ਤੁਮਨੇ ਜਿਸ ਖੂਨ ਕੋ ਮਕਤਲ ਮੇਂ ਦਬਾਨਾ ਚਾਹਾ, ਆਜ ਵੋ ਕੂਚਾ-ਓ-ਬਾਜ਼ਾਰ ਮੇਂ ਆ ਨਿਕਲਾ ਹੈ...
ਮਲਕੀਤ ਸਿੰਘ ਭਵਾਨੀਗੜ੍ਹ
ਜਦੋਂ ਹਾਕਮਾਂ ਨੇ ਕੋਈ ਵੱਡੀਆਂ ਤਬਦੀਲੀਆਂ ਕਰਨੀਆਂ ਹੋਣ ਤਾਂ ਅਕਸਰ ਸੰਕਟ ਦਾ ਸਮਾਂ ਚੁਣਿਆ ਜਾਂਦਾ ਹੈ, ਉਹ ਸੰਕਟ ਭਾਵੇਂ ਕੁਦਰਤੀ ਹੋਵੇ ਜਾ ਹਾਕਮ ਨੇ ਆਪ ਪੈਦਾ ਕੀਤਾ ਹੋਵੇ। ਇਸੇ ਤਰ੍ਹਾਂ ਕਰੋਨਾ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਆਰਡੀਨੈਂਸ ਲਿਆਂਦੇ ਗਏ, ਜੋ ਹੁਣ ਕਨੂੰਨ ਬਣ ਗਏ ਹਨ। ਪੰਜਾਬ ਵਿੱਚ ਇਸਦਾ ਵੱਡੇ ਪੱਧਰ ਤੇ ਵਿਰੋਧ ਹੋਇਆ, ਕੇਂਦਰ ਸਰਕਾਰ ਵੱਲੋਂ ਆਪਣੀ ਜਿੱਦ ‘ਤੇ ਅੜੇ ਰਹਿਣ ਕਰਕੇ ਲਗਾਤਾਰ ਇਹ ਵਿਰੋਧ ਤੇਜ਼ ਹੁੰਦਾ ਗਿਆ ਜਿਸ ਦੇ ਤਹਿਤ 26-27 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਗਿਆ। ਕਿਸਾਨ ਯੂਨੀਅਨਾਂ ਦਾ ਬਿਆਨ ਸੀ ਕਿ ਜਿੱਥੇ ਸਾਨੂੰ ਰੋਕ ਦਿੱਤਾ ਗਿਆ, ਅਸੀਂ ਉੱਥੇ ਹੀ ਪੱਕਾ ਧਰਨਾ ਲਾ ਦਵਾਂਗੇ। ਤਕਰੀਬਨ ਸਭ ਨੂੰ ਹੀ ਇਹ ਲਗਦਾ ਸੀ ਕਿ ਹਰਿਆਣੇ ਅੰਦਰ ਦਾਖਲੇ ਤੇ ਰੋਕ ਲੱਗ ਜਾਵੇਗੀ ਅਤੇ ਉੱਥੇ ਹੀ ਧਰਨੇ ਸ਼ੁਰੂ ਕਰ ਦਿੱਤੇ ਜਾਣਗੇ। ਇਹ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਕਾਫਲੇ ਦਿੱਲੀ ਨੂੰ ਕੂਚ ਕਰਨਗੇ। ਮੇਰੇ ਇਕ ਵਾਕਿਫ ਨੇ ਮੈਨੂੰ ਕਿਹਾ ਕਿ ਟ੍ਰੈਕਟਰ ਟਰਾਲੀਆਂ ਲੈ ਕੇ ਜਾਣ ਦੇ ਸੱਦੇ ਕਰ ਕੇ ਦਿੱਲੀ ਜਾਣ ਵਾਲਿਆਂ ਦੀ ਗਿਣਤੀ ਘੱਟ ਜਾਣੀ ਹੈ ਅਤੇ ਮੈਨੂੰ ਵੀ ਆਪਣੇ ਵਾਕਿਫ ਦੀ ਦੱਸੀ ਗੱਲ ਵਿੱਚ ਉਦੋਂ ਵਜ਼ਨ ਜਾਪਿਆ ਜਦੋਂ ਸਾਨੂੰ 24 ਨਵੰਬਰ ਨੂੰ ਇਕ ਜਥੇ ਦੀ ਰਵਾਨਗੀ ਸਮੇਂ ਓਥੇ ਜਾਣ ਦਾ ਮੌਕਾ ਮਿਲਿਆ। ਹੋਇਆ ਇਹ ਕਿ ਜਿਹੜਾ ਜਥਾ 24 ਨੂੰ ਸਵੇਰ 10 ਵਜੇ ਰਵਾਨਾ ਹੋਣਾ ਸੀ ਉਹ ਸੰਗਤ ਨਾ ਆਉਣ ਕਰ ਕੇ 24 ਦੀ ਸ਼ਾਮ ਤਕਰੀਬਨ ਸਾਢੇ 4 ਵਜੇ ਰਵਾਨਾ ਹੋਇਆ। ਸ਼ਾਮ ਨੂੰ ਵੀ ਮਿਥੀਆਂ ਹੋਈਆਂ ਟਰਾਲੀਆਂ ਤੋਂ ਗਿਣਤੀ ਤਕਰੀਬਨ ਅੱਧੀ ਸੀ। ਪਰ ਅਗਲੇ ਦਿਨਾਂ ਵਿੱਚ ਕਿਵੇਂ ਸਭ ਕੁਝ ਹੀ ਬਦਲ ਗਿਆ, ਇਹ ਹਿਸਾਬ ਕਿਤਾਬ ਸਭ ਦੀਆਂ ਸਮਝਾਂ ਤੋਂ ਪਾਰ ਹੈ। ਜਿਸ ਗੁਲਾਬ ਨੂੰ ਇੰਨੇ ਸਾਲਾਂ ਤੋਂ ਸੁਕਾਇਆ ਜਾ ਰਿਹਾ ਸੀ ਅਤੇ ਤਕਰੀਬਨ ਸਭ ਨੇ ਓਹਨੂੰ ਸੁੱਕਿਆ ਹੋਇਆ ਸਮਝ ਲਿਆ ਸੀ, ਗੁਰੂ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਕਿ ਉਹ ਰਾਤੋ ਰਾਤ ਖਿਲ ਗਿਆ ਅਤੇ ਮਹਿਕਾਂ ਵੰਡਣ ਲੱਗ ਪਿਆ।
ਇਸ ਸੰਘਰਸ਼ ਤੋਂ ਪਹਿਲਾਂ ਦੀ ਸਥਿਤੀ:
1984 ਵਿੱਚ ਦਿੱਲੀ ਤਖਤ ਵੱਲੋਂ ਦਰਬਾਰ ਸਾਹਿਬ ਉੱਤੇ ਟੈਂਕਾਂ ਤੋਪਾਂ ਨਾਲ ਕੀਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ, ਜੋ ਰਹਿ ਗਏ ਓਹਨਾ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਸ਼ਿਆਂ ਅਤੇ ਲੱਚਰ ਸੰਗੀਤ ਵੱਲ ਝੋਕਿਆ ਗਿਆ। ਸਮੇਂ ਨਾਲ ਪਿੰਡਾਂ ਦੀ ਆਪਸੀ ਸਾਂਝ ਸਿਆਸੀ ਪਾਰਟੀਆਂ ਦੇ ਧੜਿਆਂ ਵਿੱਚ ਵੰਡੀ ਗਈ। ਸਰਬੱਤ ਦੇ ਭਲੇ ਅਤੇ ਤਿਆਗੀ ਬਿਰਤੀਆਂ ਨੂੰ ਪਦਾਰਥ ਵੱਲ ਝੋਕਿਆ ਗਿਆ। ਹੱਕਾਂ ਦੀ ਥਾਂ ਰਿਆਇਤਾਂ ਦੀ ਭੀਖ ਮੰਗਣੀ ਸਿਖਾਈ ਜਾਣ ਲੱਗੀ। ਇਸ ਕਾਰਜ ਵਿੱਚ ਅਗਲੇ ਕਾਫੀ ਹੱਦ ਤੱਕ ਸਫਲ ਵੀ ਹੋ ਗਏ। ਜਿਹੜੇ ਸਰਬੱਤ ਦੇ ਭਲੇ ਦੇ ਮਾਰਗ ਤੇ ਚੱਲਣ ਵਾਲੇ ਬਚੇ ਸਨ, ਭਾਵੇਂ ਉਹ ਲਗਾਤਾਰ ਯਤਨਸ਼ੀਲ ਰਹੇ ਪਰ ਪੰਜਾਬ ਦੀ ਵੱਡੀ ਗਿਣਤੀ ਖਾਸਕਰ ਨੌਜਵਾਨੀ ਦਾ ਧਿਆਨ ਹੋਰ ਪਾਸੇ ਹੀ ਰਿਹਾ। ਸਰਬੱਤ ਦੇ ਭਲੇ ਤੋਂ ਨਿੱਜੀ ਇੱਛਾਵਾਂ ਵੱਲ ਲਗਾਤਾਰ ਵਾਧਾ ਹੁੰਦਾ ਗਿਆ। ਵਿਰੋਧੀ ਧਿਰ ਨੂੰ ਸਿਰਫ ਸਿਆਸੀ ਪਾਰਟੀ ਦੀ ਪਹਿਚਾਣ ਵਜੋਂ ਹੀ ਵੇਖਿਆ ਸਮਝਿਆ ਜਾਂਦਾ ਰਿਹਾ।
ਦਿੱਲੀ ਕੂਚ ਤੋਂ ਪਹਿਲਾਂ:
ਗੁਰੂ ਪਾਤਸ਼ਾਹ ਦੀ ਕਲਾ ਅਜਿਹੀ ਵਰਤੀ ਕਿ ਇਸ ਵਾਰ ਗੱਲ ਰਿਆਇਤਾਂ ਤੋਂ ਹੱਕ ਲੈਣ ਵੱਲ ਤੁਰ ਗਈ। ਭਾਜਪਾ ਤੋਂ ਬਿਨਾ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਹੱਕ ‘ਚ ਗੱਲ ਕਰਨੀ ਪਈ। ਬਾਦਲ ਦਲ ਨੂੰ ਭਾਜਪਾ ਨਾਲੋਂ ਵੱਖ ਹੋਣਾ ਪਿਆ। ਸੰਘਰਸ਼ ਦੌਰਾਨ ਗੀਤਾਂ ਦੇ ਮੁਹਾਵਰੇ ਬਦਲੇ, ਵੱਡੀ ਗਿਣਤੀ ਵਿਚ ਗਾਉਣ ਵਾਲੇ ਸੰਘਰਸ਼ ਦਾ ਹਿੱਸਾ ਬਣੇ ਅਤੇ ਆਪਣੇ ਗੀਤਾਂ ਵਿੱਚ ਇਸ ਸੰਘਰਸ਼ ਦੀ ਗੱਲ ਕੀਤੀ। ਵਿਰੋਧੀ ਧਿਰ ਦੀ ਪਹਿਚਾਣ ਦਿੱਲੀ ਤਖ਼ਤ ਵਜੋਂ ਕੀਤੀ ਅਤੇ ਪ੍ਰਚਾਰੀ ਗਈ। ਲੋਕਾਂ ਦੇ ਏਕੇ, ਸਮਝ ਅਤੇ ਪ੍ਰਭਾਵ ਨੇ ਆਗੂਆਂ ਦੇ ਫੈਸਲੇ ਪ੍ਰਭਾਵਿਤ ਕੀਤੇ। ਸਮਾਜਿਕ ਧਿਰਾਂ ਖੜੇ ਕਰਨ ਦੀ ਗੱਲ ਤੁਰੀ। ਪੰਜਾਬ ਦਾ ਆਪਣਾ ਖੇਤੀਬਾੜੀ ਢਾਂਚਾ ਬਣਾਉਣ ਦੀ ਗੱਲ ਸਾਹਮਣੇ ਆਈ।
ਦਿੱਲੀ ਕੂਚ:
ਪੰਜਾਬ ਨੂੰ ਅਤੇ ਖਾਸਕਰ ਸਿੱਖਾਂ ਨੂੰ ਸਮਝਣ ਵੇਲੇ ਦਿੱਲੀ ਤਖ਼ਤ ਅਕਸਰ ਭੁਲੇਖਾ ਖਾ ਜਾਂਦਾ ਹੈ। ਜਦੋਂ ਗੱਲ ਹੋਂਦ ਅਤੇ ਅਣਖ ਤੇ ਆ ਜਾਵੇ ਅਤੇ ਅੱਗੋਂ ਅਗਲਾ ਅੱਖਾਂ ਦਿਖਾਵੇ ਤਾਂ ਇਹ ਜਿੰਦਗੀ-ਮੌਤ ਤੋਂ ਉਪਰਲੇ ਪਾਰ ਹੋ ਜਾਂਦੇ ਨੇ, ਫਿਰ ਰੋਕਾਂ, ਪਾਣੀ ਦੀਆਂ ਬੁਛਾੜਾਂ ਜਾ ਅੱਥਰੂ ਗੈਸ ਦੇ ਗੋਲੇ ਇਹਨਾਂ ਦਾ ਕੱਖ ਨਹੀਂ ਬਿਗਾੜ ਸਕਦੇ ਓਦੋਂ ਤਾਂ ਸਗੋਂ ਇਹ ਚਾਵਾਂ ਨਾਲ ਟੈਂਕਾਂ ਤੋਪਾਂ ਮੂਹਰੇ ਛਾਤੀਆਂ ਤਾਣਦੇ ਨੇ। ਦਿੱਲੀ ਨੂੰ ਜਾਣ ਵਕਤ ਲੱਗੀਆਂ ਰੋਕਾਂ ਤੋੜਨ ਨੂੰ ਮਤਾ ਕੋਈ ਸਮਝੇ ਕਿ ਇਹ ਆਰਥਿਕ ਮਸਲੇ ਕਰ ਕੇ ਤੋੜੀਆਂ ਗਈਆਂ, ਹਿਸਾਬ ਕਿਤਾਬ ਦੇ ਮਸਲੇ ਹਿਸਾਬ ਕਿਤਾਬ ਦੀ ਸੁਰਤ ‘ਚ ਹੀ ਨਜਿੱਠੇ ਜਾਂਦੇ ਨੇ, ਇਹ ਰੋਕਾਂ ਵੱਖਰੇ ਜਲੌਅ ‘ਚੋਂ ਤੋੜੀਆਂ ਗਈਆਂ। ਜਿਹੜੀ ਜਵਾਨੀ ਨੂੰ ਨਸ਼ੇੜੀ ਸਮਝ ਲਿਆ ਗਿਆ ਸੀ ਓਹ ਵਾਰ ਵਾਰ ਸਰਦਾਰ ਬਘੇਲ ਸਿੰਘ ਹੁਰਾਂ ਨੂੰ ਚੇਤੇ ਕਰਦੀ ਵੇਖੀ ਗਈ। ਹਰਿਆਣਾ ਸਰਕਾਰ ਵੱਲੋਂ ਲਾਈਆਂ ਰੋਕਾਂ ਤੋੜ ਕੇ ਅਤੇ ਦਿੱਲੀ ਤਖਤ ਵਾਲਿਆਂ ਦਾ ਗਰੂਰ ਟੁੱਟਦਾ ਵੇਖ ਕੇ ਸਭ ਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਨੂੰ ਜਿੰਨਾ ਛਾਂਗਿਆ ਜਾਂਦਾ ਹੈ ਇਹ ਓਹਨਾ ਹੀ ਫੈਲਦਾ ਹੈ।
ਦਿੱਲੀ ਪਹੁੰਚਣ ਤੋਂ ਬਾਅਦ:
ਜਦੋਂ ਗੁਰੂ ਪਾਤਸ਼ਾਹ ਦੀ ਕਲਾ ਵਰਤਦੀ ਹੈ ਫਿਰ ਕੁਦਰਤ ਵੀ ਸਾਥ ਦਿੰਦੀ ਹੈ। ਦਿੱਲੀ ਪਹੁੰਚੀ ਸੰਗਤ ਲਈ ਦਿੱਲੀ ਦੇ ਲੋਕ ਹਰ ਤਰ੍ਹਾਂ ਦੀ ਸਹਾਇਤਾ ਕਰ ਰਹੇ ਹਨ, ਹਸਪਤਾਲਾਂ ਵਾਲੇ ਦਵਾਈ-ਬੂਟੀ ਦੇ ਪੈਸੇ ਨਹੀਂ ਲੈ ਰਹੇ, ਲੋਕ ਆਪਣੇ ਘਰਾਂ ਦੇ ਬੂਹੇ ਖੋਲ ਰਹੇ ਨੇ, ਰਿਕਸ਼ੇ ਵਾਲੇ ਪੈਸੇ ਨਹੀਂ ਲੈ ਰਹੇ, ਇਕ ਢਾਬੇ ਦੀ ਖਬਰ ਆਈ ਕਿ ਉਹ ਦਿੱਲੀ ਮੋਰਚੇ ‘ਚ ਜਾਣ ਵਾਲਿਆਂ ਨੂੰ ਬਿਨਾ ਪੈਸੇ ਲਏ ਪ੍ਰਸ਼ਾਦਾ ਛਕਾ ਰਿਹਾ ਹੈ, ਇਸੇ ਤਰ੍ਹਾਂ ਪਟਰੌਲ ਪੰਪ ਉੱਤੇ ਤੇਲ ਦੀ ਸੇਵਾ ਦੀ ਖਬਰ ਵੀ ਆਈ ਹੈ। ਜੋ ਲੋਕ ਪਿੰਡ ਰਹਿ ਗਏ ਉਹ ਦਿੱਲੀ ਗਏ ਹੋਇਆਂ ਦੇ ਖੇਤ ਸਾਂਭ ਰਹੇ ਨੇ, ਉਹਨਾਂ ਦੇ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ। ਪਿੰਡਾਂ ‘ਚ ਪਸ਼ੂਆਂ ਦੇ ਡਾਕਟਰ ਵੀ ਸਹਿਯੋਗ ਦੇ ਰਹੇ ਨੇ। ਪਿੰਡਾਂ ਦੀ ਆਪਸੀ ਸਾਂਝ ਦੁਬਾਰਾ ਬਹਾਲ ਹੋ ਰਹੀ ਹੈ।
ਇਹ ਸਾਰੀ ਸਥਿਤੀ ਨੂੰ ਵੇਖਦਿਆਂ ‘ਸਾਹਿਰ ਲੁਧਿਆਣਵੀ’ ਦੀਆਂ ਸਤਰਾਂ ਵਾਰ ਵਾਰ ਖੋਪੜ ‘ਚ ਗੂੰਝ ਰਹੀਆਂ ਹਨ:
“ਤੁਮਨੇ ਜਿਸ ਖੂਨ ਕੋ ਮਕਤਲ ਮੇਂ ਦਬਾਨਾ ਚਾਹਾ
ਆਜ ਵੋ ਕੂਚਾ-ਓ-ਬਾਜ਼ਾਰ ਮੇਂ ਆ ਨਿਕਲਾ ਹੈ
ਕਹੀਂ ਸ਼ੋਲਾ, ਕਹੀਂ ਨਾਹਰਾ, ਕਹੀਂ ਪੱਥਰ ਬਣਕਰ
ਖੂਨ ਚਲਤਾ ਹੈ ਤੋ ਰੁਕਤਾ ਨਹੀਂ ਸੰਗੀਨੋਂ ਸੇ
ਸਰ ਉਠਾਤਾ ਹੈ ਤੋ ਦਬਤਾ ਨਹੀਂ ਆਈਨੋਂ ਸੇ”
Comments (0)