ਤੇਜੀ ਨਾਲ ਪਿਘਲ ਰਹੇ ਹਿਮਾਲਿਆ ਦੇ ਗਲੇਸ਼ੀਅਰਾਂ ਕਰਕੇ ਕਰੋੜਾਂ ਲੋਕਾਂ 'ਤੇ ਲਟਕਦਾ ਜਲ ਸੰਕਟ

ਤੇਜੀ ਨਾਲ ਪਿਘਲ ਰਹੇ ਹਿਮਾਲਿਆ ਦੇ ਗਲੇਸ਼ੀਅਰਾਂ ਕਰਕੇ ਕਰੋੜਾਂ ਲੋਕਾਂ 'ਤੇ ਲਟਕਦਾ ਜਲ ਸੰਕਟ

ਰਿਪਨਜੋਤ ਕੋਰ ਸੋਨੀ ਬੱਗਾ
ਧਰਤੀ ਉੱਤੇ ਲੱਖਾਂ ਸਾਲ ਪੁਰਾਣੇ ਗਲੇਸ਼ੀਅਰ ਪਿਘਲ ਕੇ ਧਰਤੀ ਉੱਤੇ ਵਹਿਣ ਵਾਲੇ ਦਰਿਆਵਾਂ ਲਈ ਪਾਣੀ ਦਾ ਪ੍ਰਬੰਧ ਕਰਦੇ ਹਨ। ਇਹ ਪਾਣੀ ਕਰੋੜਾਂ-ਅਰਬਾਂ ਜ਼ਿੰਦਾਂ ਦੇ ਜੀਊਣ ਲਈ ਜ਼ਰੂਰੀ ਹੁੰਦਾ ਹੈ ,ਭਾਵੇਂ ਇਹ ਜੀਵਨ ਮਨੁੱਖ ਦੇ ਰੂਪ ਵਿੱਚ ਹੋਵੇ ਜਾਂ ਜਾਨਵਰਾਂ ਦੇ ਰੂਪ ਵਿੱਚ ਅਤੇ ਜਾਂ ਰੁੱਖਾਂ ਪੌਦਿਆਂ ਦੇ ਰੂਪ ਵਿੱਚ। ਅੱਜ ‌ਅਸੀਂ ਆਰਕਟਿਕ ਅਤੇ ਐਨਟਾਰਟਿਕ ਨੂੰ ਛੱਡ ਕੇ , ਦੁਨੀਆਂ ਉਪਰ ਤੀਜੇ ਵੱਡੇ ਬਰਫ਼ ਅਤੇ ਪਾਣੀ ਦੇ ਸਰੋਤ ਹਿਮਾਲਿਆ ਪਰਬਤ ਲੜੀ ਅਤੇ ਤਿੱਬਤ ਦੀ ਪਠਾਰ ਦੀ ਕੁਝ ਵਿਸਤਾਰ ਵਿਚ ਗੱਲ ਕਰਾਂਗੇ। ਅੱਜ ਤੋਂ ਕੁਝ 22.5 ਕਰੋੜ ਸਾਲ ਪਹਿਲਾਂ ਭਾਰਤ ਇਕ ਵਿਸ਼ਾਲ ਪੈਨਗਿਆ ਨਾਮ ਦਾ ਮਹਾਂਦੀਪ ਸੀ ਜੋ ਕਿ ਆਸਟ੍ਰੇਲੀਆ ਦੇ ਤੱਟ ਨੇੜੇ ਸੀ। ਇਉਰੇਸੀ਼ਆ, (ਅੱਜ ਕੱਲ ਦਾ ਏਸ਼ੀਆ) ਅਤੇ ਪੈਨਗਿਆ ਵਿੱਚ Tethys, ਟੀਥਸ ਨਾਮ ਦਾ ਸਮੁੰਦਰ ਸੀ। 20 ਕਰੋੜ ਸਾਲ ਪਹਿਲਾਂ ਇਹ ਆਸਟ੍ਰੇਲੀਆ ਦੇ ਤੱਟ ਤੋਂ ਉੱਤਰ ਵੱਲ ਨੂੰ ਏਸ਼ੀਆ ਵੱਲ ਨੂੰ ਸਰਕਣਾ ਸ਼ੁਰੂ ਹੋ ਗਿਆ। ਲਗਭਗ ਅੱਠ 8 ਕਰੋੜ ਸਾਲ ਪਹਿਲਾਂ ਤੱਕ ਪੈਨਗਿਆ ਜਿਸ ਨੂੰ ਕਿ ਇੰਡੀਅਨ ਪਲੇਟ ਵੀ ਕਹਿੰਦੇ ਹਨ, ਇਊਰੇਸੀਆ ਦੇ ਦੱਖਣੀ ਹਿੱਸੇ ਤੋਂ ਸਿਰਫ਼ 6400 ਕਿਲੋਮੀਟਰ ਰਹਿ ਗਿਆ ਸੀ। ਪਰ ਹਾਲੇ ਵੀ ਹਰ ਸਾਲ 9 ਤੋਂ 16 ਸੈਂਟੀਮੀਟਰ ਏਸ਼ੀਆ ਵਾਲੇ ਪਾਸੇ ਸਰਕ ਰਿਹਾ ਸੀ। ਲਗਭਗ 5 (ਪੰਜ) ਕਰੋੜ ਸਾਲ ਪਹਿਲਾਂ ਦੋਂਨੋ ਪਲੇਟਾਂ ਆਪਸ ਵਿਚ ਟਕਰਾਈਆਂ ਅਤੇ ਹਿਮਾਲਿਆ ਦਾ ਜਨਮ ਹੋਇਆ। ਹਿਮਾਲਿਆ ਅੱਜ ਕੱਲ ਵੀ ਇਕ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਚਾ ਉਠ ਰਿਹਾ ਹੈ। ਹੁਣ ਜਦੋਂ ਵੀ ਇਹ ਦੋਨੋਂ ਪਲੇਟਾਂ ਸਰਕਦੀਆਂ ਹਨ ਤਾਂ ਧਰਤੀ ਤੇ ਇਸ ਹਿੱਸੇ ਵਿੱਚ ਭੂਚਾਲ ਆਉਂਦੇ ਹਨ ਕੇਂਦਰ-ਬਿੰਦੂ ਹਮੇਸ਼ਾ ਹਿਮਾਲਿਆ ਹੀ ਹੁੰਦਾ ਹੈ। ਇਹ ਸੀ ਹਿਮਾਲਿਆ ਅਤੇ ਤਿਬੱਤ ਦੀ ਪਠਾਰ ਦੇ ਬਨਣ ਦੀ ਸੰਖੇਪ ਕਹਾਣੀ। ਧਰਤੀ ਉੱਪਰ ਜਿੰਨੇ ਵੀ ਪਰਬਤ ਹਨ ਸਭ ਤੋਂ ਛੋਟੀ ਉਮਰ ਹਿਮਾਲਿਆ ਪਰਬਤ ਲੜੀ ਦੀ ਹੈ। ਹਿਮਾਲਿਆ ਦਾ ਧਰਤੀ ਉੱਤੇ ਜੀਵਨ ਦੀ ਉਤਪਤੀ ਅਤੇ ਵਿਕਾਸ ਵਿੱਚ ਖਾਸ ਯੋਗਦਾਨ ਹੈ।

The international centre for integrated mountain development (ICIMOD) ਨੇ ਸੰਨ 2019. ਵਿੱਚ ਹਿੰਦੂਕੁਸ਼ ਅਤੇ ਹਿਮਾਲਿਆ ਉੱਤੇ ਸਰਵੇਖਣ ਤੇ ਰਿਪੋਰਟ ਤਿਆਰ ਕੀਤੀ ਹੈ ਜਿਸ ਤੇ ਹੇਠ ਲਿਖੇ ਮੁੱਖ ਪੱਖ ਹਨ। ਹਿੰਦੂਕੁਸ਼ ਹਿਮਾਲਿਆ ਪਰਬਤ ਲੜੀ ਲਗਭਗ 3500 km ਲੰਬੀ ਹੈ ਅਤੇ ਇਹ 8 ਦੇਸ਼ਾਂ ਵਿਚ ਫੈਲੀ ਹੋਈ ਹੈ। ਹਿੰਦੂਕੁਸ਼ ਹਿਮਾਲਿਆ ਪਾਣੀ ਰਾਹੀ 200 ਕਰੋੜ ਲੋਕਾਂ ਲਈ ਜੀਵਨ ਦਾਨ ਹੈ। ਅਫਗਾਨਿਸਤਾਨ ਤੋਂ ਲੈ ਕੇ ਬਰਮਾ ਜਾਂ ਮਿਆਂਮਾਰ ਤੱਕ। ਇਸ ਪਰਬਤ ਲੜੀ ਵਿਚੋਂ ਏਸ਼ੀਆ ਦੇ 10 ਵੱਡੇ ਦਰਿਆ ਨਿਕਲਦੇ ਹਨ ਜਿਨ੍ਹਾਂ ਦੇ ਨਾਮ ਇਸ ਤਰਾਂ ਹਨ: ਅਮੂ ਦਰਿਆ (Amu Darya), ਸਿੰਧ ਦਰਿਆ (Indus), ਗੰਗਾ (Ganges), ਬ੍ਰਹਮਪੁੱਤਰਾ (Brahmaputra), ਇਰਾਵਾੜੀ (Irrawaddy), ਸਾਲਵੀਨ (Salween) ਜਾਂ ਨੂਹ (Nu), ਮੀਕਾਂਗ (Mekong), ਯੈਂਗਟਜੀ (Yangtze), ਯੈਲੋ ਰੀਵਰ (Yellow River), ਤਾਰੀਮ (Tarim)। ਇਹ ਸਾਰੇ ਦਰਿਆ ਦੁਨੀਆ ਤੇ ਆਬਾਦੀ ਦੇ ਪੰਜਵੇਂ ਹਿੱਸੇ ਨੂੰ ਜੀਵਨ ਦਾਨ ਪਾਣੀ ਦੇ ਰੂਪ ਵਿੱਚ ਦਿੰਦੇ ਹਨ।ਇਹ ਪਾਣੀ ਪੀਣ ਦੇ ਕੰਮ ਆਉਂਦਾ ਬਿਜਲੀ ਬਣਾਉਣ ,ਸਿੰਚਾਈ ਕਰਨ ਦੇ ਕੰਮ ਆਉਂਦਾ ਹੈ। ਧਰਤੀ ਦੇ ਤਾਪਮਾਨ ਵਿੱਚ 1.5 ਤੋਂ 1.8 ਡਿਗਰੀ ਸੈਂਟੀਗ੍ਰੇਡ ਵਾਧਾ ਹੋ ਗਿਆ ਹੈ ਜਿਸ ਕਾਰਨ ਲੱਖਾਂ ਟਨ ਬਰਫ ਪਿਘਲ ਚੁੱਕੀ ਹੈ। ਇਹੀ ਹਾਲ ਤਿੱਬਤ ਚੋਂ ਨਿਕਲਦੇ ਦਰਿਆਵਾਂ ਦਾ ਹੈ।


ਇੱਥੇ ਸਾਨੂੰ ਸਿੰਧ ਦਰਿਆ ਬਾਰੇ ਥੋੜਾ ਜਾਣਨਾ ਪਵੇਗਾ। ਸਿੰਧ ਦਰਿਆ ਜੋ ਕਿ ਇਹ ਏਸ਼ੀਆ ਦਾ ਸਭ ਤੋਂ ਲੰਬਾ(3180 km,) ਦਰਿਆ ਹੈ ਉਸ ਵਿੱਚ ਸਾਰਾ ਸਾਲ ਪਾਣੀ ਉੱਚੇ ਪਹਾੜਾਂ ਵਿਚ ਸਥਿਤ ਗਲੇਸ਼ੀਅਰਾਂ ਦੇ ਪਿਘਲਣ ਨਾਲ ਹੀ ਵਹਿੰਦਾ ਹੈ। ਦਰਿਆਵਾਂ ਰਾਹੀਂ ਸਮੁੰਦਰਾਂ ਵਿਚ 90 ਪ੍ਰਤੀਸ਼ਤ ਪਲਾਸਟਿਕ ਪਹੁੰਚਾਉਣ ਵਾਲੇ ਦੁਨੀਆ ਦੇ 10 ਦਰਿਆਵਾਂ ਵਿਚੋਂ ਸਿੰਧ ਦਰਿਆ ਦਾ ਦੂਜਾ ਨਾਮ ਹੈ, ਪਹਿਲੇ ਨੰਬਰ ਤੇ ਚੀਨ ਦਾ ਦਰਿਆ ਯੈਂਗਟਜੀ ਹੈ।

ਉੱਤਰੀ ਧਰੁਵ ਅਤੇ ਦੱਖਣੀ ਧਰੁਵ ਵਿੱਚ ਬਰਫ਼ ਦੇ ਵੱਡੇ-ਵੱਡੇ, ਤੋਦੇ ਮਿਲਕੇ ਗਲੇਸ਼ੀਅਰ ਬਣਾਉਂਦੇ ਹਨ। ਤਿੱਬਤ ਦੇ ਪਠਾਰ (Tibetan plateau) ਵਿਚ ਤਿੱਬਤ ਲੱਦਾਖ,ਲਾਹੋਲ ਸਪੀਤੀ, ਪੱਛਮੀ ਚੀਨ ਦੇ ਕੁਝ ਸ਼ਹਿਰ, ਪਾਕਿਸਤਾਨ ਦਾ ਗਿਲਗਿਟ, ਬਾਲਟੀਸਤਾਨ ਅਤੇ ਭੁਟਾਨ, ਉਤਰੀ ਨੇਪਾਲ, ਤਜਾਕਿਸਤਾਨ ਅਤੇ ਕਿਰਗਿਸਤਾਨ ਦਾ ਕੁਝ ਹਿੱਸਾ ਆਉਂਦੇ ਹਨ। ਤਿੱਬਤ ਦੀ ਪਠਾਰ ਦੇ ਉੱਚੇ ਪਹਾੜਾਂ ਵਿਚ ਆਰਕਟਿੱਕ ਅਤੇ ਐਂਨਟਾਰਟਿੱਕ ਤੋਂ ਬਾਅਦ ਸਭ ਤੋਂ ਜ਼ਿਆਦਾ ਬਰਫ਼ ਪਾਈ ਜਾਂਦੀ ਹੈ।ਏਸ਼ੀਆ ਦਾ ਸਭ ਤੋਂ ਲੰਮਾ ਦਰਿਆ ਸਿੰਧ ਤਿੱਬਤ,(ਚੀਨ) ਦੀ ਝੀਲ ਮਾਨਸਰੋਵਰ ਤੋਂ ਸ਼ੁਰੂ ਹੋ ਕੇ ਭਾਰਤ ਦੇ ਲੱਦਾਖ ਇਲਾਕੇ ਵਿੱਚੋਂ ਦੀ ਲੰਘਦਾ ਹੋਇਆ ਗਿਲਗਿਤ, ਬਾਲਤੀਸਤਾਂ ਤੋਂ ਦੱਖਣੀ ਪਾਸੇ ਵੱਲ ਸਾਰੇ ਪਾਕਿਸਤਾਨ ਚੋਂ ਲੰਘਦਾ ਹੋਇਆ ਕਰਾਚੀ ਦੇ ਸਿੰਧ ਪ੍ਰਾਂਤ ਵਿਚੋਂ ਦੀ ਹੁੰਦਾ ਹੋਇਆ ,ਅਰੇਬੀਅਨ ਸਮੁੰਦਰ ਵਿੱਚ ਸਮਾ ਜਾਂਦਾ ਹੈ। ਸਿੰਧ ਦਰਿਆ ਲਗਭਗ,1,165,000 sq km . ਇਲਾਕੇ ਨੂੰ ਸਿੰਜਦਾ ਹੈ ਅਤੇ ਇਸ ਦਾ ਸਲਾਨਾ ਵਹਾਅ 58 cu.mi.ਹੈ। ਲੱਦਾਖ ਵਿੱਚ ਇਸ ਦਾ ਨਾਮ Zhanskar ਘਾਟੀ ਦੇ ਨਾਮ ਤੇ ਹੈ। ਸਿੰਧੂ ਦਰਿਆ ਦੀ ਖੱਬੇ ਕੰਢੇ ਸਹਾਇਕ ਨਦੀ left bank tributary ਜੋ ਕਿ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਚਲੀ ਜਾਂਦੀ ਹੈ ਨੂੰ ਪੰਜਨਾਦ ਕਹਿੰਦੇ ਹਨ। ਸਿੰਧੂ ਨਦੀ ਦਾ ਖੱਬੇ ਪਾਸੇ ਦਾ ਵਹਾਅ ਜਿਸ ਨੂੰ ਕਿ ਪੰਜ ਨਾਦ ਕਹਿੰਦੇ ਹਨ ਅੱਗੋਂ ਪੰਜ ਹਿੱਸਿਆਂ ਵਿਚ ਵੰਡਿਆ ਹੈ , ਸਤਲੁਜ, ਰਾਵੀ, ਚਨਾਬ ,ਜੇਹਲਮ ਤੇ ਬਿਆਸ। ਸਿੰਧ ਦਰਿਆ ਦਾ ਸੱਜੇ ਪਾਸੇ ਦਾ ਕੰਡਾ ਅੱਗੋਂ ਫੇਰ ਪੰਜ ਨਦੀਆਂ ਵਿੱਚ ਵੰਡਿਆ ਜਾਂਦਾ ਹੈ, ਗਿਲਗਿਟ , ਕਾਬੁਲ,ਕੁਰਰਮ, ਗੋਮਲ,ਸ਼ਇਓਕ। ਸਿੰਧ ਦਰਿਆ ਸ਼ੁਰੂਆਤ ਵਿਚ ਪਹਾੜੀ ਚਸ਼ਮੇ ਵਾਂਗ ਨਿਕਲਦਾ ਹੈ ਉਸ ਤੋਂ ਬਾਅਦ ਵੱਡੇ-ਵੱਡੇ ਗਲੇਸ਼ੀਅਰਾਂ ਤੇ ਹੋਰ ਛੋਟੀਆਂ ਛੋਟੀਆਂ ਨਦੀਆਂ ਜ਼ੋ ਕਿ ਹਿਮਾਲਿਆ ਦੇ ਉੱਚੇ ਪਹਾੜਾਂ ਜਿਵੇਂ ਕਿ ਕਰਾਕੋਰਮ, ਹਿੰਦੂਕੁਸ਼,ਆਦਿ ਚੋਂ ਨਿਕਲਦੀਆ ਕੂਲਾਂ ਤੇ ਨਦੀਆਂ ਇਸ ਵਿੱਚ ਮਿਲਦੀਆ ਜਾਂਦੀਆਂ ਹਨ ਅਤੇ ਇਹ ਮੈਦਾਨਾਂ ਵਿੱਚ ਪਹੁੰਚਦਿਆਂ ਪਹੁੰਚਦਿਆਂ ਇਕ ਵਿਸ਼ਾਲ ਰੂਪ ਧਾਰ ਲੈਂਦਾ ਹੈ। ਇਹ ਦਰਿਆ ਆਪਣੇ ਵਹਾਓਣ ਵਿਚ ਆਉਂਦੇ temperate ਜੰਗਲ, ਮੈਦਾਨੀ ਅਤੇ ਵੀਰਾਨ ਇਲਾਕੇ , ਦੇ ਜਲਵਾਯੂ ਪੌਣ-ਪਾਣੀ ,ਪੰਛੀਆਂ ,ਜਾਨਵਰਾਂ ਤੇ ਇਨਸਾਨਾਂ ਦੀ ਜੀਵਨ ਸ਼ੈਲੀ ਉਤੇ ਬਹੁਤ ਪ੍ਰਭਾਵ ਪਾਉਂਦਾ ਹੈ।

ਸਿੰਧੂ ਘਾਟੀ ਦੇ ਉੱਤਰ ਵਿੱਚ ਪੰਜਾਬ ਆਉਂਦਾ ਹੈ ।ਜਿੱਥੇ ਸਿੰਧ ਦਰਿਆ ਸਮੁੰਦਰ ਵਿੱਚ ਡੈਲਟਾ ਬਣਾ ਕੇ ਮਿਲਦਾ ਹੈ ਉਸ ਇਲਾਕੇ ਨੂੰ ਸਿੰਧ ਕਹਿੰਦੇ ਹਨ। ਇਤਿਹਾਸਕ ਤੌਰ ਤੇ ਇਸ ਦਰਿਆ ਦਾ ਇਸ ਇਲਾਕੇ ਦੀਆਂ ਸੱਭਿਆਤਾਵਾਂ ਉਤੇ ਬਹੁਤ ਅਸਰ ਰਿਹਾ ਹੈ। ਦੁਨੀਆਂ ਵਿਚ ਹਮੇਸ਼ਾ ਵੱਖ ਵੱਖ ਸਭਿਆਤਾਂਵਾ ਜਲ ਸਰੋਤਾਂ ਦੇ ਆਲੇ-ਦੁਆਲੇ ਹੀ ਪਨਪੀਆਂ ਹਨ ਤੇ ਵਧੀਆਂ ਫੁੱਲੀਆਂ ਹਨ।

ਆਓ ਹੁਣ National Geography ਵੱਲੋਂ ਜੁਲਾਈ 2019 ਤੱਕ ਕੀਤੇ ਸਰਵੇਖਣ ਤੋਂ ਬਾਅਦ ਬਣਾਈ ਰਿਪੋਰਟ ਵਲ ਝਾਤ ਮਾਰੀਏ।National Geographic ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸੂਤਰਾਂ ਵੱਲੋਂ ਸਰਵੇਖਣ ਕਰਕੇ ਤਿਆਰ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿਮਾਲਿਆ ਦੇ ਪਰਬਤਾਂ ਦੇ ਗਲੇਸ਼ੀਅਰ 2000 ਤੋਂ 2016 ਦੌਰਾਨ ਸੈਂਕੜੇ ਕਰੋੜਾਂ ਟਨ ਬਰਫ਼ ਗੁਆ ਚੁੱਕੇ ਹਨ ,ਕਾਰਨ ਹੈ ਧਰਤੀ ਦੇ ਤਾਪਮਾਨ ਵਿੱਚ ਵਾਧਾ, ਜਿਸ ਦਾ ਪੂਰਾ ਦਾ ਪੂਰਾ ਜ਼ਿੰਮੇਵਾਰ ਮਨੁੱਖ ਆਪ ਹੈ 1975 ਤੋਂ 2000 ਦੇ ਸਮੇਂ ਦੌਰਾਨ ਇਸ ਤੋਂ ਅੱਧੀ ਬਰਫ ਪਿਘਲੀ ਸੀ। ਧਰਤੀ ਤੇ ਤਾਪਮਾਨ ਵਿੱਚ 1.8 ਡਿਗਰੀ ਦਾ ਵਾਧਾ ਹੋਇਆ ਹੈ। ਜਿਸ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ।ਡੰਕਨ ਕੁੰਏਸੀ ਗਲੇਸ਼ੀਅਰਾਂ ਦੇ ਮਾਹਰ ਨੇ ਨੇਪਾਲ ਦੇ ਖੂੰਬੁ ਗਲੇਸ਼ੀਅਰ ਵਿੱਚ ਡਰੀਲਿੰਗ ਕਰਕੇ ਬਰਫ ਦਾ ਅੰਦਰੂਨੀ ਤਾਪਮਾਨ ਪਤਾ ਕੀਤਾ ਹੈ ਅਤੇ ਇਹ ਡਾਟਾ ਇਕੱਠਾ ਕੀਤਾ ਹੈ ਕਿ ਬਹੁਤ ਸਾਰੇ ਗਲੇਸ਼ੀਅਰ ਅੰਦਰੋਂ ਖੁਰ ਜਾਣਗੇ ਆਉਂਦੇ ਸਮੇਂ ਵਿੱਚ। ਪਿਛਲੇ 5 ਸਾਲਾਂ ਤੋਂ 200 ਤੋਂ ਵੱਧ ਖੋਜਕਾਰਾਂ ਨੇ ਹਿਮਾਲਿਆ ਦੇ‌ ਗਲੇਸ਼ੀਅਰਾਂ ‌ਬਾਰੇ ਇਹ ਤੱਥ‌ ਕੱਢਿਆ ਹੈ‌ ਕਿ ਇੱਕੀਵੀਂ ਸਦੀ 2100 ਵਿਚ 66 ਪ੍ਰਤੀਸ਼ਤ ਬਰਫ ਖੁਰ ਜਾਏਗੀ ਜੇਕਰ ਅਸੀਂ ਧਰਤੀ ਤੋਂ fossil fuel emissions ਨਾ ਰੋਕੀਆਂ। ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਸਿੰਧ ਦਰਿਆ ਵਿੱਚ 2050 ਤੱਕ ਬਹੁਤ ਜ਼ਿਆਦਾ ਪਾਣੀ ਹੋਏਗਾ ਉਸ ਤੋਂ ਬਾਅਦ ਪਹਾੜਾਂ ਚੋਂ ਪਾਣੀ ਆਉਣਾ ਘੱਟ ਜਾਏਗਾ। ਗਲੋਬਲ ਵਾਰਮਿੰਗ ਕਾਰਨ ਬਰਫ਼ ਦੇ ਗਲੇਸ਼ੀਅਰ ਸੁੱਕੀਆਂ ਰੜੀਆਂ ਚਟਾਨਾਂ ਬਣ ਜਾਣਗੇ ਆਉਂਦੇ ਸਮੇਂ ਵਿੱਚ।ਏਸ਼ੀਆ ਵਿਚ ਫੈਲੇ ਵੱਡੇ ਵੱਡੇ ਦਰਿਆਵਾਂ ਵਿੱਚ ਪਾਣੀ ਇਹਨਾਂ ਗਲੇਸ਼ੀਅਰਾਂ ਤੋਂ ਹੀ ਆਉਂਦਾ ਹੈ। ਇਹਨਾਂ ਦਰਿਆਵਾਂ ਵਿੱਚ ਹੜਾਂ ਦਾ ਕਾਰਨ ਵੀ ਪਹਾੜਾਂ ਤੋਂ ਜ਼ਿਆਦਾ ਪਾਣੀ ਦਾ ਵਹਾਅ ਦਾ ਆਉਣਾ ਹੈ। ਸਭ ਤੋਂ ਜਿਆਦਾ ਖਤਰਨਾਕ ਹੁੰਦਾ ਹੈ glacial lake outburst flood ,ਜਿਸ ਵਿਚ ਇਕ ਵੱਡੀ ਸਾਰੀ ਵੱਡੀ ਚੱਟਾਨ ਦੇ ਪਿੱਛੇ ਗਲੇਸ਼ੀਅਰ ਦਾ ਪਾਣੀ ਤੇ ਬਰਫ ਦੇ ਵੱਡੇ ਵੱਡੇ ਤੋਦੇ ਇਕੱਠੇ ਹੋ ਜਾਂਦੇ ਹਨ ਤੇ ਇਕ ਦਮ ਧਮਾਕੇ ਨਾਲ ਆਵਾਜ਼ ਪੈਦਾ ਕਰਦੇ ਪਾਣੀ ਨਾਲ ਹੇਠਾਂ ਨੂੰ ਵਹਿੰਦੇ ਹੋਏ ਸਾਰਾ ਕੁਝ ਮਿੱਟੀ ਪੱਥਰ ਚੱਟਾਨਾਂ ਜੋ ਵੀ ਰਾਹ ਵਿਚ ਆਏ ਰੋੜ੍ਹ ਕੇ ਲੈ ਜਾਂਦੇ ਹਨ। ਕਈ ਵਾਰ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਜਾਂਦੇ ਹਨ। ਵੱਡੀਆਂ-ਵੱਡੀਆਂ ਪਾਣੀ ਦੀਆਂ ਝੀਲਾਂ ਬਣ ਜਾਂਦੀਆਂ ਹਨ ਜੋ ਕਿ ਬਹੁਤ ਖ਼ਤਰਨਾਕ ਹੁੰਦੀਆਂ ਹਨ। 2018 ਵਿੱਚ ਇਸ਼ਕੁਮਾਨ ਘਾਟੀ ਵਿਚੇ ਅਜਿਹੀ ਨਕਲੀ ਝੀਲ ਬਣ ਗਈ ਸੀ ਜਿਸਨੇ ਕਿ ਕਈ ਪਿੰਡ ਡੋਬ ਦਿੱਤੇ ਸਨ।ਗਲੇਸ਼ੀਅਰ ਹੜ੍ਹਾਂ ਦੇ ਦੌਰਾਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।ਪਿਛਲੇ ਕਾਫੀ ਸਾਲਾਂ ਤੋਂ ਮੌਸਮ ਵਿਚ ਵੀ ਬਹੁਤ ਬਦਲਾਅ ਹੋ ਰਿਹਾ ਹੈ, ਬੇਮੌਸਮੀ ਬਾਰਿਸ਼ ਇਸ ਦਾ ਸਿੱਟਾ ਹੈ। ਇਸ ਕਾਰਨ ਫਸਲੀ ਚੱਕਰ ਵਿੱਚ ਵੀ ਵਿਘਨ ਪੈ ਸਕਦਾ ਹੈ।ਕਿਉਂਕਿ ਹਰ ਫ਼ਸਲ ਨੂੰ ਪੱਕਣ ਲਈ ਕੁਝ ਖਾਸ ਦਿਨ ਗਰਮੀ ਦੇ ਜਾਂ ਕੁਝ ਖਾਸ ਸਮਾਂ ਠੰਡ ਦਾ ਚਾਹੀਦਾ ਹੁੰਦਾ ਹੈ, ਪਿਛਲੇ ਲੱਖਾਂ ਸਾਲਾਂ ਤੋਂ ਇੰਝ ਚਲਦਾ ਆਇਆ ਹੈ। ਸਾਇੰਸਦਾਨਾਂ ਅਨੁਸਾਰ ਹਵਾ ਵਿੱਚ ਕੁਝ ਖਾਸ ਨਮੀ ਸਾਲ ਦੇ ਅਲੱਗ-ਅਲੱਗ ਸਮੇਂ ਦੌਰਾਨ ਮੌਸਮ ਵਿੱਚ ਹੋਣੀ ਚਾਹੀਦੀ ਹੈ , ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹੈ, ਇਸ ਵਿੱਚ ਬਦਲਾਅ ਆਇਆ ਹੈ ਜੋ ਕਿ ਗਲੇਸ਼ੀਅਰਾਂ ਦੇ ਪਿਘਲਣ ਨਾਲ ਅਤੇ ਧਰਤੀ ਦੇ ਤਾਪਮਾਨ ਦੇ ਵਧਣ ਨਾਲ ਹੋਇਆ ਮੰਨਿਆ ਜਾਂਦਾ ਹੈ। ਗਲੇਸ਼ੀਅਰਾਂ ਦੇ ਪਿਘਲਣ ਕਰਕੇ ਸਾਰੀ ਦੁਨੀਆਂ ਦੀਆਂ ਮੁੱਖ ਨਦੀਆਂ ਅਤੇ ਸਹਾਇਕ ਨਦੀਆਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਹੈ।ਧਰਤੀ ਦੇ ਤਾਪਮਾਨ ਵਧਣ ਕਰਕੇ ਅਤੇ ਗਲੇਸ਼ੀਅਰਾਂ ਦੀ ਹਜ਼ਾਰਾਂ ਲੱਖਾਂ ਸਾਲ ਪੁਰਾਣੀ ਬਰਫ਼ ਪਿਘਲਣ ਕਰਕੇ ‌ਸਮੁੰਦਰਾਂ ਵਿਚ ਪਾਣੀ ਦਾ ਲੈਵਲ ਵਧ ਜਾਵੇਗਾ ਜਿਸ ਨਾਲ ਛੋਟੇ-ਛੋਟੇ ਟਾਪੂ ਡੁੱਬ ਜਾਣਗੇ,ਤਟੀ ਇਲਾਕਿਆ ਵਿਚ ਵੱਡੇ ਵੱਡੇ ਸਮੁੰਦਰੀ ਤੂਫਾਨ ਆਉਣਗੇ, ਜੋ ਕਿ ਅੱਜ ਕੱਲ ਆ ਰਹੇ ਹਨ,। ਸੰਨ 2005 ਵਿੱਚ ਵੀ ਭਾਰਤ ਵਿੱਚ ਸੁਨਾਮੀ ਆਈ ਸੀ ।ਸ਼ੁਰੂ-ਸ਼ੁਰੂ ਵਿੱਚ ਹੜ ਆਉਣਗੇ ਪਰ ਬਾਅਦ ਵਿੱਚ ਜਦੋਂ ਗਲੇਸ਼ੀਅਰ ਖਤਮ ਹੋ ਜਾਣਗੇ ਤਾਂ ਦਰਿਆਵਾਂ ਵਿੱਚ ਪਾਣੀ ਨਹੀਂ ਹੋਏਗਾ ਅਤੇ ਸੋਕਾ ਪਵੇਗਾ , ਪਾਣੀ ਕਾਰਨ ਦੇਸ਼ਾਂ ਅਤੇ ਲੋਕਾਂ ਵਿਚਾਲੇ ਜੰਗਾਂ ਹੋਣਗੀਆਂ ਜਿਸ ਦਾ ਅੰਤ ਬਹੁਤ ਦੁਖਦਾਈ ਹੋਵੇਗਾ।

ਆਧੁਨਿਕ ਯੁੱਗ ਵਿੱਚ ਜਿਥੇ ਕਿ ਹਰ ਪਾਸੇ ਪ੍ਰਗਤੀ ਹੋਈ ਹੈ ਮਨੁੱਖ ਨੇ ਨਦੀਆਂ ਦੇ ਪਾਣੀ ਨੂੰ ਰੋਕਣ ਲਈ ਦਰਿਆਵਾਂ ਉੱਤੇ ਡੈਮ ਬਣਾ ਲਏ ਹਨ, ਜਿਨ੍ਹਾਂ ਦਾ ਸਿੱਟਾ ਇਹ ਨਿਕਲਿਆ ਹੈ ਕਿ ਦਰਿਆ ਸਮੁੰਦਰ ਦੇ ਨੇੜੇ ਜਾਕੇ ਬੜੇ ਛੋਟੇ ਹੋ ਜਾਂਦੇ ਹਨ ਜਿਸ ਕਾਰਨ ਡੈਲਟੇ ਵੀ ਖਤਮ ਹੋ ਰਹੇ ਹਨ , ਅਤੇ ਮੈਨਗਰੂਵ ਜੰਗਲ ਜਿਨ੍ਹਾਂ ਵਿੱਚ ਹਜ਼ਾਰਾਂ ਜਾਤੀਆਂ ਦੇ ਜਾਨਵਰ ਮੱਛੀਆਂ ਅਤੇ ਰੁੱਖ ਪਾਏ ਜਾਂਦੇ ਹਨ, ਮਰ ਰਹੇ ਹਨ। ਮਨੁੱਖੀ ਵਿਕਾਸ ਦਾ ਖਮਿਆਜ਼ਾ ਦੁਨੀਆਂ ਦਾ ਹਰ ਜੀਅ ਭੁਗਤ ਰਿਹਾ ਹੈ। ਜਰਾ ਧਿਆਨ ਦਿਓ ਧਰਤੀ ਅਤੇ ਇਸ ਉੱਤੇ ਕੁਦਰਤ ਨੁੰ ਬਣਨ ਵਿਚ ਕਰੋੜਾਂ ਸਾਲ ਲੱਗੇ ਹਨ ਅਤੇ ਅਸੀਂ ਉਸ ਨੂੰ ਕੁਝ ਸੈਂਕੜੇ ਸਾਲਾਂ ਵਿਚ ਤਬਾਹ ਕਰ ਲੈਂਣਾ ਹੈ ਆਪਣੇ ਲਾਲਚ ਵੱਸ।

ਰਿਪਨਜੋਤ ਕੋਰ ਸੋਨੀ ਬੱਗਾ