ਕੋਰੋਨਾਵਾਇਰਸ ਦੀ ਦਹਿਸ਼ਤ: ਭਾਰਤ ਵਿਚ ਡਾਕਟਰਾਂ 'ਤੇ ਹਮਲੇ

ਕੋਰੋਨਾਵਾਇਰਸ ਦੀ ਦਹਿਸ਼ਤ: ਭਾਰਤ ਵਿਚ ਡਾਕਟਰਾਂ 'ਤੇ ਹਮਲੇ

ਕੋਰੋਨਾਵਾਇਰਸ ਦੀ ਦਹਿਸ਼ਤ ਸ਼ਰੀਰਕ ਤੋਂ ਵੱਧ ਮਾਨਸਿਕ ਨੁਕਸਾਨ ਕਰਦੀ ਪ੍ਰਤੀਤ ਹੋ ਰਹੀ ਹੈ। ਜਿੱਥੇ ਕੋਰੋਨਾਵਾਇਰਸ ਬਾਰੇ ਸਹੀ ਜਾਣਕਾਰੀ ਨਾ ਹੋਣ ਦੇ ਚਲਦਿਆਂ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟਾਂ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ ਉੱਥੇ ਹਸਪਤਾਲਾਂ ਵਿਚ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਨਾਲ ਵੀ ਬਹੁਤ ਬੁਰੀ ਬਣ ਰਹੀ ਹੈ। ਵੱਡੇ ਸ਼ਹਿਰਾਂ ਵਿਚ ਤੈਨਾਤ ਡਾਕਟਰਾਂ ਨੂੰ ਮਕਾਨ ਮਾਲਕਾਂ ਨੇ ਘਰਾਂ ਵਿਚੋਂ ਨਿਕਲਣ ਲਈ ਕਹਿ ਦਿੱਤਾ ਹੈ ਅਤੇ ਕਈ ਥਾਵਾਂ 'ਤੇ ਡਾਕਟਰਾਂ 'ਤੇ ਹਮਲੇ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਇਹਨਾਂ ਹਾਲਾਤਾਂ ਸਬੰਧੀ ਦਿੱਲੀ ਸਥਿਤ ਭਾਰਤ ਦੇ ਵੱਡੇ ਹਸਪਤਾਲਾਂ ਚੋਂ ਇਕ ਏਮਸ ਦੇ ਰੈਸੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ।

ਦਿੱਲੀ ਪੁਲਸ ਨੇ ਦੱਖਣੀ ਦਿੱਲੀ ਦੇ ਗੌਤਮ ਨਗਰ ਇਲਾਕੇ ਵਿਚੋਂ ਇਕ 42 ਸਾਲਾ ਬੰਦੇ ਨੂੰ ਸਫਦਰਜੰਗ ਹਸਪਤਾਲ ਵਿਚ ਤੈਨਾਤ ਦੋ ਡਾਕਟਰ ਬੀਬੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਰਾਤ ਨੂੰ ਜਦੋਂ ਇਹ ਡਾਕਟਰ ਬੀਬੀਆਂ ਆਪਣੇ ਘਰ ਤੋਂ ਬਾਹਰ ਫਲ ਖਰੀਦਣ ਲਈ ਨਿੱਕਲੀਆਂ ਤਾਂ ਇਸ ਵਿਅਕਤੀ ਨੇ ਇਹਨਾਂ 'ਤੇ ਕੋਰੋਨਾ ਫੈਲਾਉਣ ਦਾ ਦੋਸ਼ ਲਾਉਂਦਿਆਂ ਹਮਲਾ ਕਰ ਦਿੱਤਾ। ਇਹ ਦੋਵੇਂ ਸਫਦਰਜੰਗ ਹਸਪਤਾਲ ਵਿਚ ਐਮਰਜੈਂਸੀ 'ਚ ਤੈਨਾਤ ਹਨ। ਇਸ ਤੋਂ ਪਹਿਲਾਂ ਇੰਦੌਰ ਵਿਚ ਵੀ ਡਾਕਟਰਾਂ 'ਤੇ ਹਮਲੇ ਦੀ ਘਟਨਾ ਵਾਪਰੀ ਸੀ। 

ਦੂਜੇ ਪਾਸੇ ਡਾਕਟਰਾਂ ਵੱਲੋਂ ਸਰਕਾਰ ਖਿਲਾਫ ਵੀ ਲਗਾਤਾਰ ਅਵਾਜ਼ਾਂ ਚੁੱਕੀਆਂ ਜਾ ਰਹੀਆਂ ਹਨ ਕਿ ਉਹਨਾਂ ਨੂੰ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਪੂਰਾ ਸਾਜ਼ੋ ਸਮਾਨ ਨਹੀਂ ਮਿਲ ਰਿਹਾ ਜਿਸ ਨਾਲ ਉਹ ਸੁਰੱਖਿਅਤ ਰਹਿ ਕੇ ਇਲਾਜ ਕਰ ਸਕਣ। ਪਰ ਕਈ ਥਾਵਾਂ 'ਤੇ ਇਹ ਅਵਾਜ਼ਾਂ ਚੁੱਕਣ ਵਾਲੇ ਡਾਕਟਰਾਂ 'ਤੇ ਵੀ ਪ੍ਰਸ਼ਾਸਨਿਕ ਕਾਰਵਾਈਆਂ ਕੀਤੀਆਂ ਗਈਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।