਨ ਤੇ ਦਫਨਾਏ ਜਾ ਰਹੇ ਹਨ, ਜਿੰਨੇ ਕਿ ਪੁਰਾਣੇ ਜ਼ਮਾਨੇ ਦੀ ਪਲੇਗ ਵਿਚ ਦਫਨਾਏ ਜਾਂਦੇ ਹਨ, ਪਰ ਅਸੀਂ ਮੌਤ ਦੇ ਅੰਕੜੇ ਰੱਖਦੇ ਹਾਂ, ਇਸ ਨੂੰ ਮੰਨਣਾ ਪਵੇਗਾ ਕਿ ਇਸ ਦਾ ਨਾਮ ਵਿਕਾਸ ਹੈ। 

ਇਸ ਨਾਵਲ ਵਿਚ ਦੱਸਿਆ ਹੈ ਕਿ ਲੋਕ ਆਪਣੇ ਮਰੇ ਸੰਬੰਧੀਆਂ ਦਾ ਦੁੱਖ ਮਨਾਉਣ ਲੱਗੇ। ਉਨ੍ਹਾਂ ਦਾ ਮਨੋਬਲ ਡਾਵਾਂਡੋਲ ਹੋ ਗਿਆ। ਮੌਤ ਸਿਰਾਂ 'ਤੇ ਮੰਡਰਾ ਰਹੀ ਸੀ। ਪਰ ਜਿਉਂ ਜਿਉਂ ਵਕਤ ਗੁਜ਼ਰਦਾ ਗਿਆ ਤਤਕਾਲੀਨ ਜ਼ਰੂਰਤਾਂ ਵਲ ਧਿਆਨ ਕੇਂਦਰਿਤ ਹੋਣ ਲੱਗਾ। ਖਾਣ ਪੀਣ ਦੀ ਸਮੱਸਿਆ ਗੰਭੀਰ ਹੋਣ ਲੱਗੀ। ਉਨ੍ਹਾਂ ਨੂੰ ਇਹ ਸੋਚਣ ਦੀ ਵਿਹਲ ਨਹੀਂ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਲੋਕ ਕਿਸ ਤਰ੍ਹਾਂ ਮਰ ਰਹੇ ਹਨ ਤੇ ਕਿਸੇ ਦਿਨ ਉਹ ਖੁਦ ਵੀ ਇਸ ਤਰ੍ਹਾਂ ਮਰ ਜਾਣਗੇ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਲੇਗ ਵਿਚ ਹੋਲੀ ਹੋਲੀ ਪਿਆਰ ਤੇ ਦੋਸਤੀ ਦੀ ਸਮਰੱਥਾ ਖਤਮ ਕਰ ਦਿੱਤੀ। ਇਸ ਨਾਵਲ ਵਿਚ ਦੱਸਿਆ ਹੈ ਕਿ ਇਕ ਬਜ਼ੁਰਗ ਡਾਕਟਰ ਨੇ ਯਾਦ ਕਰਵਾਇਆ ਕਿ ਮਨੁੱਖ ਦਾ ਭਵਿੱਖ ਅਨਿਸ਼ਚਿਤ ਹੈ, ਡਾਵਾਂਡੋਲ ਹੈ। ਇਤਿਹਾਸ ਇਹ ਸਾਬਤ ਕਰਦਾ ਹੈ ਕਿ ਮਹਾਂਮਾਰੀਆਂ ਬਿਨਾਂ ਸੱਦੇ 'ਤੇ ਪ੍ਰਗਟ ਹੋ ਜਾਂਦੀਆਂ ਹਨ ਅਤੇ ਜ਼ੋਰ ਫੜ ਲੈਂਦੀਆਂ ਹਨ। ਕ੍ਰਿਪਾ ਕਰਕੇ ਕਾਮੂ ਦੀ ਪਲੇਗ ਦਾ ਪੂਰਾ ਨਾਵਲ ਪੜ੍ਹੋ। ਇਸ ਦੌਰ ਵਿਚ ਖੁਦ ਨੂੰ ਸਮਝਣ ਵਿਚ ਮਦਦ ਮਿਲੇਗੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।