ਗੁਰੂ ਨਾਨਕ ਪਾਤਸ਼ਾਹ ਦੇ ਮੁਸਲਮਾਨ ਸ਼ਰਧਾਲੂ

ਗੁਰੂ ਨਾਨਕ ਪਾਤਸ਼ਾਹ  ਦੇ ਮੁਸਲਮਾਨ ਸ਼ਰਧਾਲੂ
ਇਸਲਾਮ ਦਾ ਧਾਰਮਿਕ ਕੇਂਦਰ ਮੱਕਾ
ਡਾ. ਜਸਬੀਰ ਸਿੰਘ ਸਰਨਾ
ਇਹ ਇਤਫ਼ਾਕ ਸੀ ਕਿ ਦਸ ਗੁਰੂ ਸਾਹਿਬਾਨ (1469-1708) ਅਤੇ ਮੁਗਲ ਸ਼ਹਿਨਸ਼ਾਹਾਂ (1526-1707) ਦਾ ਸਮਾਂ ਇੱਕੋ ਸੀ। ਸਿੱਖ ਧਰਮ ਦਾ ਮੁੱਖ ਮੰਤਵ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨਾ ਸੀ। ਤਵਾਰੀਖ਼ ਵਿੱਚ ਜ਼ਿਕਰ ਆਉਂਦਾ ਹੈ ਕਿ ਸਿੱਖ ਤੇ ਮੁਸਲਿਮ ਸ਼ਖ਼ਸੀਅਤਾਂ ਦਾ ਆਪਸ ਵਿੱਚ ਬੜਾ ਪਿਆਰ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਹਿੰਦੂ ਤੇ ਮੁਸਲਮਾਨ ਬੜੀ ਇੱਜ਼ਤ ਕਰਦੇ ਸਨ। ਇੱਕ ਕਵੀ ਨੇ ਠੀਕ ਹੀ ਲਿਖਿਆ ਹੈ:
ਨਾਨਕ ਸ਼ਾਹ ਫਕੀਰ
ਹਿੰਦੂ ਕਾ ਗੁਰੂ ਮੁਸਲਿਮ ਕਾ ਪੀਰ।
 
ਗੁਰੂ ਨਾਨਕ ਦੇਵ ਨੂੰ ਸਭ ਤੋਂ ਪਹਿਲਾਂ ਹੱਥ ਇੱਕ ਮੁਸਲਮਾਨ ਔਰਤ ‘ਦਾਈ’ ਦਾ ਹੀ ਲੱਗਾ, ਜਦੋਂ ਆਪ ਨੇ ਅਵਤਾਰ ਧਾਰਨ ਕੀਤਾ। ਇੱਕ ਮੁਸਲਮਾਨ ਲਿਖਾਰੀ ਗ਼ੁਲਾਮ ਮੁਹੰਮਦ ਮਸਮੀਨ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੀ ਪਹਿਲੀ ਪੜ੍ਹਾਈ ਵੀ ਮਾਸਟਰ ਮੁਹੰਮਦ ਹਸਨ ਕੋਲੋਂ ਹੋਈ, ਜੋ ਗੁਰੂ ਸਾਹਿਬ ਦੇ ਘਰ ਕੋਲ ਰਹਿੰਦਾ ਸੀ। ਇਸ ਮਾਸਟਰ ਦੇ ਘਰ ਕੋਈ ਬੱਚਾ ਨਹੀਂ ਸੀ। ਇਸ ਲਈ ਉਹ ਬਾਲ ਨਾਨਕ ਨੂੰ ਬੇਹੱਦ ਪਿਆਰ ਕਰਦਾ ਸੀ। ਜਦੋਂ ਇੱਕ ਦਿਨ ਬਾਲ ਨਾਨਕ ਨੇ ਇਸ ਮਾਸਟਰ ਨੂੰ ਅਰਬੀ ਦੇ ਲਫ਼ਜ਼ਾਂ ਦੇ ਅਰਥ ਪੁੱਛੇ ਤਾਂ ਇਹ ਬੜਾ ਸ਼ਰਮਿੰਦਾ ਹੋਇਆ। ਫਿਰ ਬਾਲ ਨਾਨਕ ਨੇ ਸਿੱਧੇ-ਸਾਧੇ ਲਫ਼ਜ਼ਾਂ ਵਿੱਚ ਸਮਝਾਇਆ:
ਅੱਲ੍ਹਾ ਨੂੰ ਯਾਦ ਕਰ,
ਗ਼ਫ਼ਲਤ ਮਨੋਂ ਵਿਸਾਰ
 
ਅੱਜ ਵੀ ਪੂਰੇ ਸੰਸਾਰ ਵਿੱਚ ਮੁਸਲਮਾਨ ਗੁਰੂ ਨਾਨਕ ਨੂੰ ਅੱਲ੍ਹਾ ਦਾ ਪਿਆਰਾ ਅਤੇ ਬਜ਼ੁਰਗ ਸਮਝ ਕੇ ਸਤਿਕਾਰ ਕਰਦੇ ਹਨ, ਜਦੋਂਕਿ ਅਹਿਮਦੀ ਜਾਂ ਕਾਦਰਾਨੀ ਬਾਬਾ ਨਾਨਕ ਦੀ ਇੱਜ਼ਤ ਕਰਨਾ ਆਪਣੇ ਅਕੀਦੇ ਦਾ ਜ਼ਰੂਰੀ ਜੁਜ਼ ਸਮਝਦੇ ਹਨ। ਮਿਰਜ਼ਾ ਸਾਹਿਬ ਅਹਿਮਦੀ ਨੇ ਲਿਖਿਆ ਸੀ:
ਬੂਦ ਨਾਨਕ ਆਰਫ਼ ਮਰਦ ਖ਼ੁਦਾ
ਰਾਜ਼ ਹਾਏ ਮਜਰ-ਫ਼ਕਦਾ ਰਾਹ ਕੁਸ਼ਾ
 
ਇੱਕ ਮੁਸਲਮਾਨ ਲੇਖਕ ਆਪਣੀ ਪੁਸਤਕ ‘ਪੈਗ਼ਾਮ’ ਦੇ ਸਫ਼ਾ 7 ‘ਤੇ ਲਿਖਦਾ ਹੈ, ”ਇਸ ਵਿੱਚ ਕੁਝ ਸ਼ੱਕ ਨਹੀਂ ਹੋ ਸਕਦਾ ਕਿ ਬਾਬਾ ਨਾਨਕ ਏਕ ਨੇਕ ਔਰ ਬਜ਼ੁਰਗ ਇਨਸਾਨ ਥਾ ਔਰ ਉਨ ਲੋਗੋਂ ਮੇਂ ਸੇ ਥਾ ਜਿਨ ਕੁ ਖੁਦਾ ਅਜ਼ਲ ਆਪਨੀ ਮੁਹੱਬਤ ਕਾ ਸ਼ਰਬਤ ਪਿਲਾਤਾ ਥਾ।”
 
ਗੁਰੂ ਨਾਨਕ ਦੇ ਅਨੇਕਾਂ ਹੀ ਉਪਾਸ਼ਕ ਸਨ ਪਰ ਇੱਥੇ ਕੁਝ ਕੁ ਉਪਾਸ਼ਕਾਂ ਬਾਰੇ ਸੰਖੇਪ ਤੌਰ ‘ਤੇ ਜ਼ਿਕਰ ਕਰ ਰਹੇ ਹਾਂ।
 
ਰਾਇ ਬੁਲਾਰ: 15ਵੀਂ ਸਦੀ ਦੇ ਮੱਧ ਵਿੱਚ ਤਲਵੰਡੀ ਰਾਇ ਭੋਇ ਦਾ ਮੁਖੀ ਮੁਸਲਮਾਨ ਭੱਟੀ ਰਾਜਪੂਤ ਰਾਇ ਬੁਲਾਰ ਸੀ। ਗੁਰੂ ਨਾਨਕ ਸਾਹਿਬ 1469 ਵਿੱਚ ਇੱਥੇ ਹੀ ਪੈਦਾ ਹੋਏ ਸਨ। ਰਾਇ ਬੁਲਾਰ ਜਵਾਨ ਗੁਰੂ ਨਾਨਕ ਦਾ ਦਿਲੀ ਸਤਿਕਾਰ ਕਰਦਾ ਸੀ। ਰਾਇ ਬੁਲਾਰ ਨੇ ਮਹਿਤਾ ਕਾਲੂ ਨੂੰ ਕਿਹਾ, ”ਤੇਰਾ ਬੇਟਾ ਇੱਕ ਵੱਡਾ ਆਦਮੀ ਹੈ। ਇਹ ਮੇਰੇ ਸ਼ਹਿਰ ਦੀ ਖ਼ੁਸ਼ਕਿਸਮਤੀ ਹੈ।” ਇੱਕ ਵਾਰ ਰਾਇ ਬੁਲਾਰ ਨੇ ਜੁੱਤੀ ਉਤਾਰ ਕੇ ਨੰਗੇ ਪੈਰੀਂ ਗੁਰੂ ਸਾਹਿਬ ਕੋਲ ਜਾ ਕੇ ਹੱਥ ਜੋੜ ਕੇ ਬੱਚੇ ਦੀ ਮੁਰਾਦ ਮੰਗੀ। ਬਾਬਾ ਜੀ ਨੇ ਕੁਝ ਦੇਰ ਸੋਚ ਕੇ ਆਖਿਆ, ”ਜਾਹ ਤੇਰੀ ਮੁਰਾਦ ਪੂਰੀ ਹੋਈ।” ਸਾਲ ਬਾਅਦ ਰਾਇ ਬੁਲਾਰ ਦੇ ਘਰ ਬੇਟਾ ਹੋਇਆ। ਰਾਇ ਬੁਲਾਰ ਏਨਾ ਖ਼ੁਸ਼ ਹੋਏ ਕਿ ਉਨ੍ਹਾਂ ਵੱਡੀ ਦਾਅਵਤ ਕੀਤੀ। ਇਸ ਵੱਡੇ ਇਕੱਠ ਵਿੱਚ ਸ਼ੁਕਰਾਨੇ ਵਜੋਂ ਰਾਇ ਬੁਲਾਰ ਨੇ ਆਪਣੀ ਅੱਧੀ ਜ਼ਮੀਨ ਬਾਬਾ ਨਾਨਕ ਦੇ ਨਾਮ ਇੰਤਕਾਲ ਕਰਵਾ ਕੇ ਐਲਾਨਨਾਮਾ ਜਾਰੀ ਕੀਤਾ। ਇਹ ਹਕੀਕਤ ਹੈ ਕਿ ਇਸ ਜ਼ਮੀਨ ਦੇ ਮਾਲਕ ਕਾਸ਼ਤਕਾਰ ਸਭ ਭੱਟੀ ਸਰਦਾਰ ਹਨ ਪਰ ਕਾਗਜ਼ਾਂ ਵਿੱਚ ਨਾਨਕ ਦਾ ਨਾਮ ਹੀ ਹੈ। ਇਹ ਸਾਰੀ ਜ਼ਮੀਨ ਤਕਰੀਬਨ 18,750 ਏਕੜ ਹੈ। ਜਦੋਂ ਰਾਇ ਬੁਲਾਰ 1515 ਈਸਵੀ ਵਿੱਚ ਅਕਾਲ ਚਲਾਣਾ ਕਰ ਗਿਆ ਤਾਂ ਗੁਰੂ ਜੀ ਉਸ ਦੇ ਬਿਸਤਰ ਕੋਲ ਖੜ੍ਹੇ ਸਨ।
 
ਇੱਕ ਵਾਰ ਮਹਿਤਾ ਕਾਲੂ ਨੇ 20 ਰੁਪਏ ਗੁਰੂ ਨਾਨਕ ਨੂੰ ਵਪਾਰ ਦੇ ਪੱਖੋਂ  ਦਿੱਤੇ ਤਾਂ ਜੋ ਨਫ਼ਾ ਹੋ ਸਕੇ ਪਰ ਗੁਰੂ ਜੀ ਨੇ ਭੁੱਖੇ ਸਾਧਾਂ ਅਤੇ ਫ਼ਕੀਰਾਂ ਵਿੱਚ ਵੰਡ ਦਿੱਤੇ। ਜਦੋਂ ਮਹਿਤਾ ਕਾਲੂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਗੁੱਸੇ ਹੋਇਆ ਅਤੇ ਨਾਨਕ ਨੂੰ ਖ਼ੂਬ ਝਿੜਕਿਆ। ਜਦੋਂ ਰਾਇ ਬੁਲਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਮਹਿਤਾ ਕਾਲੂ ਨੂੰ ਆਖਿਆ ਕਿ ਬਾਲਕ ਨਾਨਕ ਨਾਲ ਨਾਰਾਜ਼ ਨਾ ਹੋਵੇ। ਰਾਇ ਬੁਲਾਰ ਨੇ ਆਪਣੇ ਨੌਕਰ ਨੂੰ ਕਿਹਾ ਕਿ ਘਰੋਂ 20 ਰੁਪਏ ਲਿਆ ਕੇ ਮਹਿਤਾ ਕਾਲੂ ਨੂੰ ਦੇ ਜਾਵੀਂ। ਰਾਇ ਬੁਲਾਰ ਨੇ ਮਹਿਤਾ ਕਾਲੂ ਨੂੰ ਇੱਥੋਂ ਤਕ ਕਿਹਾ ਕਿ ਬਾਲਕ ਨਾਨਕ ਨੂੰ ਪੁਸ਼ਾਕਾਂ, ਸਾਰਾ ਖਰਚਾ ਅਤੇ ਖ਼ਿਦਮਤ ਅਸੀਂ ਕਰਾਂਗੇ। ਇੰਜ ਰਾਇ ਬੁਲਾਰ ਨੂੰ ਗੁਰੂ ਸਾਹਿਬ ਨਾਲ ਅੰਤਾਂ ਦਾ ਪਿਆਰ ਸੀ। ਜਦੋਂ ਗੁਰੂ ਜੀ ਦੂਰ-ਦੁਰਾਡੇ ਉਦਾਸੀਆਂ ਤੋਂ ਬਾਅਦ ਘਰ ਆਉਂਦੇ ਤਾਂ ਰਾਇ ਬੁਲਾਰ ਉਨ੍ਹਾਂ ਦੀ ਖ਼ੂਬ ਸੇਵਾ ਕਰਦੇ। ਇੱਕ ਵਾਰ ਗੁਰੂ ਸਾਹਿਬ ਨੇ ਰਾਇ ਬੁਲਾਰ ਕੋਲ ਪਾਣੀ ਦੀ ਘਾਟ ਦਾ ਜ਼ਿਕਰ ਕੀਤਾ ਤਾਂ ਰਾਇ ਸਾਹਿਬ ਨੇ ਨਾਨਕਸਰ ਇੱਕ ਤਾਲਾਬ ਤਾਮੀਰ ਕਰਾ ਦਿੱਤਾ। ਇਹ ਤਲਾਬ ਅੱਜ ਵੀ ਨਨਕਾਣਾ ਸਾਹਿਬ ਵਿੱਚ ਮੌਜੂਦ ਹੈ। ਇਹ ਗੁਰਦੁਆਰਾ ਬਾਲ ਲੀਲਾ ਦੇ ਨੇੜੇ ਹੈ। ਰਾਇ ਬੁਲਾਰ ਨੇ ਜ਼ਮੀਨ ਤੋਂ ਇਲਾਵਾ 31 ਰੁਪਏ ਸਾਲਾਨਾ ਜਾਗੀਰ ਵੀ ਲਗਵਾਈ ਸੀ।
 
ਨਵਾਬ ਦੌਲਤ ਖਾਂ ਲੋਧੀ: ਦੌਲਤ ਖਾਂ ਲੋਧੀ, ਇਬਰਾਹਿਮ ਲੋਧੀ ਵੱਲੋਂ ਥਾਪਿਆ ਹੋਇਆ ਪੰਜਾਬ ਦਾ ਗਵਰਨਰ ਸੀ। ਸੁਲਤਾਨਪੁਰ ਦਾ ਇਲਾਕਾ ਦੌਲਤ ਖਾਂ ਨੂੰ ਜਗੀਰ ਵਜੋਂ ਮਿਲਿਆ ਸੀ। ਬਾਬਰ ਨੇ ਇਸ ਨੂੰ ਮਦਦ ਦਾ ਭਰੋਸਾ ਦੇ ਕੇ ਹਿੰਦੁਸਤਾਨ ‘ਤੇ ਚੜ੍ਹਾਈ ਕਰਨ ਦਾ ਭਰੋਸਾ ਦਿੱਤਾ ਸੀ। ਆਖਰ ਉਸ ਦੀ ਬਾਬਰ ਨਾਲ ਅਣਬਣ ਹੋ ਗਈ। ਦੌਲਤ ਖਾਂ ਦਾ ਦੇਹਾਂਤ 1526 ਨੂੰ ਹੋਇਆ। ਉਸ ਦੇ ਦੋ ਬੇਟੇ ਗਾਜ਼ੀ ਖਾਂ ਤੇ ਦਿਲਾਵਰ ਖਾਂ ਬਾਬਰ ਦੇ ਨਾਲ ਰਹੇ। ਦੌਲਤ ਖਾਂ ਦੇ ਕਿਲ੍ਹੇ ਦੇ ਨਿਸ਼ਾਨ ਇਸ ਸਮੇਂ ਸੁਲਤਾਨਪੁਰ ਵਿੱਚ ਦਿੱਸਦੇ ਹਨ। ਨਵਾਬ ਦੌਲਤ ਖਾਂ ਲੋਧੀ ਇੱਕ ਪ੍ਰਭਾਵਸ਼ਾਲੀ ਤੇ ਖਾਨਦਾਨੀ ਅਫ਼ਗਾਨ ਸੀ। ਇਸ ਦੇ ਇੱਕ ਮੁਲਾਜ਼ਮ ਜੈਰਾਮ ਨਾਲ ਗੁਰੂ ਨਾਨਕ ਦੀ ਭੈਣ ਨਾਨਕੀ ਵਿਆਹੀ ਹੋਈ ਸੀ। ਜੈਰਾਮ ਨੇ ਨੌਜਵਾਨ ਨਾਨਕ ਨੂੰ ਨਵਾਬ ਦੇ ਰਾਸ਼ਨ ਅਤੇ ਸਟੋਰ ਦਾ ਕੀਪਰ ਸੁਲਤਾਨਪੁਰ ਰੱਖ ਲਿਆ। ਗੁਰੂ ਸਾਹਿਬ ਨੇ ਨੌਕਰੀ ਪੂਰੀ ਤਨਦੇਹੀ ਨਾਲ ਕੀਤੀ। ਸਾਰੇ ਪਾਸੇ ਗੁਰੂ ਜੀ ਦੇ ਚੰਗੇ ਸੁਭਾਅ ਤੇ ਇਖ਼ਲਾਕ ਦੀ ਚਰਚਾ ਹੋਣ ਲੱਗੀ। ਇਸ ਵਡਿਆਈ ਦੇ ਚਰਚੇ ਕਈਆਂ ਨੂੰ ਰਾਸ ਨਾ ਆਏ ਅਤੇ ਕ੍ਰੋਧਿਤ ਹੋ ਕੇ ਨਵਾਬ ਨੂੰ ਜਾ ਕਿਹਾ, ”ਨਾਨਕ ਨੇ ਸਟੋਰਾਂ ਵਿੱਚੋਂ ਦਾਣਾ ਖਤਮ ਕਰ ਦਿੱਤਾ ਹੈ।” ਜਦੋਂ ਦੋ ਵੇਰਾਂ ਸਟੋਰਾਂ ਅਤੇ ਰਿਕਾਰਡ ਦੀ ਪੜਤਾਲ ਕੀਤੀ ਤਾਂ ਉਹ ਬਿਲਕੁਲ ਦਰੁਸਤ ਨਿਕਲੇ। ਗੁਰੂ ਜੀ ਨੇ ਨਵਾਬ ਨੂੰ ਕਿਹਾ, ”ਇੱਥੇ ਨਾ ਕੋਈ ਹਿੰਦੂ ਹੈ ਤੇ ਨਾ ਮੁਸਲਮਾਨ।” ਨਵਾਬ ਦੌਲਤ ਖਾਂ ਗੁਰੂ ਨਾਨਕ ਦੇਵ ਨਾਲ ਬੇਹੱਦ ਪਿਆਰ ਕਰਦਾ ਸੀ। ਆਖਰ ਗੁਰੂ ਸਾਹਿਬ ਨੇ ਮੋਦੀਖਾਨੇ ਦਾ ਕੰਮ ਛੱਡ ਕੇ ‘ਪੈਗ਼ਾਮ ਇਲਾਹੀ’ ਨੂੰ ਲੋਕਾਂ ਤਕ ਪਹੁੰਚਾਉਣ ਦਾ ਅਹਿਦ ਕਰ ਲਿਆ। ਜਦੋਂ ਦੌਲਤ ਖਾਂ ਨੂੰ ਪਤਾ ਚੱਲਿਆ ਤਾਂ ਉਸ ਨੇ ਗੁਰੂ ਨਾਨਕ ਨੂੰ ਆਖਿਆ, ”ਨਾਨਕ ਇਹ ਮੇਰੀ ਬਦਕਿਸਮਤੀ ਹੈ ਕਿ ਤੇਰੇ ਜਿਹਾ ਮੇਰਾ ਅਹਿਲਕਾਰ ਫ਼ਕੀਰ ਹੋ ਗਿਆ ਹੈ।” ਤਵਾਰੀਖ਼ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੀ ਸਿਫ਼ਾਰਸ਼ ‘ਤੇ ਕਈ ਨੌਕਰ ਰੱਖੇ। ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮੇਂ ਦੌਲਤ ਖਾਂ ਨੇ ਕਾਫ਼ੀ ਨਕਦੀ ਅਤੇ ਸਾਮਾਨ ਦਿੱਤਾ ਸੀ। ਇੱਕ ਵਾਰੀ ਦੌਲਤ ਖਾਂ ਨਮਾਜ਼ ਪੜ੍ਹਦੇ-ਪੜ੍ਹਦੇ ਸੋਚਦੇ ਸਨ ਕਿ ਘੋੜੀ ਦਾ ਛੋਟਾ ਬੱਚਾ ਖੂਹ ਵਿੱਚ ਨਾ ਡਿੱਗ ਪਵੇ। ਇਸ ‘ਤੇ ਗੁਰੂ ਨਾਨਕ ਨੇ ਆਖਿਆ, ”ਨਮਾਜ਼ ਅਦਾ ਕਰਦੇ ਸਮੇਂ ਵਛੇਰੇ ਬਾਰੇ ਸੋਚਦੇ ਰਹੇ।” ਇਸ ਗੱਲ ਨੇ ਨਵਾਬ ਨੂੰ ਏਨਾ ਝੰਜੋੜਿਆ ਕਿ ਉਹ ਹਮੇਸ਼ਾਂ ਲਈ ਗੁਰੂ ਜੀ ਦਾ ਮੁਰੀਦ ਬਣ ਗਿਆ। ਨਵਾਬ ਦੌਲਤ ਖਾਂ ਬਾਅਦ ਵਿੱਚ ਪੂਰੇ ਪੰਜਾਬ ਦਾ ਗਵਰਨਰ ਬਣਿਆ, ਜਿਸ ਦੀ ਰਾਜਧਾਨੀ ਲਾਹੌਰ ਸੀ।
 
ਅਫ਼ਗਾਨਿਸਤਾਨ ਦਾ ਹਾਕਮ: ਜਦੋਂ ਗੁਰੂ ਜੀ ਆਪਣੀ ਇੱਕ ਉਦਾਸੀ ਸਮੇਂ ਅਫ਼ਗਾਨਿਸਤਾਨ ਗਏ ਤਾਂ ਉੱਥੋਂ ਦਾ ਹਾਕਮ ਆਪ ਜੀ ਦੀ ਖ਼ਿਦਮਤ ਵਿੱਚ ਹਾਜ਼ਰ ਹੋਇਆ। ਉਸ ਨੇ ਆਪਣਾ ਤਾਜ ਗੁਰੂ ਸਾਹਿਬ ਦੀ ਨਜ਼ਰ ਕੀਤਾ। ਤਵਾਰੀਖ਼ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਨੇ ਤਾਜ ਮੋੜ ਦਿੱਤਾ। ਇਸ ਤੋਂ ਸਪਸ਼ਟ ਹੈ ਕਿ ਹਾਕਮ ਗੁਰੂ ਜੀ ਲਈ ਕਿੰਨੀ ਸ਼ਰਧਾ ਰੱਖਦਾ ਸੀ।
 
ਨਵਾਬ ਫੈਜ਼ ਤਾਲਬ ਖਾਂ: ਨਵਾਬ ਫੈਜ਼ ਤਾਲਬ ਖਾਂ ਜੂਨਾਗੜ੍ਹ ਦਾ ਨਵਾਬ ਸੀ। ਇਹ ਗੁਰੂ ਜੀ ਨਾਲ ਮੁਹੱਬਤ ਤੇ ਅਕੀਦਤ ਰੱਖਣ ਵਾਲਿਆਂ ਵਿੱਚੋਂ ਇੱਕ ਸੀ। ਚੇਤ 1470 ਬਿਕਰਮੀ ਵਿੱਚ ਗੁਰੂ ਜੀ ਜੂਨਾਗੜ੍ਹ ਗਏ। ਨਵਾਬ ਉਨ੍ਹਾਂ ਦਾ ਕਲਾਮ ਸੁਣ ਕੇ ਖ਼ੁਸ਼ ਹੋਇਆ ਅਤੇ ਇੱਜ਼ਤ ਬਖ਼ਸ਼ੀ। ਨਵਾਬ ਨੇ ਗੁਰੂ ਜੀ ਦੀਆਂ ਖੜਾਵਾਂ ਯਾਦਗਾਰੀ ਨਿਸ਼ਾਨੀ ਵਜੋਂ ਰੱਖ ਲਈਆਂ, ਜੋ ਅਜੇ ਤਕ ਕਿਲ੍ਹੇ ਕੋਲ ਇੱਕ ਧਰਮਸ਼ਾਲਾ ਵਿੱਚ ਪਈਆਂ ਹਨ। ਇਸ ਦੀ ਪੂਜਾ ‘ਨਾਨਕ ਸ਼ਾਹੀ ਫਕੀਰ’ ਕਰਦੇ ਹਨ। ਨਵਾਬ ਨੇ ਗੁਰੂ ਨਾਨਕ ਦੇ ਕਹਿਣ ‘ਤੇ ਸ਼ਹਿਰਾਂ-ਪਿੰਡਾਂ ਵਿੱਚ ਲੰਗਰ ਸ਼ੁਰੂ ਕਰ ਦਿੱਤੇ ਸਨ।
 
ਜ਼ਹੀਰ-ਉਦ-ਦੀਨ ਮੁਹੰਮਦ ਬਾਬਰ: ਬਾਬਰ (1483-1530) ਹਿੰਦੁਸਤਾਨ ਵਿੱਚ ਮੁਗ਼ਲ ਹਕੂਮਤ ਦਾ ਬਾਨੀ ਸੀ। ਉਹ ਇੱਕ ਸ਼ਾਇਰ ਵੀ ਸੀ। ਸਰੋਤਾਂ ਮੁਤਾਬਕ ਗੁਰੂ ਨਾਨਕ ਅਤੇ ਬਾਬਰ ਦੀ ਮੁਲਾਕਾਤ 1520 ਵਿੱਚ ਹੋਈ ਜਦੋਂ ਬਾਬਰ ਨੇ ਸੈਦਪੁਰ (ਏਮਨਾਬਾਦ, ਗੁੱਜਰਾਂਵਾਲਾ) ‘ਤੇ ਹਮਲਾ ਕੀਤਾ ਸੀ। ਬਾਬਰ ਦੇ ਸਿਪਾਹੀਆਂ ਨੇ ਬੜੇ ਜ਼ੁਲਮ ਕਰਕੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਪੁਰਾਤਨ ਜਨਮ ਸਾਖੀ ਮੁਤਾਬਕ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਵੀ ਕੈਦ ਵਿੱਚ ਪਾ ਦਿੱਤੇ ਗਏ ਸਨ। ਜਦੋਂ ਫ਼ੌਜੀਆਂ ਨੇ ਬਾਬਰ ਨੂੰ ਗੁਰੂ ਨਾਨਕ ਬਾਰੇ ਦੱਸਿਆ ਤਾਂ ਉਸ ਕਿਹਾ, ”ਜੇਕਰ ਅਜਿਹੇ ਪਵਿੱਤਰ ਪੁਰਖ ਹਨ ਤਾਂ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ ਸੀ।” ਕਹਿੰਦੇ ਹਨ ਕਿ ਬਾਬਰ ਨੇ ਗੁਰੂ ਜੀ ਦੇ ਪੈਰਾਂ ਨੂੰ ਚੁੰਮਿਆ ਅਤੇ ਕਿਹਾ ਕਿ ਇਸ ਫ਼ਕੀਰ ਦੇ ਮੁਖੜੇ ਤੋਂ ਅੱਲ੍ਹਾ ਦੇ ਦੀਦਾਰ ਹੁੰਦੇ ਹਨ। ਸਾਰੇ ਮੁਸਲਮਾਨ ਅਤੇ ਹਿੰਦੂ ਗੁਰੂ ਨਾਨਕ ਦੇਵ ਅੱਗੇ ਨਤਮਸਤਕ ਹੋਏ। ਬਾਬਰ ਨੇ ਗੁਰੂ ਸਾਹਿਬ ਨੂੰ ਕੁਝ ਮੰਗਣ ਲਈ ਆਖਿਆ। ਗੁਰੂ ਸਾਹਿਬ ਨੇ ਬਾਬਰ ਨੂੰ ਕਿਹਾ ਕਿ ਸੈਦਪੁਰ ਦੇ ਸਾਰੇ ਕੈਦੀ ਛੱਡ ਦੇਵੇ ਅਤੇ ਉਨ੍ਹਾਂ ਦਾ ਸਾਮਾਨ ਵਾਪਸ ਕਰ ਦੇਵੇ। ਸਾਰੇ ਕੈਦੀ ਰਿਹਾਅ ਕੀਤੇ ਗਏ ਪਰ ਬਾਬਰ ਦੀ ‘ਤੁਜ਼ਕਿ’ ਵਿੱਚ ਇਸ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਚਾਰ ਤੁਕਾਂ ਨੂੰ ‘ਬਾਬਰਬਾਣੀ’ ਆਖਿਆ ਜਾਂਦਾ ਹੈ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਬਾਬਰ ਦਾ ਪ੍ਰੇਮ ਵੇਖ ਕੇ ਬਾਬਰ ਦੀਆਂ ਸੱਤ ਪੁਸ਼ਤਾਂ ਨੂੰ ਬਾਦਸ਼ਾਹਤ ਕਰਨ ਦਾ ਵਰ ਦਿੱਤਾ। ਬਾਬਰ ਨੇ ਆਪਣੇ ਬੇਟੇ ਹਮਾਯੂੰ ਨੂੰ ਤਾਕੀਦ ਕੀਤੀ ਸੀ ਕਿ ਸਾਰੀਆਂ ਕੌਮਾਂ ਤੇ ਮਜ਼ਹਬਾਂ ਦਾ ਖ਼ਿਆਲ ਰੱਖੇ। ਇਹ ਵਸੀਅਤ ਭੁਪਾਲ ਦੀ ਲੜਾਈ ਵਿੱਚ ਕੀਤੀ ਜਿਹੜੀ ਫ਼ਾਰਸੀ ਜ਼ੁਬਾਨ ਵਿੱਚ ਹੈ। ਕਈ ਲੇਖਕ ਇਹ ਵੀ ਲਿਖਦੇ ਹਨ ਕਿ ਬਾਬਰ ਨੇ ਗੁਰੂ ਸਾਹਿਬ ਨਾਲ ਅਹਿਦ ਕੀਤਾ ਸੀ ਕਿ ਗੁਰੂ ਦੇ ਸਿੱਖਾਂ ਤੋਂ ਜਜ਼ੀਆ ਨਹੀਂ ਲਿਆ ਜਾਵੇਗਾ। ਇਸ ਦਾ ਸੰਕੇਤ ਆਸਾ ਮਹਲਾ ਅੰਗ 430 ‘ਤੇ ਵੀ ਆਇਆ ਹੈ। ਬਾਬਰ ਦੀ 26 ਦਸੰਬਰ 1530 ਨੂੰ ਆਗਰੇ ਵਿੱਚ ਮੌਤ ਹੋਈ ਪਰ ਉਸ ਦੀ ਕਬਰ ਕਾਬਲ ਦੇ ਇੱਕ ਬਾਗ਼ ਵਿੱਚ ਹੈ।
 
ਸ਼ੇਖ ਫ਼ਰੀਦ: ਸ਼ੇਖ ਫ਼ਰੀਦ ਨੂੰ ਸਿੱਖ ਤਵਾਰੀਖ਼ ਵਿੱਚ ਸ਼ੇਖ ਬ੍ਰਹਮ, ਸ਼ੇਖ ਅਬਰਾਹੀਮ, ਫ਼ਰੀਦ ਸਾਨੀ, ਹਲਮਜਾ, ਸ਼ਾਲਸ਼ ਫ਼ਰੀਦ ਆਦਿ ਨਾਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਪੁਰਾਣੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਵਿੱਚ ਵੀ ਸ਼ੇਖ਼ ਬ੍ਰਹਮ ਨਾਂ ਹੀ ਆਇਆ ਹੈ। ਸ਼ੇਖ਼ ਫ਼ਰੀਦ ਜੀ ਨੂੰ ਗੁਰੂ ਨਾਨਕ ਦੇਵ ਜੀ ਨਾਲ ਬੜਾ ਪਿਆਰ ਤੇ ਖਲੂਸ ਸੀ। ਉਨ੍ਹਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਕਈ ਵਾਰ ਹੋਈ। ਜਨਮ ਸਾਖੀ ਬਾਲਾ ਮੁਤਾਬਕ ਇੱਕ ਵਾਰ ਜਦੋਂ ਫ਼ਰੀਦ ਜੀ ਗੁਰੂ ਸਾਹਿਬ ਨੂੰ ਮਿਲੇ ਤੇ ਖ਼ੁਸ਼ੀ ਵਿੱਚ ਆਖਿਆ, ”ਉਹ ਭਾਈ ਸਾਹਿਬ ਅੱਜ ਖ਼ੁਦਾ ਸਾਡੇ ‘ਤੇ ਮਿਹਰਬਾਨ ਹੋਇਆ ਏ, ਜੋ ਆਪ ਦਾ ਦੀਦਾਰ ਹੋਇਆ ਏ।” ਤੇ ਦੋਵੇਂ ਉੱਠ ਕੇ ਆਪਸ ਵਿੱਚ ਮਿਲੇ ਤੇ ਬੈਠ ਗਏ। ਇੱਕ ਵਾਰੀ ਗੁਰੂ ਸਾਹਿਬ ਨੇ ਫ਼ਰੀਦ ਸਾਹਿਬ ਦੇ ਗਲੇ ਮਿਲ ਕੇ ਇੱਕ ਸ਼ਬਦ ਦਾ ਉਚਾਰਨ ਵੀ ਕੀਤਾ।
 
ਗੁਰੂ ਸਾਹਿਬ ਦਾ ਧਰਮ ਇਕੱਤਰਤਾ ਤੇ ਮਿਲਾਪ ਦਾ ਧਰਮ ਸੀ। ਬਾਬਾ ਫ਼ਰੀਦ ਜੀ ਗੁਰੂ ਸਾਹਿਬ ਨਾਲ ਦਸ ਸਾਲ ਮਿਲ ਕੇ ਲੋਕਾਂ ਨੂੰ ਅੱਲ੍ਹਾ ਦਾ ਰਸਤਾ ਦੱਸਦੇ ਰਹੇ। ਬਾਬਾ ਫ਼ਰੀਦ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ।
 
ਪੀਰ ਜਲਾਲ: ਤਵਾਰੀਖ਼ ਵਿੱਚ ਅੰਕਿਤ ਹੈ ਕਿ ਪੀਰ ਜਲਾਲ ਨੂੰ ਗੁਰੂ ਸਾਹਿਬ ਨਾਲ ਜਿੱਥੇ ਪਿਆਰ ਸੀ ਉੱਥੇ ਉਹ ਗੁਰੂ ਸਾਹਿਬ ਦੀ ਬੜੀ ਇੱਜ਼ਤ ਕਰਦਾ ਸੀ। ਪੀਰ ਜਲਾਲ ਨੇ ਆਖਿਆ, ‘‘ਫ਼ਕੀਰਾਂ ਦਾ ਦੀਦਾਰ ਖ਼ੁਦਾ ਦਾ ਦੀਦਾਰ ਏ।’’ ਉਹ ਗੁਰੂ ਸਾਹਿਬ ਨਾਲ ਬਚਨ ਬਿਲਾਸ ਕਰਕੇ ਆਨੰਦਤ ਹੁੰਦਾ। ਜਦੋਂ ਪੀਰ ਜਲਾਲ ਗੁਰੂ ਸਾਹਿਬ ਨੂੰ ਮਿਲਿਆ ਤਾਂ ਗੁਰੂ ਜੀ ਨੇ ਉਸ ਨੂੰ ਨੇਕ ਤੇ ਪਵਿੱਤਰ ਸਮਝ ਕੇ ਉੱਠ ਕੇ ਉਸ ਨਾਲ ਦਸਤਪੰਜਾ ਕੀਤਾ।
 
ਮੀਆਂ ਮਿੱਠਾ: ਮੀਆਂ ਮਿੱਠਾ ਇੱਕ ਪਵਿੱਤਰ ਰੂਹ ਸੀ, ਜੋ ਪਿੰਡ ਕੋਟਲਾ ਮੀਆਂ ਮਿੱਠਾ (ਸਿਆਲਕੋਟ ਪਾਕਿਸਤਾਨ) ਰਹਿੰਦਾ ਸੀ। ਉਹ ਗੁਰੂ ਸਾਹਿਬ ਨੂੰ ਉਸ ਸਮੇਂ ਮਿਲਿਆ ਜਦੋਂ ਗੁਰੂ ਸਾਹਿਬ ਉਸ ਦੇ ਪਿੰਡ ਵਿੱਚੋਂ ਗੁਜ਼ਰ ਰਹੇ ਸਨ ਅਤੇ ਦੋਵਾਂ ਨੇ ਬਹਿ ਕੇ ਮੁਲਾਕਾਤ ਕੀਤੀ। ਪੁਰਾਤਨ ਜਨਮ ਸਾਖੀ ਮੁਤਾਬਕ ਮੀਆਂ ਮਿੱਠਾ ਨੇ ਕਿਹਾ ਦੋ ਨਾਂ ਉੱਤਮ ਹਨ, ਪਹਿਲਾ ਖ਼ੁਦਾ ਅਤੇ ਦੂਜਾ ਪੈਗੰਬਰ। ਪਹਿਲਾਂ ਨਾਂ ਖ਼ੁਦਾ ਦਾ ਹੈ ਜਿਸ ਦੀ ਸਰਦਲ ਅੱਗੇ ਅਨੇਕਾਂ ਪੈਗੰਬਰ (ਨਬੀ) ਬੈਠੇ ਹਨ। ਗੁਰੂ ਜੀ ਨੇ ਉਸ ਨੂੰ ਜਵਾਬ ਦੇ ਕੇ ਤਸੱਲੀ ਕਰਾ ਦਿੱਤੀ। ਉਹ ਆਮ ਤੌਰ ’ਤੇ ਗੁਰੂ ਸਾਹਿਬ ਨੂੰ ਆਖਦਾ, ‘‘ਨਾਨਕ ਜੀ ਆਪ ਬਜ਼ੁਰਗ ਹੋ ਖ਼ੁਦਾ ਨੇ ਤੁਹਾਨੂੰ ਬਜ਼ੁਰਗੀ ਬਖ਼ਸ਼ੀ ਏ।’’
 
ਪੀਰ ਅਬਦੁਲ ਰਹਿਮਾਨ: ਇੱਕ ਵਾਰ ਗੁਰੂ ਸਾਹਿਬ ਦੀ ਮੁਲਾਕਾਤ ਪੀਰ  ਅਬਦੁਲ ਰਹਿਮਾਨ ਨਾਲ ਹੋਈ ਜਿਹੜਾ ਬੜੀ ਇੱਜ਼ਤ ਤੇ ਖਲੂਸ ਨਾਲ ਪੇਸ਼ ਆਇਆ। ਉਹ ਗੁਰੂ ਸਾਹਿਬ ਨੂੰ ਆਪਣੇ ਹੁਜਰੇ ਵਿੱਚ ਲੈ ਗਿਆ। ਉੱਥੇ ਗੁਰੂ ਸਾਹਿਬ ਨਾਲ ਵਿਚਾਰਾਂ ਕੀਤੀਆਂ ਅਤੇ ਬੜੀ ਖ਼ਿਦਮਤ ਕੀਤੀ। ਮੁਲਾਕਾਤ ਦਾ ਜ਼ਿਕਰ ਵੀ ਬਾਲੇ ਵਾਲੀ ਜਨਮਸਾਖੀ ਵਿੱਚ ਆਇਆ ਹੈ।
 
ਸ਼ਾਹ ਸ਼ਰਫ: ਸ਼ਾਹ ਸ਼ਰਫ ਇੱਕ ਮੁਸਲਮਾਨ ਫ਼ਕੀਰ ਸੀ। ਉਹ ਗੁਰੂ ਜੀ ਨਾਲ ਬੜਾ ਪਿਆਰ ਕਰਦਾ ਸੀ। ਗੁਰਬੰਸਾਵਲੀ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਉਸ ਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਮੁਕੱਰਰ ਕੀਤਾ ਸੀ।
 
ਉਬਾਰੇ ਖ਼ਾਨ: ਜਨਮਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਉਬਾਰੇ ਖ਼ਾਨ ਨੇ ਗੁਰੂ ਨਾਨਕ ਨੂੰ ਬੜੇ ਸਤਿਕਾਰ ਤੇ ਪ੍ਰੇਮ ਨਾਲ ਇੱਕ ਕੱਪੜਾ ਭੇਟ ਕੀਤਾ ਸੀ। ਗੁਰੂ ਸਾਹਿਬ ਨੇ ਉਸ ਦੀਆਂ ਦੋ ਚਾਦਰਾਂ ਬਣਵਾਈਆਂ। ਇੱਕ ਆਪਣੇ ਪਿਆਰੇ ਸਾਥੀ ਭਾਈ ਮਰਦਾਨੇ ਨੂੰ ਦਿੱਤੀ ਤੇ ਇੱਕ ਆਪਣੇ ਕੋਲ ਰੱਖੀ।
 
ਬਾਬਾ ਬੁੱਢਣ ਸ਼ਾਹ: ਇਹ ਮੁਸਲਮਾਨ ਫ਼ਕੀਰ ਗੁਰੂ ਨਾਨਕ ਦਾ ਬੜਾ ਉਪਾਸ਼ਕ ਸੀ। ਇੱਕ ਵਾਰ ਉਸ ਨੇ ਗੁਰੂ ਸਾਹਿਬ ਨੂੰ ਪਿਆਰ ਨਾਲ ਬੱਕਰੀ ਦਾ ਦੁੱਧ ਨਜ਼ਰ ਕੀਤਾ ਤਾਂ ਗੁਰੂ ਸਾਹਿਬ ਨੇ ਕਬੂਲ ਕੀਤਾ। ਇਸ ਦਾ ਜ਼ਿਕਰ ਵੀ ‘ਗੁਰਬੰਸਾਵਲੀ’ ਅਤੇ ‘ਗੁਰਧਾਮ ਦੀਦਾਰ’ ਪੁਸਤਕਾਂ ਵਿੱਚ ਮਿਲਦਾ ਹੈ।
 
ਮੀਰ ਸਈਦ ਹਸਨ: ਇਹ ਤਲਵੰਡੀ ਦਾ ਰਹਿਣ ਵਾਲਾ ਬਜ਼ੁਰਗ ਮੁਸਲਮਾਨ ਸੀ। ਉਸ ਦੇ ਦਿਲ ਵਿੱਚ ਗੁਰੂ ਨਾਨਕ ਸਾਹਿਬ ਲਈ ਬੜੀ ਇੱਜ਼ਤ ਤੇ ਮੁਹੱਬਤ ਸੀ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮੀਰ ਸਈਦ ਹਸਨ ਆਪਣੇ ਇਲਾਕੇ ਦਾ ਵਲੀ ਸੀ। ਕਰਾਮਾਤੀ ਬੇਲਾਗ ਪੀਰ ਮੰਨਿਆ ਜਾਂਦਾ ਸੀ। ਇਹ ਗੁਰੂ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਦੇ ਲਾਗੇ ਹੀ ਰਹਿੰਦਾ ਸੀ। ਉਸ ਨੇ ਗੁਰੂ ਸਾਹਿਬ ਨੂੰ ਦੀਨੀ ਤੇ ਦੁਨਿਆਈ ਇਲਮ ਪੜ੍ਹਾਇਆ। ਇਸ ਦਾ ਜ਼ਿਕਰ ‘ਤਵਾਰੀਖ ਗੁਰੂ ਖ਼ਾਲਸਾ’ ਅਤੇ ‘ਗੁਰੂ ਨਾਨਕ ਚਮਤਕਾਰ’ ਵਿੱਚ ਆਇਆ ਹੈ।
 
ਵਲੀ ਕੰਧਾਰੀ: ਵਲੀ ਕੰਧਾਰੀ ਹਸਨ ਅਬਦਾਲ (ਪੰਜਾ ਸਾਹਿਬ) ਦਾ ਰਹਿਣ ਵਾਲਾ ਸੀ। ਇਹ ਫ਼ਕੀਰ ਅਸਲੋਂ ਸਈਦ ਸਬਵਾਰ (ਇਲਾਕਾ ਖ਼ੁਰਾਸਾਨ) ਦਾ ਰਹਿਣ ਵਾਲਾ ਸੀ ਅਤੇ ਤਜ਼ਾਰਤ ਵਿੱਚ ਮਿਰਜ਼ਾ ਸ਼ਾਹਰੁਖ ਨਾਲ ਆਇਆ ਸੀ।
 
ਮੁਲਤਾਨ ਦੇ ਫ਼ਕੀਰ: ਜਦੋਂ ਗੁਰੂ ਨਾਨਕ ਸਾਹਿਬ ਮੱਕੇ-ਮਦੀਨੇ ਤੋਂ ਵਾਪਸ ਆਏ ਤਾਂ ਮੁਲਤਾਨ ਅੱਪੜੇ। ਉੱਥੋਂ ਦੇ ਫ਼ਕੀਰਾਂ ਨੇ ਗੁਰੂ ਜੀ ਕੋਲ ਇੱਕ ਦੁੱਧ ਦਾ ਪਿਆਲਾ ਲਿਆਂਦਾ ਅਤੇ ਉਨ੍ਹਾਂ ਕੋਲ ਅਜ਼ਮਾਇਸ਼ ਲਈ ਰੱਖ ਦਿੱਤਾ। ਇਹ ਦਾ ਮਤਲਬ ਸੀ ਕਿ ਮੁਲਤਾਨ ਤਾਂ ਇਸ ਦੁੱਧ ਭਰੇ ਪਿਆਲੇ ਵਾਂਗ ਪਹਿਲਾਂ ਹੀ ਪੀਰਾਂ-ਫ਼ਕੀਰਾਂ ਨਾਲ ਭਰਿਆ ਹੋਇਆ ਹੈ। ਆਪ ਦੀ ਇਸ ਥਾਂ ਗੁੰਜਾਇਸ਼ ਨਹੀਂ। ਗੁਰੂ ਸਾਹਿਬ ਨੇ ਇਸ ਵਿੱਚ ਪਤਾਸੇ ਅਤੇ ਫੁੱਲ ਪਾ ਕੇ ਜਵਾਬ ਦਿੱਤਾ ਕਿ ਅਸੀਂ ਕਿਸੇ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਾਂਗੇ ਸਗੋਂ ਦੁੱਧ ਵਿੱਚ ਖੰਡ ਤੇ ਫੁੱਲ ਦੀ ਤਰ੍ਹਾਂ ਰਹਾਂਗੇ। ਇਸ ਜਵਾਬ ਨਾਲ ਮੁਲਤਾਨ ਦੇ ਫ਼ਕੀਰ ਬੜੇ ਖ਼ੁਸ਼ ਹੋਏ ਅਤੇ ਦਿਲ-ਜਾਨ ਨਾਲ ਆਪ ਦੀ ਇੱਜ਼ਤ ਕੀਤੀ। ਮੁਲਤਾਨ ਦੇ ਮੁਸਲਮਾਨਾਂ ਨੇ ਗੁਰੂ ਨਾਨਕ ਦੀ ਇੱਕ ਯਾਦਗਾਰ ਕਾਇਮ ਕੀਤੀ ਹੋਈ ਹੈ ਜੋ ਉਨ੍ਹਾਂ ਦੇ ਦਿਲੀ ਜਜ਼ਬਾਤਾਂ ਦੀ ਆਰਸੀ ਹੈ।
 
ਭਾਈ ਮਰਦਾਨਾ: ਭਾਈ ਮਰਦਾਨਾ (1459-1534) ਗੁਰੂ ਨਾਨਕ ਸਾਹਿਬ ਦਾ ਲੰਮੀ ਦੇਰ ਤਕ ਮੁਸਲਮਾਨ ਸਾਥੀ ਰਿਹਾ ਜੋ ਦੇਸ਼-ਵਿਦੇਸ਼ਾਂ ਦੀਆਂ ਉਦਾਸੀਆਂ ਵਿੱਚ ਹਮਸਫ਼ਰ ਰਿਹਾ। ਇਸ ਦਾ ਜਨਮ ਤਲਵੰਡੀ ਵਿੱਚ ਲਖੋ ਦੇ ਘਰ ਹੋਇਆ। ਇਸ ਨੇ ਗੁਰੂ ਨਾਨਕ ਦਾ ਸਿੱਖ ਬਣ ਕੇ ‘ਭਾਈ’ ਪਦ ਪ੍ਰਾਪਤ ਕੀਤਾ। ਇਹ ਰਬਾਬ ਵਜਾ ਕੇ ਗੁਰੂ ਸਾਹਿਬ ਨਾਲ ਕੀਰਤਨ ਕਰਦਾ ਸੀ। ਜਨਮਸਾਖੀਆਂ ਵਿੱਚ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਆਈ ਹੈ। ਗੁਰੂ ਸਾਹਿਬ ਨੇ ਇਸ ਨੂੰ ਇੱਕ ਰਬਾਬ ਖਰੀਦ ਕੇ ਦਿੱਤੀ ਜਿਸ ’ਤੇ ਇਹ ਭਗਤ ਕਬੀਰ, ਤਰਲੋਚਨ, ਰਵਿਦਾਸ, ਧੰਨਾ ਤੇ ਬੇਨੀ ਦੇ ਸ਼ਬਦ ਗਾਉਂਦਾ ਸੀ। ਇਹ ਗੁਰੂ ਸਾਹਿਬ ਦਾ ਬਚਪਨ ਦਾ ਸਾਥੀ ਸੀ ਅਤੇ ਗੁਰੂ ਜੀ ਤੋਂ ਦਸ ਸਾਲ ਵੱਡਾ ਸੀ। ਉਹ ਗੁਰੂ ਨਾਨਕ ਸਾਹਿਬ ਦੀ ‘ਧੁਰ ਕੀ ਬਾਣੀ’ ਨੂੰ ਰਬਾਬ ਨਾਲ ਉਚਾਰਦਾ ਸੀ। ‘ਵਾਰਾਂ ਭਾਈ ਗੁਰਦਾਸ’ ਵਿੱਚ ਜ਼ਿਕਰ ਆਉਂਦਾ ਹੈ:
‘‘ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।’’
(ਵਾਰ 1, ਪਾਉੜੀ  35)
 
ਮਰਦਾਨਾ 1534 ਵਿੱਚ ਕਰਤਾਰਪੁਰ ਵਿਖੇ ਬੀਮਾਰ ਹੋ ਗਿਆ। ਉਸ ਦੀ ਇੱਛਾ ਮੁਤਾਬਕ ਉਸ ਦੀ ਮ੍ਰਿਤਕ ਦੇਹ ਨੂੰ ਰਾਵੀ ਦਰਿਆ ਵਿੱਚ ਸੁੱਟਿਆ ਗਿਆ। ਮਰਦਾਨਾ ਕਵੀ ਵੀ ਸੀ, ਜਿਸ ਦਾ ਇੱਕ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤਵਾਰੀਖ਼ ਇਸ ਗੱਲ ਦੀ ਗਵਾਹੀ ਦੇਂਦੀ ਹੈ ਕਿ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਪਿਆਰਾ ਸਾਥੀ ਸੀ।
 
ਫ਼ਕੀਰ ਮੁਰਾਦ: ਜਦੋਂ ਗੁਰੂ ਨਾਨਕ ਸਾਹਿਬ ਬਗ਼ਦਾਦ ਗਏ ਤਾਂ ਉਨ੍ਹਾਂ ਨੇ ਕਬਰਸਤਾਨ ਕੋਲ ਜਾ ਕੇ ਅਸਥਾਨਾ ਕੀਤਾ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅੰਕਿਤ ਹੈ। ਗੁਰੂ ਨਾਨਕ ਦਾ ਬਗ਼ਦਾਦ ਜਾਣਾ ਇੱਕ ਤਾਰੀਖ਼ੀ ਹਕੀਕਤ ਹੈ। ਬਗ਼ਦਾਦ ਇਰਾਕ (ਅਰਬ) ਵਿੱਚ ਨੌਸ਼ੇਰਾਂ ਦਾ ਵਸਾਇਆ ਹੋਇਆ ਨਗਰ ਹੈ ਜਿੱਥੇ ਦਰਿਆ ਦਜ਼ਲਾ ਤੇ ਫਿਰਾਤ ਦਾ ਸੰਗਮ ਹੁੰਦਾ ਹੈ। ਇੱਥੇ ਗੁਰੂ ਸਾਹਿਬ ਮੱਕੇ-ਮਦੀਨੇ ਦੀ ਯਾਤਰਾ ਸਮੇਂ ਪਹੁੰਚੇ ਸਨ। ਬਗ਼ਦਾਦ ਵਿੱਚ ਪੀਰ ਦਸਤਗੀਰ ਅਤੇ ਬਿਲੋਲ ਜਿਹੇ ਵਲੀਆਂ ਦੇ ਜਾਨਸ਼ੀਨ ਗੁਰੂ ਜੀ ਦੇ ਬੜੇ ਸ਼ਰਧਾਲੂ ਹੋ ਗਏ ਸਨ। ਗੁਰੂ ਜੀ ਦੀ ਯਾਦ ਵਿੱਚ ਇੱਕ ਖੁਤਬਾ ਜੋ ਫਾਰਸੀ ਅਤੇ ਤੁਰਕੀ ਜ਼ੁਬਾਨ ਵਿੱਚ ਲਿਖਿਆ ਹੈ, ਬਗ਼ਦਾਦ ਰੇਲਵੇ ਸਟੇਸ਼ਨ ਤੋਂ ਡੇਢ ਮੀਲ ਦੇ ਫਾਸਲੇ ਉੱਤੇ ਹੈ। ਬਗ਼ਦਾਦ ਇਰਾਨੀ ਸ਼ਬਦ ਹੈ ਜਿਸ ਦੇ ਅਰਥ ‘ਰੱਬ ਦਾ ਦਿੱਤਾ ਤੋਹਫ਼ਾ’ ਹਨ। ਬਗ਼ਦਾਦ ਵਿੱਚ ਗੁਰੂ ਸਾਹਿਬ ਨੇ ਸ਼ੇਖ਼ ਅਬਦੁਲ ਕਾਦਰ ਜਿਲਾਨੀ (1077-1168) ਦੇ ਮਜ਼ਾਰ ਦੇ ਮੁਖਦਮ ਨਾਲ ਵਿਚਾਰਾਂ ਕੀਤੀਆਂ। ਸ਼ੇਖ਼ ਅਬਦੁਲ ਕਾਦਰ ਜਿਲਾਨੀ ਵਾਂਗ ਇਨ੍ਹਾਂ ਨੂੰ ਵੀ ਪੀਰ ਦਸਤਗੀਰ ਆਖਿਆ ਜਾਂਦਾ ਸੀ। ਜਿੱਥੇ ਗੁਰੂ ਸਾਹਿਬ ਨੇ ਵਿਚਾਰ-ਵਟਾਂਦਰਾ ਕੀਤਾ, ਉੱਥੇ ਹੁਣ ਥੜ੍ਹਾ ਸਾਹਿਬ ਹੈ। ਪਹਿਲੀ ਵੱਡੀ ਜੰਗ ਵਿੱਚ ਕਈ ਸਿੱਖ ਫ਼ੌਜੀਆਂ ਨੇ ਇਸ ਥੜ੍ਹਾ ਸਾਹਿਬ ਦੇ ਦਰਸ਼ਨ ਕੀਤੇ ਸਨ। ਇਹ ਸ਼ਿਲਾਲੇਖ 1916 ਵਿੱਚ ਲੱਗੀ ਹੋਈ ਹੈ। ਇਸ ਸ਼ਿਲਾਲੇਖ ਦੀ ਬੋਲੀ ਅਰਬੀ, ਫ਼ਾਰਸੀ ਤੇ ਤੁਰਕੀ ਦੀ ਰਲੀ-ਮਿਲੀ ਹੈ।
 
ਇਸ ਯਾਦਗਾਰ ਦੇ ਕਰਤਾ-ਧਰਤਾ ਦਾ ਨਾਂ ਮਜੀਦ ਯੂਸਫ਼ ਹੈ। ਮੁਰਾਦ ਨੇ ਹਜ਼ਰਤ ਅਬੇ ਮਜ਼ੀਦ ਬਾਬਾ ਨਾਨਕ ਫ਼ਕੀਰ ਔਲੀਆ ਦੀ ਇਮਾਰਤ ਖਸਤਾ ਹਾਲਤ ਵਿੱਚ ਵੇਖੀ ਤੇ ਆਪਣੇ ਹੱਥੀਂ ਮੁਰੰਮਤ ਕੀਤੀ ਤਾਂ ਕਿ ਇਤਿਹਾਸਕ ਯਾਦਗਾਰ ਕਾਇਮ ਰਹੇ। ਸਵਾਮੀ ਅਨੰਦ ਉਚਾਰਿਆ ਨੇ 1919 ਵਿੱਚ ਇਹ ਸ਼ਿਲਾਲੇਖ ਵੇਖਿਆ ਸੀ ਅਤੇ ਆਪਣੀ ਕਿਤਾਬ ਵਿੱਚ ਜ਼ਿਕਰ ਕਰ ਕੇ ਇੱਕ ਕਵਿਤਾ ਲਿਖੀ। ਇਸ ਸ਼ਿਲਾਲੇਖ ਦਾ ਜ਼ਿਕਰ ਪਾਕਿਸਤਾਨੀ ਲੇਖਕ ਜਫ਼ਰ ਪਿਆਮੀ ਨੇ ਵੀ ਆਪਣੀ ਇੱਕ ਲਿਖਤ ਵਿੱਚ ਕੀਤਾ ਹੈ। ‘‘ਮੁਕਾਮ ਬਾਬਾ ਔਲੀਆ ਅੱਲ੍ਹਾ ਦੀ ਬਰਕਤ ਨਾਲ ਇਸ ਜਗ੍ਹਾ ਦੀ ਮੁਰੰਮਤ ਕਰਾਈ। ਮਜੀਦ ਸ਼ਰੀਫ਼ ਹਸਨ ਅਲ੍ਹਾ ਰਜ਼ਵੀ ਪਾਕਿਸਤਾਨੀ ਨੇ ਸੰਨ 1941 ਵਿੱਚ।’’ ਇਹ ਤਾਰੀਖ਼ੀ ਮੁਕਾਮ 1966 ਵਿੱਚ ਫਿਰ ਖਸਤਾ ਹਾਲਤ ’ਚ ਕਈ ਸਿੱਖਾਂ ਨੇ ਦੇਖਿਆ। ਇਸ ਤੋਂ ਪਹਿਲਾਂ 1942 ਵਿੱਚ ਉਜਾਗਰ ਸਿੰਘ, ਤਾਰਾ ਸਿੰਘ ਤੇ ਅਬਦੁੱਲ ਮਜੀਦ ਆਦਿ ਨੇ ਇਸ ਨੂੰ ਦੁਬਾਰਾ ਤਾਮੀਰ ਕੀਤਾ। ਇਸ ਸਾਰੀ ਇਮਾਰਤ ਦਾ ਮਾਲਕ ਇੱਕ ਇਰਾਕੀ ਮੁਸਲਮਾਨ ਹੈ। ਗੁਰੂ ਨਾਨਕ ਨੂੰ ਮੰਨਣ ਵਾਲੇ ਅੱਜ ਵੀ ਅਲਕੋਟ ਅਤੇ ਬਗ਼ਦਾਦ ਵਿੱਚ ਦਰਿਆ ਦੇ ਕੰਢਿਆਂ ’ਤੇ ਵਸਦੇ ਹਨ ਜਿਨ੍ਹਾਂ ਨੂੰ ਸਾਫ਼ੀ ਆਖਿਆ ਜਾਂਦਾ ਹੈ। ਗੁਰੂ ਜੀ ਬਗ਼ਦਾਦ ਵਿੱਚ ਪੂਰੇ ਚਾਰ ਮਹੀਨੇ ਰਹੇ। ਇੱਥੇ ਦੇ ਆਲਮਾਂ ਫ਼ਾਜ਼ਲਾਂ ਨਾਲ ਗੁਰੂ ਸਾਹਿਬ ਦੇ ਕਾਫ਼ੀ ਵਿਚਾਰ-ਵਟਾਂਦਰੇ ਹੋਏ। ਜਦੋਂ ਆਲਮਾਂ ਨੇ ਪੁੱਛਿਆ, ‘‘ਤੁਸੀਂ ਮੁਹੰਮਦ ਦਾ ਨਾਂ ਇਲਮੇ ਅਬਜਦ ਨਾਲ ਕਿੰਜ ਲਿਖੋਗੇ’’ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ:
‘‘ਨਾਮ ਜੋ ਜਿਸ ਹਿੰਦਸੇ ਕਾ ਕਰਲੋ ਚੌ ਗੁਨਾ
ਦੋ ਔਰ ਮਿਲਾ ਲੋ ਫ਼ਿਰ ਕਰ ਲੋ ਪਾਂਚ ਗੁਨਾ
ਬੀਚ ਸੇ ਉੜਾ ਲੋ ਬਾਕੀ ਕਰ ਲੋ ਨੌਂ ਗੁਨਾ
ਇਸ ਮੇਂ ਦੋ ਔਰ ਮਿਲਾ ਲੋ
ਨਾਨਕ ਇਸ ਤਰ੍ਹਾਂ ਨਾਮ ਮੁਹੰਮਦ ਬਨਾ ਲੋ।’’
 
ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਬਗ਼ਦਾਦ ਤੋਂ ਵਾਪਸ ਆਉਣ ਲੱਗੇ ਤਾਂ ਆਲਮਾਂ ਨੇ ਇੱਕ ਖ਼ੂਬਸੂਰਤ ਚੋਲਾ ਭੇਟ ਕੀਤਾ ਜਿਸ ’ਤੇ ਕੁਰਾਨ ਸ਼ਰੀਫ਼ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ ਜੋ ਅੱਜ-ਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਸੁਰੱਖਿਅਤ ਹੈ।
 
ਮੱਕੇ ਦੇ ਮੁਸਲਮਾਨ: ਗੁਰੂ ਨਾਨਕ ਸਾਹਿਬ ਮੱਕੇ ਗਏ ਤਾਂ ਉੱਥੇ ਮੁਸਲਮਾਨ ਆਲਮਾਂ-ਫਾਜ਼ਲਾਂ ਨਾਲ ਚਰਚਾ ਹੋਈ। ਖ਼ਿਆਲ ਹੈ ਕਿ ਕਾਬਾ ਖ਼ੁਦਾ ਦਾ ਘਰ ਹੈ। ਇਸ ਵੱਲ ਪੈਰ ਕਰ ਕੇ ਸੌਣਾ ਗੁਨਾਹ ਹੈ। ਮੱਗਰਬ ਵੱਲ ਮੁਸਲਮਾਨਾਂ ਦਾ ਕਾਬਲੇ ਅਹਿਤਰਾਮ ‘ਮੱਕਾ ਤੇ ਕਾਬਾ’ ਹਨ। ਇਸ ਪਾਸੇ ਦੀ ਅਦਬ ਤੇ ਇੱਜ਼ਤ ਕਰਨੀ ਵੱਡੀ ਗੱਲ ਹੈ। ਗੁਰੂ ਸਾਹਿਬ ਦਾ ਮਕਸਦ ਕਿਸੇ ਧਾਰਮਿਕ ਅਸੂਲ ਨੂੰ ਤੋੜਨਾ ਨਹੀਂ ਸੀ। ਉਹ ਕਿਸੇ ਦਾ ਦਿਲ ਦੁਖਾਉਣਾ ਨਹੀਂ ਚਾਹੁੰਦੇ ਸਨ। ਗੁਰੂ ਨਾਨਕ ਦਾ ਪੈਗਾਮ ਇਹ ਸੀ ਕਿ ਅੱਲ੍ਹਾ ਦਾ ਘਰ ਹਰ ਪਾਸੇ ਹੈ। ਗੁਰੂ ਸਾਹਿਬ ਨੇ ਬੜੇ ਅਦਬ ਨਾਲ ਮੱਕੇ ਦਾ ਹੱਜ ਕੀਤਾ। ਗੁਰੂ ਜੀ ਨੇ ਹੱਜ ਕਰਨ ਸਮੇਂ ਹਾਜੀਆਂ ਵਾਲੇ ਕੱਪੜੇ ਪਾਏ ਹੋਏ ਸਨ। ਆਪਣੇ ਨਾਲ ਇੱਕ ਕਿਤਾਬ ਵੀ ਰੱਖੀ ਸੀ। ਇਹ ਕਿਤਾਬ ਗੁਰਬਾਣੀ ਸੀ ਜਾਂ ਕੁਰਾਨ? ਇਸ ਬਾਰੇ ਖੋਜ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਦੇ ਇਸ ਫਾਨੀ ਸੰਸਾਰ ਤੋਂ ਜਾਣ ਸਮੇਂ ਮੁਸਲਮਾਨ ਉਨ੍ਹਾਂ ਨੂੰ ਇਸਲਾਮੀ ਅਤੇ ਹਿੰਦੂ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਸੰਸਕਾਰ ਕਰਨਾ ਚਾਹੁੰਦੇ ਸਨ। ਇਸ ਤਰ੍ਹਾਂ ਮੁਸਲਮਾਨਾਂ ਨੇ ਚਾਦਰ ਦਾ ਇੱਕ ਟੁਕੜਾ ਲੈ ਕੇ ਦਫ਼ਨਾ ਦਿੱਤਾ ਅਤੇ ਹਿੰਦੂਆਂ ਨੇ ਦੂਜਾ ਚਾਦਰ ਦਾ ਟੁਕੜਾ ਲੈ ਕੇ ਸਾੜ ਦਿੱਤਾ। ਮੱਕੇ ਵਿੱਚ ਹਾਜੀਆਂ ਨਾਲ ਵਿਚਾਰਾਂ ਵੀ ਹੋਈਆਂ।
 
ਫ਼ਕੀਰ ਕਮਾਲ: ਗੁਰੂ ਨਾਨਕ ਸਾਹਿਬ ਆਪਣੀ ਇੱਕ ਉਦਾਸੀ ਸਮੇਂ ਕਸ਼ਮੀਰ ਆਏ ਤਾਂ ਉਨ੍ਹਾਂ ਨਾਲ ਫ਼ਕੀਰ ਕਮਾਲ ਨੇ ਮੁਲਾਕਾਤ ਕੀਤੀ, ਜੋ ਗੁਰੂ ਸਾਹਿਬ ਦੇ ਏਕਤਾ ਤੇ ਰੂਹਾਨੀ ਇਲਮ ਤੋਂ ਬੜਾ ਪ੍ਰਭਾਵਿਤ ਹੋਇਆ। ਜਨਮਸਾਖੀ ਵਿੱਚ ਇਸ ਦਾ ਨਾਂ ਗਲਤੀ ਨਾਲ ਕਨਾਲ ਲਿਖਿਆ ਗਿਆ ਹੈ। ਉਹ ਕਸ਼ਮੀਰ ਵਿੱਚ ਗੁਰੂ ਜੀ ਦਾ ਸਿੱਖ ਬਣ ਕੇ ਬੀਜ ਬਿਹਾੜੇ ਦੇ ਪੰਡਤ ਬ੍ਰਹਮ ਦਾਸ ਨਾਲ ਸਿੱਖ ਧਰਮ ਦਾ ਪ੍ਰਚਾਰ ਕਰਦਾ ਰਿਹਾ।ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਪੂਰੇ ਸੰਸਾਰ ਵਿੱਚ ਮੁਸਲਮਾਨ ਬੜਾ ਸਤਿਕਾਰ ਕਰਦੇ ਸਨ। ਉਨ੍ਹਾਂ ਦੇ ਰੱਬੀ ਦੀਦਾਰ ਦੀ ਅਜ਼ਮਤ ਸਾਹਵੇਂ ਨਤਮਸਤਕ   ਹੁੰਦੇ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।