ਤਾਂਤਰਿਕ ਵਿਧੀਆਂ ਰਾਹੀਂ ਕੋਰੋਨਾ ਵਾਇਰਸ ਨਾਲ ਭਾਰਤ ਨਹੀਂ ਲੜ ਸਕੇਗਾ

ਤਾਂਤਰਿਕ ਵਿਧੀਆਂ ਰਾਹੀਂ ਕੋਰੋਨਾ ਵਾਇਰਸ ਨਾਲ ਭਾਰਤ ਨਹੀਂ ਲੜ ਸਕੇਗਾ

ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916

ਬੀਤੇ ਦਿਨੀਂ ਲਾਕਡਾਊਨ ਦੇ 9ਵੇਂ ਦਿਨ ਸਵੇਰੇ 9 ਵਜੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਐਤਵਾਰ (5 ਅਪ੍ਰੈਲ) ਨੂੰ ਕੋਰੋਨਾ ਵਾਇਰਸ ਨੂੰ ਚੁਣੌਤੀ ਦੇਣ ਲਈ ਰਾਤੀਂ 9 ਵਜੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ 9 ਮਿੰਟ ਤੱਕ ਘਰ ਦੇ ਦਰਵਾਜ਼ੇ ਜਾਂ ਬਾਲਕੋਨੀ ਵਿੱਚ ਖੜ੍ਹ ਕੇ ਦੀਵੇ, ਮੋਮਬੱਤੀ ਜਾਂ ਟਾਰਚ ਜਗਾਉਣ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਕਰਕੇ ਅਸੀਂ ਹਨੇਰੇ ਤੋਂ ਪ੍ਰਕਾਸ਼ ਵੱਲ ਤੇ ਗ਼ਰੀਬਾਂ ਨੂੰ ਨਿਰਾਸ਼ਾ ਤੋਂ ਆਸ ਵੱਲ ਲੈ ਕੇ ਜਾਣਾ ਹੈ। ਇਸ ਨਾਲ ਪ੍ਰਕਾਸ਼ ਦੀ ਮਹਾਂਸ਼ਕਤੀ ਉਜਾਗਰ ਹੋਵੇਗੀ। ਸਵਾਲ ਪੈਦਾ ਹੁੰਦਾ ਹੈ ਕਿ 9 ਵਜੇ ਤੇ 9 ਮਿੰਟ ਹੀ ਕਿਉਂ? 
ਅਸਲ ਵਿਚ ਇਹ ਕਰਮਕਾਂਡੀ ਵਿਚਾਰਧਾਰਾ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਹੈ, ਜਿਸ ਦੇ ਅੰਸ਼ ਮਨੂਵਾਦੀ ਵਿਚਾਰਧਾਰਾ ਵਿਚ ਪਏ ਹਨ ਕਿ ਲੋਕਾਂ ਨੂੰ ਕਰਮਕਾਂਡਾਂ ਵਿਚ ਫਸਾਓ ਤੇ ਅਸਲੀ ਸਮੱਸਿਆਵਾਂ ਤੋਂ ਪਰੇ ਕਰ ਦਿਓ। ਹਿੰਦੂ ਮਿਥਿਹਾਸ ਵਿੱਚ 9 ਨੂੰ ਸੰਪੂਰਨ, ਢੁੱਕਵਾਂ ਤੇ ਦੈਵੀ ਅੰਕ ਮੰਨਿਆ ਜਾਂਦਾ ਹੈ। ਮਨੂੰਵਾਦੀ ਅੰਧ-ਵਿਸ਼ਵਾਸਾਂ ਦਾ ਸਭ ਤੋਂ ਵੱਡਾ ਸਰੋਤ 'ਜੋਤਿਸ਼ ਵਿਦਿਆ' 9 ਗ੍ਰਹਿਆਂ 'ਤੇ ਆਧਾਰਿਤ ਹੈ। 
ਪ੍ਰਧਾਨ ਮੰਤਰੀ ਮੋਦੀ ਜਦੋਂ ਮਹਾਂਸ਼ਕਤੀ ਦੀ ਗੱਲ ਕਰਦੇ ਹਨ ਤਾਂ ਹਿੰਦੂ ਮਿਥਿਹਾਸ ਮੁਤਾਬਕ ਦੁਰਗਾ ਹੀ ਮਹਾਂਸ਼ਕਤੀ ਹੈ ਤੇ ਇਸ ਦੇ ਵੱਖ-ਵੱਖ 9 ਸਰੂਪ ਹਨ। ਨਰਿੰਦਰ ਮੋਦੀ ਨੇ ਜਦੋਂ ਇਹ ਸੰਦੇਸ਼ ਜਾਰੀ ਕੀਤਾ ਤਾਂ ਇਸ ਤੋਂ ਇੱਕ ਦਿਨ ਪਹਿਲਾਂ ਨਵਰਾਤਰੇ ਖ਼ਤਮ ਹੋਏ ਤੇ ਸੁਨੇਹੇ ਵਾਲਾ ਦਿਨ ਵੀ ਲਾਕਡਾਊਨ ਦਾ ਨੌਵਾਂ ਦਿਨ ਸੀ। ਇਹ ਆਮ ਧਾਰਨਾ ਨਹੀਂ, ਸੱਚ ਹੈ ਕਿ ਜਦੋਂ ਮਨੁੱਖ ਨੂੰ ਸਿਰ 'ਤੇ ਮੌਤ ਦਿਖਾਈ ਦਿੰਦੀ ਹੈ ਤਾਂ ਕਮਜ਼ੋਰ ਦਿਲ ਵਾਲੇ ਲੋਕ ਕਰਮਕਾਂਡੀ ਵਿਧੀ ਅਪਨਾਉਣ ਲੱਗ ਜਾਂਦੇ ਹਨ। ਪੰਜਾਬ ਜੋ ਗੁਰੂਆਂ ਦੇ ਨਾਮ 'ਤੇ ਜਿਉਂਦਾ ਹੈ, ਉਹ ਵੀ ਇਸ ਕਰਮਕਾਂਡ ਵਿਚ ਫਸ ਗਿਆ। ਉਸ ਨੇ ਜੰਮ ਕੇ ਦੀਵਾਲੀ ਮਨਾਈ, ਪਟਾਕੇ ਛੱਡ। ਇਸ ਮੌਕੇ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਸੇਧ ਨਾ ਦਿੱਤੀ ਗਈ। ਭਾਰਤ ਵਿਚ ਕਈ ਥਾਂ 'ਤੇ ਜਾਗੋ ਕੱਢੀਆਂ ਤੇ ਮੋਮਬੱਤੀਆਂ ਜਗਾ ਕੇ ਜਲੂਸ ਕੱਢਿਆ ਤੇ ਨੱਚ ਕੇ ਜਸ਼ਨ ਮਨਾਇਆ। ਜੈ ਸ੍ਰੀ ਰਾਮ ਤੇ ਭਾਰਤ ਮਾਤਾ ਕੀ ਜੈ, ਬੰਦੇ ਮਾਤਰਮ, ਚਾਇਨਾ ਵਾਇਰਸ ਗੋ ਬੈਕ, ਹਰ ਹਰ ਮੋਦੀ ਤੇ ਨਾਅਰੇ ਲੱਗੇ। ਭਗਤੀ ਰਸ ਵਿਚ ਡੁੱਬੇ ਕਾਫੀ ਚੈਨਲ ਮੰਤਰ ਮੁਗਧ ਹੋ ਗਏ ਤੇ ਦੱਸਣ ਲੱਗੇ ਕਿ ਦੇਖੋ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਪੂਰਾ ਦੇਸ ਕਿਵੇਂ ਦੀਵਾਲੀ ਮਨਾ ਰਿਹਾ ਹੈ। ਸੁਆਲ ਇਹ ਉਠਦਾ ਹੈ ਕਿ ਜਦ ਕਿ ਪੂਰੇ ਦੇਸ ਵਿਚ ਲਾਕਡਾਊਨ ਦੌਰਾਨ ਸਬਜ਼ੀ, ਅਨਾਜ, ਫਲ, ਦਵਾਈ ਦੀਆਂ ਦੁਕਾਨਾਂ ਨਹੀਂ ਖੁੱਲ੍ਹੀਆਂ ਹੋਈਆਂ ਤਾਂ ਪਟਾਕਿਆਂ ਦਾ ਭੰਡਾਰ ਦੇਸ਼ ਦੇ ਹਰ ਪਿੰਡ ਤੇ ਸ਼ਹਿਰਾਂ ਵਿਚ ਕਿਵੇਂ ਪਹੁੰਚ ਗਿਆ? ਇਸ ਪਿੱਛੇ ਕੌਣ ਜੇਤੂ ਸਿਆਸਤ ਦਾ ਪ੍ਰਦਰਸ਼ਨ ਕਰ ਰਿਹਾ ਹੈ?
ਸੰਯੁਕਤ ਰਾਸ਼ਟਰ ਦੀ ਇਕ ਸੰਸਥਾ ਸੰਸਟੇਨੇਬਲ ਸਲੂਸ਼ਨ ਨੈਟਵਰਕ ਹਰ ਸਾਲ ਕੌਮਾਂਤਰੀ ਪੱਧਰ 'ਤੇ ਸਰਵੇ ਕਰਕੇ ਵਿਸ਼ਵ ਖੁਸ਼ੀ ਸੂਚਕ ਅੰਕ ਅਰਥਾਤ ਵਰਡ ਹੈਪੀਨਸ ਇੰਡੈਕਸ ਜਾਰੀ ਕਰਦਾ ਹੈ। ਵਰਡਲ ਹੈਪੀਨਸ ਇੰਡੈਕਟ 2020 ਵਿਚ ਭਾਰਤ 156 ਦੇਸਾਂ ਦੀ ਸੂਚੀ ਵਿਚ ਪਛੜਿਆ ਹੋਇਆ ਹੈ ਤੇ 144 ਵੇਂ ਸਥਾਨ 'ਤੇ ਹੈ। ਪਰ ਕੋਰੋਨਾ ਵਾਇਰਸ ਦੌਰਾਨ ਜੋ ਤਿਉਹਾਰ ਦਾ ਮਾਹੌਲ ਭਾਰਤ ਵਿਚ ਬਣਾ ਦਿੱਤਾ ਗਿਆ, ਉਸ ਤੋਂ ਜਾਪਦਾ ਹੈ ਕਿ ਭਾਰਤੀ ਲੋਕ ਪੂਰੀ ਦੁਨੀਆਂ ਵਿਚ ਸਭ ਤੋਂ ਵੱਧ ਖੁਸ਼ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਸ਼ਾਇਦ ਯੂਐਨਓ ਨੂੰ ਭੁਲੇਖਾ ਲੱਗਾ ਹੈ!
ਸੱਚਾਈ ਇਹ ਹੈ ਕਿ ਕੋਰੋਨਾ ਵਾਇਰਸ ਕਾਰਨ ਜੋ ਪ੍ਰਦੂਸ਼ਣ ਖਤਮ ਹੋਇਆ ਸੀ ਕੁਦਰਤ ਖੂਬਸੂਰਤ ਹੋਈ, ਉਸ ਨੂੰ ਭੰਗ ਕਰਨ ਦੇ ਕਰਮਕਾਂਡੀਆਂ ਵਲੋਂ ਯਤਨ ਕੀਤੇ ਗਏ।  ਦਿੱਲੀ ਫਿਰ ਪ੍ਰਦੂਸ਼ਿਤ ਹੋ ਗਈ।  ਇਸ ਤਰ੍ਹਾਂ ਲਾਕਡਾਊਨ ਦਾ ਸਿਸਟਮ ਭੰਗ ਕੀਤਾ ਗਿਆ ਤੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਵਿਚ ਪਾਇਆ ਗਿਆ।

ਕੋਰੋਨਾ ਵਾਇਰਸ ਤੇ ਕਰਮਕਾਂਡੀ
ਇੱਥੇ ਜ਼ਿਕਰਯੋਗ ਹੈ ਕਿ 19 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ 'ਜਨਤਾ ਕਰਫਿਊ' ਦੇ ਨਾਲ-ਨਾਲ ਤਾੜੀਆਂ, ਥਾਲੀਆਂ ਤੇ ਘੰਟੀਆਂ ਖੜਕਾਉਣ ਦਾ ਸੱਦਾ ਦਿੱਤਾ ਸੀ ਤੇ ਕਿਹਾ ਸੀ ਕਿ ਇਸ ਨਾਲ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਦੇ ਹੌਸਲੇ ਬੁਲੰਦ ਹੋਣਗੇ, ਪਰ ਲੋਕਾਂ ਨੇ ਸੜਕਾਂ 'ਤੇ ਆ ਕੇ ਭੰਗੜੇ ਪਾ ਕੇ ਲਾਕਡਾਊਨ ਨੂੰ ਭੰਗ ਕੀਤਾ ਤੇ ਕੋਰੋਨਾ ਵਾਇਰਸ ਦੀ ਆਮਦ ਦਾ ਕਾਰਨ ਬਣੇ।  ਹਾਸੇ ਵਾਲੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ ਭਗਵੇਂਵਾਦੀਆਂ ਵਲੋਂ ਗਊ ਮੂਤਰ ਤੇ ਸੜਕਾਂ 'ਤੇ ਜਲੂਸ ਕੱਢ ਕੇ ਕੋਰੋਨਾ ਗੋ ਬੈਕ ਅਤੇ ਭਾਰਤ ਮਾਤਾ ਦੀ ਜੈ ਕਰਕੇ ਕੱਢਿਆ ਜਾ ਰਿਹਾ ਹੈ। ਤੇਲੰਗਾਨਾ ਦੇ ਭਾਜਪਾ ਵਿਧਾਇਕ ਰਾਜਾ ਸਿੰਘ ਨੇ ਮਿਸ਼ਾਲ ਲੈ ਕੇ ਜਲੂਸ ਕੱਢਿਆ। ਹਾਲਾਂ ਕਿ ਤੇਲੰਗਾਨਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਘਰਾਂ ਵਿਚ ਰਹੋ ਨਹੀਂ ਤਾਂ ਦੇਖਦੇ ਹੀ ਗੋਲੀ ਮਾਰ ਦਿੱਤੀ ਜਾਵੇਗੀ। ਪਰ ਭਾਜਪਾ ਵਿਧਾਇਕ ਰਾਜਾ ਸਿੰਘ ਨੇ ਅਜਿਹਾ ਡਰਾਮਾ ਕਰਕੇ ਤੇਲੰਗਾਨਾ ਸਰਕਾਰ ਨੂੰ ਵੀ ਚੁਣੌਤੀ ਦੇ ਦਿੱਤੀ। ਰਾਜਾ ਸਿੰਘ ਨੇ ਆਪਣੀਆਂ ਵੀਡੀਓ ਜਾਰੀ ਕੀਤੀਆਂ, ਜਿਸ ਵਿਚ ਉਹ ਮਿਸ਼ਾਲਾਂ ਨਾਲ ਜਲੂਸ ਕੱਢ ਕੇ ਭੀੜਾਂ ਰਾਹੀਂ ਗੋ ਬੈਕ ਗੋ ਬੈਕ ਚਾਈਨਾ ਵਾਇਰਸ ਗੋ ਬੈਕ ਦੇ ਨਾਅਰੇ ਲਗਵਾਏ। ਇਸ ਸਲੋਗਨ ਦੇ ਜਨਮਦਾਤਾ ਮਹਾਰਾਸ਼ਟਰ ਦੇ ਨੇਤਾ ਰਾਮਦਾਸ ਅਠਾਲਵੇ ਨੇ ਪਹਿਲੀ ਵਾਰ ਥਾਲੀ ਵਜਾ ਕੇ ਗੋ ਕੋਰੋਨਾ ਗੋ ਕੋਰੋਨਾ ਕਿਹਾ ਸੀ। ਮਤਲਬ ਸਾਫ ਹੈ ਕਿ ਕੋਰੋਨਾ ਨੂੰ ਅੰਗਰੇਜ਼ੀ ਆਉਂਦੀ ਹੈ। ਆਈਬੀ ਨੂੰ ਚਾਹੀਦਾ ਹੈ ਕਿ ਇਸ ਦੀ ਰਿਪੋਰਟ ਚੀਨ ਨੂੰ ਭੇਜ ਦੇਵੇ ਤਾਂ ਜੋ ਭਾਰਤ ਤੋਂ ਆਇਆ ਕੋਰੋਨਾ ਦਾ ਇਲਾਜ ਤੇ ਇੰਤਜਾਮ ਚੀਨ ਭਾਲ ਲਵੇ। 
ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਮਹਿਲਾ ਪ੍ਰਧਾਨ ਜ਼ਿਲ੍ਹਾ ਬਲਰਾਮਪੁਰ ਯੂਪੀ ਦੀ ਮੰਜੂ ਤਿਵਾੜੀ ਨੇ ਫਾਈਰਿੰਗ ਕਰਕੇ ਦੀਵਾਲੀ ਮਨਾਈ। ਭਾਵੇਂ ਉਸ 'ਤੇ ਕੇਸ ਦਰਜ ਕਰ ਲਿਆ ਗਿਆ ਹੈ, ਪਰ ਉਸ ਦਾ ਕਹਿਣਾ ਹੈ ਕਿ ਮੈਂ ਸੋਚਿਆ ਸੀ ਕਿ ਇਹ ਵੀ ਤਿਉਹਾਰ ਹੈ, ਜਿਸ ਕਰਕੇ ਮੈਂ ਦੀਵਾਲੀ ਸਮਝ ਕੇ ਫਾਈਰਿੰਗ ਕੀਤੀ ਹੈ।
ਹੁਣੇ ਜਿਹੇ ਆਈਆਈਟੀ ਰੁੜਕੀ ਨਾਲ ਜੁੜੇ ਵਿਗਿਆਨੀ ਦੇਵੇਂਦਰ ਸਵਰੂਪ ਭਾਰਗਵ ਨੇ ਦਾਅਵਾ ਕੀਤਾ ਹੈ ਕਿ ਗੰਗਾ ਦਾ ਗੰਗਤਵ ਇਸ ਦੀਆਂ ਤਲ੍ਹਾਂ ਵਿਚ ਮੌਜੂਦ ਸੀ ਅਤੇ ਅਜੇ ਵੀ ਮੌਜੂਦ ਹੈ। ਗੰਗਾ ਵਿਚ ਆਕਸੀਜਨ ਜਜ਼ਬ ਕਰਨ ਦੀ ਯੋਗਤਾ ਹੈ। ਬਹੁਤ ਸਾਰੀਆਂ ਖੋਜਾਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਬੈਕਟਰੀਓਫੇਜ (ਬੈਕਟਰੀਆ ਖਾਣ ਵਾਲੇ ਵਾਇਰਸ) ਕੁਝ ਵਾਇਰਸਾਂ ਉਤੇ ਵੀ ਪ੍ਰਭਾਵਸ਼ਾਲੀ ਹੁੰਦੇ ਹਨ। ਕੋਰੋਨਾ ਵਾਇਰਸ ਦਾ ਗੰਗਾ ਇਸ਼ਨਾਨ ਨਾਲ ਫਾਇਦਾ ਹੋ ਸਕਦਾ ਹੈ। ਸੈਨਾ ਦੇ ਇਕ ਸੇਵਾਮੁਕਤ ਲੈਫਟੀਨੈਂਟ ਕਰਨਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਕਿ ਜੇ ਗੰਭੀਰਤਾ ਨਾਲ ਗੰਗਾ ਨਦੀ ਉਤੇ ਖੋਜ ਕੀਤੀ ਜਾਵੇ ਤਾਂ ਕੋਰੋਨਾ ਵਰਗੀ ਮਹਾਮਾਰੀ ਦਾ ਇਲਾਜ ਗੰਗਾ ਦੇ ਪਾਣੀ ਨਾਲ ਸੰਭਵ ਹੋ ਸਕਦਾ ਹੈ।
ਜੇਕਰ ਕੋਰੋਨਾ ਵਾਇਰਸ ਦੇ ਸਮੇਂ ਦੌਰਾਨ ਭਾਰਤ ਦੀਆਂ ਸਿਹਤ ਸਹੂਲਤਾਂ ਦਾ ਅਧਿਐਨ ਕੀਤਾ ਜਾਵੇ ਤਾਂ ਚਿੰਤਾ ਹੋ ਜਾਂਦੀ ਹੈ ਕਿ ਇਸ ਵਾਇਰਸ ਦੇ ਨਾਲ ਲੜਿਆ ਕਿਵੇਂ ਜਾਵੇਗਾ? ਰਿਪੋਰਟਾਂ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ ਦੁਆਰਾ ਹਰੇਕ 1000 ਲੋਕਾਂ ਲਈ ਇੱਕ ਡਾਕਟਰ ਦੀ ਸਿਫਾਰਸ਼ ਦੇ ਉਲਟ, ਭਾਰਤ ਵਿੱਚ ਹਰ 10,000 ਲੋਕਾਂ ਪਿੱਛੇ ਇੱਕ ਡਾਕਟਰ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ 8,432 ਵੈਂਟੀਲੇਟਰ ਹਨ, ਜਦਕਿ ਨਿੱਜੀ ਹਸਪਤਾਲਾਂ ਵਿੱਚ 40,000 ਵੈਂਟੀਲੇਟਰ ਹਨ। ਮਾਹਿਰਾਂ ਅਨੁਸਾਰ ਭਾਰਤ ਨੂੰ ਦੇਸ ਵਿੱਚ ਮੌਜੂਦਾ ਵੈਂਟੀਲੇਟਰਾਂ ਦੀ ਗਿਣਤੀ ਨਾਲੋਂ 8-10 ਗੁਣਾ ਵਧੇਰੇ ਵੈਂਟੀਲੇਟਰਾਂ ਦੀ ਜ਼ਰੂਰਤ ਹੋਏਗੀ। ਹਾਲਾਂਕਿ ਕਾਰ ਕੰਪਨੀਆਂ ਹੁਣ ਵੈਂਟੀਲੇਟਰਾਂ ਦੇ ਉਤਪਾਦਨ ਵਿੱਚ ਜੁੜ ਗਈਆਂ ਹਨ, ਫਿਰ ਵੀ ਭਾਰਤ ਵਿੱਚ ਵੈਂਟੀਲੇਟਰਾਂ ਦਾ ਨਿਰਮਾਣ ਤੇਜ਼ੀ ਨਾਲ ਕਰਨਾ ਇੱਕ ਵੱਡਾ ਚੈਲਿੰਜ ਹੈ। ਵੱਖ-ਵੱਖ ਹਸਪਤਾਲਾਂ ਦੇ ਡਾਕਟਰ ਤੇ ਨਰਸਾਂ ਸੁਰੱਖਿਅਤ ਮੈਡੀਕਲ ਉਪਕਰਨ ਨਾ ਮਿਲਣ ਕਾਰਣ ਡਿਊਟੀਆਂ ਛੱਡ ਕੇ Îਭੱਜਣ ਲਈ ਮਜਬੂਰ ਹਨ। ਦਿੱਲੀ ਦੇ ਹਿੰਦੂ ਰਾਓ ਹਸਪਤਾਲ ਦੇ ਚਾਰ ਡਾਕਟਰਾਂ ਤੇ ਕੁਝ ਨਰਸਾਂ ਨੇ ਨਿੱਜੀ ਸੁਰੱਖਿਆ ਉਪਕਰਨ ਮੁਹੱਈਆ ਨਾ ਕਰਾਏ ਜਾਣ ਕਾਰਨ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਸਪਤਾਲ ਪ੍ਰਸ਼ਾਸਨ ਨੇ ਡਾਕਟਰਾਂ ਦੀ ਮੰਗ 'ਤੇ ਧਿਆਨ ਦੇਣ ਦੀ ਥਾਂ ਡਾਕਟਰਾਂ ਨੂੰ ਧਮਕਾ ਕੇ ਚੁੱਪ ਬਿਠਾ ਦਿੱਤਾ ਹੈ। 
ਬਿਹਾਰ ਦੇ ਭਾਗਲਪੁਰ ਵਿਚਲੇ ਜਵਾਹਰ ਲਾਲ ਨਹਿਰੂ ਹਸਪਤਾਲ ਤੇ ਮੈਡੀਕਲ ਕਾਲਜ ਦੇ ਡਾਕਟਰ ਤੇ ਨਰਸਾਂ ਜ਼ਰੂਰੀ ਸੁਰੱਖਿਆ ਉਪਕਰਨ ਨਾ ਮਿਲਣ ਕਾਰਣ ਹੜਤਾਲ ਉੱਤੇ ਚਲੇ ਗਏ ਹਨ। ਇਸ ਦੌਰਾਨ ਮੈਡੀਕਲ ਸਟਾਫ਼ ਨੂੰ ਨਿੱਜੀ ਸੁਰੱਖਿਆ ਕਿੱਟ ਤੇ ਸੰਸਾਰ ਸਿਹਤ ਸੰਸਥਾ ਦੇ ਮਿਆਰ ਵਾਲੀ ਸਮਗਰੀ ਉਪਲੱਬਧ ਨਾ ਕਰਾਏ ਜਾਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪੁੱਜ ਚੁੱਕਾ ਹੈ। ਨਾਗਪੁਰ ਦੇ ਡਾਕਟਰ ਜੇਰਿਲ ਬਨੈਤ ਨੇ ਇਹ ਰਿੱਟ ਦਾਇਰ ਕੀਤੀ ਸੀ। ਇਸੇ ਦੌਰਾਨ ਵਕੀਲ ਅਮਿਤ ਸਾਹਨੀ ਨੇ ਵੀ ਇਸ ਮਸਲੇ ਸੰਬੰਧੀ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਤੇ ਅਦਾਲਤ ਨੇ ਸੁਣਵਾਈ ਲਈ ਇਹ ਰਿੱਟਾਂ ਮਨਜ਼ੂਰ ਕਰ ਲਈਆਂ ਹਨ। ਇਨ੍ਹਾਂ ਹਾਲਾਤਾਂ ਦੌਰਾਨ ਕਹਿਣਾ ਇਹ ਬਣਦਾ ਹੈ ਕਿ ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਟੇਵੇ ਲਾਉਣ ਵਾਲੇ ਜੋਤਸ਼ੀ ਜਾਂ ਤਾਂਤਰਿਕ ਨਹੀਂ, ਇਸ ਲਈ ਆਪਣਾ ਰਾਜ ਧਰਮ ਨਿਭਾਓ ਤੇ ਮੈਡੀਕਲ ਸਹੂਲਤਾਂ ਨਾਲ ਦੇਸ ਮਜ਼ਬੂਤ ਕਰੋ।  
ਮੋਦੀ ਸਰਕਾਰ ਲਈ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਦੱਖਣੀ ਕੋਰੀਆ ਰੋਜ਼ਾਨਾ 25 ਹਜ਼ਾਰ ਟੈਸਟ ਕਰਕੇ ਇਸ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਨੂੰ ਘਟਾਉਣ ਵਿੱਚ ਸਫ਼ਲ ਰਿਹਾ ਹੈ। ਇਸ ਦਾ ਕਾਰਨ, ਵੱਧ ਤੋਂ ਵੱਧ ਟੈਸਟਿੰਗ ਕਰਨਾ ਰਿਹਾ ਹੈ। ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਦੇ ਨਾਲ ਟੈਸਟ ਕਰਨਾ ਸਭ ਤੋਂ ਮਹੱਤਵਪੂਰਨ ਹੈ।

ਨਫ਼ਰਤਾਂ ਦਾ ਵਾਇਰਸ
ਕੋਰੋਨਾ ਵਾਇਰਸ ਦੌਰਾਨ ਘੱਟ ਗਿਣਤੀ ਕੌਮਾਂ ਸਿੱਖ ਕੌਮ ਤੇ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਗੋਦੀ ਮੀਡੀਆ ਤੇ ਸ਼ੋਸ਼ਲ ਮੀਡੀਆ ਇਕ ਸਾਜ਼ਿਸ਼ ਤਹਿਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਭਾਈਚਾਰੇ ਵਾਇਰਸ ਫੈਲਾਉਣ ਦੇ ਜ਼ਿੰਮੇਵਾਰ ਹਨ। ਪਹਿਲਾਂ ਪ੍ਰਵਾਸੀ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਕਿ ਉਹ ਪੰਜਾਬ ਵਿਚ ਲੁਕੇ ਹੋਏ ਹਨ ਤੇ ਕੋਰੋਨਾ ਤੋਂ ਪੀੜਤ ਹਨ, ਪਰ ਜਾਂਚ ਵਿਚ ਜਦ ਉਹ ਸਾਹਮਣੇ ਆਏ ਤਾਂ ਕਿਸੇ ਪ੍ਰਵਾਸੀ ਪੰਜਾਬੀ ਦੇ ਪੀੜਤ ਹੋਣ ਦੀ ਖਬਰ ਨਹੀਂ ਆਈ। ਬਹੁਤ ਸਾਰੇ ਪ੍ਰਾਂਤਾਂ ਤੋਂ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਬਹੁਤ ਘੱਟ ਕੇਸ ਆਏ ਹਨ। 
ਮੋਦੀ ਸਰਕਾਰ ਨੇ ਲਾਕਡਾਊਨ ਕਾਰਨ ਕਿਸੇ ਨੂੰ ਸਮਾਂ ਨਹੀਂ ਦਿੱਤਾ ਕਿ ਉਹ ਆਪਣੇ ਘਰਾਂ ਵੱਲ ਨੂੰ ਪਹੁੰਚ ਜਾਵੇ। ਇਸੇ ਕਰਕੇ ਦਿਹਾੜੀਦਾਰ ਲੇਬਰ ਆਪਣੇ ਪੈਦਲ ਘਰਾਂ ਵੱਲ ਚੱਲ ਪਈ ਤੇ ਯਾਤਰਾ ਕਰਨ ਆਏ ਸਿੱਖ ਕਰਫ਼ਿਊ ਕਾਰਨ ਗੁਰਦੁਆਰਾ ਮਜਨੂੰ ਕਾ ਟਿੱਲਾ ਅਤੇ ਹਜ਼ੂਰ ਸਾਹਿਬ ਰੁੱਕ ਗਏ। ਹਾਲਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਕਿ ਇਨ੍ਹਾਂ ਦਾ ਵਾਪਸ ਜਾਣ ਦਾ ਪ੍ਰਬੰਧ ਸਰਕਾਰ ਕਰੇ। ਪਰ ਕਿਸੇ ਸਰਕਾਰ ਨੇ ਇਸ ਵਿਚ ਰੁਚੀ ਨਹੀਂ ਦਿਖਾਈ, ਉਲਟਾ ਗੁਰਦੁਆਰਾ ਮਜਨੂੰ ਕਾ ਟਿੱਲਾ ਸੀਲ ਕਰ ਦਿੱਤਾ।  ਗੁਰਦੁਆਰਾ ਕਮੇਟੀ  ਅਤੇ ਰੁਕੇ 300 ਦੇ ਕਰੀਬ ਵਿਅਕਤੀਆਂ 'ਤੇ ਕੇਸ ਕਰ ਦਿੱਤਾ। 
ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਨਿਆਸਰਿਆਂ ਤੇ ਡਾਕਟਰਾਂ ਨੂੰ ਆਸਰਾ ਦੇਣ ਵਾਲੀ ਤੇ ਸਰਕਾਰ ਦੇ ਹਵਾਲੇ ਇਸ ਔਖੀ ਘੜੀ ਵਿਚ ਸਰਾਵਾਂ ਦੇਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਖਿਲਾਫ਼ ਕੇਸ ਦਰਜ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਇਹ ਐਫਆਈਆਰ ਤੁਰੰਤ ਰੱਦ ਕੀਤੀ ਜਾਵੇ। ਅਜਿਹੇ ਵਿੱਚ ਲੋਕ ਸੇਵਾ ਵਿੱਚ ਲੱਗੀ ਸੰਸਥਾ ਖਿਲਾਫ਼ ਕੇਸ ਦਰਜ ਕਰਨਾ ਨਿੰਦਣਯੋਗ ਕਾਰਵਾਈ ਹੈ।
ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਵਿੱਚ ਪੰਜਾਬ ਦੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ ਲੌਕਡਾਊਨ ਕਾਰਨ ਫਸੇ ਹੋਏ ਹਨ। ਪਰ ਸਰਕਾਰ ਇਨ੍ਹਾਂ ਲਈ ਆਵਾਜਾਈ ਦੇ ਸਾਧਨ ਮੁਹੱਈਆ ਨਹੀਂ ਕਰਵਾ ਰਹੀ ਤਾਂ ਜੋ ਉਹ ਆਪਣੇ ਘਰਾਂ ਨੂੰ ਪਹੁੰਚ ਸਕਣ। ਇਹ ਸ਼ਰਧਾਲੂ 22 ਮਾਰਚ ਦੇ ਨੇੜੇ ਵੱਖ-ਵੱਖ ਜਥਿਆਂ ਰਾਹੀਂ ਹਜ਼ੂਰ ਸਾਹਿਬ ਪਹੁੰਚੇ ਸਨ ਪਰ ਆਵਾਜਾਈ ਦੇ ਸਾਰੇ ਸਾਧਨਾਂ 'ਤੇ ਪਾਬੰਦੀ ਹੋਣ ਕਰ ਕੇ ਉੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਟਿਕੇ ਰਹਿਣ ਲਈ ਮਜਬੂਰ ਹਨ।
ਇਸੇ ਤਰ੍ਹਾਂ ਤਬਲੀਗੀ ਜਮਾਤ ਦੇ ਦਿੱਲੀ ਸਥਿਤ ਨਿਜ਼ਾਮੂਦੀਨ ਮਰਕਜ ਵਿਚ ਇਕੱਠੇ ਹੋਏ ਮੁਸਲਮਾਨਾਂ ਨੂੰ ਭੰਡਿਆ ਜਾ ਰਿਹਾ ਹੈ, ਜੋ ਲਾਕਡਾਊਨ ਕਾਰਨ ਉੱਥੇ ਹੀ ਰੁਕ ਗਏ ਸਨ। ਜਦ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲਾਂ ਕੀਤੀਆਂ, ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਅੱਜ ਉਨ੍ਹਾਂ 9000 ਲੋਕਾਂ ਦੀ ਪਛਾਣ ਕਰ ਕੇ ਕਵਾਰੰਟਾਈਨ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਗੋਦੀ ਮੀਡੀਏ ਰਾਹੀਂ ਇਕ ਸਾਜ਼ਿਸ਼ ਤਹਿਤ ਕੋਰੋਨਾ ਬੰਬ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਭਰ ਤੋਂ ਮਿਲੇ 1965 ਪਾਜ਼ੀਟਿਵ ਕੇਸਾਂ ਵਿੱਚੋਂ 400 ਨਿਜ਼ਾਮੂਦੀਨ ਮਰਕਜ ਨਾਲ ਜੁੜੇ ਹੋਏ ਹਨ।  ਗ੍ਰਹਿ ਮੰਤਰਾਲੇ ਨੇ ਨਿਜ਼ਾਮੂਦੀਨ ਤਬਲੀਗੀ ਜਮਾਤ ਵਿੱਚ ਸ਼ਾਮਲ ਵਿਦੇਸ਼ੀ ਨਾਗਰਿਕਾਂ ਦਾ ਟੂਰਿਸਟ ਵੀਜ਼ਾ ਰੱਦ ਕਰ ਦਿੱਤਾ ਹੈ।
ਮੋਦੀ ਸਰਕਾਰ ਦਾ ਕਹਿਣਾ ਹੈ ਕਿ ਅੱਜ ਦੇਸ਼ ਵਿੱਚ ਤਿੰਨ ਹਜ਼ਾਰ ਤੋਂ ਵੱਧ ਕੋਰੋਨਾ ਮਰੀਜ਼ ਹਨ। ਤਬਲੀਗੀ ਜਮਾਤ ਦੇ ਕਾਰਨ ਦੇਸ਼ ਵਿਚ 22 ਹਜ਼ਾਰ ਲੋਕਾਂ ਨੂੰ ਅਲੱਗ ਕੀਤਾ ਗਿਆ ਹੈ. ਸਰਕਾਰ ਨੇ ਕਿਹਾ ਕਿ 30 ਪ੍ਰਤੀਸ਼ਤ ਕੋਰੋਨਾ ਮਾਮਲੇ ਲਈ ਤਬਲੀਗੀ ਜਮਾਤ ਜ਼ਿੰਮੇਵਾਰ ਹੈ। ਜਦ ਕਿ ਇਸ ਦੀ ਜ਼ਿੰਮੇਵਾਰੀ ਸਿੱਧੀ ਮੋਦੀ ਸਰਕਾਰ 'ਤੇ ਆਉਂਦੀ ਹੈ, ਕਿਉਂਕਿ ਉਸ ਨੇ ਲਾਕਡਾਊਨ ਤੋਂ ਪਹਿਲਾਂ ਲੋਕਾਂ ਨੂੰ ਘਰ ਜਾਣ ਦੇ ਲਈ ਸਮਾਂ ਨਹੀਂ ਦਿੱਤਾ ਤੇ ਨਾ ਹੀ ਇੰਤਜਾਮ ਕੀਤਾ।
ਇਸ ਸਮੇਂ ਦੌਰਾਨ ਨਫ਼ਰਤ ਇਸ ਹੱਦ ਤੱਕ ਫੈਲ ਰਹੀ ਹੈ ਕਿ ਮੁਸਲਮਾਨਾਂ ਦੇ ਹਸਪਤਾਲਾਂ ਵਿਚ ਇਲਾਜ ਕਰਨ ਤੋਂ ਗੁਰੇਜ ਕੀਤਾ ਜਾ ਰਿਹਾ ਹੈ।  ਵਟਸਐਪ ਤੇ ਸ਼ੋਸ਼ਲ ਮੀਡੀਆ ਰਾਹੀਂ ਉਨ੍ਹਾਂ ਖਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ। ਰਾਜਸਥਾਨ ਵਿੱਚ ਭਰਤਪੁਰ ਦੇ ਜ਼ਿਲ੍ਹਾ ਹਸਪਤਾਲ ਵਿਚ ਡਾਕਟਰਾਂ ਵੱਲੋਂ ਧਰਮ ਦੇ ਆਧਾਰ 'ਤੇ ਇਲਾਜ ਕਰਨ ਤੋਂ ਇਨਕਾਰ ਕਰਨ 'ਤੇ ਇਕ ਮੁਸਲਮਾਨ ਗਰਭਵਤੀ ਔਰਤ ਦੇ ਬੱਚੇ ਦੀ ਜਣੇਪੇ ਦੌਰਾਨ ਮੌਤ ਹੋ ਗਈ। ਪੀੜਤ ਔਰਤ ਦੇ ਪਤੀ ਇਰਫ਼ਾਨ ਖਾਨ ਨੇ ਦੋਸ਼ ਲਗਾਇਆ ਕਿ ਡਾਕਟਰਾਂ ਵੱਲੋਂ ਧਰਮ ਦੇ ਆਧਾਰ 'ਤੇ ਇਲਾਜ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਸ ਦੀ ਪਤਨੀ ਦਾ ਜਣੇਪਾ ਐਂਬੂਲੈਂਸ ਵਿੱਚ ਹੀ ਹੋ ਗਿਆ ਅਤੇ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ। ਉੱਧਰ, ਇਸ ਮਾਮਲੇ ਵਿੱਚ ਰਾਜਸਥਾਨ ਦੇ ਸਿਹਤ ਮੰਤਰੀ ਤੇ ਭਰਤਪੁਰ ਤੋਂ ਵਿਧਾਇਕ ਸੁਭਾਸ਼ ਗਰਗ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। 
ਹਾਲਾਂ ਕਿ ਕਾਂਗਰਸ ਦੇ ਸਿਖਰਲੇ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੋਨਾਵਾਇਰਸ ਮਹਾਮਾਰੀ ਕਰਕੇ ਬਣੇ ਦੇਸ਼ ਦੇ ਮੌਜੂਦਾ ਹਾਲਾਤ 'ਤੇ ਚਰਚਾ ਕਰਦਿਆਂ 'ਬੇਤਰਤੀਬ' ਢੰਗ ਨਾਲ ਲੌਕਡਾਊਨ ਕਰਨ ਲਈ ਮੋਦੀ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ। ਪਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਸਿਹਤ ਸਹੂਲਤਾਂ ਦੀ ਘਾਟ ਨਾਲ ਡਾਕਟਰਾਂ ਦੇ ਹੌਂਸਲੇ ਬੁਲੰਦ ਕੀਤੇ ਜਾ ਸਕਦੇ ਹਨ? ਕੀ ਕਰਮਕਾਂਡੀ ਵਿਧੀਆਂ ਨਾਲ ਕੋਰੋਨਾ ਵਾਇਰਸ ਰੋਕਿਆ ਜਾ ਸਕਦਾ ਹੈ? ਇਹ ਸੁਆਲ ਅੱਜ ਭਾਰਤ ਸਰਕਾਰ ਨੂੰ ਲੱਭਣੇ ਪੈਣਗੇ ਤੇ ਉਸ ਨੂੰ ਕਿਊਬਾ, ਦੱਖਣੀ ਕੋਰੀਆ ਦਾ ਮਾਡਲ ਅਪਨਾਉਣਾ ਪਵੇਗਾ ਤਾਂ ਜੋ ਇਨ੍ਹਾਂ ਵਾਇਰਸਾਂ ਨੂੰ ਰੋਕਿਆ ਜਾ ਸਕੇ। ਭਾਈਚਾਰਿਆਂ ਵਿਚ ਨਫ਼ਰਤ ਫੈਲਾ ਕੇ ਕਦੇ ਵੀ ਸੰਕਟ ਦੇ ਦੌਰਾਨ ਸਰਕਾਰਾਂ ਨਹੀਂ ਲੜ ਸਕਦੀਆਂ, ਇਸ ਲਈ ਸਰਕਾਰ ਨੂੰ ਸਖ਼ਤੀ ਦੇ ਨਾਲ ਨਫ਼ਰਤਾਂ ਦੇ ਵਾਇਰਸ ਦਬਾਉਣੇ ਚਾਹੀਦੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।