ਅਮਰੀਕਾ ਵਿਚ ਐਚ1ਬੀ ਵੀਜ਼ਾ ਧਾਰਕ ਭਾਰਤੀਆਂ 'ਤੇ ਲਟਕੀ ਉਜਾੜੇ ਦੀ ਤਲਵਾਰ

ਅਮਰੀਕਾ ਵਿਚ ਐਚ1ਬੀ ਵੀਜ਼ਾ ਧਾਰਕ ਭਾਰਤੀਆਂ 'ਤੇ ਲਟਕੀ ਉਜਾੜੇ ਦੀ ਤਲਵਾਰ

ਕੋਰੋਨਾਵਾਇਰਸ ਕਾਰਨ ਅਮਰੀਕਾ ਵਿਚ ਵਧੀ ਬੇਰੁਜ਼ਗਾਰੀ ਦਾ ਸਭ ਤੋਂ ਬੁਰਾ ਅਸਰ ਅਮਰੀਕਾ ਗਏ ਭਾਰਤੀਆਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਐਚ1ਬੀ ਵੀਜ਼ਾ ਧਾਰਕ ਭਾਰਤੀਆਂ ਕੋਲ ਅਮਰੀਕੀ ਨਿਯਮਾਂ ਮੁਤਾਬਕ ਨੌਕਰੀ ਖਤਮ ਹੋਣ ਮਗਰੋਂ 60 ਦਿਨਾਂ ਵਿਚ ਨਵੀਂ ਨੌਕਰੀ ਲੱਭਣੀ ਜ਼ਰੂਰੀ ਹੈ, ਜੇ ਨਵੀਂ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਦਾ ਵੀਜ਼ਾ ਖਤਮ ਹੋ ਜਾਵੇਗਾ ਤੇ ਉਹਨਾਂ ਨੂੰ ਵਾਪਸ ਆਪਣੇ ਦੇਸ਼ ਪਰਤਣਾ ਪਵੇਗਾ।

ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਤੋਂ ਅਮਰੀਕਾ ਵਿਚ ਬੇਰੁਜ਼ਗਾਰੀ ਦਰ ਵਿਚ 3000 ਫੀਸਦੀ ਵਾਧਾ ਹੋਇਆ ਹੈ। ਯੂ.ਐਸ ਡਿਪਾਰਟਮੈਂਟ ਆਫ ਲੇਬਰ ਐਂਡ ਸਟੈਟਿਸਟਿਕਸ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਮਦਦ ਲਈ ਬਣਾਈ ਸਕੀਮ ਅਧੀਨ ਬੇਰੁਜ਼ਗਾਰੀ ਭੱਤੇ ਵਾਸਤੇ 65 ਲੱਖ ਤੋਂ ਵੱਧ ਲੋਕ ਆਪਣਾ ਨਾਂ ਦਰਜ ਕਰਾ ਚੁੱਕੇ ਹਨ। 

ਅਮਰੀਕਾ ਵੱਲੋਂ ਦਿੱਤੇ ਜਾਂਦੇ ਐਚ1ਬੀ ਵੀਜ਼ਾ ਧਾਰਕਾਂ ਵਿਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਇਹ ਵੀਜ਼ਾ ਇਕ ਤਰ੍ਹਾਂ ਦਾ ਵਰਕ ਵੀਜ਼ਾ ਹੈ ਜਿਸ ਨਾਲ ਅਮਰੀਕੀ ਕੰਪਨੀਆਂ ਵਿਦੇਸ਼ ਤੋਂ ਆਪਣੇ ਕੰਮ ਲਈ ਮਾਹਿਰ ਲੋਕਾਂ ਨੂੰ ਨੌਕਰੀ ਦੇ ਕੇ ਅਮਰੀਕਾ ਬੁਲਾ ਸਕਦੀਆਂ ਹਨ। ਇਸ ਵੀਜ਼ੇ ਉੱਤੇ ਐਮਾਜ਼ੋਨ, ਗੂਗਲ, ਮਾਈਕਰੋਸੋਫਟ ਵਰਗੀਆਂ ਕੰਪਨੀਆਂ ਵਿਚ ਬਹੁਤ ਮੁਲਾਜ਼ਮ ਕੰਮ ਕਰਨ ਲਈ ਭਾਰਤ ਤੋਂ ਗਏ ਹਨ। 

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਪਿਛਲੇ ਸਾਲਾਂ ਤੋਂ ਲਗਾਤਾਰ ਇਸ ਵੀਜ਼ੇ ਦੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਇਸ਼ਾਰੇ ਦੇ ਰਹੀ ਹੈ ਤੇ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਇਸ ਸਾਲ ਇਹ ਐਲਾਨ ਕਰ ਦਿੱਤਾ ਜਾਵੇਗਾ। ਇਸ ਦਾ ਅਧਾਰ ਅਮਰੀਕਾ ਵਿਚ ਵਧ ਰਹੀ ਬੇਰੁਜ਼ਗਾਰੀ ਦਰ ਨੂੰ ਦੱਸਿਆ ਜਾ ਰਿਹਾ ਸੀ ਜੋ ਨੈਸ਼ਨਲ ਫਾਉਂਡੇਸ਼ਨ ਫਾਰ ਅਮਰੀਕਨ ਪੋਲਿਸੀ ਮੁਤਾਬਕ 2016 ਵਿਚ 6 ਫੀਸਦੀ ਤੋਂ ਵਧ ਕੇ 2019 ਵਿਚ 21 ਫੀਸਦੀ ਹੋ ਗਈ ਸੀ। 

ਅਮਰੀਕਾ ਵਿਚ ਹੁਣ ਵਿਦੇਸ਼ੀ ਕਾਮਿਆਂ ਲਈ ਪੀਆਰ ਲੈਣੀ ਆਉਣ ਵਾਲੇ ਸਮੇਂ ਵਿਚ ਹੋਰ ਮੁਸ਼ਕਿਲ ਹੋਣ ਦੀਆਂ ਸੰਭਾਵਨਾਵਾਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਵਿਦੇਸ਼ੀ ਕਾਮਿਆਂ ਨੂੰ ਅਮਰੀਕੀ ਪੀਆਰ ਲੈਣ ਖਾਤਰ ਹੁਣ ਉਮਰਾਂ ਲੱਗ ਸਕਦੀਆਂ ਹਨ। 

ਕੋਰੋਨਾਵਾਇਰਸ ਕਾਰਨ ਭਾਰਤ ਵਿਚ ਹਵਾਈ ਉਡਾਣਾਂ 'ਤੇ ਲੱਗੀਆਂ ਪਾਬੰਦੀਆਂ ਦੇ ਚਲਦਿਆਂ ਇਹਨਾਂ ਵੀਜ਼ਾ ਧਾਰਕਾਂ ਵੱਲੋਂ 60 ਦਿਨਾਂ ਦੀ ਸਮਾਂ ਹੱਦ ਨੂੰ ਵਧਾ ਕੇ 180 ਦਿਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਵਾਈਟ ਹਾਊਸ ਦੀ ਵੈੱਬਸਾਈਟ 'ਤੇ ਇਕ ਪਟੀਸ਼ਨ ਵੀ ਪਾਈ ਗਈ ਹੈ ਜਿਸ 'ਤੇ ਸਰਕਾਰ ਦਾ ਧਿਆਨ ਦਵਾਉਣ ਲਈ 1 ਲੱਖ ਦਸਤਖਤਾਂ ਦੀ ਜ਼ਰੂਰਤ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।