ਪੁਲਵਾਮਾ ਹਮਲੇ ਤੋਂ ਬਾਅਦ ਦੀ ਸਥਿਤੀ ਦੀਆਂ ਖ਼ਬਰਾਂ; ਹੁਣ ਤਕ 49 ਭਾਰਤੀ ਫੌਜੀਆਂ ਦੀ ਮੌਤ
ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਬੀਤੇ ਕਲ੍ਹ ਭਾਰਤੀ ਫੌਜ 'ਤੇ ਹੋਏ ਵੱਡੇ ਹਮਲੇ ਵਿਚ 49 ਸੀਆਰਪੀਐਫ ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਜਵਾਨ ਗੰਭੀਰ ਜ਼ਖਮੀ ਹਨ। ਕਸ਼ਮੀਰ ਖਿੱਤੇ ਵਿਚ ਚਲ ਰਹੀ ਰਾਜਨੀਤਕ ਲੜਾਈ ਵਿਚ ਕਸ਼ਮੀਰੀ ਖਾੜਕੂਆਂ ਵਲੋਂ ਭਾਰਤੀ ਫੌਜ 'ਤੇ ਕੀਤਾ ਗਿਆ ਇਹ ਇਕ ਵੱਡਾ ਹਮਲਾ ਹੈ।
ਬੀਤੇ ਕਲ੍ਹ ਤੋਂ ਹੀ ਇਸ ਹਮਲੇ ਖਿਲਾਫ ਭਾਰਤੀ ਰਾਜਨੀਤਕਾਂ ਵਲੋਂ ਸਖਤ ਬਿਆਨਬਾਜ਼ੀ ਦਾ ਦੌਰ ਚੱਲ ਰਿਹਾ ਹੈ ਤੇ ਭਾਰਤ ਵਲੋਂ ਇਸ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਹੈ। ਜਦਕਿ ਪਾਕਿਸਤਾਨ ਨੇ ਅਜਿਹੇ ਸਭ ਦੋਸ਼ਾਂ ਦਾ ਖੰਡਨ ਕਰਦਿਆਂ ਹਮਲੇ ਦੀ ਨਿੰਦਾ ਕੀਤੀ ਹੈ।
ਇਸ ਦੌਰਾਨ ਬੀਤੇ ਕਲ੍ਹ ਤੋਂ ਹੀ ਭਾਰਤੀ ਰਾਸ਼ਟਰਭਗਤੀ ਦੇ ਨਾਂ 'ਤੇ ਕਸ਼ਮੀਰੀਆਂ ਖਿਲਾਫ ਜ਼ਹਿਰ ਭਰਿਆ ਜਾ ਰਿਹਾ ਹੈ ਜਿਸ ਦਾ ਅਸਰ ਅੱਜ ਜੰਮੂ ਵਿਚ ਦਿਖਣਾ ਵੀ ਸ਼ੁਰੂ ਹੋ ਗਿਆ ਹੈ। ਜੰਮੂ ਵਿਚ ਅੰਨ੍ਹੀ ਰਾਸ਼ਟਰਭਗਤੀ ਦੇ ਨਾਂ 'ਤੇ ਭੀੜ ਵਲੋਂ ਕਈ ਥਾਵਾਂ 'ਤੇ ਸਾੜਫੂਕ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਭੀੜਾਂ ਵਲੋਂ ਮੁਸਲਿਮ ਖੇਤਰ ਵਿਚ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਤੇ ਲੋਕਾਂ 'ਤੇ ਹਮਲਾ ਕੀਤਾ ਗਿਆ। ਹੁਣ ਤਕ ਦੀਆਂ ਖ਼ਬਰਾਂ ਮੁਤਾਬਿਕ ਇਕ ਦਰਜਨ ਤੋਂ ਵੱਧ ਲੋਕ ਇਨ੍ਹਾਂ ਹਮਲਿਆਂ ਵਿਚ ਜ਼ਖਮੀ ਹੋ ਚੁੱਕੇ ਹਨ।
ਪੁਲਵਾਮਾ ਹਮਲੇ ਖਿਲਾਫ ਅੱਜ ਜੰਮੂ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਤਰ ਹੋਈ ਭੀੜ ਵਲੋਂ ਕਈ ਥਾਵਾਂ 'ਤੇ ਹਿੰਸਾ ਕਰਨ ਦੀਆਂ ਖ਼ਬਰਾਂ ਹਨ।
ਜੰਮੂ ਵਿਚ ਕਈ ਥਾਂਵਾਂ 'ਤੇ ਕਰਫਿਊ ਲਾ ਦਿੱਤਾ ਗਿਆ ਹੈ ਤੇ ਭਾਰਤੀ ਫੌਜ ਦੇ ਦੋ ਦਸਤਿਆਂ ਵਿਚ ਫਲੈਗ ਮਾਰਚ ਕੀਤਾ ਗਿਆ ਹੈ। ਹੁਣ ਤਕ ਦੇ ਹਾਲਾਤਾਂ ਮੁਤਾਬਿਕ ਹਮਲਾਵਰ ਭੀੜ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਕੋਈ ਸਖਤ ਕਦਮ ਨਹੀਂ ਚੁੱਕ ਰਿਹਾ ਤੇ ਲਾਊਡਸਪੀਕਰਾਂ ਤੋਂ ਵਾਰ-ਵਾਰ ਕਰਫਿਊ ਦਾ ਐਲਾਨ ਕਰਨ ਤੋਂ ਬਾਅਦ ਵੀ ਇਹ ਭੀੜ ਨਹੀਂ ਖਿੰਡੀ।
ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਸੁਰੱਖਿਆ ਬਾਰੇ ਕਮੇਟੀ (ਸੀਸੀਐਸ) ਦੀ ਅਹਿਮ ਬੈਠਕ ਹੋਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਹਮਲੇ ਪਿੱਛੇ ਜੋ ਵੀ ਸੀ ਉਸਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ।
ਭਾਰਤ ਦੇ ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਪਾਕਿਸਤਾਨ ਨੂੰ ਇਸ ਹਮਲੇ ਲਈ ਜਿੰਮੇਵਾਰ ਦਸਦਿਆਂ ਕਿਹਾ ਕਿ ਭਾਰਤ ਸਰਕਾਰ ਉਹ ਹਰ ਕਦਮ ਚੁੱਕੇਗੀ ਜਿਸ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ ਜਾ ਸਕੇ। ਇਸ ਪਾਸੇ ਵੱਲ ਪਹਿਲਾ ਕਦਮ ਪੁੱਟਦਿਆਂ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ "ਮੋਸਟ ਫੇਵਰਡ ਨੇਸ਼ਨ" ਦਾ ਰੁਤਬਾ ਵਾਪਿਸ ਲੈ ਲਿਆ ਹੈ। ਇਹ ਰੁਤਬਾ ਵਪਾਰ ਨਾਲ ਜੁੜਿਆਂ ਹੋਇਆ ਹੈ ਜੋ ਕਿ ਵਿਸ਼ਵ ਵਪਾਰ ਸੰਸਥਾ ਦੀ ਇਕ ਸੰਧੀ ਮੁਤਾਬਿਕ ਇਕ ਦੇਸ਼ ਦੂਜੇ ਦੇਸ਼ ਨੂੰ ਦਿੰਦਾ ਹੈ ਜਿਸ ਨਾਲ ਉਹ ਵਪਾਰ ਕਰਦਾ ਹੈ।
ਇਸ ਤੋਂ ਇਲਾਵਾ ਪੁਲਵਾਮਾ ਹਮਲੇ ਦੀ ਜਿੰਮੇਵਾਰੀ ਲੈਣ ਵਾਲੀ ਜਥੇਬੰਦੀ ਜੈਸ਼-ਏ-ਮੋਹਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਅੱਤਵਾਦੀਆਂ ਵਾਲੀ ਸੂਚੀ ਵਿਚ ਸ਼ਾਮਿਲ ਕਰਨ ਦੀ ਭਾਰਤੀ ਮੰਗ ਦਾ ਸਮਰਥਨ ਕਰਨ ਲਈ ਵਿਸ਼ਵ ਭਾਈਚਾਰੇ ਨੂੰ ਬੇਨਤੀ ਕੀਤੀ ਹੈ।
ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਅਗਲੇ ਦਿਨ ਅੱਜ ਭਾਰਤ ਸਰਕਾਰ ਨੇ ਭਾਰਤ ਵਿਚ ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਾਇਆ।
ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪਾਕਿਸਤਾਨ ਦੇ ਰਾਜਦੂਤ ਸੋਹੇਲ ਮਹਿਮੂਦ ਨੂੰ ਸੰਮਨ ਕਰਕੇ ਸਖਤ ਵਿਰੋਧ ਦਰਜ ਕਰਾਇਆ। ਭਾਰਤ ਦਾ ਕਹਿਣਾ ਹੈ ਕਿ ਹਮਲੇ ਦੀ ਜਿੰਮੇਵਾਰੀ ਲੈਣ ਵਾਲੀ ਜਥੇਬੰਦੀ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਕਰਕੇ ਭਾਰਤ ਖਿਲਾਫ ਹਮਲੇ ਕਰ ਰਹੀ ਹੈ ਤੇ ਭਾਰਤ ਨੇ ਪਾਕਿਸਤਾਨ ਨੂੰ ਜੈਸ਼-ਏ-ਮੋਹਮਦ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਭਾਰਤ ਵਲੋਂ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਦ ਕੀਤਾ ਹੈ ਤੇ ਇਸ ਹਮਲੇ ਨੂੰ ਇਕ ਗੰਭੀਰ ਮਸਲਾ ਦੱਸਿਆ ਹੈ।
Comments (0)