ਸਾਨੀਆ ਤੇ ਅੰਕਿਤਾ ਟੈਨਿਸ ਦੀ ਕਰਨਗੀਆਂ ਅਗਵਾਈ, ਬਿਲੀ ਜੀਨ ਕਿੰਗ ਕੱਪ ਵਿਸ਼ਵ ਗਰੁੱਪ ਪਲੇਆਫ ਦੇ ਮੈਚ ਅਗਲੇ ਮਹੀਨੇ

ਸਾਨੀਆ ਤੇ ਅੰਕਿਤਾ ਟੈਨਿਸ ਦੀ ਕਰਨਗੀਆਂ ਅਗਵਾਈ, ਬਿਲੀ ਜੀਨ ਕਿੰਗ ਕੱਪ ਵਿਸ਼ਵ ਗਰੁੱਪ ਪਲੇਆਫ ਦੇ ਮੈਚ ਅਗਲੇ ਮਹੀਨੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ : ਤਜਰਬੇਕਾਰ ਖਿਡਾਰਨ ਸਾਨੀਆ ਮਿਰਜ਼ਾ ਤੇ ਦੇਸ਼ ਦੀ ਚੋਟੀ ਦੀ ਰੈਂਕਿੰਗ ਵਾਲੀ ਸਿੰਗਲਜ਼ ਟੈਨਿਸ ਖਿਡਾਰਨ ਅੰਕਿਤਾ ਰੈਨਾ ਲਾਤਵੀਆ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੇ ਬਿਲੀ ਜੀਨ ਕਿੰਗ ਕੱਪ ਵਿਸ਼ਵ ਗਰੁੱਪ ਪਲੇਆਫ ਵਿਚ ਭਾਰਤ ਦੀ ਚੁਣੌਤੀ ਦੀ ਅਗਵਾਈ ਕਰਨਗੀਆਂ। ਸਰਬ ਭਾਰਤੀ ਟੈਨਿਸ ਸੰਘ (ਏਆਈਟੀਏ) ਨੇ ਮੰਗਲਵਾਰ ਨੂੰ ਟੂਰਨਾਮੈਂਟ ਲਈ ਪੰਜ ਮੈਂਬਰੀ ਟੀਮ ਦਾ ਐਲਾਨ ਕੀਤਾ। ਟੀਮ 'ਚ ਸਾਨੀਆ ਤੇ ਅੰਕਿਤਾ ਤੋਂ ਇਲਾਵਾ ਕਰਮਨ ਕੌਰ ਥਾਂਡੀ, ਨੌਜਵਾਨ ਜੀਲ ਦੇਸਾਈ ਤੇ ਰੁਤੁਲਾ ਭੋਂਸਲੇ ਨੂੰ ਵੀ ਥਾਂ ਮਿਲੀ ਹੈ। ਪਿਛਲੇ ਸਾਲ ਟੀਮ ਦੀ ਮੈਂਬਰ ਰਹੀ ਰੀਆ ਭਾਟੀਆ ਟੀਮ ਵਿਚ ਰਿਜ਼ਰਵ ਖਿਡਾਰਨ ਹੋਵੇਗੀ। ਟੀਮ ਦੀ ਕਪਤਾਨੀ ਵਿਸ਼ਾਲ ਉੱਪਲ ਨੂੰ ਸੌਂਪੀ ਗਈ ਹੈ। ਇਹ ਦੋ ਦਿਨਾ ਮੁਕਾਬਲਾ 16 ਅਪ੍ਰਰੈਲ ਤੋਂ ਜੁਰਮਾਲਾ ਦੇ ਲਾਇਲੁਪੇ ਦੇ ਰਾਸ਼ਟਰੀ ਟੈਨਿਸ ਕੇਂਦਰ ਦੇ ਇੰਡੋਰ ਹਾਰਡ ਕੋਰਟ 'ਤੇ ਖੇਡਿਆ ਜਾਵੇਗਾ। ਮਰਦਾਂ ਦੇ ਡੇਵਿਸ ਕੱਪ ਵਿਚ ਦੋ ਸਿੰਗਲਜ਼ ਮੁਕਾਬਲਿਆਂ ਤੋਂ ਬਾਅਦ ਡਬਲਜ਼ ਤੇ ਫਿਰ ਦੋ ਰਿਵਰਸ ਸਿੰਗਲਜ਼ ਖੇਡੇ ਜਾਂਦੇ ਹਨ ਜਦਕਿ ਬਿਲੀ ਜੀਨ ਕੱਪ ਫਾਰਮੈਟ ਵਿਚ ਡਬਲਜ਼ ਸਭ ਤੋਂ ਆਖ਼ਰ ਵਿਚ ਖੇਡਿਆ ਜਾਵੇਗਾ। ਇਸ ਕਾਰਨ ਸਾਨੀਆ ਦਾ ਤਜਰਬਾ ਤਦ ਕੰਮ ਆਵੇਗਾ ਜਦ ਹੋਰ ਭਾਰਤੀ ਖਿਡਾਰੀ ਮੁਕਾਬਲੇ ਨੂੰ ਆਖ਼ਰੀ ਮੈਚ ਤਕ ਲੈ ਕੇ ਜਾਣਗੇ। ਭਾਰਤ ਲਈ ਇਹ ਮੁਕਾਬਲਾ ਕਾਫੀ ਸਖ਼ਤ ਹੋਵੇਗਾ ਕਿਉਂਕਿ ਉਮੀਦ ਹੈ ਕਿ ਲਾਤਵੀਆ ਦੀ ਚੁਣੌਤੀ ਦੀ ਅਗਵਾਈ ਸਾਬਕਾ ਫਰੈਂਚ ਓਪਨ ਚੈਂਪੀਅਨ ਤੇ ਦੁਨੀਆ ਦੀ 53ਵੇਂ ਨੰਬਰ ਦੀ ਖਿਡਾਰਨ ਯੇਲੇਨਾ ਓਸਤਾਪੇਂਕੋ ਕਰੇਗੀ ਜਦਕਿ ਅਮਰੀਕੀ ਓਪਨ 2018 ਦੇ ਸੈਮੀਫਾਈਨਲ ਵਿਚ ਪੁੱਜੀ ਦੁਨੀਆ ਦੀ 56ਵੇਂ ਨੰਬਰ ਦੀ ਅਨਾਸਤਾਸੀਆ ਸੇਵਾਸਤੋਵਾ ਉਨ੍ਹਾਂ ਦਾ ਸਾਥ ਦੇਵੇਗੀ। ਫਰਵਰੀ 2018 ਵਿਚ ਸੇਵਾਸਤੋਵਾ ਦੀ ਵਿਸ਼ਵ ਰੈਂਕਿੰਗ 11 ਸੀ। ਵਿਸ਼ਵ ਗਰੁੱਪ ਪਲੇਆਫ ਨੂੰ ਇਸ ਤੋਂ ਪਹਿਲਾਂ ਫੈਡ ਕੱਪ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਟੂਰਨਾਮੈਂਟ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੋ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ।