ਬਾਬਾ ਰੱਖ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛੁਡਾ    

ਬਾਬਾ ਰੱਖ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛੁਡਾ    

                      ਕਿਰਸਾਨਾਂ ਵਿਰੁੱਧ ਮੋਦੀਵਾਦ ਦਾ ਬ੍ਰਹਮ-ਅਸਤਰ, ਤਰਕ ਤੇ ਕਾਰਪੋਰੇਟ ਦਾ ਜੋਕਤੰਤਰ                                    

ਗੁਰਤੇਜ ਸਿੰਘ, 

ਕਿਸਾਨ ਲਹਿਰ ਜਾਰੀ ਹੈ, ਬਲਸ਼ਾਲੀ ਨਾਲ ਜਾਰੀ ਹੈ ਅਤੇ ਤਕਰੀਬਨ ਹਰ ਵਰਗ ਦੀ ਲਹਿਰ ਬਣ ਚੁੱਕੀ ਹੈ। ਏਸ ਦੇ  ਹਰਮਨ ਪਿਆਰੇ ਹੋਣ ਦਾ ਰਾਜ ਇੱਕ ਸਾਦਾ ਲੱਗਦੇ ਪਰ ਬੇਹੱਦ ਜ਼ਹੀਨ ਕਿਰਸਾਣ ਨੇ ਖੋਲ੍ਹਿਆ ਜਦੋਂ ਉਸ ਨੇ ਮੱਕੀ ਦੇ ਆਟੇ ਦੇ ਥੈਲੇ ਉੱਤੇ ਲਿਖੀ 149 ਰੁਪਏ ਕੀਮਤ ਵਿਖਾ ਕੇ ਚੰਦ ਸ਼ਬਦ ਆਖੇ: 'ਪਰਸੋਂ ਅਸੀਂ ਇਹ ਮੱਕੀ 7 ਰੁਪਏ ਕਿੱਲੋ ਵੇਚੀ ਸੀ।' ਨਵਜੋਤ ਸਿੰਘ ਸਿੱਧੂ ਨੇ ਵੀ ਦੁਖਦੀ ਰਗ਼ ’ਤੇ ਹੱਥ ਰੱਖਿਆ ਜਦੋਂ ਉਸ ਨੂੰ ਮੰਡੀ ਵਿੱਚ ਬੈਠੇ ਦੁਕਾਨਦਾਰ ਨੇ ਦੱਸਿਆ ਕਿ ਉਹ ਕਿਰਸਾਣ ਤੋਂ ਟਮਾਟਰ ਚਾਰ ਤੋਂ ਪੰਜ ਰੁਪਏ ਕਿੱਲੋ ਖਰੀਦਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਇਹ 50 ਤੋਂ 60 ਰੁਪਏ  ਕਿੱਲੋ ਮਿਲਦੇ ਹਨ। ਗੰਢਿਆਂ ਦਾ ਵੀ ਏਹੋ ਹਾਲ ਹੈ। ਪੰਦਰਾਂ ਗੁਣਾਂ ਖਰੀਦ ਤੋਂ  ਵੱਧ ਵੇਚਣ ਵਾਲੇ ਦੋ ਦਲਾਲ, ਹੋਲਸੇਲ ਅਤੇ ਪ੍ਰਚੂਨ ਵਾਲੇ, ਕਿਰਸਾਣ ਦੇ ਟੱਬਰ ਦੀ ਸਾਰੀ ਕਮਾਈ ਰਾਹੇ ਹੜੱਪ ਜਾਂਦੇ ਹਨ। ਜਨਤਾ ਮਹਿੰਗਾਈ ਦੇ ਪੁੜਾਂ ਵਿੱਚ ਪੀਸੀਂਦੀ ਹੈ ਅਤੇ ਕਿਰਸਾਣ ਕਰਜੇ ਦੇ ਬੋਝ ਹੇਠ। ਪਤਾ ਨਹੀਂ ਏਸ ਲਹੂ-ਪੀਣੀ ਜਮਾਤ  ਦਾ ਜ਼ਿਕਰ ਕਿਉਂ ਨਹੀਂ ਚੱਲਦਾ? ਕੀ ਇਹਨਾਂ ਦੀ ਜਾਤ ਸੱਤਾ ਦੇ ਦਲਾਲਾਂ ਨਾਲ ਮਿਲਦੀ ਹੈ? ਦਲਾਲ ਬਠਿੰਡੇ ਦੇ ਕਿਲ੍ਹੇ ਵਾਲੇ ਦਿਉ ਹਨ ਜਿਸ ਦੇ ਬਾਰੇ ਸਿੱਖਾਂ ਨੇ ਦਸਵੇਂ ਪਾਤਸ਼ਾਹ ਨੂੰ  ਦੱਸਿਆ  ਸੀ: 'ਸਾਡੀ ਕਮਾਈ ਵਿੱਚ ਬਰਕਤ ਨਹੀਂ ਪੈਂਦੀ। ਸਾਰੀ ਬਰਕਤ ਇਹ ਦੇਅ ਡੀਕ ਜਾਂਦਾ ਹੈ।'  ਦਲਾਲ-ਜੋਕਾਂ ਨੇ ਹੀ ਕਿਰਸਾਣ ਨਾਲ ਹੁੰਦੀ ਬੇਇਨਸਾਫ਼ੀ ਨੂੰ ਤ੍ਰਾਸਦੀ ਦੇ ਰੂਪ ਵਿੱਚ ਪ੍ਰਗਟ ਕਰ ਕੇ ਰੋਸ ਨੂੰ ਹਰ ਵਰਗ ਦੀ ਲਹਿਰ ਬਣਾਇਆ ਹੈ।

ਕੇਵਲ ਤੱਕੜੀ-ਵੱਟੇ ਨਾਲ ਲੈਸ ਵਿਚਾਰੇ ਜਿਹੇ ਲੱਗਦੇ ਇਹ ਦਲਾਲ ਏਸ ਮੁਲਕ ਦਾ ਸਭ ਤੋਂ ਕਰੂਰ ਅਤੇ ਜ਼ਾਲਮ ਜੰਤੂ ਹਨ। ਇਹ ਜਦੋਂ ਚਾਹੁੰਣ ਗੰਢੇ ਇੱਕ ਸੌ ਪੰਜਾਹ ਰੁਪਏ ਕਿੱਲੋ ਕਰ ਕੇ ਲੋਕਾਈ ਦਾ ਸਾਹ ਕੱਢ ਲੈਣ; ਜਦੋਂ ਚਾਹੁੰਣ ਲਾਸ਼ਾਂ ਵਿਛਾ ਦੇਣ। ਜੇ ਹਿਸਾਬ-ਕਿਤਾਬ ਤੋਂ ਕੋਰੇ ਸਾਦਾ-ਦਿਲ ਮੁਸਲਮਾਨ ਇਨ੍ਹਾਂ ਦੇ ਸਤਾਏ ਨਾ ਹੁੰਦੇ ਤਾਂ ਹਿੰਦ ਦੇ ਕਦੇ ਤਿੰਨ ਟੁਕੜੇ ਨਾ ਹੁੰਦੇ। ਇਨ੍ਹਾਂ ਜੋਕਾਂ ਤੋਂ ਬਚਣ ਲਈ ਹੀ ਉਹਨਾਂ ਪਾਕਿਸਤਾਨ ਦੀ ਮੰਗ ਨੂੰ ਹੁਲਾਰਾ ਦਿੱਤਾ ਜਿਸ ਕਾਰਣ ਪੰਜਾਬ ਲਹੂ-ਲੁਹਾਣ ਹੋਇਆ। ਇਹ ਲੋਕਾਂ ਦੀ ਮਿਹਨਤ ਉੱਤੇ ਪਲਣ ਵਾਲੇ ਲੋਕ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਨੇ ‘ਕਿਰਾੜ’ (“ਨਾਲ ਕਿਰਾੜਾ ਦੋਸਤੀ....”) ਆਖਿਆ ਸੀ। ਇਨ੍ਹਾਂ ਦਾ ਪੈਸੇ ਤੋਂ ਬਿਨਾ ਨਾ ਕੋਈ ਧਰਮ ਹੁੰਦਾ ਹੈ ਨਾ ਜਾਤ ਜੇ ਕੇਵਲ ਇਸ ਬਿਮਾਰੀ ਦਾ ਹੀ ਹੱਲ ਲੱਭ ਲਿਆ ਜਾਵੇ ਤਾਂ ਕਿਰਸਾਣ ਨੂੰ ਦੁੱਗਣਾ ਭਾਅ ਸਹਿਜੇ ਹੀ ਮਿਲ ਸਕਦਾ ਹੈ ਅਤੇ ਖ਼ਰੀਦਦਾਰ ਨੂੰ ਵੀ ਅੱਧੇ ਮੁੱਲ ਉੱਤੇ ਜ਼ਰੂਰੀ ਵਸਤਾਂ ਮਿਲ ਸਕਦੀਆਂ ਹਨ। ਜੋਕਤੰਤਰ ਤੋਂ ਮੁਕਤੀ ਦਾ ਇਹ ਸਭ ਤੋਂ ਸੌਖਾ ਰਾਹ ਹੈ। ਜੇ ਜੋਕਾਂ ਦਮੂਹੀਆਂ ਨਾ ਹੁੰਦੀਆਂ ― ਜਿਨ੍ਹਾਂ ਦਾ ਇੱਕ ਮੂੰਹ ਸਿਆਸਤਦਾਨ ਨਾ ਹੁੰਦਾ ― ਤਾਂ ਮਸਲਾ ਹੱਲ ਸੀ।

ਇੱਕ ਹੋਰ 'ਅੜਚਨ', ਜਿਸ ਬਾਰੇ ਅਜੇ ਤੱਕ ਕਿਸਾਨਾਂ ਨੇ ਪੂਰੀ ਚੀਰ-ਫ਼ਾੜ ਨਹੀਂ ਕੀਤੀ, ਵੀ ਇਸ ਕਿਰਾੜ ਮਾਨਸਿਕਤਾ ਨਾਲ ਜੁੜੀ ਹੋਈ ਹੈ। ਯੂ.ਐਨ.ਓ. ਦਾ ਕਹਿਣਾ ਹੈ ਕਿ ਅਗਲੇ ਸਾਲ ਇੱਕ ਭਿਆਨਕ ਕਾਲ ਪੈਣ ਵਾਲਾ ਹੈ। ਇੰਨਾ ਭਿਆਨਕ ਕਾਲ ਪਿਛਲੇ ਪੰਜਾਹ ਸਾਲਾਂ ਤੋਂ ਨਹੀਂ ਪਿਆ। 'ਕਿਰਾੜਾਂ' ਨੂੰ ਉਮੀਦ ਹੈ ਕਿ, ਕਿਉਂਕਿ ਹਿੰਦੋਸਤਾਨ ਕੋਲ ਅਗਲੇ ਚਾਰ ਸਾਲਾਂ ਵਾਸਤੇ ਮੁਕੰਮਲ ਅੰਨ ਗੁਦਾਮਾਂ ਵਿੱਚ ਪਿਆ ਹੈ, ਉਹ ਆਪਣੀ ਨਵੀਂ ਖ਼ਰੀਦ ਨੂੰ ਮਨ-ਚਾਹੇ ਭਾਅ ਵੇਚ ਸਕਣਗੇ। ਉਹ ਦੂਜੇ ਮੂੰਹ ਨੂੰ ਵੀ (ਬੁਰਕੀ ਨਹੀਂ) ਬੁਰਕ ਮਾਰਨ ਦਾ ਮੌਕਾ ਦੇ ਸਕਣਗੇ।

ਦੂਜੇ ਪਾਸੇ, ਪੂਰੀ ਬੇਸ਼ਰਮੀ ਨਾਲ ਸਰਕਾਰ ਵੀ ਅਗਲੇ ਚਾਰ ਸਾਲਾਂ ਲਈ ਜਮ੍ਹਾਂ ਅੰਨ-ਭੰਡਾਰ ਨੂੰ ਕਿਰਸਾਨਾਂ ਵਿਰੁੱਧ ਬ੍ਰਹਮ- ਅਸਤਰ-ਤਰਕ ਦੇ ਤੌਰ ’ਤੇ ਵਰਤਣ ਦੀ ਤਿਆਰੀ ਖਿੱਚ ਰਹੀ ਹੈ। ਉਸ ਨੂੰ ਇਹ ਅਹਿਸਾਸ ਹੀ ਨਹੀਂ ਕਿ ਇਹ ਭੰਡਾਰ ਉਸ ਦੀ ਨਾਲਾਇਕੀ ਨੂੰ ਉਜਾਗਰ ਕਰਦਾ ਹੈ। ਵਪਾਰ ਵਿੱਚ ਇੰਨਾ ਭਾਰ ਚੁੱਕ ਕੇ ਬੈਠੇ ਰਹਿਣਾ ਨਾ-ਅਹਿਲੀਅਤ ਹੁੰਦੀ ਹੈ। ਸਰਕਾਰ ਹੁਣ ਸਾਡੇ ਵੱਲੋਂ ਭਰੇ ਭੰਡਾਰਾਂ ਨੂੰ ਹੀ ਸਾਡੇ ਵਿਰੁੱਧ ਵਰਤਣਾ ਚਾਹੁੰਦੀ ਹੈ। ਜੇ ਇਹ ਇੰਨਾ ਵੀ ਇੰਤਜ਼ਾਮ ਨਹੀਂ ਸੀ ਕਰ ਸਕਦੇ ਤਾਂ ਸਾਨੂੰ ਹਿੰਦ-ਪਾਕ ਸਰਹੱਦ ਉੱਤੇ ਵਪਾਰਕ ਖੁੱਲ੍ਹ ਦਿੰਦੇ। ਅੱਜ ਵੀ ਚੀਨ ਵਿੱਚ ਚੌਲਾਂ ਦੀ ਬਹੁਤ ਘਾਟ ਹੈ। ਕਾਬੁਲ ਅੰਮ੍ਰਿਤਸਰ ਤੋਂ ਦਿੱਲੀ ਜਿੰਨੀ ਹੀ ਵਾਟ ਹੈ। ਅਸੀਂ ਆਪਣੀ ਪੈਦਾਵਾਰ ਵੇਚਣ ਲਈ ਨਵੇਂ ਰਾਹ ਲੱਭ ਸਕਦੇ ਹਾਂ। ਭੰਡਾਰ ਦਾ ਤਰਕ ਤੁਹਾਡੀ ਨਾਲਾਇਕੀ ਦਾ ਸੂਚਕ ਹੈ ਅਤੇ ਸਾਡੀ ਸਮਰੱਥਾ ਦਾ।

ਘੱਟੋ-ਘੱਟ ਖ਼ਰੀਦ ਮੁੱਲ ਨੂੰ ਰੱਦ ਕਰਨ ਲੱਗੇ ਤੁਸੀਂ ਆਖਦੇ ਹੋ ਕਿ ਤੁਸੀਂ ਕਿਸੇ ਨੂੰ ਖ਼ਾਸ ਕੀਮਤ ਉੱਤੇ ਖਰੀਦਣ ਲਈ ਮਜਬੂਰ ਨਹੀਂ ਕਰ ਸਕਦੇ। ਇਹੀ ਤਰਕ ਸਾਨੂੰ ਕੱਪੜੇ, ਡੀਜ਼ਲ, ਖਾਦ, ਕੀੜੇਮਾਰ ਦਵਾਈਆਂ, ਟਰੈਕਟਰ, ਬੈਟਰੀਆਂ ਆਦਿ ਲਾਗਤ ਤੋਂ ਸੌ ਗੁਣਾ ਵੱਧ ਕੀਮਤ ਤੇ ਵੇਚਣ ਵਾਲਿਆਂ ਨੂੰ ਤੁਸੀਂ ਕਿਉਂ ਨਹੀਂ ਦਿੰਦੇ?

ਦਿੱਲੀ ਵਾਲੇ ਆਖਦੇ ਹਨ ਕਿ ਉਨ੍ਹਾਂ ਨੇ ਬੜੇ ਸੁੱਚੇ ਮਨ ਨਾਲ, ਗੰਗਾ ਵਾਂਗ ਪਾਕ ਕਾਨੂੰਨ ਸਾਡੇ ਭਲ਼ੇ ਲਈ ਬਣਾਏ ਹਨ। ਉਹ ਆਖਦੇ ਹਨ ਕਿ ਉਨ੍ਹਾਂ ਦੇ ਮਨਾਂ ਵਿੱਚ ਸਾਡੇ ਲਈ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਹੈ ਅਤੇ ਉਹ ਦਿੱਲੀ ਵਿੱਚ ਸਭ ਸਹੂਲਤਾਂ ਦੇਣ ਲਈ ਬੜੇ ਉਤਾਵਲੇ ਹਨ। ਇਨ੍ਹਾਂ ਦੀ ਅਜਿਹੇ ‘ਨੇਕ’ ਇਰਾਦਿਆਂ ਤੋਂ ਤਾਂ ਅਸੀਂ ਸਦੀਆਂ ਤੋਂ ਵਾਕਫ਼ ਹਾਂ। ਬਾਕੀ ਸਾਰੇ ਇਤਿਹਾਸ ਨੂੰ ਪਾਸੇ ਰੱਖ ਕੇ ਪਿਛਲੇ ਕੁਝ ਮਹੀਨਿਆਂ ਦੇ ਤੁਹਾਡੇ ਪਰ-ਉਪਕਾਰਾਂ ਨੂੰ ਭੁੱਲ ਜਾਣ ਲਈ ਸਾਨੂੰ ਸਦੀਆਂ ਲੱਗਣਗੀਆਂ।

ਕਿੰਨੀ ਫਰਾਖ਼ਦਿਲੀ ਨਾਲ ਤੁਸੀਂ ਦੋ-ਤਿੰਨ ਮਹੀਨੇ ਸਾਡੀ ਤਕਲੀਫ਼ ਨਾ ਸੁਣ ਕੇ ਸਾਨੂੰ ਰੇਲ ਦੀਆਂ ਪਟੜੀਆਂ ਵਿੱਚ ਆਰਾਮ ਕਰਨ ਦੀ ਸਹੂਲਤ ਮੁਹੱਈਆ ਕਰਵਾਈ। ਤੁਹਾਡੀ ਸੁਹਿਰਦਤਾ ਏਸ ਵਿੱਚੋਂ ਸਾਫ਼ ਝਲਕਦੀ ਸੀ। ਸਾਨੂੰ ਦਿੱਲੀ ਆਉਂਦਿਆਂ ਨੂੰ ਵੇਖ ਕੇ ਤੁਸੀਂ ਹਰ ਮੋੜ, ਹਰ ਸਰਹੱਦ ਉੱਤੇ ਡਾਂਗਾਂ, ਬੰਦੂਕਾਂ ਨਾਲ ਲੈਸ ਸਿਪਾਹੀ ਸਾਡੇ ਸਵਾਗਤ ਲਈ ਭੇਜੇ। ਤੁਸੀਂ ਤਕਰੀਬਨ ਹਰ ਵੀਹ-ਪੰਜਾਹ ਮੀਲ ਉੱਤੇ ਡੂੰਘੇ ਟੋਏ ਪੁੱਟੇ, ਟਿੱਬੇ ਉਸਾਰੇ, ਮਣਾਂ-ਮੂੰਹੀਂ ਭਾਰੇ ਪੱਥਰ ਰੱਖੇ। ਇਨ੍ਹਾਂ ਵਿੱਚੋਂ ਤੁਹਾਡਾ ਨਿੰਮ੍ਹਾ-ਨਿੰਮ੍ਹਾ ਮੁਸਕੁਰਾਉਣਾ ਸਾਨੂੰ ਸਾਫ਼ ਨਜ਼ਰ ਆਇਆ। ਹੱਦ ਤਾਂ ਉਦੋਂ ਹੋ ਗਈ ਜਦੋਂ ਤੁਸੀਂ ਸਾਡੇ ਇਸ਼ਨਾਨ ਲਈ ਗੰਗਾ ਵਾਂਗ ਹੀ ਗੰਦੇ ਨਾਲਿਆਂ ਦਾ ਪਾਣੀ ਸਾਡੇ ਉੱਤੇ ਪਣ-ਤੋਪਾਂ ਰਾਹੀਂ ਛਿੜਕਿਆ। ਪਿਛਲੇ 70 ਸਾਲਾਂ ਦੇ ਸਭ ਤੋਂ ਠੰਢੇ ਦਿਨਾਂ, ਰਾਤਾਂ ਦੌਰਾਨ ਤੁਸੀਂ ਸਣਕਪੜੇ ਇਸ਼ਨਾਨ ਦੀ ਸਹੂਲਤ ਬੜੀ ਫਰਾਖ਼ਦਿਲੀ ਨਾਲ ਬਖ਼ਸ਼ੀ। ਸਾਡੀ ਦਸਾਂ ਨਹੁੰਆਂ ਦੀ ਕਿਰਤ, ਫ਼ਕੀਰਾਂ ਦੀ ਸੱਚੀ ਗਜ਼ਾ ਉੱਤੇ ਤੁਸੀਂ ਉਹੀ ਗੰਦਾ ਪਾਣੀ ਛਿੜਕਿਆ। ਅਸੀਂ ਚਾਹ ਕੇ ਵੀ ਭੁੱਲ ਨਹੀਂ ਸਕਦੇ ਕਿ ਤੁਸੀਂ ਸਾਡੇ ਬਜ਼ੁਰਗਾਂ, ਬੱਚਿਆਂ, ਮਾਵਾਂ, ਭੈਣਾਂ ਉੱਤੇ ਡਾਂਗਾਂ ਵਰ੍ਹਾਈਆਂ ― ਜਿਨ੍ਹਾਂ ਨਾਲ ਉਨ੍ਹਾਂ ਦੇ ਨਿਆਣੇ ਅਤੇ ਬੁੱਢੇ ਹੱਡ ਚੰਗੀ ਤਰ੍ਹਾਂ ਸੇਕੇ ਗਏ। ਤੁਹਾਡੀ ਖੁੱਲ੍ਹੀਆਂ ਜੇਲ੍ਹਾਂ ਦੇ ਮਨਸੂਬੇ ਸਿਰੇ ਨਾ ਚੜ੍ਹ ਸਕੇ ― ਨਹੀਂ ਤਾਂ ਤੁਸੀਂ ਉੱਥੇ ਸਾਡੀ ਚੰਗੀ ਸੇਵਾ ਕਰਨੀ ਸੀ। ਇਹ ਸਾਰੇ ਸਬੂਤ ਹਨ ਕਿ ਤੁਹਾਡੇ ਕਾਲੇ ਕਾਨੂੰਨ ਵੀ ਠੀਕ ਇਸੇ ਤਰਜ਼ ਉੱਤੇ ਸਾਡੇ ਭਲ਼ੇ ਦੇ ਜ਼ਾਮਨ ਹਨ।

ਪਰ ਅਸੀਂ ਹਾਕਮਾਂ ਦੀ ਟੈਂ ਮੰਨਣ ਵਾਲਿਆਂ ਵਿੱਚੋਂ ਨਹੀਂ। ਅਸੀਂ ਤ੍ਰਿਸਕਾਰ ਅਤੇ ਸਤਿਕਾਰ ਦਾ ਭੇਦ ਵੀ ਜਾਣਦੇ ਹਾਂ। ਤੁਸੀਂ ਆਪਣੀਆਂ ਡਾਂਗਾਂ, ਅੱਥਰੂ-ਗੈਸ ਬੰਬ, ਸੂਏ, ਗੁੰਡੇ, ਕਾਲੇ ਕਾਨੂੰਨ ਅਤੇ ਮਨੂੰ ਸਮ੍ਰਿਤੀ ਆਦਿ ਸਮੇਟ ਕੇ ਆਪਣੇ ਕੋਲ ਰੱਖੋ। ਅਸੀਂ ਹੁਣ ਇੱਕੋ ਪੁਕਾਰ ਦੇ ਤਲਬਗਾਰ ਹਾਂ: ਬਾਬਾ ਰੱਖ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛੁਡਾ।