ਹਰਿਆਣੇ ਵਿਚ ਹਰਿਆਣੇ ਦੇ ਵਸਨੀਕਾਂ ਨੂੰ ਹੀ ਮਿਲਣਗੀਆਂ ਨੌਕਰੀਆਂ

ਹਰਿਆਣੇ ਵਿਚ ਹਰਿਆਣੇ ਦੇ ਵਸਨੀਕਾਂ ਨੂੰ ਹੀ ਮਿਲਣਗੀਆਂ ਨੌਕਰੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਰਿਆਣਾ ਸਰਕਾਰ ਹੁਣ ਹਰਿਆਣੇ ਵਿਚ ਚਲਦੇ ਪ੍ਰਾਈਵੇਟ ਅਦਾਰਿਆਂ ਵਿਚ ਹਰਿਆਣੇ ਤੋਂ ਬਾਹਰਲੇ ਲੋਕਾਂ ਦੀਆਂ ਨਿਯੁਕਤੀਆਂ 'ਤੇ ਰੋਕ ਲਾਉਣ ਜਾ ਰਹੀ ਹੈ। ਇਸ ਸਬੰਧੀ ਹਰਿਆਣਾ ਕੈਬਨਿਟ ਵਿਚ ਮਤਾ ਪਾਸ ਕਰ ਦਿੱਤਾ ਗਿਆ ਹੈ। 

ਹਰਿਆਣਾ ਕੈਬਨਿਟ ਨੇ ਬੀਤੇ ਕੱਲ੍ਹ ਪ੍ਰਾਈਵੇਟ ਸੈਕਟਰ ’ਚ ਨੌਕਰੀਆਂ ਲਈ ਨੌਜਵਾਨਾਂ ਨੂੰ 75 ਫ਼ੀਸਦੀ ਰਾਖਵਾਂਕਰਨ ਦੇਣ ਲਈ ਇੱਕ ਬਿੱਲ ਲਿਆਉਣ ਸਬੰਧੀ ਇੱਕ ਮਤੇ ਨੂੰ ਪ੍ਰਵਾਨਗੀ ਦਿੱਤੀ ਹੈ। ਬਿੱਲ ਦਾ ਖਰੜਾ ਮੰਤਰੀਆਂ ਦੀ ਕੌਂਸਲ ਅੱਗੇ ਅਗਲੀ ਮੀਟਿੰਗ ’ਚ ਪੇਸ਼ ਕੀਤਾ ਜਾਵੇਗਾ।  ਇਹ ਮਤਾ ਹਰਿਆਣਾ ਦੇ ਉੱਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ ਦੇ ਮੁਖੀ ਦੁਸ਼ਿਅੰਤ ਚੌਟਾਲਾ ਨੇ ਲਿਆਂਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਨੂੰਨ ਅਧੀਨ ਉਹ ਸਾਰੇ ਅਦਾਰੇ ਸ਼ਾਮਲ ਕੀਤੇ ਜਾਣਗੇ ਜਿਹਨਾਂ ਵਿਚ 10 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਇਹ ਨਿਯਮ ਉਹਨਾਂ ਸਾਰੇ ਮੁਲਾਜ਼ਮਾਂ 'ਤੇ ਲਾਗੂ ਹੋਵੇਗਾ ਜਿਹਨਾਂ ਦੀ ਤਨਖਾਹ ਪ੍ਰਤੀ ਮਹੀਨਾ 50000 ਰੁਪਏ ਤੋਂ ਘੱਟ ਹੈ। ਇਹਨਾਂ ਸਾਰੇ ਮੁਲਾਜ਼ਮਾਂ ਦੀ ਜਾਣਕਾਰੀ ਹਰ ਅਦਾਰੇ ਨੂੰ ਸਰਕਾਰ ਕੋਲ ਜਮ੍ਹਾ ਕਰਾਉਣੀ ਜ਼ਰੂਰੀ ਹੋਵੇਗੀ ਤੇ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ ਦੇ ਮੁਖੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ।