ਹਰਨੇਕ ਨੇਕੀ ਨਿਊਜ਼ੀਲੈਂਡ ਨੂੰ ਧੋਖਾਧੜੀ ਅਤੇ ਫਰੇਬ ਦੇ ਮਾਮਲੇ 'ਚ ਸਜ਼ਾ ਹੋਈ

ਹਰਨੇਕ ਨੇਕੀ ਨਿਊਜ਼ੀਲੈਂਡ ਨੂੰ ਧੋਖਾਧੜੀ ਅਤੇ ਫਰੇਬ ਦੇ ਮਾਮਲੇ 'ਚ ਸਜ਼ਾ ਹੋਈ
ਹਰਨੇਕ ਨੇਕੀ

ਨਿਊਜ਼ੀਲੈਂਡ: ਸਿੱਖ ਧਰਮ ਦੇ ਖਿਲਾਫ ਮਾੜੀਆਂ ਟਿੱਪਣੀਆਂ ਕਰਨ ਵਾਲੇ ਅਤੇ ਸਿੱਖ ਧਰਮ ਵਿੱਚੋਂ ਛੇਕੇ ਗਏ ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ਨੂੰ ਧੋਖਾਧੜੀ ਅਤੇ ਫਰੇਬ ਕਰਨ ਦੇ ਮਾਮਲੇ 'ਚ ਨਿਊਜ਼ੀਲੈਂਡ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਇਹ ਮਾਮਲਾ ਔਕਲੈਂਡ ਵਿੱਚ ਨੇਕੀ ਵੱਲੋਂ ਚਲਾਏ ਜਾ ਰਹੇ ਇੱਕ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੈ ਜਿਸ ਵਿੱਚ ਰੱਖੇ ਗਏ ਰਾਗੀ ਸਿੰਘਾਂ ਨੂੰ ਉਸਨੇ ਮੰਨੀ ਹੋਈ ਤਨਖਾਹ ਨਹੀਂ ਦਿੱਤੀ। 

ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਵੱਲੋਂ 27 ਅਕਤੂਬਰ 2017 ਤੋਂ ਬਾਅਦ 6 ਮਹੀਨਿਆਂ ਤੱਕ ਔਕਲੈਂਡ ਦੇ ਗੁਰਦੁਆਰਾ ਸ਼ਿਰਲੇ ਰੋਡ 'ਤੇ ਸੇਵਾ ਕੀਤੀ ਗਈ ਸੀ। ਸਿੱਖ24 ਵੈਬਸਾਈਟ ਵੱਲੋਂ ਅਦਾਲਤ ਦੇ ਫੈਂਸਲੇ ਦੇ ਅਧਾਰ 'ਤੇ ਛਾਪੀ ਰਿਪੋਰਟ ਮੁਤਾਬਿਕ ਇਹਨਾਂ ਦੋਵਾਂ ਨੂੰ 1000 ਡਾਲਰ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕਾਰ, ਤੇਲ ਅਤੇ ਰਹਿਣ ਲਈ ਥਾਂ ਦੇਣ ਦਾ ਵਾਅਦਾ ਵੱਖ ਸੀ। ਪਰ 6 ਮਹੀਨਿਆਂ ਤੋਂ ਵੱਧ ਸੇਵਾ ਕਰਨ ਮਗਰੋਂ ਵੀ ਇਹਨਾਂ ਵਿੱਚੋਂ ਹਰਪ੍ਰੀਤ ਸਿੰਘ ਨੂੰ ਸਿਰਫ 2000 ਡਾਲਰ ਦਿੱਤੇ ਗਏ ਅਤੇ ਜਸਵਿੰਦਰ ਸਿੰਘ ਨੂੰ 1000 ਡਾਲਰ ਦਿੱਤੇ ਗਏ, ਜੋ ਕਿ ਨਿਊਜ਼ੀਲੈਂਡ ਦੇ ਕਾਨੂੰਨੀ ਮਿਹਨਤਾਨੇ ਤੋਂ ਵੀ ਬਹੁਤ ਘੱਟ ਬਣਦਾ ਹੈ। 

ਇਸ ਮਾਮਲੇ 'ਚ ਅਦਾਲਤ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਕਨਵੀਨਰ ਅਤੇ ਖਜਾਨਚੀ ਦਾ ਅਹੁਦਾ ਸਾਂਭੀ ਬੈਠੇ ਹਰਨੇਕ ਸਿੰਘ ਨੂੰ ਇਸ ਧੋਖੇਬਾਜ਼ੀ ਦਾ ਦੋਸ਼ੀ ਪਾਇਆ ਹੈ। ਨਿਊਜ਼ੀਲੈਂਡ ਦੀ ਇੰਪਲੋਏਮੈਂਟ ਰੈਗੁਲੇਸ਼ਨ ਅਥਾਰਟੀ ਨੇ ਹੁਕਮ ਜਾਰੀ ਕੀਤਾ ਹੈ ਕਿ ਹਰਪ੍ਰੀਤ ਸਿੰਘ ਨੂੰ 32,133.35 ਡਾਲਰ ਅਤੇ ਜਸਵਿੰਦਰ ਸਿੰਘ ਨੂੰ 34,383.49 ਡਾਲਰ ਰਕਮ ਦਿੱਤੀ ਜਾਵੇ ਇਸ ਤੋਂ ਇਲਾਵਾ ਅਥਾਰਟੀ ਨੂੰ 40,000 ਡਾਲਰ ਜ਼ੁਰਮਾਨੇ ਵਜੋਂ ਜਮਾਂ ਕਰਵਾਏ ਜਾਣ।

ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਨੇਕੀ ਨੂੰ 14 ਜੂਨ, 2018 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਧਰਮ ਵਿੱਚੋਂ ਛੇਕ ਦਿੱਤਾ ਗਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।