ਸਿੱਖਾਂ ਨਾਲ ਸਮਝੌਤਾ ਕਰਨ ਨੂੰ ਤਿਆਰ ਨਜ਼ਰ ਆ ਰਹੀ ਭਾਰਤ ਸਰਕਾਰ

ਸਿੱਖਾਂ ਨਾਲ ਸਮਝੌਤਾ ਕਰਨ ਨੂੰ ਤਿਆਰ ਨਜ਼ਰ ਆ ਰਹੀ ਭਾਰਤ ਸਰਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਇਤਿਹਾਸਕ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੀ ਸਿੱਖ ਕਿਸਾਨੀ ਨਾਲ ਸਰਕਾਰ ਨੇ ਖੱਬੇਪੱਖੀਆਂ ਤੋਂ ਪਾਸੇ ਹਟ ਕੇ ਕੋਈ ਫੈਂਸਲਾਕੁੰਨ ਸਮਝੌਤਾ ਕਰਨ ਲਈ ਹੱਥ ਵਧਾਇਆ ਹੈ। ਜ਼ਿਕਰਯੋਗ ਹੈ ਕਿ ਸਿੱਖ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਸਿਆਸੀ ਹੱਕਾਂ ਲਈ ਭਾਰਤ ਵਿਚ ਲੜਾਈ ਲੜਦੇ ਆ ਰਹੇ ਹਨ। ਮੋਜੂਦਾ ਸਮੇਂ ਚੱਲ ਰਿਹਾ ਕਿਸਾਨੀ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ ਅਤੇ ਪੰਜਾਬ ਦੀ ਕਿਸਾਨੀ ਮੁਕੰਮਲ ਰੂਪ ਵਿਚ ਲਗਭਗ ਸਿੱਖ ਹੀ ਹੈ। ਪਰ ਸੰਯੁਕਤ ਮੋਰਚੇ ਵਿਚ ਕਈ ਤਰ੍ਹਾਂ ਦੀਆਂ ਸਿਆਸੀ ਵਿਚਾਰਧਾਰਾਵਾਂ ਦੇ ਆਗੂ ਸ਼ਾਮਲ ਹਨ ਅਤੇ ਜਿਸ ਕਰਕੇ ਗੱਲਬਾਤ ਇਕ ਵੱਡੀ ਖੜੌਤ ਦਾ ਸਾਹਮਣਾ ਕਰ ਰਹੀ ਹੈ। ਸਿੱਖ ਕਿਸਾਨੀ ਦੀ ਸਿਆਸੀ ਇੱਛਾ ਸੂਬਿਆਂ ਦੀ ਖੁਦਮੁਖਤਿਆਰੀ ਹੈ ਅਤੇ ਇਸੇ ਨਾਅਰੇ 'ਤੇ ਪੰਜਾਬ ਵਿਚ ਕਿਸਾਨੀ ਸੰਘਰਸ਼ ਦੀ ਵੱਡੀ ਲਾਮਬੰਦੀ ਹੋਈ ਹੈ। ਖੁਦਮੁਖਤਿਆਰੀ ਦੇ ਵਿਰਤਾਂਤ ਪਿੱਛੇ ਸਿੱਖਾਂ ਨੇ 1970 ਤੋਂ ਬਾਅਦ ਲਗਾਤਾਰ ਸਿਆਸੀ ਸੰਘਰਸ਼ ਕੀਤੇ ਹਨ।

ਬੀਤੇ ਕੱਲ੍ਹ ਨਾਨਕਸਰ ਕਲੇਰਾਂ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਬਾਬਾ ਲੱਖਾ ਸਿੰਘ ਨਾਲ ਭਾਰਤ ਦੇ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਇਹ ਚਰਚਾ ਜ਼ੋਰ ਫੜ੍ਹ ਗਈ ਹੈ ਕਿ ਬਾਬਾ ਲੱਖਾ ਸਿੰਘ ਰਾਹੀਂ ਭਾਰਤ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਝੌਤੇ ਦੀ ਕੋਈ ਵੱਡੀ ਤਜਵੀਜ਼ ਦੀ ਪੇਸ਼ਕਸ਼ ਕਰ ਸਕਦੀ ਹੈ। 

ਅਹਿਮ ਗੱਲ ਨਾਲ ਜੁੜਦੀ ਇਹ ਵੀ ਹੈ ਕਿ ਭਾਰਤ ਸਰਕਾਰ ਵੱਲੋਂ ਬੀਤੇ ਕੁੱਝ ਦਿਨਾਂ ਤੋਂ ਸਿੱਖਾਂ ਨੂੰ ਈ-ਮੇਲ ਸੁਨੇਹਿਆਂ ਰਾਹੀਂ ਆਪਣੇ ਸਿੱਖਾਂ ਨਾਲ ਚੰਗੇ ਰਿਸ਼ਤਿਆਂ ਬਾਰੇ ਦੱਸ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਸਿੱਖ ਕਿਸਾਨੀ ਨਾਲ ਟਕਰਾਅ ਤੋਂ ਬਚਣਾ ਚਾਹੁੰਦੀ ਹੈ ਅਤੇ ਸਿੱਖਾਂ ਨਾਲ ਖੱਬੇਪੱਖੀਆਂ ਨੂੰ ਲਾਂਭੇ ਕਰਕੇ ਸਿੱਧੀ ਗੱਲ ਕਰਨਾ ਚਾਹੁੰਦੀ ਹੈ। ਭਾਰਤ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਦੇ ਇਸ ਪਿੱਛੇ ਕੀ ਇਰਾਦੇ ਹਨ ਉਸ ਸਬੰਧੀ ਅਗਲੇ ਦਿਨਾਂ 'ਚ ਵੱਡੀ ਵਿਚਾਰ ਛਿੜਨ ਦੀ ਸੰਭਾਵਨਾ ਬਣ ਗਈ ਹੈ। 

ਕੁੱਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਏ ਪੰਜਾਬ ਭਾਜਪਾ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਸੀ ਕਿ ਕਾਮਰੇਡ ਜਥੇਬੰਦੀਆਂ ਸੰਘਰਸ਼ ਨੂੰ ਕਿਸੇ ਹੱਲ ਤਕ ਨਹੀਂ ਪਹੁੰਚਣ ਦੇਣਾ ਚਾਹੁੰਦੀਆਂ। ਕਿਸਾਨ ਸੰਘਰਸ਼ ਵਿਚ ਭਾਵੇਂ ਕਿ ਸਿੱਖ ਧਿਰਾਂ ਲੰਗਰਾਂ ਅਤੇ ਹੋਰ ਪ੍ਰਬੰਧਾਂ ਦੀਆਂ ਸੇਵਾਵਾਂ ਦੀ ਅਗਵਾਈ ਕਰ ਰਹੀਆਂ ਹਨ ਪਰ ਸਰਕਾਰ ਨਾਲ ਗੱਲਬਾਤ ਵਿਚ ਖੱਬੇਪੱਖੀ ਵਿਚਾਰਧਾਰਾ ਵਾਲੀਆਂ ਧਿਰਾਂ ਮੋਹਰੀ ਰੋਲ 'ਤੇ ਹਨ।