ਪਾਕਿ ਸਥਿਤ ਗੁਰਦਵਾਰਾ ਮਾਲ ਜੀ ਸਾਹਿਬ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋਈ

ਪਾਕਿ ਸਥਿਤ ਗੁਰਦਵਾਰਾ ਮਾਲ ਜੀ ਸਾਹਿਬ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋਈ

ਨਨਕਾਣਾ ਸਾਹਿਬ: ਨਨਕਾਣਾ ਸਾਹਿਬ ਵਿਖੇ ਸਥਿਤ ਗੁਰਦਵਾਰਾ ਮਾਲ ਜੀ ਸਾਹਿਬ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਹੈ ਜਿਸ ਦਾ ਉਦਘਾਟਨ ਅੱਜ ਪਾਕਿਸਤਾਨ ਔਕਾਫ਼ ਬੋਰਡ ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ ਨੇ ਕੀਤਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦਵਾਰਾ ਮਾਲ ਜੀ ਸਾਹਿਬ ਦੇ ਗ੍ਰੰਥੀ ਗਿਆਨੀ ਬਲਵੰਤ ਸਿੰਘ ਅਤੇ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਪ੍ਰਧਾਨ ਸ. ਸਵਰਨ ਸਿੰਘ ਗਿੱਲ ਨੇ ਦਸਿਆ ਕਿ ਅੱਜ ਗੁਰਦਵਾਰਾ ਮਾਲ ਜੀ ਸਾਹਿਬ ਵਿਖੇ ਹੋਏ ਇਕ ਵਿਸ਼ੇਸ਼ ਤੇ ਬੇਹਦ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਨਵੀਂ ਇਮਾਰਤ ਸੰਗਤਾਂ ਨੂੰ ਸਮਰਪਿਤ ਕੀਤੀ ਗਈ। ਇਹ ਇਮਾਰਤ ਜਰਜਰ ਹਾਲਤ ਵਿਚ ਸੀ।

ਇਸ ਇਮਾਰਤ ਨੂੰ ਬਿਨਾਂ ਡੇਗੇ ਇਸ ਨੂੰ ਠੀਕ ਕੀਤਾ ਗਿਆ ਹੈ ਜੋ ਅਪਣੇ ਆਪ ਵਿਚ ਮਿਸਾਲ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾਕਟਰ ਆਮਿਰ ਅਹਿਮਦ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਇਸ ਦੇ ਨਾਲ ਲਗਦੀਆਂ ਇਮਾਰਤਾਂ ਦੀ ਕਾਇਆ ਕਲਪ ਕੀਤੀ ਜਾ ਚੁੱਕੀ ਹੈ ਤੇ ਜਦ ਦੁਨੀਆਂ ਭਰ ਤੋਂ ਸਿੱਖ ਬਾਬਾ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਖ਼ਾਸ ਕਰ ਨਨਕਾਣਾ ਸਾਹਿਬ ਆਉਣਗੇ ਤਾਂ ਉਹ ਅਪਣੇ ਗੁਰਧਾਮਾਂ ਦੀ ਸੁੰਦਰਤਾ ਦੇਖ ਕੇ ਹੈਰਾਨ ਰਹਿ ਜਾਣਗੇ।