ਨਾਗਿਆਂ ਨਾਲ ਭਾਰਤ ਦਾ ਸਮਝੌਤਾ ਲਟਕਿਆ; ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ ਤੋਂ ਬਿਨ੍ਹਾਂ ਸਮਝੌਤਾ ਮੰਨਣ ਤੋਂ ਨਾਹ ਕੀਤੀ

ਨਾਗਿਆਂ ਨਾਲ ਭਾਰਤ ਦਾ ਸਮਝੌਤਾ ਲਟਕਿਆ; ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ ਤੋਂ ਬਿਨ੍ਹਾਂ ਸਮਝੌਤਾ ਮੰਨਣ ਤੋਂ ਨਾਹ ਕੀਤੀ
ਆਪਣੇ ਫੌਜੀਆਂ ਦੀ ਪਰੇਡ ਵੇਖਦੇ ਆਗੂ ਮੂਈਵਾਹ

ਨਵੀਂ ਦਿੱਲੀ: ਭਾਰਤ ਅਤੇ ਨਾਗਲੈਂਡ ਦੀਆਂ ਅਜ਼ਾਦੀ ਲਈ ਸੰਘਰਸ਼ਸ਼ੀਲ ਧਿਰਾਂ ਦਰਮਿਆਨ ਆਖਰੀ ਸਮਝੌਤਾ ਨੂੰ ਸਿਰੇ ਚੜ੍ਹਾਉਣ ਲਈ ਮਿੱਥੀ ਗਈ 31 ਅਕਤੂਬਰ ਆਣ ਢੁਕੀ ਹੈ ਪਰ ਇਹ ਸਮਝੌਤਾ ਸਿਰੇ ਚੜ੍ਹਦਾ ਨਜ਼ਰ ਨਹੀਂ ਆ ਰਿਹਾ। ਨਾਗਾ ਖਾੜਕੂ ਜਥੇਬੰਦੀ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ (ਆਈ-ਐਮ) ਨੇ ਐਲਾਨ ਕੀਤਾ ਹੈ ਕਿ ਉਹ ਨਾਗਾਲੈਂਡ ਲਈ ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ ਤੋਂ ਬਿਨ੍ਹਾ ਕੋਈ ਸਮਝੌਤਾ ਨਹੀਂ ਕਰਨਗੇ।

ਭਾਰਤ ਵੱਲੋਂ ਕੀਤੀ ਜਾ ਰਹੀ ਕੂਟਨੀਤਕ ਤੋੜਭੰਨ ਦੇ ਚਲਦਿਆਂ ਨਾਗਾਲੈਂਡ ਦੀ ਅਜ਼ਾਦੀ ਸੰਘਰਸ਼ ਦੇ ਇਸ ਵੱਡੇ ਖਾੜਕੂ ਗਰੁੱਪ ਵਿੱਚ ਕੁੱਝ ਵਖਰੇਵਿਆਂ ਦੀ ਗੱਲ ਵੀ ਸਾਹਮਣੇ ਆਈ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ ਇਸ ਗਰੁੱਪ ਦੇ 22 ਮੈਂਬਰਾਂ ਸੋਮਵਾਰ ਨੂੰ ਵੱਖ ਹੋ ਕੇ ਇੱਕ ਹੋਰ ਨਾਗਾ ਗਰੁੱਪ ਨਾਗਾ ਨੈਸ਼ਨਲ ਪੋਲੀਟੀਕਲ ਗਰੁੱਪਸ ਨਾਲ ਜੜ ਗਏ ਹਨ। ਇਹ ਛੋਟੀਆਂ 7 ਖਾੜਕੂ ਜਥੇਬੰਦੀਆਂ ਦਾ ਇੱਕ ਸਾਂਝਾ ਗਰੁੱਪ ਹੈ।

ਇਹ ਗਰੁੱਪ ਵੀ ਭਾਰਤ ਸਰਕਾਰ ਨਾਲ ਗੱਲਬਾਤ ਦਾ ਹਿੱਸਾ ਹੈ ਅਤੇ ਇਹ ਬਿਨ੍ਹਾ ਝੰਡੇ ਅਤੇ ਵੱਖਰੇ ਸੰਵਿਧਾਨ ਤੋਂ ਸਮਝੌਤਾ ਕਰਨ ਲਈ ਤਿਆਰ ਦੱਸੇ ਜਾਂਦੇ ਹਨ। 

ਪਰ ਐਨਐਸਸੀਐਨ (ਆਈਐਮ) ਇਹਨਾਂ ਲੋਕਾਂ ਦੇ ਛੱਡਣ ਦੇ ਬਾਵਜੂਦ ਆਪਣੇ ਫੈਂਸਲੇ 'ਤੇ ਦ੍ਰਿੜ ਹੈ ਅਤੇ ਪਾਰਟੀ ਦਾ ਕਹਿਣਾ ਹੈ ਕਿ ਉਹ ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ ਦੀ ਮੰਗ ਪ੍ਰਵਾਨ ਕੀਤੇ ਬਿਨ੍ਹਾਂ ਕੋਈ ਸਮਝੌਤਾ ਨਹੀਂ ਕਰਨਗੇ।

ਦੱਸ ਦਈਏ ਕਿ ਆਈਐਮ ਨਾਲ ਸਮਝੌਤੇ ਤੋਂ ਬਿਨ੍ਹਾਂ ਨਾਗਾਲੈਂਡ ਵਿਚ ਕਿਸੇ ਹੋਰ ਧਿਰ ਨਾਲ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸਮਝੌਤਾ ਕਿਸੇ ਮਤਲਬ ਦਾ ਨਹੀਂ ਹੋਵੇਗਾ। ਭਾਰਤ ਸਰਕਾਰ ਦੇ ਇੱਕ ਉੱਚ ਅਫਸਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇ ਸਮਝੌਤੇ ਵਿੱਚ ਆਈਐਮ ਸ਼ਾਮਿਲ ਨਹੀਂ ਹੁੰਦੀ ਤਾਂ ਇਹ ਸਮਝੌਤਾ ਕਿਸੇ ਮਤਲਬ ਦਾ ਨਹੀਂ ਹੋਵੇਗਾ। ਆਈਐਮ ਦੇ ਪ੍ਰਮੁੱਖ ਆਗੂ ਮੂਈਵਾਹ ਨਾਲ ਸਮਝੌਤਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਟਕਰਾਅ ਦਾ ਮੁੱਖ ਚਿਹਰਾ ਹਨ। ਉਹਨਾਂ ਤੋਂ ਬਿਨਾਂ ਇਹ ਸਮਝੌਤਾ ਸਿਰਫ ਦਿਖਾਵਾ ਮਾਤਰ ਹੋਵੇਗਾ।"

ਇਹ ਖ਼ਬਰ ਵੀ ਪੜ੍ਹੋ: ਮਨੀਪੁਰ ਨੇ ਭਾਰਤ ਤੋਂ ਅਜ਼ਾਦੀ ਦਾ ਐਲਾਨ ਕੀਤਾ

ਉੱਧਰ ਸਮਝੌਤਾ ਨਾ ਸਿਰੇ ਚੜ੍ਹਦਾ ਦਿਖਣ ਕਰਕੇ ਭਾਰਤ ਨਾਲ ਸੀਸਫਾਇਰ ਤੋਂ ਬਾਅਦ ਸਥਾਪਿਤ ਕੀਤੇ ਆਈਐਮ ਪਾਰਟੀ ਦੇ ਕੈਂਪਾਂ ਵਿੱਚੋਂ ਸਭ ਤੋਂ ਵੱਡਾ ਹੈਬਰੋਂ ਕੈਂਪ ਖਾਲੀ ਹੋਣਾ ਸ਼ੁਰੂ ਹੋ ਗਿਆ ਹੈ। ਸਮਝੌਤਾ ਟੁੱਟਣ 'ਤੇ ਫੇਰ ਲੜਾਈ ਸ਼ੁਰੂ ਹੋਣ ਦੀਆਂ ਕਨਸੋਆਂ ਦੇ ਚਲਦਿਆਂ ਖਾੜਕੂਆਂ ਨੇ ਇੱਥੋਂ ਨਿੱਕਲ ਕੇ ਅਗਲੀਆਂ ਕਾਰਵਾਈਆਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।