ਹਰਿਆਣਾ ਪੁਲਸ ਨੇ ਯੂਪੀ ਸਰਹੱਦ ਤੋਂ ਬੱਸਾਂ ਵਿਚ ਭਰ ਮਜ਼ਦੂਰ ਪੰਜਾਬ ਵਿਚ ਛੱਡੇ

ਹਰਿਆਣਾ ਪੁਲਸ ਨੇ ਯੂਪੀ ਸਰਹੱਦ ਤੋਂ ਬੱਸਾਂ ਵਿਚ ਭਰ ਮਜ਼ਦੂਰ ਪੰਜਾਬ ਵਿਚ ਛੱਡੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਵਿਚ ਲਗਾਤਾਰ ਬੇਕਦਰੀ ਦਾ ਸਾਹਮਣਾ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨਾਲ ਹਰਿਆਣਾ ਸਰਕਾਰ ਦਾ ਸ਼ਰਮਨਾਕ ਵਤੀਰਾ ਸਾਹਮਣੇ ਆਇਆ ਹੈ। ਹਰਿਆਣਾ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜੇ ਕਿੱਲੋਮੀਟਰ ਪੈਦਲ ਪੈਂਡਾ ਤੈਅ ਕਰਕੇ ਸਹਾਰਨਪੁਰ ਨੇੜੇ ਉੱਤਰ ਪ੍ਰਦੇਸ਼ ਦੀ ਸਰਹੱਦ 'ਤੇ ਪਹੁੰਚੇ ਸੈਂਕੜੇ ਪ੍ਰਵਾਸੀ ਮਜ਼ਦੂਰਾਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਬਿਠਾ ਕੇ ਪੰਜਾਬ-ਹਰਿਆਣਾ ਸਰਹੱਦ ਨੇੜੇ ਪੰਜਾਬ ਦੀ ਹੱਦ 'ਚ ਛੱਡ ਦਿੱਤਾ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ 'ਚ ਔਰਤਾਂ ਤੇ ਛੋਟੇ-ਛੋਟੇ ਬੱਚੇ ਵੀ ਸ਼ਾਮਲ ਹਨ।

ਸੂਰਜ ਕੁਮਾਰ ਵਾਸੀ ਰਾਏ ਬਰੇਲੀ, ਵਨੀਤਾ ਵਾਸੀ ਲਖਨਊ, ਮਹੇਸ਼ ਦੱਤ, ਪਿੰਟੂ, ਸੁਮਨ, ਬਿੰਦਾ, ਉੱਦਮ ਸਿੰਘ, ਰਾਜੇਸ਼ ਕੁਮਾਰ ਵਾਸੀ ਔਰੰਗਾਬਾਦ ਸਮੇਤ ਹੋਰ ਮਜ਼ਦੂਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੈਂਕੜੇ ਕਿੱਲੋਮੀਟਰ ਪੈਦਲ ਚਲ ਕੇ ਕਿਸੇ ਤਰ੍ਹਾਂ ਆਪਣੇ ਪਰਿਵਾਰਾਂ ਨਾਲ ਸਹਾਰਨਪੁਰ ਨੇੜੇ ਯੂ.ਪੀ. ਸਰਹੱਦ ਕੋਲ ਪਹੁੰਚੇ ਸਨ ਤਾਂ ਅਚਾਨਕ ਹਰਿਆਣਾ ਪੁਲਿਸ ਨੇ ਯਮੁਨਾਨਗਰ ਡੀਪੂ ਦੀਆਂ ਤਿੰਨ ਸਰਕਾਰੀ ਬੱਸਾਂ ਵਿਚ ਇਹ ਕਹਿ ਕੇ ਬਿਠਾ ਲਿਆ ਕਿ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਉਨ੍ਹਾਂ ਦੇ ਘਰਾਂ ਵਿਚ ਛੱਡਿਆ ਜਾਵੇਗਾ। ਹਰ ਇਕ ਬੱਸ ਵਿਚ 5-6 ਪੁਲਿਸ ਮੁਲਾਜ਼ਮ ਵੀ ਚੜ੍ਹ ਗਏ ਤੇ ਆਖ਼ਰ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹੱਦ ਨੇੜੇ ਪੰਜਾਬ 'ਚ ਛੱਡ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕੋਲ ਨਾ ਤਾਂ ਪੈਸੇ ਹਨ ਨਾ ਕੋਈ ਖਾਣ-ਪੀਣ ਦਾ ਸਾਮਾਨ ਹੈ। ਉਨ੍ਹਾਂ ਨਾਲ ਚਲ ਰਹੇ ਛੋਟੇ-ਛੋਟੇ ਬੱਚਿਆਂ ਦੇ ਪੈਰਾਂ 'ਚ ਛਾਲੇ ਤਕ ਪੈ ਗਏ ਹਨ। 

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ ਙ ਇਸੇ ਤਰ੍ਹਾਂ ਪੰਜਾਬ ਤੋਂ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਵੀ ਪੰਜਾਬ ਪੁਲਿਸ ਪੰਜਾਬ ਤੋਂ ਬਾਹਰ ਜਾਣ ਤੋਂ ਰੋਕ ਰਹੀ ਹੈ। ਇਸ ਸਬੰਧ 'ਚ ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ ਨਾਲ ਜਦੋਂ ਸੰਪਰਕ ਕਰਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਮਸਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਪਰ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ ਜਾਵੇਗੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।